ਹਾਰਦਿਕ ਪਟੇਲ ਦੀ ਕਥਿਤ ਸੈਕਸ ਸੀਡੀ ਨਾਲ ਕਿਸ ਨੂੰ ਨੁਕਸਾਨ?

    • ਲੇਖਕ, ਰੌਕਸੀ ਗਾਗਡੇਕਰ ਛਾਰਾ
    • ਰੋਲ, ਅਹਿਮਦਾਬਾਦ, ਬੀਬੀਸੀ

ਗੁਜਰਾਤ ਵਿੱਚ ਵਿਧਾਨਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਅਜਿਹੇ ਵਿੱਚ ਇੱਕ ਵੀਡੀਓ ਦੇ ਸਾਹਮਣੇ ਆਉਣ 'ਤੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਵਿੱਚ ਪਾਟੀਦਾਰ ਆਗੂ ਹਾਰਦਿਕ ਪਟੇਲ ਹਨ। ਵੀਡੀਓ ਵਿੱਚ ਦਿਖ ਰਿਹਾ ਹੈ ਕਿ 'ਹਾਰਦਿਕ' ਇੱਕ ਅਜਨਬੀ ਕੁੜੀ ਨਾਲ ਕਮਰੇ ਵਿੱਚ ਹਨ।

ਇੱਕ ਹੋਰ ਪਾਟੀਦਾਰ ਆਗੂ ਅਸ਼ਵਿਨ ਪਟੇਲ ਨੇ ਦਾਅਵਾ ਕੀਤਾ ਹੈ ਕਿ ਵੀਡਿਓ ਵਿੱਚ ਜਿਸ ਸ਼ਖ਼ਸ ਨੂੰ ਕੁੜੀ ਨਾਲ ਦਿਖਾਇਆ ਗਿਆ ਹੈ ਉਹ ਹਾਰਦਿਕ ਪਟੇਲ ਹੀ ਹਨ।

ਹਾਲਾਂਕਿ ਹਾਰਦਿਕ ਨੇ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੰਦੀ ਸਿਆਸਤ ਦੇ ਤਹਿਤ ਔਰਤ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।

ਹਾਰਦਿਕ ਨੇ ਗਾਂਧੀਨਗਰ ਵਿੱਚ ਮੀਡੀਆ ਨੂੰ ਕਿਹਾ, "ਮੈਂ ਵੀਡੀਓ ਵਿੱਚ ਨਹੀਂ ਹਾਂ। ਬੀਜੇਪੀ ਗੰਦੀ ਸਿਆਸਤ ਦੇ ਤਹਿਤ ਔਰਤ ਦਾ ਇਸਤੇਮਾਲ ਕਰ ਰਹੀ ਹੈ।"

ਸੈਕਸ ਸੀਡੀ ਸਕੈਂਡਲ

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਪੜ੍ਹਾ ਚੁੱਕੇ ਪ੍ਰੋਫੈੱਸਰ ਘਨਸ਼ਿਆਮ ਸ਼ਾਹ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਵੀਡੀਓ ਸਾਹਮਣੇ ਆਉਣ ਤੋਂ ਹੈਰਾਨ ਨਹੀਂ ਲਗਦੇ।

ਪ੍ਰੋਫੈਸਰ ਸ਼ਾਹ ਦਾ ਕਹਿਣਾ ਹੈ, "ਸੂਬੇ ਦੀ ਸਿਆਸਤ ਵਿੱਚ ਸੈਕਸ ਸੀਡੀ ਦਾ ਇਸਤੇਮਾਲ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੀ ਸੀਡੀ ਦਾ ਇਸਤੇਮਾਲ ਕਈ ਆਗੂਆਂ ਨੇ ਕੀਤਾ ਹੈ।"

ਸਾਲ 2005 ਵਿੱਚ ਬੀਜੇਪੀ ਆਗੂ ਸੰਜੇ ਜੋਸ਼ੀ ਵੀ ਸੈਕਸ ਸੀਡੀ ਸਕੈਂਡਲ ਦੀ ਲਪੇਟ ਵਿੱਚ ਆਏ ਸਨ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਪੁਲਿਸ ਨੇ ਦੋਸ਼ ਮੁਕਤ ਕਰਾਰ ਦਿੱਤਾ ਸੀ।

ਸ਼ਾਹ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਦੇ ਨੁਕਸਾਨ ਤੋਂ ਜ਼ਿਆਦਾ ਉਸ ਔਰਤ ਦੀ ਮਰਿਆਦਾ 'ਤੇ ਚਿੱਕੜ ਸੁੱਟਿਆ ਜਾ ਰਿਹਾ ਹੈ।

ਇਸ ਨੂੰ ਲੈ ਕੇ ਬੀਬੀਸੀ ਗੁਜਰਾਤੀ ਨੇ ਬੀਜੇਪੀ ਅਤੇ ਕਾਂਗਰਸ ਤੋਂ ਇਲਾਵਾ ਕਈ ਸਮਾਜ ਵਿਗਿਆਨੀਆਂ ਨਾਲ ਗੱਲਬਾਤ ਕੀਤੀ।

ਸਿਆਸਤ ਵਿੱਚ ਔਰਤਾਂ

ਗੁਜਰਾਤ ਵਿਦਿਆਪੀਠ ਵਿੱਚ ਸਮਾਜਿਕ ਵਿਗਿਆਨ ਮਹਿਕਮੇ ਦੀ ਮੁਖੀ ਆਨੰਦੀਬੇਨ ਪਟੇਲ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਸਿਆਸਤ ਵਿੱਚ ਔਰਤਾਂ ਨੂੰ ਆਉਣ ਤੋਂ ਰੋਕਦੀਆਂ ਹਨ।

ਉਨ੍ਹਾਂ ਕਿਹਾ ਕਿ ਜੋ ਔਰਤਾਂ ਜਨਤਕ ਜਿੰਦਗੀ ਵਿੱਚ ਖੁਦ ਨੂੰ ਅੱਗੇ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਦਾ ਭਰੋਸਾ ਅਜਿਹੀਆਂ ਘਟਨਾਵਾਂ ਤੋਂ ਟੁੱਟਦਾ ਹੈ।

ਗੁਜਰਾਤ ਕਾਂਗਰਸ ਵਿੱਚ ਮਹਿਲਾ ਮੋਰਚੇ ਦੀ ਮੁਖੀ ਸੋਨਲ ਪਟੇਲ ਨੇ ਕਿਹਾ ਕਿ ਵੀਡੀਓ ਜ਼ਰੀਏ ਔਰਤਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੇ ਇਸ ਵੀਡੀਓ ਵਿੱਚ ਹਾਰਦਿਕ ਵੀ ਹਨ ਤਾਂ ਇਹ ਨਿੱਜੀ ਮਾਮਲਾ ਹੈ।

ਸੋਨਲ ਨੇ ਕਿਹਾ ਕਿ ਹਾਰਦਿਕ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਖਿਲਾਫ਼ ਕੋਈ ਹੋਰ ਮਾਮਲਾ ਨਹੀਂ ਮਿਲ ਰਿਹਾ ਹੈ ਤਾਂ ਉਹ ਮਹਿਲਾ ਦਾ ਇਸਤੇਮਾਲ ਕਰਕੇ ਵੀਡਓ ਬਣਾ ਰਹੇ ਹਨ।

ਹਾਰਦਿਕ ਦਾ ਜਵਾਬ

ਹਾਰਦਿਕ ਪਟੇਲ ਨੇ ਇਸ ਵੀਡੀਓ ਲਈ ਬੀਜੇਪੀ 'ਤੇ ਇਲਜ਼ਾਮ ਲਾਇਆ ਹੈ।

ਹਾਲਾਂਕਿ ਗੁਜਰਾਤ ਬੀਜੇਪੀ ਦੀ ਉਪ-ਪ੍ਰਧਾਨ ਜਸੁਬੇਨ ਕੋਰਾਤ ਨੇ ਇੰਨ੍ਹਾਂ ਇਲਜ਼ਾਾਮਾਂ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੀ ਅਜਿਹੀ ਹਰਕਤ ਮਨਜ਼ੂਰ ਨਹੀਂ ਹੈ।

ਕੋਰਾਤ ਸੌਰਾਸ਼ਟਰ ਇਲਾਕੇ ਵਿੱਚ ਬੀਜੇਪੀ ਦੀ ਅਹਿਮ ਆਗੂ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕੀਤੇ ਜਾਣ ਦੇ ਸਮੇਂ 'ਤੇ ਵੀ ਸਵਾਲ ਚੁੱਕਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)