ਸੋਸ਼ਲ: ਪੰਜਾਬੀ ਗਾਣੇ ਸੁਣੋਗੇ ਤਾਂ ਗੈਂਗਸਟਰ ਬਣੋਗੇ?

ਕੁਝ ਗਾਇਕਾਂ ਉੱਤੇ ਇਲਜ਼ਾਮ ਹੈ ਕਿ ਉਹ ਆਪਣੇ ਪੰਜਾਬੀ ਗੀਤਾਂ ਰਾਹੀ ਨੌਜਵਾਨਾਂ ਨੂੰ ਗਲਤ ਰਾਹ 'ਤੇ ਪਾ ਰਹੇ ਹਨ।

16ਵਾਂ ਵੀ ਟੱਪਿਆ, 17ਵਾਂ ਵੀ ਟੱਪਿਆ, 18ਵੇਂ 'ਚ ਮੁੰਡਾ ਬਦਨਾਮ ਹੋ ਗਿਆ। ਪੰਜਾਬੀ ਗਾਇਕ ਮਨਕੀਰਤ ਔਲਖ ਦਾ ਇਹ ਗੀਤ ਯੂ-ਟਿਊਬ ਤੇ 6 ਕਰੋੜ ਤੋਂ ਵੱਧ ਵਾਰੀ ਵੇਖਿਆ ਜਾ ਚੁੱਕਿਆ ਹੈ।

ਇਸ ਤੋਂ ਇਲਾਵਾ ਵਿਆਹਾਂ ਵਿੱਚ ਅਤੇ ਜਨਤਕ ਥਾਵਾਂ ਉੱਤੇ ਵੀ ਇਹ ਸੁਨਣ ਨੂੰ ਮਿਲਦਾ ਹੈ।

ਗੀਤ ਦੇ ਬੋਲ ਅਤੇ ਵੀਡੀਓ ਇਹੀ ਦਿਖਾਉਂਦੇ ਹਨ ਕਿ ਕਿਵੇਂ ਇੱਕ ਨੌਜਵਾਨ ਮੁੰਡਾ ਗੁੰਡਾਗਰਦੀ ਕਰਨ ਦੇ ਸੁਪਨੇ ਵੇਖ ਰਿਹਾ ਹੈ। ਸ਼ਾਇਦ ਉਹੀ ਜੋ ਪੰਜਾਬ ਦੇ ਕੁਝ ਨੌਜਵਾਨ ਕਰ ਵੀ ਰਹੇ ਹਨ।

ਇਹ ਸਿਰਫ਼ ਇੱਕ ਗੀਤ ਦੀ ਗੱਲ ਨਹੀਂ, ਅਜਿਹੇ ਕਈ ਗੀਤ ਰੋਜ਼ਾਨਾ ਬਣਦੇ ਅਤੇ ਸੁਣੇ ਜਾ ਰਹੇ ਹਨ।

ਸਮਝਣਾ ਇਹ ਹੈ ਕਿ ਗੀਤਾਂ ਕਰਕੇ ਨੌਜਵਾਨ ਇਹ ਕਰ ਰਹੇ ਹਨ ਜਾਂ ਨੌਜਵਾਨ ਇਹ ਕਰ ਰਹੇ ਹਨ, ਇਸ ਲਈ ਗੀਤ ਬਣਾਏ ਜਾ ਰਹੇ ਹਨ?

ਬੀਬੀਸੀ ਪੰਜਾਬੀ ਦੇ ਫੇਸਬੁੱਕ ਪੇਜ ਤੇ ਕਈ ਲੋਕਾਂ ਨੇ ਇਸ ਮੁੱਦੇ ਉੱਤੇ ਆਪਣੇ ਰਾਏ ਸਾਂਝੀ ਕੀਤੀ।

ਬੀਬੂ ਦਾ ਬੱਗਾ ਨੇ ਲਿਖਿਆ, ''ਗੈਂਗਸਟਰ ਬਨਾਉਣ ਲਈ ਪੰਜਾਬੀ ਗਾਣੇ ਹੀ ਜ਼ਿੰਮੇਵਾਰ ਹਨ। ਇਹਨਾਂ ਗੀਤਾਂ ਰਾਹੀਂ ਬਦਮਾਸ਼ੀ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।''

ਅੰਮ੍ਰਿਤ ਸਿੰਘ ਲਿਖਦੇ ਹਨ, ''ਗੰਦੀ ਗਾਇਕੀ ਅੱਜ ਕਲ ਦੇ ਨੌਜਵਾਨਾਂ ਦੀ ਮੱਤ 'ਤੇ ਪਰਦੇ ਪਾ ਕੇ ਗੰਦੇ ਕੰਮ ਕਰਵਾਉਂਦੀ ਹੈ।''

ਰਮਨ ਚੀਮਾ ਵੀ ਲਿਖਦੇ ਹਨ, ''ਸਭ ਤੋਂ ਜ਼ਿਆਦਾ ਕਸੂਰ ਗਿਰੋਹਬਾਜ਼ੀ ਨੂੰ ਪੇਸ਼ ਕਰਦੇ ਗਾਣੇ।''

ਗੈਂਗਸਟਰ ਆਪ ਕੀ ਸੋਚਦਾ ਹੈ?

ਪੰਜਾਬ ਦੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਗਾਣੇ ਅਤੇ ਫਿ਼ਲਮਾਂ ਨੌਜਵਾਨਾਂ ਨੂੰ ਗਲਤ ਰਾਹ ਪਾਂਉਦੇ ਹਨ।

ਉਨ੍ਹਾਂ ਕਿਹਾ, ''ਜੇ ਗੈਂਗਸਟਰ ਨੂੰ ਹੀਰੋ ਬਣਾ ਕੇ ਪੇਸ਼ ਕਰੋਗੇ ਤਾਂ ਹਰ ਨੌਜਵਾਨ ਗੈਂਗਸਟਰ ਬਨਣਾ ਚਾਹੇਗਾ। ਮੈਂ ਕੋਈ ਹੀਰੋ ਨਹੀਂ ਅਤੇ ਨਾ ਹੀ ਕੋਈ ਹੋਰ ਗੈਂਗਸਟਰ ਹੀਰੋ ਹੁੰਦਾ ਹੈ।''

ਦੂਜੀ ਤਰਫ਼ ਗਾਇਕਾਂ ਦਾ ਕਹਿਣਾ ਹੈ ਕਿ ਜਿੰਨੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਉਨ੍ਹੀ ਹੀ ਸੁਨਣ ਵਾਲੇ ਲੋਕਾਂ ਦੀ ਵੀ ਹੈ। ਜੇ ਗੀਤ ਇੰਨ੍ਹੇ ਹੀ ਮਾੜੇ ਹਨ ਤਾਂ ਇੰਨ੍ਹੇ ਮਸ਼ਹੂਰ ਕਿਉਂ ਹੁੰਦੇ ਹਨ ?

ਦਰਸ਼ਕਾਂ ਦੀ ਸੁਣੀਏ ਤਾਂ ਉਨ੍ਹਾਂ ਨੂੰ ਅਜਿਹੇ ਗੀਤਾਂ ਅਤੇ ਫਿਲਮਾਂ ਵਿੱਚ ਬੇਹਦ ਦਿਲਚਸਪੀ ਰਹਿੰਦੀ ਹੈ।

ਅਧਿਆਪਕ ਸਰਵਪ੍ਰੀਤ ਕੌਰ ਨੇ ਦੱਸਿਆ ਕਿ ਗੈਂਗਸਟਰ ਦੀ ਬੇਬਾਕ ਅਦਾ ਉਨ੍ਹਾਂ ਨੂੰ ਖਿੱਚਦੀ ਹੈ।

ਉਨ੍ਹਾਂ ਦੱਸਿਆ, ''ਗੈਂਗਸਟਰ ਕਿਸੇ ਤੋਂ ਨਹੀਂ ਡਰਦਾ, ਨਾ ਪੁਲਿਸ ਤੋਂ ਅਤੇ ਨਾ ਹੀ ਕਿਸੇ ਹੋਰ ਤੋਂ। ਜੋ ਵੀ ਕਰਦਾ ਹੈ ਖੁਲ੍ਹੇਆਮ ਕਰਦਾ ਹੈ, ਇਹੀ ਚੀਜ਼ ਸਭ ਤੋਂ ਵੱਧ ਆਕਰਸ਼ਿਤ ਕਰਦੀ ਹੈ।''

ਉਨ੍ਹਾਂ ਅੱਗੇ ਕਿਹਾ, ''ਇਸ ਤੋਂ ਇਲਾਵਾ ਕਿਹੜੇ ਹਾਲਾਤ ਵਿੱਚ ਉਹ ਗੈਂਗਸਟਰ ਬਣਿਆ, ਉਸਦੀ ਨਿੱਜੀ ਜ਼ਿੰਦਗੀ ਕਿਹੋ ਜਿਹੀ ਹੈ, ਇਹ ਜਾਨਣ ਦਾ ਵੀ ਬਹੁਤ ਸ਼ੌਂਕ ਹੈ।''

ਅਦਾਕਾਰਾਂ ਦੀ ਰਾਏ

ਗਾਇਕਾ ਅਤੇ ਮੰਚ ਸੰਚਾਲਕ ਸਤਿੰਦਰ ਸੱਤੀ ਦਾ ਕਹਿਣਾ ਹੈ ਕਿ ਗੈਂਗਸਟਰ ਤੇ ਫ਼ਿਲਮਾਂ ਮਾੜੀਆਂ ਨਹੀਂ, ਜੇ ਉਹ ਇਸ ਦਾ ਮਾੜਾ ਅੰਤ ਵੀ ਵਿਖਾਉਣ।

ਉਨ੍ਹਾਂ ਕਿਹਾ, ''ਸਿਨੇਮਾ ਜਾਂ ਸੰਗੀਤ ਸਮਾਜ ਦਾ ਹਰ ਪੱਖ ਵਿਖਾਉਂਦਾ ਹੈ। ਉਸ 'ਚ ਕੋਈ ਬੁਰਾਈ ਨਹੀਂ ਉਦੋਂ ਤੱਕ ਜਦ ਤੱਕ ਸਿਰਫ਼ ਇਹਨਾਂ ਨੂੰ ਵੇਚਣ ਲਈ ਕੀਤਾ ਜਾਏ। ਜੇ ਗੀਤ ਨੌਜਵਾਨ ਨੂੰ ਚੰਗੀ ਮੱਤ ਦੇ ਰਿਹਾ ਹੈ, ਤਾਂ ਇਹ ਵੀ ਜ਼ਰੂਰੀ ਹੈ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)