You’re viewing a text-only version of this website that uses less data. View the main version of the website including all images and videos.
ਡੈਨਮਾਰਕ ਨੇ ਇਹ ਇਲਾਕਾ ਅਮਰੀਕਾ ਨੂੰ ਕਿਉਂ ਵੇਚਿਆ, ਕੀ ਇਸ ਦਾ ਸੰਬੰਧ ਗ੍ਰੀਨਲੈਂਡ ਨਾਲ ਵੀ ਹੈ
- ਲੇਖਕ, ਗਿਏਰਮੋ ਦੀ ਓਲਮੋ
- ਰੋਲ, ਬੀਬੀਸੀ ਨਿਊਜ਼ ਮੁੰਡੋ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਗ੍ਰੀਨਲੈਂਡ ਨੂੰ ਹਾਸਲ ਕਰਨ ਦੀ ਜ਼ਿੱਦ ਹੁਣ ਇੱਕ ਨਵੇਂ ਪੱਧਰ 'ਤੇ ਪਹੁੰਚ ਗਈ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਉਨ੍ਹਾਂ ਯੂਰਪੀਅਨ ਸਹਿਯੋਗੀਆਂ 'ਤੇ 10 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ, ਜੋ ਆਰਕਟਿਕ ਟਾਪੂ 'ਤੇ ਕਬਜ਼ਾ ਕਰਨ ਦੇ ਉਨ੍ਹਾਂ ਦੇ ਮਕਸਦ ਕਰਨ ਦਾ ਵਿਰੋਧ ਕਰ ਰਹੇ ਹਨ।
ਅਮਰੀਕੀ ਨੇਤਾ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਅਮਰੀਕਾ ਨੂੰ ਗ੍ਰੀਨਲੈਂਡ 'ਤੇ ਕਬਜ਼ਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਫੌਜੀ ਤਾਕਤ ਦੀ ਵਰਤੋਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ।
ਗ੍ਰੀਨਲੈਂਡ ਦੇ ਨੇਤਾਵਾਂ ਅਤੇ ਡੈਨਮਾਰਕ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ। ਗ੍ਰੀਨਲੈਂਡ ਡੈਨਮਾਰਕ ਦਾ ਇੱਕ ਅਰਧ-ਖੁਦਮੁਖਤਿਆਰ ਖੇਤਰ ਹੈ।
ਹਾਲਾਂਕਿ ਟਰੰਪ ਦੇ ਦੌਰ ਦੌਰਾਨ ਅਮਰੀਕੀ ਵਿਸਥਾਰਵਾਦ ਨੇ ਫਿਰ ਤੋਂ ਗਤੀ ਫੜ ਲਈ ਹੈ ਪਰ ਡੈਨਮਾਰਕ ਦੇ ਇਲਾਕਿਆਂ 'ਤੇ ਅਮਰੀਕੀ ਨਿਯੰਤਰਣ ਦਾ ਵਿਚਾਰ ਮੌਜੂਦਾ ਰਾਸ਼ਟਰਪਤੀ ਤੋਂ ਪਹਿਲਾਂ ਦਾ ਹੈ।
ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ, ਸੰਯੁਕਤ ਰਾਜ ਅਮਰੀਕਾ ਨੇ ਡੈਨਮਾਰਕ ਤੋਂ ਕੈਰੇਬੀਅਨ ਦੇ ਕੁਝ ਟਾਪੂ ਖਰੀਦੇ ਸਨ, ਜੋ ਕਿ ਗ੍ਰੀਨਲੈਂਡ ਦੇ ਬਰਫੀਲੇ ਜਲਵਾਯੂ ਤੋਂ ਬਹੁਤ ਦੂਰ ਹਨ।
ਇਹ ਕਹਾਣੀ ਹੈ ਕਿ ਕਿਵੇਂ ਡੈਨਿਸ਼ ਵੈਸਟ ਇੰਡੀਜ਼ ਅਮਰੀਕਾ ਦੇ ਵਰਜਿਨ ਆਈਲੈਂਡਜ਼ ਬਣੇ ਅਤੇ ਕਿਵੇਂ ਇੱਕ ਡਿੱਗਦੀ ਯੂਰਪੀਅਨ ਸ਼ਕਤੀ ਨੇ ਆਪਣੇ ਵਿਦੇਸ਼ੀ ਖੇਤਰਾਂ ਦਾ ਇੱਕ ਹਿੱਸਾ ਉਸ ਸਮੇਂ ਦੀ ਉੱਭਰ ਰਹੀ ਸ਼ਕਤੀ ਨੂੰ ਸੌਂਪ ਦਿੱਤਾ।
ਅਮਰੀਕੀ ਵਰਜਿਨ ਆਈਲੈਂਡਜ਼ ਕੀ ਹਨ?
ਅਮਰੀਕੀ ਵਰਜਿਨ ਟਾਪੂ ਕੈਰੇਬੀਅਨ ਸਾਗਰ ਵਿੱਚ ਸਥਿਤ ਹਨ ਅਤੇ ਬ੍ਰਿਟਿਸ਼ ਵਰਜਿਨ ਟਾਪੂਆਂ ਦੇ ਨੇੜੇ ਹੋਣ 'ਤੇ ਵੀ ਉਨ੍ਹਾਂ ਤੋਂ ਅਲੱਗ ਹਨ। ਇਹ ਇਲਾਕਾ ਪੋਰਟੋ ਰੀਕੋ ਦੇ ਪੂਰਬ ਵਿੱਚ ਹੈ ਅਤੇ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਹੈ।
ਲਗਭਗ 83,000 ਦੀ ਆਬਾਦੀ ਦੇ ਨਾਲ, ਇਸ ਖੇਤਰ ਵਿੱਚ ਸੇਂਟ ਜੌਨ, ਸੇਂਟ ਥਾਮਸ ਅਤੇ ਸੇਂਟ ਕਰੋਇਕਸ ਮੁੱਖ ਟਾਪੂ ਹਨ। ਨਾਲ ਹੀ 40 ਤੋਂ ਵੱਧ ਛੋਟੇ ਟਾਪੂ ਅਤੇ ਰੇਤਲੇ ਟਾਪੂ ਵੀ ਸ਼ਾਮਲ ਹਨ।
ਹਾਲਾਂਕਿ ਇੱਥੇ ਰਹਿਣ ਵਾਲੇ ਜ਼ਿਆਦਾਤਰ ਨਿਵਾਸੀ ਅਮਰੀਕੀ ਨਾਗਰਿਕ ਹਨ, ਪਰ ਇਹ ਖੇਤਰ ਵਾਸ਼ਿੰਗਟਨ ਦੀ ਰਾਜਨੀਤਿਕ ਅਤੇ ਕਾਨੂੰਨੀ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਨਹੀਂ ਹੈ। ਇਸ ਲਈ ਇੱਥੋਂ ਦੇ ਲੋਕ ਰਾਸ਼ਟਰਪਤੀ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ, ਜਦੋਂ ਤੱਕ ਉਹ ਕਿਸੇ ਅਮਰੀਕੀ ਰਾਜ ਵਿੱਚ ਨਹੀਂ ਰਹਿਣ ਲੱਗ ਜਾਂਦੇ। ਇੱਥੇ ਅਮਰੀਕੀ ਸੰਵਿਧਾਨ ਦੇ ਕੁਝ ਹਿੱਸੇ ਹੀ ਲਾਗੂ ਹੁੰਦੇ ਹਨ।
ਇਨ੍ਹਾਂ ਟਾਪੂਆਂ ਦੀ ਜ਼ਿਆਦਾਤਰ ਆਬਾਦੀ ਆਪਣੀਆਂ ਜੜ੍ਹਾਂ ਉਨ੍ਹਾਂ ਅਫਰੀਕੀ ਲੋਕਾਂ ਨਾਲ ਜੋੜ ਦੀਆਂ ਹਨ, ਜਿਨ੍ਹਾਂ ਨੂੰ ਟਰਾਂਸ ਐਟਲਾਂਟਿਕ ਗੁਲਾਮ ਵਪਾਰ ਦੌਰਾਨ ਜ਼ਬਰਦਸਤੀ ਇੱਥੇ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਗੰਨਾ ਉਗਾਉਣ ਲਈ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਅਮਰੀਕੀ ਵਰਜਿਨ ਆਈਲੈਂਡਜ਼ ਦਾ ਡੈਨਮਾਰਕ ਨਾਲ ਕੀ ਸਬੰਧ ਹੈ?
ਕਈ ਸਦੀਆਂ ਤੱਕ ਇਹ ਟਾਪੂ ਡੈਨਿਸ਼ ਬਸਤੀਆਂ ਸਨ ਅਤੇ ਡੈਨਿਸ਼ ਵੈਸਟ ਇੰਡੀਜ਼ ਵਜੋਂ ਜਾਣੇ ਜਾਂਦੇ ਸਨ।
16ਵੀਂ ਅਤੇ 17ਵੀਂ ਸਦੀ ਵਿੱਚ, ਸਪੇਨ, ਇੰਗਲੈਂਡ, ਫਰਾਂਸ ਅਤੇ ਨੀਦਰਲੈਂਡ ਸਮੇਂ-ਸਮੇਂ 'ਤੇ ਇਨ੍ਹਾਂ ਟਾਪੂਆਂ ਦੇ ਨਿਯੰਤਰਣ ਨੂੰ ਲੈ ਕੇ ਟਕਰਾਉਂਦੇ ਰਹੇ। ਉਸ ਸਮੇਂ ਦੌਰਾਨ ਇਹ ਖੇਤਰ ਕੈਰੇਬੀਅਨ ਵਿੱਚ ਸਮੁੰਦਰੀ ਡਾਕੂਆਂ ਲਈ ਇੱਕ ਅੱਡੇ ਵਜੋਂ ਵੀ ਕੰਮ ਕਰਦਾ ਸੀ।
ਸਾਲ 1684 ਵਿੱਚ ਡੈਨਮਾਰਕ ਨੇ ਸੇਂਟ ਜੌਨ 'ਤੇ ਕਬਜ਼ਾ ਕਰ ਲਿਆ ਅਤੇ ਉੱਥੇ ਆਪਣੀ ਪ੍ਰਭੂਸੱਤਾ ਸਥਾਪਤ ਕੀਤੀ। ਇਸ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਸੇਂਟ ਥਾਮਸ 'ਤੇ ਵੀ ਅਜਿਹਾ ਹੀ ਕੀਤਾ ਸੀ।
ਫਿਰ ਡੈਨਮਾਰਕ ਨੇ ਇਨ੍ਹਾਂ ਟਾਪੂਆਂ 'ਤੇ ਵੱਡੇ ਪੱਧਰ 'ਤੇ ਗੰਨੇ ਦੀ ਖੇਤੀ ਵਿਕਸਤ ਕੀਤੀ ਅਤੇ ਯੂਰਪੀਅਨ ਵਪਾਰੀਆਂ ਦੁਆਰਾ ਲਿਆਂਦੇ ਗਏ ਗ਼ੁਲਾਮ ਅਫ਼ਰੀਕੀ ਲੋਕਾਂ ਤੋਂ ਕੰਮ ਕਰਵਾਇਆ।
ਅਮਰੀਕਾ ਨੇ ਇਨ੍ਹਾਂ ਟਾਪੂਆਂ 'ਤੇ ਕਿਉਂ ਦਿਲਚਸਪੀ ਦਿਖਾਈ ਸੀ?
19ਵੀਂ ਸਦੀ ਦੇ ਦੂਜੇ ਅੱਧ ਵਿੱਚ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ।
ਇੱਕ ਪਾਸੇ, ਡੈਨਮਾਰਕ ਦਾ ਵਿਸ਼ਵਵਿਆਪੀ ਪ੍ਰਭਾਵ ਘਟ ਰਿਹਾ ਸੀ, ਜਦੋਂ ਕਿ ਦੂਜੇ ਪਾਸੇ, ਸੰਯੁਕਤ ਰਾਜ ਅਮਰੀਕਾ ਘਰੇਲੂ ਯੁੱਧ ਤੋਂ ਨਿਕਲ ਕੇ ਉਭਰ ਰਿਹਾ ਸੀ।
ਉਸ ਸਮੇਂ ਦੇ ਰਾਸ਼ਟਰਪਤੀ ਐਂਡਰਿਊ ਜੌਹਨਸਨ ਦਾ ਪ੍ਰਸ਼ਾਸਨ ਅਮਰੀਕੀ ਪ੍ਰਭਾਵ ਨੂੰ ਵਧਾਉਣ ਅਤੇ ਮਹਾਂਦੀਪ ਤੋਂ ਯੂਰਪੀਅਨ ਦਖਲਅੰਦਾਜ਼ੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੇ ਵਿਦੇਸ਼ ਮੰਤਰੀ, ਵਿਲੀਅਮ ਹੈਨਰੀ ਸੇਵਰਡ, ਸ਼ਾਂਤੀਪੂਰਨ ਖੇਤਰੀ ਵਿਸਥਾਰ ਦੀ ਯੋਜਨਾ ਦੇ ਹਿੱਸੇ ਵਜੋਂ ਡੈਨਿਸ਼ ਵੈਸਟ ਇੰਡੀਜ਼ 'ਤੇ ਨਜ਼ਰ ਰੱਖਣ ਲੱਗੇ।
ਸੇਂਟ ਥਾਮਸ ਦੀ ਬੰਦਰਗਾਹ ਅਮਰੀਕੀ ਰਣਨੀਤੀਕਾਰਾਂ ਲਈ ਮਹੱਤਵਪੂਰਨ ਸੀ, ਕਿਉਂਕਿ ਇਸਨੂੰ ਕੈਰੇਬੀਅਨ ਨੂੰ ਕੰਟਰੋਲ ਕਰਨ ਲਈ ਇੱਕ ਆਦਰਸ਼ ਅਧਾਰ ਮੰਨਿਆ ਜਾਂਦਾ ਸੀ।
ਉਸੇ ਸਮੇਂ ਖੰਡ ਦੀਆਂ ਕੀਮਤਾਂ ਡਿੱਗ ਰਹੀਆਂ ਸਨ ਅਤੇ ਡੈਨਮਾਰਕ ਨੂੰ ਮਹਿਸੂਸ ਹੋਣ ਲੱਗਾ ਕਿ ਟਾਪੂ ਲਾਭ ਨਾਲੋਂ ਜ਼ਿਆਦਾ ਬੋਝ ਬਣ ਰਹੇ ਹਨ।
ਇਸ ਨਾਲ ਦੋਵਾਂ ਸਰਕਾਰਾਂ ਵਿਚਕਾਰ ਟਾਪੂਆਂ ਦੀ ਵਿਕਰੀ ਬਾਰੇ ਗੱਲਬਾਤ ਸ਼ੁਰੂ ਹੋਈ।
1867 ਵਿੱਚ, ਇੱਕ ਸਮਝੌਤੇ ਉਪਰ ਦਸਤਖ਼ਤ ਹੋਏ, ਜਿਸ ਦੇ ਤਹਿਤ ਸੰਯੁਕਤ ਰਾਜ ਅਮਰੀਕਾ 7.5 ਮਿਲੀਅਨ ਡਾਲਰ ਦੇ ਸੋਨੇ ਦੇ ਬਦਲੇ ਟਾਪੂਆਂ ਨੂੰ ਹਾਸਲ ਕਰਨ ਵਾਲਾ ਸੀ। ਇਹ ਅੱਜ ਦੇ ਹਿਸਾਬ ਨਾਲ ਲਗਭਗ $164 ਮਿਲੀਅਨ ਬਣਦਾ ਹੈ।
ਪਰ ਇਹ ਸੌਦਾ ਅਮਲ ਵਿੱਚ ਨਹੀਂ ਆ ਸਕਿਆ।
ਇਸ ਦੇ ਇੱਕ ਸਾਲ ਬਾਅਦ ਅਮਰੀਕਾ ਨੇ ਰੂਸ ਤੋਂ ਅਲਾਸਕਾ ਖਰੀਦ ਕੇ ਕਿਤੇ ਜ਼ਿਆਦਾ ਆਪਣਾ ਪ੍ਰਭਾਵ ਵਧਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਇਸਦੇ ਲਈ ਲਗਭਗ 7 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ। ਇਹ ਸੀਵਰਡ ਦੁਆਰਾ ਇੱਕ ਜੋਖਮ ਭਰਿਆ ਫੈਸਲਾ ਸੀ, ਜਿਸਦੀ ਅਮਰੀਕਾ ਵਿੱਚ ਵਿਆਪਕ ਤੌਰ 'ਤੇ ਆਲੋਚਨਾ ਹੋਈ ਅਤੇ ਇਸ ਦਾ ਮਜ਼ਾਕ ਵੀ ਉਡਾਇਆ ਗਿਆ।
ਅਲਾਸਕਾ ਖਰੀਦ ਨੂੰ ਲੈ ਕੇ ਉੱਠੇ ਵਿਵਾਦ ਨੇ ਡੈਨਿਸ਼ ਵੈਸਟ ਇੰਡੀਜ਼ ਦੀ ਖਰੀਦ ਵਾਲੇ ਸਮਝੌਤੇ ਨੂੰ ਅਮਰੀਕੀ ਕਾਂਗਰਸ ਦੁਆਰਾ ਮਨਜ਼ੂਰੀ ਨਾ ਮਿਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪਹਿਲਾ ਵਿਸ਼ਵ ਯੁੱਧ ਅਤੇ ਅਮਰੀਕੀ ਵਰਜਿਨ ਟਾਪੂਆਂ ਦੀ ਖਰੀਦ
ਕਰੀਬ ਅੱਧੀ ਸਦੀ ਤੱਕ ਇਸ ਖਰੀਦ ਉਪਰ ਮੁੜ ਵਿਚਾਰ ਨਹੀਂ ਹੋਇਆ। ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਹਾਲਾਤ ਬਦਲ ਗਏ ਅਤੇ ਇਹ ਖ਼ਤਰਾ ਵਧ ਗਿਆ ਕਿ ਜਰਮਨੀ ਡੈਨਮਾਰਕ ਤੋਂ ਰਣਨੀਤਕ ਤੌਰ 'ਤੇ ਮਹੱਤਵਪੂਰਨ ਟਾਪੂਆਂ 'ਤੇ ਕਬਜ਼ਾ ਕਰ ਸਕਦਾ ਹੈ। ਇਸ ਤੋਂ ਬਾਅਦ ਅਮਰੀਕਾ ਦੇ ਹੱਕ ਵਿੱਚ ਮਾਹੌਲ ਬਣਨ ਲੱਗਿਆ।
ਯੂਰਪ ਇੱਕ ਲੰਬੀ ਜੰਗ ਤੋਂ ਥੱਕ ਗਿਆ ਸੀ ਅਤੇ ਸਹਿਯੋਗੀ ਰਾਸ਼ਟਰ ਚਾਹੁੰਦੇ ਸਨ ਕਿ ਅਮਰੀਕਾ ਜਰਮਨੀ ਅਤੇ ਹੋਰ ਕੇਂਦਰੀ ਸ਼ਕਤੀਆਂ ਨੂੰ ਹਰਾਉਣ ਲਈ ਉਨ੍ਹਾਂ ਵੱਲੋਂ ਯੁੱਧ ਵਿੱਚ ਉੱਤਰੇ।
ਉਸ ਸਮੇਂ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਅਜੇ ਤੱਕ ਕਾਂਗਰਸ ਅਤੇ ਜਨਤਾ ਨੂੰ ਯੁੱਧ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਨਹੀਂ ਕਰ ਸਕੇ ਸੀ। ਹਾਲਾਂਕਿ ਅਮਰੀਕੀ ਵਪਾਰੀ ਅਤੇ ਯਾਤਰੀ ਜਹਾਜ਼ਾਂ 'ਤੇ ਜਰਮਨ ਪਣਡੁੱਬੀਆਂ ਦੁਆਰਾ ਵਧਦੇ ਹਮਲੇ ਸੋਚ ਬਦਲਣ ਵਾਲੇ ਸੀ।
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਯਾਤਰੀ ਜਹਾਜ਼ ਆਰਐੱਮਐੱਸ ਲੁਸੀਟਾਨੀਆ 1915 ਵਿੱਚ ਆਇਰਲੈਂਡ ਦੇ ਤੱਟ 'ਤੇ ਇੱਕ ਜਰਮਨ ਪਣਡੁੱਬੀ ਹਮਲੇ ਵਿੱਚ ਡੁੱਬ ਗਿਆ ਸੀ, ਜਿਸ ਵਿੱਚ 1,200 ਲੋਕ ਮਾਰੇ ਗਏ ਸਨ। ਇਸ ਘਟਨਾ ਨੇ ਤਣਾਅ ਨੂੰ ਹੋਰ ਵਧਾ ਦਿੱਤਾ।
ਡੈਨਿਸ਼ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼ ਦੇ ਇੱਕ ਸੀਨੀਅਰ ਖੋਜਕਰਤਾ ਐਸਟ੍ਰਿਡ ਐਂਡਰਸਨ ਦੱਸਦੇ ਹਨ ਕਿ ਡੈਨਮਾਰਕ ਯੁੱਧ ਦੌਰਾਨ ਨਿਰਪੱਖ ਸੀ, "ਇਸੇ ਕਰਕੇ ਵਾਸ਼ਿੰਗਟਨ ਨੂੰ ਡਰ ਸੀ ਕਿ ਜਰਮਨੀ ਸੇਂਟ ਥਾਮਸ ਦੀ ਬੰਦਰਗਾਹ ਸਮੇਤ ਟਾਪੂਆਂ 'ਤੇ ਹਮਲਾ ਕਰ ਸਕਦਾ ਹੈ ਅਤੇ ਉਨ੍ਹਾਂ 'ਤੇ ਕਬਜ਼ਾ ਕਰ ਸਕਦਾ ਹੈ।"
ਜੇਕਰ ਇਹ ਟਾਪੂ ਜਰਮਨੀ ਦੇ ਹੱਥ ਲੱਗ ਜਾਂਦੇ ਹਨ, ਤਾਂ ਇਹ ਅਮਰੀਕੀ ਜਹਾਜ਼ਾਂ ਜਾਂ ਇੱਥੋਂ ਤੱਕ ਕਿ ਅਮਰੀਕੀ ਖੇਤਰ 'ਤੇ ਹਮਲਿਆਂ ਲਈ ਆਦਰਸ਼ ਅੱਡੇ ਬਣ ਸਕਦੇ ਸਨ।
1914 ਵਿੱਚ ਪਨਾਮਾ ਨਹਿਰ ਦੇ ਨਿਰਮਾਣ ਨੇ ਵੀ ਇਸ ਖੇਤਰ ਵਿੱਚ ਅਮਰੀਕਾ ਦੀ ਦਿਲਚਸਪੀ ਵਧਾ ਦਿੱਤੀ, ਕਿਉਂਕਿ ਟਾਪੂਆਂ 'ਤੇ ਨਿਯੰਤਰਣ ਨਾਲ ਹਰ ਸਾਲ ਇਸ ਵਿੱਚੋਂ ਲੰਘਣ ਵਾਲੇ ਸੈਂਕੜੇ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਸੀ।
ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਸ਼ਿੰਗਟਨ ਅਤੇ ਕੋਪਨਹੇਗਨ ਵਿਚਕਾਰ ਗੱਲਬਾਤ ਸ਼ੁਰੂ ਹੋਈ।
ਐਂਡਰਸਨ ਦਾ ਕਹਿਣਾ ਹੈ ਕਿ ਉਸ ਸਮੇਂ ਅਮਰੀਕਾ ਦਾ ਰੁਖ਼ ਅੱਜ ਦੇ ਰਾਸ਼ਟਰਪਤੀ ਟਰੰਪ ਦੇ ਰੁਖ਼ ਨਾਲ ਮਿਲਦਾ-ਜੁਲਦਾ ਸੀ।
ਉਹ ਕਹਿੰਦੇ ਹਨ, "ਜੋ ਅਸੀਂ ਅੱਜ ਸੁਣ ਰਹੇ ਹਾਂ, ਉਸਦੀਆਂ ਗੂੰਜਾਂ ਉਦੋਂ ਵੀ ਸਨ। ਅਮਰੀਕਾ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜਾਂ ਤਾਂ ਇਸਨੂੰ ਸਾਨੂੰ ਵੇਚ ਦਿਓ ਨਹੀਂ ਤਾਂ ਅਸੀਂ ਇਸ ਉਪਰ ਕਬਜ਼ਾ ਕਰ ਲਵਾਂਗੇ।"
ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ, ਵਿਲਸਨ ਦੇ ਵਿਦੇਸ਼ ਮੰਤਰੀ ਨੇ ਡੈਨਮਾਰਕ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਇਸ ਇਲਾਕੇ ਨੂੰ ਵੇਚਣ ਤੋਂ ਇਨਕਾਰ ਕਰਦਾ ਹੈ, ਤਾਂ ਅਮਰੀਕਾ ਇਸ ਉਪਰ ਕਬਜ਼ਾ ਕਰ ਸਕਦਾ ਹੈ ਤਾਂ ਕਿ ਕੋਈ ਹੋਰ ਇਸ ਉਪਰ ਹੱਥ ਨਾ ਪਾ ਸਕੇ।
ਇਸ ਮਹੀਨੇ ਦੇ ਸ਼ੁਰੂ ਵਿੱਚ ਟਰੰਪ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਰੂਸ ਅਤੇ ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕਾ ਨੂੰ ਗ੍ਰੀਨਲੈਂਡ ਦਾ "ਮਾਲਕ" ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਹ "ਆਸਾਨ ਤਰੀਕੇ" ਜਾਂ "ਔਖਾ ਤਰੀਕੇ" ਨਾਲ ਵੀ ਕੀਤਾ ਜਾ ਸਕਦਾ ਹੈ।
ਬਲੂਮਬਰਗ ਦੇ ਅਨੁਸਾਰ ਆਖਿਰਕਾਰ ਅਗਸਤ 1916 ਵਿੱਚ ਡੈਨਮਾਰਕ ਅਤੇ ਅਮਰੀਕਾ ਵਿਚਾਲੇ ਟਾਪੂਆਂ ਨੂੰ ਵੇਚਣ ਲਈ ਸਹਿਮਤੀ ਬਣੀ। ਅਮਰੀਕਾ ਨੇ 25 ਮਿਲੀਅਨ ਡਾਲਰ ਦਾ ਸੋਨਾ ਅਦਾ ਕੀਤਾ, ਜੋ ਅੱਜ ਲਗਭਗ 630 ਮਿਲੀਅਨ ਡਾਲਰ ਦੇ ਬਰਾਬਰ ਹੈ।
ਇਸ ਸਮਝੌਤੇ ਨਾਲ ਗ੍ਰੀਨਲੈਂਡ ਉੱਤੇ ਡੈਨਮਾਰਕ ਦੀ ਪ੍ਰਭੂਸੱਤਾ ਨੂੰ ਅਮਰੀਕਾ ਦੀ ਮਾਨਤਾ ਮਿਲਣ ਦਾ ਰਾਹ ਵੀ ਪੱਧਰਾ ਹੋਇਆ। ਸਮਝੌਤੇ ਦੇ ਤਹਿਤ, ਅਮਰੀਕਾ ਨੇ ਵਾਅਦਾ ਕੀਤਾ ਸੀ ਕਿ ਉਹ ਡੈਨਮਾਰਕ ਦੇ "ਪੂਰੇ ਗ੍ਰੀਨਲੈਂਡ ਉਪਰ ਆਪਣੇ ਰਾਜਨੀਤਿਕ ਅਤੇ ਆਰਥਿਕ ਹਿੱਤਾਂ ਦਾ ਵਿਸਤਾਰ ਕਰਨ" ਦਾ ਵਿਰੋਧ ਨਹੀਂ ਕਰੇਗਾ।
ਇਸ ਵਾਰ, ਦੋਵਾਂ ਦੇਸ਼ਾਂ ਨੇ ਸਮਝੌਤੇ ਦੀ ਪੁਸ਼ਟੀ ਕੀਤੀ। ਡੈਨਿਸ਼ ਲੋਕਾਂ ਨੇ ਵੀ ਇੱਕ ਜਨਮਤ ਸੰਗ੍ਰਹਿ ਵਿੱਚ ਵਿਕਰੀ ਦੇ ਹੱਕ ਵਿੱਚ ਭਾਰੀ ਵੋਟ ਦਿੱਤੀ।
ਐਂਡਰਸਨ ਕਹਿੰਦਾ ਹੈ, "ਦਰਅਸਲ, ਜ਼ਿਆਦਾਤਰ ਡੈਨਿਸ਼ ਲੋਕ ਇਨ੍ਹਾਂ ਟਾਪੂਆਂ ਨੂੰ ਡੈਨਮਾਰਕ ਦਾ ਹਿੱਸਾ ਮੰਨਦੇ ਹੀ ਨਹੀਂ ਸਨ।"
ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਉਸ ਕੋਸ਼ਿਸ਼ ਵਿੱਚ ਜਾਂ ਪਿਛਲੀਆਂ ਕੋਸ਼ਿਸ਼ਾਂ ਵਿੱਚ ਟਾਪੂਆਂ ਦੇ ਸਥਾਨਕ ਲੋਕਾਂ ਦੀ ਸਲਾਹ ਕਦੇ ਨਹੀਂ ਲਈ ਗਈ।
ਪਰ ਗ੍ਰੀਨਲੈਂਡ ਦੇ ਮਾਮਲੇ ਵਿੱਚ ਸਮੱਸਿਆ ਇਹ ਹੈ ਕਿ ਇਸ ਵਾਰ ਡੈਨਮਾਰਕ ਵੇਚਣ ਲਈ ਤਿਆਰ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ