ਅਮਰੀਕਾ 'ਚ ਗਰਭਵਤੀ ਔਰਤਾਂ ਨੂੰ ਟਾਇਲੇਨੌਲ ਭਾਵ 'ਪੈਰਾਸੀਟਾਮੋਲ' ਨਾ ਲੈਣ ਦੀ ਕਿਉਂ ਦਿੱਤੀ ਸਲਾਹ, ਕਿਹੜੀ ਬਿਮਾਰੀ ਹੋਣ ਦਾ ਖ਼ਦਸ਼ਾ ਜਤਾਇਆ

    • ਲੇਖਕ, ਮੈਡਲੀਨ ਹੈਲਪਰਟ ਅਤੇ ਨਦੀਨ ਯੂਸਫ਼
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਵਾਈ ਅਤੇ ਔਟਿਜ਼ਮ ਵਿਚਕਾਰ ਵਿਵਾਦਤ ਸਬੰਧ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੇ ਡਾਕਟਰਾਂ ਨੂੰ ਗਰਭਵਤੀ ਔਰਤਾਂ ਨੂੰ ਦਰਦ ਨਿਵਾਰਕ ਟਾਇਲੇਨੌਲ ਨਾ ਲਿਖਣ ਦੀ ਸਲਾਹ ਦਿੱਤੀ ਜਾਵੇਗੀ।

ਟਰੰਪ ਨੇ ਇਹ ਐਲਾਨ ਸੋਮਵਾਰ ਨੂੰ ਓਵਲ ਦਫ਼ਤਰ ਵਿੱਚ ਕੀਤਾ ਉਸ ਸਮੇਂ ਉਨ੍ਹਾਂ ਨਾਲ ਸਿਹਤ ਸਕੱਤਰ ਰੌਬਰਟ ਐਫ਼ ਕੈਨੇਡੀ ਜੂਨੀਅਰ ਵੀ ਮੌਜੂਦ ਸਨ।

ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਪੈਰਾਸੀਟਾਮੋਲ ਦਾ ਸੇਵਨ, ਜੋ ਕਿ ਟਾਇਲੇਨੌਲ ਵਿੱਚ ਮੁੱਖ ਤੱਤ ਹੈ, ਜਿਸਨੂੰ ਅਮਰੀਕਾ ਵਿੱਚ ਐਸੀਟਾਮਿਨੋਫ਼ਿਨ ਵੀ ਕਿਹਾ ਜਾਂਦਾ ਹੈ, 'ਚੰਗਾ ਨਹੀਂ ਹੈ' ਅਤੇ ਗਰਭਵਤੀ ਔਰਤਾਂ ਨੂੰ ਇਸਨੂੰ ਸਿਰਫ਼ ਬਹੁਤ ਜ਼ਿਆਦਾ ਬੁਖ਼ਾਰ ਦੇ ਮਾਮਲਿਆਂ ਵਿੱਚ ਹੀ ਖਾਣਾ ਚਾਹੀਦਾ ਹੈ।

ਕੁਝ ਅਧਿਐਨਾਂ ਨੇ ਗਰਭਵਤੀ ਔਰਤਾਂ ਵੱਲੋਂ ਟਾਇਲੇਨੌਲ ਖਾਣ ਅਤੇ ਔਟਿਜ਼ਮ ਵਿਚਕਾਰ ਸਬੰਧ ਦਿਖਾਇਆ ਹੈ, ਪਰ ਇਹ ਖੋਜਾਂ ਅਸੰਗਤ ਅਤੇ ਨਿਰਣਾਇਕ ਨਹੀਂ ਹਨ। ਟਾਇਲੇਨੌਲ ਨਿਰਮਾਤਾ ਕੇਨਿਊ ਨੇ ਗਰਭਵਤੀ ਔਰਤਾਂ ਵਿੱਚ ਦਵਾਈ ਦੀ ਵਰਤੋਂ ਦੇ ਪੱਖ ਵਿੱਚ ਹਵਾਲੇ ਦਿੱਤੇ ਹਨ।

ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਸੁਤੰਤਰ, ਠੋਸ ਵਿਗਿਆਨ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਐਸੀਟਾਮਿਨੋਫ਼ਿਨ ਲੈਣ ਨਾਲ ਔਟਿਜ਼ਮ ਨਹੀਂ ਹੁੰਦਾ।"

"ਅਸੀਂ ਕਿਸੇ ਵੀ ਹੋਰ ਸੁਝਾਅ ਨਾਲ ਪੂਰੀ ਤਰ੍ਹਾਂ ਅਸਹਿਮਤ ਹਾਂ ਅਤੇ ਗਰਭਵਤੀ ਔਰਤਾਂ ਲਈ ਇਸ ਨਾਲ ਹੋਣ ਵਾਲੇ ਸਿਹਤ ਜੋਖ਼ਮ ਬਾਰੇ ਡੂੰਘੀ ਚਿੰਤਾ ਰੱਖਦੇ ਹਾਂ।"

ਇਸ ਵਿੱਚ ਕਿਹਾ ਗਿਆ ਹੈ ਕਿ ਐਸੀਟਾਮਿਨੋਫ਼ਿਨ, ਟਾਇਲੇਨੌਲ ਦਾ ਕਿਰਿਆਸ਼ੀਲ ਤੱਤ ਗਰਭਵਤੀ ਔਰਤਾਂ ਲਈ ਸਭ ਤੋਂ ਸੁਰੱਖਿਅਤ ਦਰਦ ਨਿਵਾਰਕ ਵਿਕਲਪ ਹੈ ਅਤੇ ਇਸ ਤੋਂ ਬਿਨ੍ਹਾਂ, ਔਰਤਾਂ ਨੂੰ ਬੁਖ਼ਾਰ ਵਰਗੀਆਂ ਸਥਿਤੀਆਂ ਵਿੱਚੋਂ ਲੰਘਣ ਜਾਂ ਹੋਰ ਜੋਖ਼ਮ ਭਰੇ ਵਿਕਲਪਾਂ ਦੀ ਵਰਤੋਂ ਕਰਨ ਵਿਚਕਾਰ ਇੱਕ ਖ਼ਤਰਨਾਕ ਚੋਣ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੋਮਵਾਰ ਨੂੰ ਐਲਾਨ ਦੌਰਾਨ, ਕੈਨੇਡੀ ਨੇ ਕਿਹਾ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ਼ਡੀਏ) ਗਰਭ ਅਵਸਥਾ ਦੌਰਾਨ ਟਾਇਲੇਨੌਲ ਲੈਣ ਦੇ ਸੰਭਾਵੀ ਜੋਖ਼ਮ ਬਾਰੇ ਡਾਕਟਰਾਂ ਨੂੰ ਇੱਕ ਨੋਟਿਸ ਜਾਰੀ ਕਰੇਗਾ।

ਉਨ੍ਹਾਂ ਕਿਹਾ ਕਿ ਐੱਫ਼ਡੀਏ ਦਵਾਈ 'ਤੇ ਸੁਰੱਖਿਆ ਲੇਬਲ ਬਦਲਣ ਦੀ ਪ੍ਰਕਿਰਿਆ ਵੀ ਸ਼ੁਰੂ ਕਰੇਗਾ ਅਤੇ ਜਾਗਰੂਕਤਾ ਫ਼ੈਲਾਉਣ ਲਈ ਇੱਕ ਜਨਤਕ ਸਿਹਤ ਮੁਹਿੰਮ ਸ਼ੁਰੂ ਕਰੇਗਾ।

ਕੈਨੇਡੀ ਨੇ ਅੱਗੇ ਕਿਹਾ ਕਿ ਐੱਫ਼ਡੀਏ ਜਲਦੀ ਹੀ ਲਿਊਕੋਵੋਰਿਨ, ਇੱਕ ਦਹਾਕਿਆਂ ਪੁਰਾਣੀ ਦਵਾਈ ਜੋ ਰਵਾਇਤੀ ਤੌਰ 'ਤੇ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਤੋਂ ਬਾਅਦ ਟੌਕਸਿਸੀਟੀ (ਜ਼ਹਿਰੀਲੇਪਣ) ਤੋਂ ਬਚਾਉਣ ਲਈ ਵਰਤੀ ਜਾਂਦੀ ਹੈ ਅਤੇ ਇਸ ਨੂੰ ਔਟਿਜ਼ਮ ਵਾਲੇ ਬੱਚਿਆਂ ਦੇ ਇਲਾਜ ਵਜੋਂ ਵਰਤਣ ਲਈ ਮਨਜ਼ੂਰੀ ਦੇਵੇਗਾ।

ਐੱਫ਼ਡੀਏ ਕਮਿਸ਼ਨਰ ਮਾਰਟੀ ਮੈਕਰੀ ਨੇ ਕਿਹਾ ਕਿ ਇਹ ਪ੍ਰਵਾਨਗੀ ਖੋਜ 'ਤੇ ਅਧਾਰਿਤ ਹੋਵੇਗੀ ਜੋ ਉਨ੍ਹਾਂ ਨੇ ਕਿਹਾ ਕਿ ਇਹ ਦਵਾਈ ਔਟਿਜ਼ਮ ਵਾਲੇ ਬੱਚਿਆਂ ਦੀ ਮਦਦ ਕਰ ਸਕਦੀ ਹੈ ਜਿਨ੍ਹਾਂ ਵਿੱਚ ਫੋਲੇਟ ਦੀ ਘਾਟ ਹੈ, ਜੋ ਕਿ ਵਿਟਾਮਿਨ ਬੀ ਦਾ ਇੱਕ ਰੂਪ ਹੈ। ਇਸ ਨਾਲ ਉਨ੍ਹਾਂ ਦੀ ਵਰਬਲ ਸੰਚਾਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੀ ਹੈ।

ਲਿਊਕੋਵੋਰਿਨ ਕੀ ਹੈ?

ਇੱਕ ਅਮਰੀਕੀ ਚੈਰਿਟੀ ਔਟਿਜ਼ਮ ਸਾਇੰਸ ਫਾਊਂਡੇਸ਼ਨ ਨੇ ਕਿਹਾ ਕਿ ਕੁਝ ਅਧਿਐਨਾਂ ਵਿੱਚ ਸ਼ੁਰੂਆਤੀ ਗਰਭ ਅਵਸਥਾ ਦੌਰਾਨ ਘੱਟ ਫੋਲੇਟ ਦੇ ਪੱਧਰ (ਵਿਟਾਮਿਨ ਬੀ9) ਨੂੰ ਬੱਚਿਆਂ ਵਿੱਚ ਔਟਿਜ਼ਮ ਦੇ ਵਧੇ ਹੋਏ ਜੋਖ਼ਮ ਨਾਲ ਜੋੜਿਆ ਗਿਆ ਹੈ, ਹਾਲਾਂਕਿ ਇਹ ਨਤੀਜੇ ਇਕਸਾਰ ਨਹੀਂ ਹਨ।

ਨਾਰਵੇ, ਅਮਰੀਕਾ ਅਤੇ ਇਜ਼ਰਾਈਲ ਵਿੱਚ ਕੀਤੇ ਗਏ ਅਧਿਐਨਾਂ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਮਾਵਾਂ ਨੇ ਗਰਭ ਧਾਰਨ ਦੇ ਦਿਨਾਂ ਵਿੱਚ ਫੋਲਿਕ ਐਸਿਡ ਸਪਲੀਮੈਂਟ ਲਏ ਸਨ, ਉਨ੍ਹਾਂ ਦੇ ਬੱਚਿਆਂ ਵਿੱਚ ਔਟਿਜ਼ਮ ਦੀ ਸੰਭਾਵਨਾ 30-70 ਫ਼ੀਸਦ ਘੱਟ ਸੀ। ਪਰ ਹੋਰ ਅਧਿਐਨਾਂ ਵਿੱਚ ਕੋਈ ਅਹਿਮ ਸਬੰਧ ਨਹੀਂ ਮਿਲਿਆ।

ਚੈਰਿਟੀ ਨੇ ਕਿਹਾ ਕਿ ਫੋਲੇਟ ਕੁਝ ਲੱਛਣਾਂ ਨੂੰ ਸੁਧਾਰ ਸਕਦਾ ਹੈ, ਇਹ ਸੁਝਾਅ ਲਿਊਕੋਵੋਰਿਨ, ਜਿਸਨੂੰ ਫੋਲੀਨਿਕ ਐਸਿਡ ਵੀ ਕਿਹਾ ਜਾਂਦਾ ਹੈ, ਦੇ ਟਰਾਇਲਾਂ ਤੋਂ ਆਇਆ ਹੈ।

ਕੁਝ ਖੋਜਾਂ ਨੇ ਦਿਖਾਇਆ ਹੈ ਕਿ ਨਿਯਮਤ ਫੋਲਿਕ ਐਸਿਡ ਦੇ ਉਲਟ, ਫੋਲੀਨਿਕ ਐਸਿਡ, ਵਿਟਾਮਿਨਾਂ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕਰ ਸਕਦਾ ਹੈ।

ਵੱਖ-ਵੱਖ ਖੁਰਾਕਾਂ ਅਤੇ ਸਫਲਤਾ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ 4 ਛੋਟੀਆਂ ਪਰ ਬੇਤਰਤੀਬ ਅਜ਼ਮਾਇਸਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਅਜ਼ਮਾਇਸ਼ ਸਾਲ 2016 ਤੋਂ ਅਮਰੀਕਾ ਵਿੱਚ 48 ਔਟਿਸਟਿਕ ਬੱਚਿਆਂ ਦਾ ਅਧਿਐਨ ਕੀਤਾ ਅਤੇ ਪਲੇਸਬੋ ਦੇ ਮੁਕਾਬਲੇ ਮੌਖਿਕ ਸੰਚਾਰ ਵਿੱਚ ਸੁਧਾਰ ਪਾਇਆ।

ਪਰ ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਿਗਿਆਨ ਅਜੇ ਵੀ ਬਹੁਤ ਸ਼ੁਰੂਆਤੀ ਪੜਾਵਾਂ ਵਿੱਚ ਹੈ ਅਤੇ ਕਿਸੇ ਵੀ ਪੱਕੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਹੋਰ ਕੰਮ ਦੀ ਲੋੜ ਹੈ।

ਡਾਕਟਰੀ ਮਾਹਰਾਂ ਦਾ ਪੱਖ

ਅਪ੍ਰੈਲ ਵਿੱਚ ਕੈਨੇਡੀ ਨੇ ਪੰਜ ਮਹੀਨਿਆਂ ਵਿੱਚ ਔਟਿਜ਼ਮ ਦੇ ਕਾਰਨ ਦਾ ਪਤਾ ਲਗਾਉਣ ਲਈ 'ਇੱਕ ਵਿਸ਼ਾਲ ਜਾਂਚ ਅਤੇ ਖੋਜ ਸਬੰਧੀ ਯਤਨ' ਕਰਨ ਦਾ ਵਾਅਦਾ ਕੀਤਾ।

ਟਰੰਪ ਨੇ ਸੋਮਵਾਰ ਨੂੰ ਰਿਪੋਰਟ ਕੀਤੇ ਗਏ ਔਟਿਜ਼ਮ ਮਾਮਲਿਆਂ ਵਿੱਚ ਵਾਧੇ ਨੂੰ 'ਭਿਆਨਕ ਸੰਕਟ' ਕਿਹਾ, ਅਤੇ ਇੱਕ ਅਜਿਹਾ ਮੁੱਦਾ ਜਿਸ ਬਾਰੇ ਉਨ੍ਹਾਂ ਦੀਆਂ 'ਬਹੁਤ ਸੰਵੇਦਨਸ਼ੀਲ' ਹਨ।

ਪਰ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਔਟਿਜ਼ਮ ਦੇ ਕਾਰਨਾਂ ਦਾ ਪਤਾ ਲਗਾਉਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਇਹ ਇੱਕ ਗੁੰਝਲਦਾਰ ਸਿੰਡਰੋਮ ਹੈ, ਜਿਸ ਬਾਰੇ ਦਹਾਕਿਆਂ ਤੋਂ ਖੋਜ ਕੀਤੀ ਜਾ ਰਹੀ ਹੈ।

ਖੋਜਕਰਤਾਵਾਂ ਦਾ ਵਿਆਪਕ ਵਿਚਾਰ ਇਹ ਹੈ ਕਿ ਔਟਿਜ਼ਮ ਦਾ ਕੋਈ ਇੱਕ ਕਾਰਨ ਨਹੀਂ ਹੈ, ਜਿਸਨੂੰ ਜੈਨੇਟਿਕ ਅਤੇ ਵਾਤਾਵਰਣਕ ਕਾਰਕਾਂ ਦੇ ਇੱਕ ਗੁੰਝਲਦਾਰ ਮਿਸ਼ਰਣ ਦਾ ਨਤੀਜਾ ਮੰਨਿਆ ਜਾਵੇ।

ਅਮੈਰੀਕਨ ਕਾਲਜ ਆਫ਼ ਔਬਸਟੇਟ੍ਰੀਸ਼ੀਅਨਜ਼ ਐਂਡ ਗਾਇਨੀਕੋਲੋਜਿਸਟਸ ਦੇ ਪ੍ਰਧਾਨ ਡਾਕਟਰ ਸਟੀਵਨ ਫਲੇਸ਼ਮੈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਮਵਾਰ ਦਾ ਐਲਾਨ 'ਵਿਗਿਆਨਕ ਸਬੂਤਾਂ ਦੇ ਆਧਾਰ ਉੱਤੇ ਨਹੀਂ ਹੈ ਅਤੇ ਬੱਚਿਆਂ ਵਿੱਚ ਨਿਊਰੋਲੋਜਿਕ ਚੁਣੌਤੀਆਂ ਦੇ ਬਹੁਤ ਸਾਰੇ ਅਤੇ ਗੁੰਝਲਦਾਰ ਕਾਰਨਾਂ ਨੂੰ ਖ਼ਤਰਨਾਕ ਤਰੀਕੇ ਨਾਲ ਸਰਲ ਬਣਾ ਕੇ ਦਰਸਾਇਆ ਗਿਆ ਹੈ।"

ਪ੍ਰਮੁੱਖ ਮੈਡੀਕਲ ਪੇਸ਼ੇਵਰ ਸਮੂਹ ਨੇ ਕਿਹਾ ਕਿ ਦੇਸ਼ ਭਰ ਦੇ ਡਾਕਟਰਾਂ ਨੇ ਲਗਾਤਾਰ ਟਾਇਲੇਨੌਲ ਨੂੰ ਗਰਭਵਤੀ ਔਰਤਾਂ ਲਈ ਇੱਕੋ ਇੱਕ ਸੁਰੱਖਿਅਤ ਦਰਦ ਨਿਵਾਰਕ ਵਜੋਂ ਪ੍ਰਵਾਨਿਤ ਕੀਤਾ ਹੈ।

ਸਮੂਹ ਨੇ ਕਿਹਾ ਹੈ, "ਪਿਛਲੇ ਸਮੇਂ ਵਿੱਚ ਕੀਤੇ ਗਏ ਅਧਿਐਨਾਂ ਵਿੱਚ ਕੋਈ ਸਪੱਸ਼ਟ ਸਬੂਤ ਨਹੀਂ ਮਿਲਦਾ ਜੋ ਗਰਭ ਦੀ ਕਿਸੇ ਵੀ ਤਿਮਾਹੀ ਦੌਰਾਨ ਐਸੀਟਾਮਿਨੋਫ਼ਿਨ ਦੀ ਸੁਚੇਤ ਵਰਤੋਂ ਅਤੇ ਭਰੂਣ ਦੇ ਵਿਕਾਸ ਸੰਬੰਧੀ ਮੁੱਦਿਆਂ ਵਿਚਕਾਰ ਸਿੱਧਾ ਸਬੰਧ ਸਾਬਤ ਕਰਦਾ ਹੈ।"

ਇਸ ਦਵਾਈ ਦੀ ਸਿਫਾਰਸ਼ ਦੁਨੀਆਂ ਭਰ ਦੇ ਹੋਰ ਪ੍ਰਮੁੱਖ ਮੈਡੀਕਲ ਸਮੂਹਾਂ ਦੇ ਨਾਲ-ਨਾਲ ਹੋਰ ਸਰਕਾਰਾਂ ਵੱਲੋਂ ਵੀ ਕੀਤੀ ਜਾਂਦੀ ਹੈ।

ਅਗਸਤ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਡੀਨ ਦੀ ਅਗਵਾਈ ਵਿੱਚ ਕੀਤੀ ਗਈ ਖੋਜ ਦੀ ਸਮੀਖਿਆ ਵਿੱਚ ਸਾਹਮਣੇ ਆਇਆ ਸੀ ਕਿ ਗਰਭ ਅਵਸਥਾ ਦੌਰਾਨ ਟਾਇਲੇਨੌਲ ਦੇ ਸੰਪਰਕ ਵਿੱਚ ਆਉਣ 'ਤੇ ਬੱਚਿਆਂ ਵਿੱਚ ਔਟਿਜ਼ਮ ਅਤੇ ਹੋਰ ਨਿਊਰੋਡਿਵੈਲਪਮੈਂਟਲ ਵਿਕਾਰ ਹੋਣ ਦੀ ਸੰਭਾਵਨਾ ਵੱਧ ਹੋ ਸਕਦੀ ਹੈ।

ਖੋਜਕਰਤਾਵਾਂ ਨੇ ਦਲੀਲ ਦਿੱਤੀ ਸੀ ਕਿ ਦਵਾਈ ਦੀ ਵਰਤੋਂ ਨੂੰ ਸੀਮਤ ਕਰਨ ਲਈ ਕੁਝ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਿਹਾ ਗਿਆ ਸੀ ਕਿ ਇਹ ਅਜੇ ਵੀ ਮਾਵਾਂ ਨੂੰ ਬੁਖ਼ਾਰ ਅਤੇ ਦਰਦ ਦੇ ਇਲਾਜ ਲਈ ਇਹ ਗੋਲੀ ਅਹਿਮ ਹੈ, ਜਿਸਦਾ ਬੱਚਿਆਂ 'ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ।

ਪਰ 2024 ਵਿੱਚ ਪ੍ਰਕਾਸ਼ਿਤ ਇੱਕ ਹੋਰ ਅਧਿਐਨ ਵਿੱਚ ਟਾਇਲੇਨੌਲ ਦੀ ਵਰਤੋਂ ਅਤੇ ਔਟਿਜ਼ਮ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ।

ਇਹ ਅਧਿਐਨ 1995 ਤੋਂ 2019 ਦੇ ਵਿਚਕਾਰ ਸਵੀਡਨ ਵਿੱਚ ਪੈਦਾ ਹੋਏ 24 ਲੱਖ ਬੱਚਿਆਂ ਦੀ ਆਬਾਦੀ ਦੇ ਨਮੂਨੇ ਨੂੰ ਦੇਖ ਕੇ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਤਕਰੀਬਨ 7.5 ਫ਼ੀਸਦ ਗਰਭ ਅਵਸਥਾ ਦੌਰਾਨ ਐਸੀਟਾਮਿਨੋਫ਼ਿਨ ਦੇ ਸੰਪਰਕ ਵਿੱਚ ਆਏ ਸਨ।

ਉਹ ਲੋਕ ਜੋ ਇਸ ਦੇ ਸਪੰਰਕ ਵਿੱਚ ਸਨ ਅਤੇ ਜੋ ਨਹੀਂ ਸਨ, ਜਿਨ੍ਹਾਂ ਦੇ ਭੈਣ-ਜਾਂ ਭਰਾ ਪ੍ਰਭਾਵਿਤ ਸਨ ਅਤੇ ਉਨ੍ਹਾਂ ਦਾ ਜੈਨੇਟਿਕਸ ਸਾਂਝਾ ਸੀ , ਅਜਿਹਾਂ ਕਈ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਔਟਿਜ਼ਮ ਦਰਾਂ ਦੀ ਤੁਲਨਾ ਕਰਨ ਲਈ ਅਧਿਐਨ ਕੀਤਾ ਗਿਆ, ਜਿਸ ਦਾ ਇਹ ਸਿੱਟਾ ਕੱਢਿਆ ਗਿਆ ਕਿ ਔਟਿਜ਼ਮ, ਏਡੀਐੱਚਡੀ ਜਾਂ ਬੌਧਿਕ ਅਪੰਗਤਾ ਦਾ ਕੋਈ ਵਧਿਆ ਹੋਇਆ ਜੋਖ਼ਮ ਨਹੀਂ ਸੀ ਜਿਸਨੂੰ ਨਿਸ਼ਚਿਤ ਤੌਰ 'ਤੇ ਐਸੀਟਾਮਿਨੋਫ਼ਿਨ ਨਾਲ ਜੋੜਿਆ ਜਾ ਸਕਦਾ ਹੈ।

ਡਰਹਮ ਯੂਨੀਵਰਸਿਟੀ ਦੇ ਸਮਾਜਿਕ ਅਤੇ ਵਿਕਾਸ ਮਨੋਵਿਗਿਆਨ ਦੇ ਪ੍ਰੋਫੈਸਰ ਮੋਨੀਕ ਬੋਥਾ ਨੇ ਕਿਹਾ, "ਇਸ ਗੱਲ ਦਾ ਕੋਈ ਠੋਸ ਸਬੂਤ ਜਾਂ ਵਿਸ਼ਵਾਸਯੋਗ ਅਧਿਐਨ ਨਹੀਂ ਹੈ ਕਿ ਦੋਵਾਂ ਵਿੱਚ ਕੋਈ ਸਬੰਧ ਹੈ।"

ਡਾਕਟਰ ਬੋਥਾ ਨੇ ਕਿਹਾ ਕਿ ਗਰਭਵਤੀ ਔਰਤਾਂ ਲਈ ਦਰਦ ਤੋਂ ਰਾਹਤ ਪਹੁੰਚਾਉਣ ਵਾਲੀਆਂ ਦਵਾਈਆਂ ਬਹੁਤ ਘੱਟ ਸਨ ਅਤੇ ਟਾਇਲੇਨੌਲ ਅਜਿਹਾ ਕਰਨ ਵਾਲਾ ਇੱਕੋ ਇੱਕ ਸੁਰੱਖਿਅਤ ਵਿਕਲਪ ਸੀ।

ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਮੁਤਾਬਕ, 2000 ਤੋਂ ਬਾਅਦ ਔਟਿਜ਼ਮ ਦੇ ਨਿਦਾਨਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ 2020 ਤੱਕ 8 ਸਾਲ ਦੇ ਬੱਚਿਆਂ ਵਿੱਚ ਦਰ 2.77 ਫ਼ੀਸਦ ਤੱਕ ਪਹੁੰਚ ਗਈ।

ਵਿਗਿਆਨੀ ਇਸ ਵਾਧੇ ਦਾ ਘੱਟੋ-ਘੱਟ ਇੱਕ ਹਿੱਸਾ ਔਟਿਜ਼ਮ ਪ੍ਰਤੀ ਵਧੀ ਹੋਈ ਜਾਗਰੂਕਤਾ ਅਤੇ ਇਸ ਵਿਕਾਰ ਦੀ ਵਧਦੀ ਪਰਿਭਾਸ਼ਾ ਨੂੰ ਮੰਨਦੇ ਹਨ। ਖੋਜਕਰਤਾ ਵਾਤਾਵਰਣਕ ਕਾਰਕਾਂ ਦੀ ਵੀ ਜਾਂਚ ਕਰ ਰਹੇ ਹਨ।

ਪਹਿਲਾਂ ਵਈ ਅਜਿਹਾ ਹੋਇਆ ਸੀ ਜਦੋਂ ਕੈਨੇਡੀ ਨੇ ਔਟਿਜ਼ਮ ਦੀਆਂ ਵਧਦੀਆਂ ਦਰਾਂ ਬਾਰੇ ਗੁੰਮਰਾਹਕੁਨ ਸਿਧਾਂਤ ਪੇਸ਼ ਕੀਤੇ ਹਨ, ਸਬੂਤਾਂ ਦੀ ਘਾਟ ਦੇ ਬਾਵਜੂਦ ਟੀਕਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)