You’re viewing a text-only version of this website that uses less data. View the main version of the website including all images and videos.
ਪੰਜਾਬ ਸਰਕਾਰ ਦੀ ਉਹ ਯੋਜਨਾ ਜਿਸ ਤਹਿਤ ਨਾਗਰਿਕਾਂ ਨੂੰ ਮਿਲੇਗਾ ਦਸ ਲੱਖ ਰੁਪਏ ਦਾ ਮੁਫ਼ਤ ਇਲਾਜ, ਜਾਣੋ ਰਜਿਸਟ੍ਰੇਸ਼ਨ ਕਿਵੇਂ ਹੋਵੇਗਾ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਲਈ ਅੱਜ ਯਾਨੀ ਮੰਗਲਵਾਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ।
ਯੋਜਨਾ ਤਹਿਤ ਸੂਬੇ ਦੇ ਹਰ ਪਰਿਵਾਰ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰ ਦਾ ਦਾਅਵਾ ਹੈ ਕਿ ਯੋਜਨਾ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ ਅਤੇ ਕਰੀਬ 3 ਕਰੋੜ ਪੰਜਾਬੀ ਇਸ ਦੇ ਲਾਭਪਾਤਰੀ ਬਣਨਗੇ।
ਪੰਜਾਬ ਸਰਕਾਰ ਮੁਤਾਬਕ ਘਰੇਲੂ ਬਿਜਲੀ ਤੋਂ ਬਾਅਦ ਪੰਜਾਬ ਸਰਕਾਰ ਦੀ ਸਿਹਤ ਦੇ ਖੇਤਰ ਵਿੱਚ ਇਹ ਦੂਜੀ ਯੋਜਨਾ ਹੈ ਜਿਸ ਦਾ ਫਾਇਦ ਸੂਬੇ ਦੇ ਸਾਰੇ ਨਾਗਰਿਕਾ ਨੂੰ ਮਿਲੇਗਾ।
ਇਸ ਤੋਂ ਪਹਿਲਾਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੂਬੇ ਵਿੱਚ ਲਾਗੂ ਸੀ, ਜਿਸ ਤਹਿਤ ਸੂਬੇ ਦੀ 65 ਫ਼ੀਸਦੀ ਆਬਾਦੀ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਪ੍ਰਦਾਨ ਕੀਤਾ ਗਿਆ ਸੀ, ਪਰ ਨਵੀਂ ਯੋਜਨਾ ਤਹਿਤ ਸੂਬੇ ਦੀ ਸਾਰੀ ਆਬਾਦੀ ਨੂੰ ਦਸ ਲੱਖ ਰੁਪਏ ਦੇ ਮੁਫਤ ਇਲਾਜ ਦੀ ਸਹੂਲਤ ਮਿਲੇਗੀ।
ਕੀ ਹੈ ਮੁੱਖ ਮੰਤਰੀ ਸਿਹਤ ਯੋਜਨਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਆਖਿਆ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਲੋਕਾਂ ਨੂੰ 2,000 ਤੋਂ ਵੱਧ ਬਿਮਾਰੀਆਂ ਦਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਸਕੇਗਾ।
ਪੰਜਾਬ ਸਰਕਾਰ ਮੁਤਾਬਕ ਇਸ ਯੋਜਨਾ ਤਹਿਤ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਜੋੜਿਆ ਗਿਆ ਹੈ।
ਇਸ ਤੋਂ ਇਲਾਵਾ ਸੂਬੇ ਦੇ 500 ਦੇ ਕਰੀਬ ਨਿੱਜੀ ਹਸਪਤਾਲ ਜੋੜੇ ਜਾ ਚੁੱਕੇ ਹਨ, ਜਦਕਿ ਹੋਰਨਾਂ ਨੂੰ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਯੋਜਨਾ ਤਹਿਤ ਪੰਜਾਬ ਦੇ ਨਾਗਰਿਕਾਂ ਦਾ ਮੁਫ਼ਤ ਵਿੱਚ ਇਲਾਜ ਹੋਵੇਗਾ।
ਕਿਸ ਨੂੰ ਮਿਲੇਗਾ ਯੋਜਨਾ ਦਾ ਲਾਭ
ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਲਾਭ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਮਿਲੇਗਾ, ਜਿਸ ਤਹਿਤ ਦਸ ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਮਿਲੇਗਾ। ਇਸ ਸਕੀਮ ਦਾ ਲਾਭ ਹਸਪਤਾਲ ਵਿੱਚ ਦਾਖਲ ਹੋਣ ਉੱਤੇ ਹੀ ਮਿਲੇਗਾ, ਓਪੀਡੀ ਸੇਵਾਵਾਂ ਇਸ ਯੋਜਨਾ ਤੋਂ ਬਾਹਰ ਹਨ।
ਯੋਜਨਾ ਅਧੀਨ ਸਰਕਾਰੀ ਅਤੇ ਸਰਕਾਰ ਵੱਲੋਂ ਚੁਣੇ ਗਏ ਪ੍ਰਾਈਵੇਟ ਹਸਪਤਾਲਾਂ ਵਿੱਚ ਕਿਸੇ ਵੀ ਪਰਿਵਾਰਕ ਮੈਂਬਰ ਦਾ ਇਲਾਜ ਮੁਫ਼ਤ ਹੋਵੇਗਾ। ਇਲਾਜ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਕਿਸੇ ਵੀ ਪਰਿਵਾਰ ਨੂੰ ਪ੍ਰੀਮੀਅਮ ਨਹੀਂ ਦੇਣਾ ਪਵੇਗਾ।
ਪੰਜਾਬ ਸਰਕਾਰ ਮੁਤਾਬਕ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਉੱਤੇ ਕੋਈ ਸੀਮਾ ਨਹੀਂ ਹੋਵੇਗੀ, ਹਰ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ।
ਪੰਜਾਬ ਸਰਕਾਰ ਮੁਤਾਬਕ ਯੋਜਨਾ ਲਈ ਰਜਿਸਟ੍ਰੇਸ਼ਨ ਦਾ ਕੰਮ ਫ਼ਿਲਹਾਲ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਕੀਤਾ ਜਾਵੇਗਾ।
ਪੰਜਾਬ ਸਰਕਾਰ ਮੁਤਾਬਕ ਪਾਇਲਟ ਪ੍ਰੋਜੈਕਟ ਤਹਿਤ ਸੂਬਾ ਸਰਕਾਰ ਵੱਲੋਂ ਫੀਡ ਬੈਕ ਲਈ ਜਾਵੇਗੀ, ਜੇ ਇਸ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੇ ਸੁਧਾਰ ਦੀ ਲੋੜ ਹੋਈ ਤਾਂ ਉਸ ਵਿੱਚ ਕੀਤਾ ਜਾਵੇਗਾ।
ਕਿਵੇਂ ਕਰਵਾਉਣੀ ਹੈ ਰਜਿਸਟ੍ਰੇਸ਼ਨ
ਰਜਿਸਟ੍ਰੇਸ਼ਨ ਦੇ ਲਈ ਸਰਕਾਰ ਵੱਲੋਂ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਲੋਕ ਆਪਣਾ ਆਧਾਰ ਕਾਰਡ, ਵੋਟਰ ਕਾਰਡ ਤੇ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਨਾਲ ਰਜਿਸਟ੍ਰੇਸ਼ਨ ਕਰਵਾ ਸਕਣਗੇ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ 128-128 ਕੈਂਪ ਲੱਗਾ ਕੇ 10-12 ਦਿਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਜਿੱਥੇ ਲੋਕ ਇਸ ਯੋਜਨਾ ਤਹਿਤ ਬਣਨ ਵਾਲੇ ਕਾਰਡ ਲਈ ਅਪਲਾਈ ਕਰਨਗੇ।
ਹੈਲਥ ਕਾਰਡ ਪਰਿਵਾਰ ਦੇ ਮੁਖੀ ਦਾ ਬਣਗੇ ਅਤੇ ਉਸ ਵਿੱਚ ਪਰਿਵਾਰਕ ਮੈਂਬਰਾਂ ਦੀ ਸੂਚੀ ਹੋਵੇਗੀ।
ਪੰਜਾਬ ਸਰਕਾਰ ਮੁਤਾਬਕ ਰਜਿਸਟ੍ਰੇਸ਼ਨ ਤੋਂ ਪਹਿਲਾਂ ਇਲਾਕੇ ਵਿੱਚ ਮੁਨਿਆਦੀ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਕਿ ਹਰ ਵਿਅਕਤੀ ਨੂੰ ਕੈਂਪ ਬਾਰੇ ਪਤਾ ਲੱਗ ਸਕੇ।
ਬੀਮੇ ਤਹਿਤ ਕਿਹੜੀਆਂ ਬਿਮਾਰੀਆਂ ਹੋਣਗੀਆਂ ਕਵਰ
ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ਹੇਠ 2,000 ਤੋਂ ਵੱਧ ਸਿਹਤ ਪ੍ਰਕਿਰਿਆਵਾਂ ਅਤੇ ਸਰਜਰੀਆਂ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ ਜੋ 10 ਲੱਖ ਰੁਪਏ ਤੱਕ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।
ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਦੀ ਇਹ ਇਤਿਹਾਸਕ ਪਹਿਲਕਦਮੀ ਸੂਬੇ ਦੇ ਸਾਰੇ ਵਸਨੀਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੇ ਦੇਸ਼ ਲਈ ਮਿਸਾਲ ਕਾਇਮ ਕਰੇਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਫ਼ਤ ਬਿਜਲੀ ਵਾਂਗ ਇਹ ਸਹੂਲਤ ਵੀ ਸੂਬੇ ਦੇ ਸਾਰੇ ਵਸਨੀਕਾਂ ਨੂੰ ਉਪਲਬਧ ਹੋਵੇਗੀ।
ਕੀ ਹੈ ਸਕੀਮ ਪੂਰੇ ਪੰਜਾਬ ਵਿੱਚ ਲਾਗੂ ਹੈ ?
ਸਕੀਮ ਪੂਰੇ ਪੰਜਾਬ ਵਿੱਚ ਲਾਗੂ ਹੈ ਪਰ ਰਜਿਸਟ੍ਰੇਸ਼ਨ ਦਾ ਕੰਮ ਫ਼ਿਲਹਾਲ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਹੀ ਸ਼ੁਰੂ ਹੋਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਇਸ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਵੇਗਾ।
ਪੰਜਾਬ ਸਰਕਾਰ ਮੁਤਾਬਕ ਰਜਿਸਟ੍ਰੇਸ਼ਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਸਕੀਮ ਨੂੰ ਅਧਿਕਾਰਤ ਤੌਰ ਉੱਤੇ ਸ਼ੁਰੂ ਕੀਤਾ ਜਾਵੇਗਾ। ਪੰਜਾਬ ਸਰਕਾਰ ਮੁਤਾਬਕ ਸਰਕਾਰੀ ਕਰਮਚਾਰੀ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
ਯੋਜਨਾ ਦੇ ਵਿੱਤੀ ਸਾਧਨਾਂ ਉੱਤੇ ਉੱਠ ਸਵਾਲ
ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਉੱਤੇ ਕਾਂਗਰਸ ਨੇ ਸਵਾਲ ਚੁੱਕੇ ਹਨ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਸਕੀਮ ਦਾ ਸਵਾਗਤ ਕਰਦਿਆਂ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਸਪਸ਼ਟ ਕਰੇ ਕਿ ਸਕੀਮ ਲਈ ਪੈਸੇ ਕਿੱਥੋਂ ਆਉਣੇ ਹਨ?
ਆਪਣੇ ਬਿਆਨ ਵਿੱਚ ਪਰਗਟ ਸਿੰਘ ਨੇ ਆਖਿਆ ਹੈ, "ਪੰਜਾਬ ਸਰਕਾਰ ਦੀ ਵਿੱਤੀ ਸਥਿਤੀ ਪਹਿਲਾਂ ਹੀ ਖ਼ਰਾਬ ਹੈ, ਕਰਜ਼ਾ ਲੈ ਕੇ ਤਾਂ ਸਰਕਾਰ ਚੱਲ ਰਹੀ ਹੈ ਅਤੇ ਕਰਜ਼ੇ ਦਾ ਬੋਝ ਲਗਾਤਾਰ ਪੰਜਾਬ ਸਿਰ ਚੜਦਾ ਜਾ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ