ਨਜ਼ਰੀਆ: ਮੋਦੀ ਸਾਹਮਣੇ ਕਿੱਥੇ ਟਿਕਦੇ ਹਨ ਰਾਹੁਲ?

    • ਲੇਖਕ, ਸ਼ਿਵ ਵਿਸ਼ਵਨਾਥਨ
    • ਰੋਲ, ਸਮਾਜ ਸ਼ਾਸਤਰੀ

ਚੋਣਾਂ ਦਾ ਮਾਹਿਰ ਮੇਰੇ ਇੱਕ ਦੋਸਤ ਨੂੰ ਜਦੋਂ ਮੈਂ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਬਾਰੇ ਪੁੱਛਿਆ ਤਾਂ ਉਹ ਹੱਸ ਪਿਆ।

ਉਸ ਨੇ ਦਾਅਵਾ ਕੀਤਾ, "ਇਹ ਚੋਣਾਂ ਨਹੀਂ ਹਨ, ਸਿਰਫ਼ 2019 ਲਈ ਵੱਡੀ ਕਹਾਣੀ ਦਾ ਟੈਸਟ ਹੈ। ਇਹ ਅਮਿਤ ਸ਼ਾਹ ਦਾ ਪਾਇਲਟ ਪ੍ਰੋਜੈਕਟ ਹੈ, ਜੋ ਕਿ ਕਿਸੇ ਵੀ ਤਰ੍ਹਾਂ ਦੇ ਸ਼ੰਕੇ ਤੇ ਕਮੀਆਂ ਦੇਖਣ ਲਈ ਕੀਤਾ ਜਾ ਰਿਹਾ ਹੈ।"

ਮੇਰੇ ਦੋਸਤ ਨੇ ਦਾਅਵਾ ਕੀਤਾ ਕਿ ਚੋਣਾਂ ਸ਼ੰਕੇ, ਮੁਕਾਬਲੇ ਅਤੇ ਅਨਿਸ਼ਚਿਤਤਾ ਨਾਲ ਲੜੀਆਂ ਜਾਂਦੀਆਂ ਹਨ। ਚੋਣਾਂ ਬਾਰੇ ਅੱਜ-ਕੱਲ੍ਹ ਕੁਝ ਵੀ ਕਹਿਣਾ ਮੁਸ਼ਕਿਲ ਹੈ। ਕੀ ਹੋਣ ਵਾਲਾ ਹੈ ਜ਼ਿਆਦਾਤਰ ਕਿਸਮਤ 'ਤੇ ਨਿਰਭਰ ਕਰਦਾ ਹੈ।

ਚੋਣਾਂ ਗੁਜਰਾਤ 'ਚ ਨਜ਼ਰ 2019 'ਤੇ

ਭਾਜਪਾ ਨੇ ਵੱਡਾ ਸ਼ੋਅ ਜਿੱਤ ਲਿਆ ਹੈ ਅਤੇ ਜੋ ਵੀ ਥੋੜਾ ਬਹੁਤ ਸੰਘਰਸ਼ ਅਸੀਂ ਦੇਖ ਰਹੇ ਹਾਂ ਉਹ ਸਿਰਫ਼ ਮਨੋਰੰਜਨ, 'ਪੰਚ ਤੇ ਜੂਡੀ' (ਬੱਚਿਆਂ ਦੀ ਇੱਕ ਖੇਡ ਜਿਸ ਵਿੱਚ ਇੱਕ ਸ਼ਖ਼ਸ ਆਪਣੀ ਪਤਨੀ ਨਾਲ ਬਹਿਸ ਕਰਦਾ ਹੈ) ਸ਼ੋਅ ਹੈ ਤਾਕਿ ਥੋੜੀ ਹਲਚਲ ਹੁੰਦੀ ਰਹੇ।

ਪੂਰਾ ਧਿਆਨ 2019 ਉੱਤੇ ਹੀ ਹੈ, ਸੰਘਰਸ਼ ਸਿਰਫ਼ ਇੱਕ ਛੋਟਾ ਹਿੱਸਾ ਹੈ। ਸਗੋਂ ਜਿਸ ਸ਼ਬਦ ਦਾ ਉਸ ਨੇ ਇਸਤੇਮਾਲ ਕੀਤਾ ਉਹ ਆਮ ਬੋਲਚਾਲ ਵਾਲਾ ਹੈ। ਇਹ ਸਿਰਫ਼ 'ਟਾਈਮ ਪਾਸ' ਚੋਣਾਂ ਹਨ।

ਜੇ ਦੇਸ ਭਰ ਵਿੱਚ ਪ੍ਰਦਰਸ਼ਨ ਉੱਤੇ ਨਜ਼ਰ ਮਾਰੀਏ ਤਾਂ ਇੰਜ ਲਗਦਾ ਹੈ ਮੋਦੀ ਨੇ ਕਲਪਨਾ 'ਤੇ ਕਬਜ਼ਾ ਕਰ ਲਿਆ ਹੈ। ਭਾਵੇਂ ਉਨ੍ਹਾਂ ਦੀਆਂ ਦਲੀਲਾਂ ਵਿੱਚ ਤੱਥ ਨਾ ਵੀ ਹੋਣ, ਉਸ ਵਿੱਚ ਇੱਕ ਤਰ੍ਹਾਂ ਦੀ ਗਤੀ ਹੁੰਦੀ ਹੈ, ਇੱਕ ਸੰਜੀਦਗੀ ਹੁੰਦੀ ਹੈ।

ਉਹ ਬਹੁਤ ਮਿਹਨਤ ਕਰਦੇ ਹੋਏ ਜਾਪਦੇ ਹਨ, ਜਦਕਿ ਵਿਰੋਧੀ ਧਿਰ ਹੱਥ 'ਤੇ ਹੱਥ ਧਰੀ ਬੈਠੀ ਹੈ।

ਮੇਰੇ ਦੋਸਤ ਨੇ ਉਨ੍ਹਾਂ ਧਾਰਮਿਕ ਆਗੂਆਂ ਬਾਰੇ ਗੱਲਬਾਤ ਕੀਤੀ ਜਿੰਨ੍ਹਾਂ ਨੇ ਮੋਦੀ ਨੂੰ ਚੰਗੇ ਵਤੀਰੇ ਦਾ ਸਰਟੀਫਿਕੇਟ ਦਿੱਤਾ ਹੈ-ਜਿਵੇਂ ਕਿ ਮੋਰਾਰੀ ਬਾਪੂ, ਸਵਾਮੀਨਾਰਾਇਣਨ ਤੋਂ ਜੱਗੀ ਵਾਸੂਦੇਵ।

ਜਦਕਿ ਰਾਹੁਲ ਗਾਂਧੀ ਨੂੰ ਸਿਰਫ਼ ਇੱਕ ਹੀ ਗੁਰੂ ਤੋਂ ਸਰਟੀਫਿਕੇਟ ਮਿਲਿਆ ਹੈ, ਉਹ ਹਨ ਉਨ੍ਹਾਂ ਦੇ ਮਾਰਸ਼ਲ ਆਰਟਸ ਗੁਰੂ। ਇੱਕ ਦੁੱਖਭਰੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਉਸ ਗੁਰੂ ਨੂੰ ਯਾਦ ਨਹੀਂ ਕਰਦੇ। ਆਈਕੀਡੋ ਕੋਈ ਚੋਣ ਖੇਡ ਨਹੀਂ ਹੈ।

ਮੋਦੀ ਤੋਂ ਇਲਾਵਾ, ਲੋਕ ਅਮਿਤ ਸ਼ਾਹ ਅਤੇ ਆਰਐੱਸਐੱਸ ਦੀ ਮੌਜੂਦਗੀ ਮਹਿਸੂਸ ਕਰਦੇ ਹਨ।

ਉਹ ਇੱਕ ਚੰਗੀ ਮਸ਼ੀਨਰੀ ਵਾਂਗ ਹਨ ਜੋ ਚੋਣਾਂ ਲਈ ਤਿਆਰ ਹਨ। ਜਦਕਿ ਵਿਰੋਧੀ ਧਿਰ ਹਾਲੇ ਵੀ ਸੰਭਾਵਨਾਵਾਂ ਤਲਾਸ਼ ਰਹੀ ਹੈ।

ਇਹ ਸੱਚ ਹੈ ਕਿ ਇਸ ਦਾ ਹੱਲ ਲੱਭਣ ਦੀਆਂ ਕੁਝ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਹਨ। ਰਾਜਸਥਾਨ ਵਿੱਚ ਸਚਿਨ ਪਾਇਲਟ ਤੇ ਬੰਗਾਲ ਵਿੱਚ ਮਮਤਾ ਬੈਨਰਜੀ ਕੋਸ਼ਿਸ਼ਾਂ ਕਰ ਰਹੀ ਹੈ।

ਇੱਕ ਤਰੀਕੇ ਨਾਲ ਕਿਸਮਤ ਬੀਜੇਪੀ ਦਾ ਸਾਥ ਦੇ ਰਹੀ ਹੈ। ਲੋਕ ਇਸ ਨੂੰ ਅਜਿਹੀ ਪਾਰਟੀ ਸਮਝਦੇ ਹਨ ਜੋ ਕਿ ਸਖ਼ਤ ਮਿਹਨਤ ਕਰ ਰਹੀ ਹੈ।

ਚਾਹੇ ਨੋਟਬੰਦੀ ਨੂੰ ਦੇਖੀਏ, ਜੋ ਕਿ ਇੱਕ ਸਮਾਜਿਕ ਬਰਬਾਦੀ ਸੀ, ਖਾਸ ਕਰਕੇ ਗੈਰ-ਰਸਮੀ ਵਿੱਤੀ ਹਾਲਤ ਲਈ।

ਹੈਰਾਨੀ ਦੀ ਗੱਲ ਇਹ ਹੈ ਕਿ ਨਤੀਜਿਆਂ 'ਤੇ ਜ਼ੋਰ ਦੇਣ ਦੀ ਬਜਾਏ ਨੀਅਤ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨੋਟਬੰਦੀ ਇੱਕ ਨੈਤਿਕ ਜ਼ਿੰਮੇਵਾਰੀ ਸੀ, ਜੋ ਕੁਝ ਹੱਦ ਤੱਕ ਗਲਤ ਵੀ ਸੀ, ਪਰ ਬੜੇ ਥੋੜੇ ਲੋਕ ਮੋਦੀ ਨੂੰ ਜ਼ਿੰਮੇਵਾਰ ਦੱਸਦੇ ਹਨ।

ਉਹ ਵੋਟਰਾਂ ਲਈ ਮੁਸ਼ਕਿਲ ਹਾਲਾਤ 'ਚੋਂ ਕੱਢਣ ਵਾਲੇ ਯੋਧੇ ਹੀ ਰਹੇ।

ਇਹ ਉਸ ਤਰ੍ਹਾਂ ਹੈ ਜਿਵੇਂ ਮਨੋਵਿਗਿਆਨੀ ਕਹਿੰਦੇ ਹਨ ਕਿ ਉਹ ਦੋ ਸਾਲ ਲੰਘਣ ਦੀ ਉਡੀਕ ਕਰ ਰਹੇ ਹਨ। ਇਹ ਇੱਕ ਖਾਲੀ ਵਖਫ਼ੇ ਵਾਂਗ ਦੇਖਿਆ ਜਾ ਰਿਹਾ ਹੈ ਤੇ ਲੋਕ ਬੇਸਬਰੀ ਨਾਲ 2019 ਦੀ ਉਡੀਕ ਕਰ ਰਹੇ ਹਨ।

ਭਾਜਪਾ ਦੀ ਗਲਤੀ?

ਇਸ ਤਰ੍ਹਾਂ ਨਹੀਂ ਹੈ ਕਿ ਭਾਜਪਾ ਨੇ ਗਲਤੀ ਨਹੀਂ ਕੀਤੀ। ਬੇਰੁਜ਼ਗਾਰੀ ਦੀ ਨੀਤੀ ਅਤੇ ਖੇਤੀਬਾੜੀ ਲਈ ਯੋਜਨਾ ਬਰਬਾਦੀ ਹੀ ਹੈ।

ਹਾਲਾਂਕਿ ਹਾਲੇ ਤੱਕ ਇੰਨ੍ਹਾਂ ਨੇ ਜ਼ਿਆਦਾ ਲੋਕਾਂ ਨੂੰ ਸੜਕਾਂ 'ਤੇ ਮੁਜ਼ਾਹਰੇ ਕਰਨ ਲਈ ਮਜਬੂਰ ਨਹੀਂ ਕੀਤਾ। ਫਿਰ ਵੀ ਖਾਮੋਸ਼ੀ ਭਰੀ ਸਰਬਸੰਮਤੀ ਕਿਸੇ ਵੀ ਦੇਸ ਲਈ ਸਿਹਤਮੰਦ ਨਹੀਂ ਹੈ।

ਇਹ ਚੋਣਾਂ ਦੀ ਹਲਚਲ ਨਹੀਂ ਹੈ ਜੋ ਲੋਕ ਦੇਖ ਰਹੇ ਹੋਣ। ਇਹ ਸਿਆਸਤ ਦਾ ਖਾਲੀਪਨ ਹੈ, ਜਿੱਥੇ ਵੱਡੀ ਮਸ਼ੀਨਰੀ ਮੀਡੀਆ ਦੇ ਨਾਲ ਮਿਲ ਕੇ ਤਕਰੀਬਨ ਵਿਰੋਧੀ ਧਿਰ ਤੋਂ ਸੱਖਣੇ ਹੋ ਕੇ ਕੁਝ ਵੀ ਕਰ ਸਕਦੀ ਹੈ।

ਕਮੀ ਕਿਸ ਦੀ ਹੈ?

ਕਮੀ ਹੈ ਤਾਂ ਵਿਚਾਰਾਂ ਦੀ ਵਿਭਿੰਨਤਾ ਦੀ, ਇੱਕ ਬਦਲ ਦੀ। ਇਹ ਨਹੀਂ ਹੈ ਕਿ ਭਾਜਪਾ ਕਾਮਯਾਬ ਹੈ, ਸਿਰਫ਼ ਇੰਨਾ ਹੀ ਹੈ ਕਿ ਸਿਆਸਤ ਸਿਰਫ਼ ਥਕੀ ਹੋਈ ਤੇ ਉਦਾਸ ਹੈ।

ਚੋਣਾਂ ਹੁਣ ਇੱਕ ਮੂਕ ਫਿਲਮ ਵਰਗੀਆਂ ਲਗਦੀਆਂ ਹਨ। ਰੌਲ-ਰੱਪੇ ਦੀ ਥਾਂ ਹੁਣ ਮੋਦੀ ਅਤੇ ਸ਼ਾਹ ਦੇ ਵੱਡੇ-ਵੱਡੋ ਪੋਸਟਰ ਲੱਗੇ ਹੋਏ ਹਨ। ਚੋਣਾਂ ਹਲਚਲ ਦੀ ਗੈਰ-ਹਾਜ਼ਰੀ ਹੈ।

ਗੁਜਰਾਤ ਨੂੰ ਹੀ ਦੇਖ ਲਓ, ਜਿੱਥੇ ਤਿਕੋਣੇ ਮੁਕਾਬਲੇ ਦੀ ਹਲਚਲ ਸੁਣਦੀ ਹੈ। ਹਾਰਦਿਕ ਪਟੇਲ, ਅਲਪੇਸ਼ ਠਾਕੋਰ ਅਤੇ ਜਿਗਨੇਸ਼ ਮੇਵਾਨੀ ਪੂਰੇ ਜੋਸ਼ ਅਤੇ ਤਿਆਰੀ ਵਿੱਚ ਜਾਪਦੇ ਹਨ, ਫਿਰ ਵੀ ਇਹ ਤਿੰਨ ਨੌਜਵਾਨਾਂ ਦੀਆਂ ਕਹਾਣੀਆਂ ਹੀ ਜਾਪਦੀਆਂ ਹਨ, ਜੋ ਕਿ ਅਮਿਤ ਸ਼ਾਹ ਵਰਗੇ ਬੁਲਡੋਜ਼ਰ ਸਾਹਮਣੇ ਨਿਆਣੇ ਹਨ।

ਭਾਜਪਾ ਨਹੀਂ ਹੈ ਜਿਸ ਤੋਂ ਲੋਕ ਪ੍ਰਭਾਵਿਤ ਹਨ, ਸਗੋਂ ਇਹ ਤਾਂ ਤਰਕੀਬ ਇੱਕ ਨਜ਼ਰੀਏ ਦੀ ਕਮੀ ਹੈ ਜੋ ਕਿ ਪਟਨਾਇਕ, ਲਾਲੂ ਯਾਦਵ, ਮਮਤਾ ਅਤੇ ਸੀਪੀਐੱਮ ਮਿਲ ਕੇ ਇੱਕ ਵਿਰੋਧੀ ਧਿਰ ਬਣਾ ਸਕਦੇ ਹਨ।

ਬੀ ਗ੍ਰੇਡ ਫ਼ਿਲਮ ਦੀ ਗੁੰਜਾਇਸ਼ ਨਹੀਂ

ਛੇਤੀ ਨਤੀਜਿਆਂ ਦੀ ਗੱਲ ਨਹੀਂ ਹੋ ਰਹੀ, ਸਗੋਂ ਇੱਕ ਨਜ਼ਰੀਏ ਅਤੇ ਇੱਕ ਯੋਜਨਾ ਦੀ ਗੱਲ ਹੋ ਰਹੀ ਹੈ। ਕੋਈ ਵੀ ਆਪਣੀ ਜ਼ਮੀਨੀ ਤਾਕਤ ਨੂੰ ਕੌਮੀ ਯੋਜਨਾ ਵਿੱਚ ਤਬਦੀਲ ਨਹੀਂ ਕਰਦਾ।

ਸਿਆਸਤ ਵਿੱਚ ਅੱਜ ਕੱਲ੍ਹ ਬੀ ਗ੍ਰੇਡ ਫਿਲਮ ਵਰਗੇ ਪ੍ਰਦਰਸ਼ਨ ਦੀ ਕੋਈ ਗੁੰਜਾਇਸ਼ ਨਹੀਂ ਹੈ।

ਨਤੀਜੇ ਵਜੋਂ ਲੋਕਤੰਤਰ ਵਿੱਚ ਫੀਡਬੈਕ, ਗਲਤੀਆਂ ਨੂੰ ਪਰਖਣ, ਵਿਚਾਰਾਂ 'ਤੇ ਚਰਚਾ ਕਰਨ ਦੀ ਕਮੀ ਹੈ। ਦਰਅਸਲ ਚੇਨੰਈ, ਜੋ ਕਿ ਕਦੇ ਮਹਾਨ ਵਿਚਾਰਾਂ ਅਤੇ ਨਿਆਂ ਦੀ ਜ਼ਮੀਨ ਹੁੰਦਾ ਸੀ, ਉੱਥੇ ਵੀ ਅੱਜ ਸਿਆਸੀ ਪਿੜ ਖਾਲੀ ਪਈ ਹੈ।

ਕਮਲ ਹਾਸਨ ਲੜਖੜਾ ਰਹੇ ਹਨ ਜਿਵੇਂ ਕਿ ਇੱਕ ਅਦਾਕਾਰ ਅੱਧੀ ਲਿਖੀ ਸਕ੍ਰਿਪਟ ਨਾਲ ਲੜਖੜਾਉਂਦਾ ਹੈ, ਜਦਕਿ ਰਜਨੀ ਨੇ ਚੁੱਪੀ ਧਾਰੀ ਹੋਈ ਹੈ। ਅਜਿਹੀ ਸਿਆਸਤ ਚਿੰਤਾ ਦਾ ਵਿਸ਼ਾ ਹੈ।

ਮੀਡੀਆ ਪਹਿਲਾਂ ਹੀ ਬੀਜੇਪੀ ਦੀ 2019 ਦੀ ਜਿੱਤ ਦੇ ਗੁਣਗਾਣ ਕਰ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸਿਵਲ ਸੋਸਾਇਟੀ ਜਾਗਰੂਕ ਹੋਵੇਗੀ ਅਤੇ ਕਦੇ ਚਰਚਾ ਤੇ ਡਰਾਮਾ ਹੋਵੇਗਾ ਤਾਂਕਿ ਭਾਰਤ ਵਿੱਚ ਲੋਕਤੰਤਰ 2019 ਤੱਕ ਨੀਂਦ ਵਿੱਚ ਨਾ ਰਹੇ।

ਸ਼ਿਵ ਵਿਸ਼ਵਨਾਥਨ, ਪ੍ਰੋਫੈੱਸਰ, ਜਿੰਦਲ ਗਲੋਬਲ ਸਕੂਲ ਅਤੇ ਡਾਇਰੈਕਟਰ, ਸੈਂਟਰ ਫਾਰ ਸਟਡੀ ਆਫ਼ ਨੌਲੇਜ ਸਿਸਟਸ, ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)