ਬ੍ਰਿਟੇਨ: ਜਗਤਾਰ 'ਤੇ ਤਸ਼ੱਦਦ ਦੇ ਦੋਸ਼ ਸੱਚ ਨਿਕਲੇ ਤਾਂ ਹੋਵੇਗੀ ਸਖ਼ਤ ਕਾਰਵਾਈ

ਭਾਰਤੀ ਪੁਲਿਸ ਦੀ ਹਿਰਾਸਤ ਵਿੱਚ ਜੇਕਰ ਸਕੌਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨਾਲ ਪੁਲਿਸ ਤਸ਼ਦੱਦ ਦੇ ਇਲਜ਼ਾਮ ਸੱਚ ਨਿਕਲੇ, ਤਾਂ ਸਰਕਾਰ ਇਸ 'ਤੇ ਸਖ਼ਤ ਕਾਰਵਾਈ ਕਰੇਗੀ। ਇਹ ਕਹਿਣਾ ਹੈ ਬਰਤਾਨਵੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰੋਰੀ ਸਟੀਵਰਟ ਦਾ।

ਉਹ ਜਗਤਾਰ ਸਿੰਘ ਜੌਹਲ ਦੇ ਇਲਾਕੇ ਦੇ ਸੰਸਦ ਮੈਂਬਰ ਅਤੇ ਐੱਸਐਨਪੀ ਦੇ ਨੁਮਾਇੰਦੇ ਮਾਰਟਿਨ ਡੋਕਰਟੀ ਹਿਊਜਸ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਮਾਰਟਿਨ ਨੇ ਸੰਸਦ ਵਿੱਚ ਜੌਹਲ ਉੱਤੇ ਹੋਏ ਤਸ਼ਦੱਦ ਸਬੰਧੀ ਸਵਾਲ ਚੁੱਕਦਿਆਂ ਪੁੱਛਿਆ ਸੀ ਕਿ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਨਾਲ ਇਸ ਮੁੱਦੇ 'ਤੇ ਕੀ ਗੱਲਬਾਤ ਕੀਤੀ ਹੈ ਅਤੇ ਜਗਤਾਰ ਸਿੰਘ ਜੌਹਲ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਹਨ।

ਬ੍ਰਿਟੇਨ ਸਰਕਾਰ ਦਾ ਰੁਖ

ਮਾਰਟਿਨ ਦੇ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸਟੀਵਰਟ ਨੇ ਦੱਸਿਆ ਕਿ ਬਰਤਾਨੀਆ ਸਰਕਾਰ ਨੇ ਜੌਹਲ ਉੱਤੇ ਪੁਲਿਸ ਹਿਰਾਸਤ ਦੌਰਾਨ ਤਸ਼ਦੱਦ ਹੋਣ ਦੇ ਇਲਜ਼ਾਮਾਂ ਦਾ ਸਖ਼ਤ ਨੋਟਿਸ ਲਿਆ ਹੈ।

ਇਹ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਹੈ ਅਤੇ ਬਰਤਾਨੀਆ ਸਰਕਾਰ ਦੀ ਨਜ਼ਰ ਵਿੱਚ ਇੱਕ ਜ਼ੁਰਮ ਹੈ।

ਉਨ੍ਹਾਂ ਦੱਸਿਆ ਕਿ ਬਰਤਾਨੀਆ ਸਰਕਾਰ ਜੌਹਲ ਮਾਮਲੇ ਦੀ ਜਾਂਚ ਉੱਤੇ ਨਜ਼ਰ ਰੱਖ ਰਹੀ ਹੈ ਅਤੇ ਜੇਕਰ ਉਸ ਉੱਤੇ ਹਿਰਾਸਤ ਵਿੱਚ ਤਸ਼ਦੱਦ ਹੁੰਦਾ ਹੈ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ।

ਸਟੀਵਰਟ ਨੇ ਅੱਗੇ ਦੱਸਿਆ ਕਿ ਜਗਤਾਰ ਸਿੰਘ ਜੌਹਲ ਦੇ ਵਕੀਲ ਵੱਲੋਂ ਉਸ ਉੱਤੇ ਹਿਰਾਸਤ 'ਚ ਤਸ਼ਦੱਦ ਹੋਣ ਦੇ ਇਲਜ਼ਾਮਾ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨ ਦੀ ਡਿਪਟੀ ਹਾਈ ਕਮਿਸ਼ਨਰ ਜੌਹਲ ਨਾਲ ਮੁਲਾਕਾਤ ਕਰ ਚੁੱਕੀ ਹੈ।

ਲਗਾਤਾਰ ਬ੍ਰਿਟਿਸ਼ ਨਾਗਰਿਕ ਨਾਲ ਸਪੰਰਕ ਰੱਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਵੀ ਜੌਹਲ ਮਾਮਲੇ 'ਤੇ ਚਿੰਤਾ ਪ੍ਰਗਟਾਈ ਸੀ।

ਬੀਬੀਸੀ ਏਸ਼ੀਅਨ ਨੈੱਟਵਰਕ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ, "ਬ੍ਰਿਟਿਸ਼ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਜਗਤਾਰ ਸਿੰਘ ਜੌਹਲ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਕੇਸ ਦੀ ਪੈਰਵੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਜਿਹੜੀ ਜ਼ਰੂਰਤ ਹੋਵੇਗੀ ਕਾਰਵਾਈ ਕੀਤੀ ਜਾਵੇਗੀ।"

ਜੌਹਲ 'ਤੇ ਇਲਜ਼ਾਮ

ਜਗਤਾਰ ਸਿੰਘ ਜੌਹਲ ਨੂੰ 4 ਨਵੰਬਰ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਪੰਜਾਬ ਵਿੱਚ ਹਿੰਦੂ ਨੇਤਾਵਾਂ ਨੂੰ ਮਾਰਨ ਵਾਲਿਆਂ ਲਈ ਹਥਿਆਰ ਖਰੀਦਣ ਲਈ ਪੈਸੇ ਦੇਣ ਦਾ ਇਲਜ਼ਾਮ ਹੈ।

ਪਹਿਲਾਂ ਮੋਗਾ ਪੁਲਿਸ ਨੇ ਉਸਦਾ ਪੁਲਿਸ ਰਿਮਾਂਡ ਲਿਆ ਸੀ, ਜਿਸ ਦੌਰਾਨ ਜੌਹਲ ਦੇ ਵਕੀਲ ਨੇ ਉਸ 'ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ ਲਗਾਇਆ ਸੀ।

ਇਸ ਕੇਸ ਵਿੱਚ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਜਗਤਾਰ ਨੂੰ ਜੁਲਾਈ 2017 ਦੇ ਸੁਲਤਾਨ ਮਸੀਹ ਮਾਮਲੇ ਦਾ ਸਾਜਿਸ਼ਕਰਤਾ ਬਣਾ ਕੇ ਉਸਦਾ ਪੁਲਿਸ ਰਿਮਾਂਡ ਲਿਆ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)