ਸਮੋਗ ਨਾਲ ਨਿਪਟਣ ਲਈ ਕੀ ਹਨ ਅਨੋਖੇ ਤਰੀਕੇ?

ਦਿੱਲੀ ਅਤੇ ਨੇੜਲੇ ਇਲਾਕਿਆਂ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਕਰਕੇ ਖ਼ਤਰਨਾਕ ਹਾਲਾਤ ਬਣ ਗਏ ਹਨ। ਦਿਵਾਲੀ ਤੋਂ ਬਾਅਦ ਫੈਲੇ ਧੂੰਏ ਤੋਂ ਬਾਅਦ ਹੁਣ ਪਰਾਲੀ ਸਾੜਨ ਕਰਕੇ ਧੁੰਦ ਨਾਲ ਪ੍ਰਦੂਸ਼ਣ ਦਾ ਪੱਧਰ ਕਈ ਗੁਣਾ ਵੱਧ ਗਿਆ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਏਕਿਯੂਆਈ (ਏਅਰ ਕਵਾਲਿਟੀ ਇੰਡੈਕਸ) ਦਾ ਪੱਧਰ 100 ਤੱਕ ਆਮ ਹੈ।

ਹਾਲਾਂਕਿ ਦਿੱਲੀ ਦਾ ਏਕਿਯੂਆਈ ਆਮ ਤੌਰ 'ਤੇ 300 ਤੋਂ 400 ਵਿਚਾਲੇ ਰਹਿੰਦਾ ਹੈ। ਮੰਗਲਵਾਰ ਨੂੰ ਇਹ ਪੱਧਰ 400 ਤੱਕ ਪਹੁੰਚ ਗਿਆ ਸੀ।

ਦਿੱਲੀ-ਐੱਨਸੀਆਰ, ਯੂਪੀ ਅਤੇ ਨੇੜਲੇ ਇਲਾਕਿਆਂ ਵਿੱਚ ਜ਼ਹਿਰੀਲੀ ਧੁੰਦ ਹੋਣ ਕਰਕੇ ਗੈਸ ਚੈਂਬਰ ਵਰਗੇ ਹਾਲਾਤ ਬਣ ਗਏ ਹਨ।

ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਪਾਣੀ ਦੇ ਛਿੜਕਾਅ ਤੋਂ ਲੈ ਕੇ ਪੰਜ ਦਿਨ ਲਈ ਔਡ-ਈਵਨ ਨੂੰ ਫਿਰ ਤੋਂ ਲਾਗੂ ਕੀਤਾ ਗਿਆ ਹੈ।

ਪੰਜਾਬ ਅਤੇ ਦਿੱਲੀ ਵਿੱਚ ਬੁੱਧਵਾਰ-ਵੀਰਵਾਰ ਨੂੰ ਸਕੂਲਾਂ ਨੂੰ ਬੰਦ ਰੱਖਿਆ ਗਿਆ। ਹੈਲੀਕਾਪਟਰ ਜ਼ਰੀਏ ਪਾਣੀ ਦੇ ਛਿੜਕਾਅ ਦੀ ਮੰਗ ਕੀਤੀ ਜਾ ਰਹੀ ਹੈ।

ਭਾਰਤ ਤੋਂ ਇਲਾਵਾ ਕਈ ਹੋਰ ਦੇਸ ਵੀ ਪ੍ਰਦੂਸ਼ਣ ਦੀ ਮੁਸ਼ਕਿਲ ਨਾਲ ਜੂਝ ਰਹੇ ਹਨ।

ਇੰਨ੍ਹਾਂ ਦੇਸਾਂ ਵਿੱਚ ਮੁਜ਼ਾਹਰਿਆਂ ਨਾਲ ਨਜਿੱਠਣ ਦੇ ਕਈ ਤਰੀਕੇ ਅਪਣਾਏ ਗਏ ਹਨ, ਜਿਸ ਤੋਂ ਉਨ੍ਹਾਂ ਨੂੰ ਕੁਝ ਸਫ਼ਲਤਾ ਵੀ ਹਾਸਿਲ ਹੋਈ ਹੈ।

ਚੀਨ: ਪਾਣੀ ਛਿੜਕਣ ਤੋਂ ਲੈ ਕੇ ਐਂਟੀ ਸਮੋਗ ਪੁਲਿਸ ਤੱਕ

ਇੱਥੇ ਮਲਟੀ-ਫੰਕਸ਼ਨ ਡਸਟ ਸੈਪਰੇਸ਼ਨ ਟਰੱਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਉੱਤੇ ਇੱਕ ਵੱਡਾ ਵਾਟਰ ਕੈਨਨ ਲੱਗਾ ਹੁੰਦਾ ਹੈ। ਜਿਸ ਨਾਲ 200 ਫੁੱਟ ਉੱਚਾ ਪਾਣੀ ਦਾ ਛਿੜਕਾਅ ਹੁੰਦਾ ਹੈ।

ਪਾਣੀ ਦਾ ਛਿੜਕਾਅ ਇਸ ਲਈ ਕੀਤਾ ਜਾਂਦਾ ਹੈ ਕਿ ਧੂੜ ਹੇਠਾਂ ਬੈਠ ਜਾਵੇ।

ਇਸ ਤੋਂ ਇਲਾਵਾ ਚੀਨ ਨੇ ਵੈਂਟੀਲੇਟਰ ਕੋਰੀਡੋਰ ਬਣਾਉਣ ਨੂੰ ਲੈ ਕੇ ਐਂਟੀ ਸਮੋਗ ਪੁਲਿਸ ਤੱਕ ਬਣਾਉਣ ਦਾ ਫੈਸਲਾ ਕੀਤਾ। ਇਹ ਪੁਲਿਸ ਥਾਂ-ਥਾਂ ਜਾ ਕੇ ਪ੍ਰਦੂਸ਼ਣ ਫੈਲਉਣ ਦੇ ਕਾਰਨਾਂ ਜਿਵੇਂ ਸੜਕ ਉੱਤੇ ਕੂੜਾ ਸੁੱਟਣ ਤੇ ਸਾੜਨ 'ਤੇ ਨਜ਼ਰ ਰੱਖਦੀ ਹੈ।

ਫਰਾਂਸ: ਕਾਰਾਂ 'ਤੇ ਕਾਬੂ

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹਫ਼ਤੇ ਦੇ ਅਖੀਰ ਵਿੱਚ ਕਾਰ ਚਲਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਉੱਥੇ ਵੀ ਔਡ-ਈਵਨ ਤਰੀਕਾ ਅਪਣਾਇਆ ਗਿਆ।

ਨਾਲ ਹੀ ਅਜਿਹੇ ਦਿਨਾਂ ਵਿੱਚ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਹੋਣ 'ਤੇ ਪਬਲਿਕ ਵਾਹਨਾਂ ਨੂੰ ਮੁਫ਼ਤ ਕੀਤਾ ਗਿਆ ਅਤੇ ਵਾਹਨ ਸਾਂਝਾ ਕਰਨ ਲਈ ਪ੍ਰੋਗਰਾਮ ਚਲਾਏ ਗਏ।

ਵਾਹਨਾਂ ਨੂੰ ਸਿਰਫ਼ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਨਿਰਦੇਸ਼ ਦਿੱਤਾ ਗਿਆ। ਇਸ ਉੱਤੇ ਨਜ਼ਰ ਰੱਖਣ ਲਈ 750 ਪੁਲਿਸ ਮੁਲਾਜ਼ਮ ਲਾਏ ਗਏ।

ਜਰਮਨੀ: ਪਬਲਿਕ ਆਵਾਜਾਈ ਬਿਹਤਰ ਕਰਨ ਉੱਤੇ ਜ਼ੋਰ

ਜਰਮਨੀ ਦੇ ਫਰੀਬਰਗ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਪਬਲਿਕ ਆਵਾਜਾਈ ਨੂੰ ਬਿਹਤਰ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ।

ਇੱਥੇ ਟਰਾਮ ਨੈੱਟਵਰਕ ਵਧਾਇਆ ਗਿਆ। ਇਹ ਨੈੱਟਵਰਕ ਇਸ ਤਰ੍ਹਾਂ ਵਧਾਇਆ ਗਿਆ ਕਿ ਇਹ ਬੱਸ ਰੂਟ ਨੂੰ ਵੀ ਜੋੜ ਸਕੇ ਤੇ ਜ਼ਿਆਦਾ ਅਬਾਦੀ ਉਸ ਰੂਟ ਦੇ ਤਹਿਤ ਆ ਜਾਵੇ।

ਕਾਰ ਬਿਨਾਂ ਰਹਿਣ 'ਤੇ ਲੋਕਾਂ ਨੂੰ ਸਸਤੇ ਘਰ, ਮੁਫ਼ਤ ਪਬਲਿਕ ਵਾਹਨ ਤੇ ਸਾਈਕਲਾਂ ਲਈ ਥਾਂ ਦਿੱਤੀ ਗਈ।

ਬ੍ਰਾਜ਼ੀਲ: 'ਮੌਤ ਦੀ ਵਾਦੀ'

ਬ੍ਰਾਜ਼ੀਲ ਦੇ ਸ਼ਹਿਰ ਕਿਊਬਾਟਾਉ ਨੂੰ 'ਮੌਤ ਦੀ ਵਾਦੀ' ਕਿਹਾ ਜਾਂਦਾ ਸੀ। ਇੱਥੇ ਪ੍ਰਦੂਸ਼ਣ ਇੰਨਾ ਜ਼ਿਆਦਾ ਸੀ ਕਿ ਅਮਲੀ ਮੀਂਹ ਕਰਕੇ ਲੋਕਾਂ ਦਾ ਸਰੀਰ ਤੱਕ ਸੜ ਜਾਂਦਾ ਸੀ।

ਸਨਅਤਾਂ ਤੇ ਚਿਮਨੀ ਫਿਲਟਰਜ਼ ਲਾਉਣ ਲਈ ਦਬਾਅ ਪਾਉਣ ਤੋਂ ਬਾਅਦ ਸ਼ਹਿਰ ਵਿੱਚ 90 ਫੀਸਦੀ ਤੱਕ ਪ੍ਰਦੂਸ਼ਣ ਵਿੱਚ ਕਮੀ ਆ ਗਈ। ਇੱਥੇ ਹਵਾ ਦੀ ਗੁਣਵੱਤਾ 'ਤੇ ਨਿਗਰਾਨੀ ਦੇ ਬੇਹਤਰ ਤਰੀਕੇ ਅਪਣਾਏ ਗਏ।

ਸਵਿਜ਼ਰਲੈਂਡ: ਘੱਟ ਕੀਤੀ ਗਈ ਪਾਰਕਿੰਗ

ਸਵਿਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਾਰਕਿੰਗ ਦੀਆਂ ਥਾਵਾਂ ਘੱਟ ਕੀਤੀਆਂ ਗਈਆਂ ਤਾਕਿ ਪਾਰਕਿੰਗ ਨਾ ਮਿਲਣ ਕਰਕੇ ਲੋਕ ਘੱਟ ਤੋਂ ਘੱਟ ਕਾਰ ਦਾ ਇਸਤੇਮਾਲ ਕਰਨ।

ਇਸ ਕਰਕੇ ਪ੍ਰਦੂਸ਼ਣ ਅਤੇ ਟਰੈਫਿਕ ਜਾਮ ਤੋਂ ਛੁਟਕਾਰਾ ਪਾਉਣ ਵਿੱਚ ਕੁਝ ਹੱਦ ਤੱਕ ਸਫ਼ਲਤਾ ਮਿਲੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)