You’re viewing a text-only version of this website that uses less data. View the main version of the website including all images and videos.
ਹੁਸ਼ਿਆਰਪੁਰ ਦੀ ਦੇਸ਼ਾਂ-ਵਿਦੇਸ਼ਾਂ ਵਿੱਚ ਮਸ਼ਹੂਰ ਇਨਲੇਅ ਲੱਕੜ ਕਲਾ, ਮੁਗ਼ਲ ਕਾਲ ਤੋਂ ਸ਼ੁਰੂ ਹੋਈ ਇਸ ਕਲਾ ਦੇ ਕਾਰੀਗਰ ਘਟਦੇ ਜਾ ਰਹੇ ਹਨ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਮੈ ਲੱਕੜ ਉੱਤੇ ਹੋਈ ਹਸਤਕਲਾ ਕਲਾ ਆਪਣੇ ਬਜ਼ੁਰਗਾਂ ਤੋਂ ਸਿੱਖੀ ਸੀ ਅਤੇ ਸਾਰੀ ਉਮਰ ਮੈਨੂੰ ਇਹ ਕੰਮ ਕਰਦੇ ਹੋ ਗਏ। ਸੂਬਾ ਸਰਕਾਰ ਵੱਲੋਂ ਪੁਰਸਕਾਰ ਦਿੱਤਾ ਗਿਆ ਪਰ ਨਹੀਂ ਚਾਹੁੰਦਾ ਮੇਰੇ ਬੱਚੇ ਇਹ ਕੰਮ ਕਰਨ ਕਿਉਂਕਿ ਇਸ ਵਿੱਚ ਮਿਹਨਤ ਦੇ ਹਿਸਾਬ ਨਾਲ ਕਮਾਈ ਨਹੀਂ ਹੁੰਦੀ।"
ਇਹ ਟਿੱਪਣੀ 70 ਸਾਲਾ ਬਜ਼ੁਰਗ ਕਾਰੀਗਰ ਸੋਢੀ ਲਾਲ ਦੀ ਹੈ, ਜੋ ਲੱਕੜ ਉਤੇ ਕੀਤੀ ਜਾਣ ਵਾਲੀ ਇਨਲੇਅ ਕਲਾ ਦੇ ਨਿਪੁੰਨ ਕਾਰੀਗਰ ਹਨ। ਸੋਢੀ ਲਾਲ ਆਪਣੀ ਟਿੱਪਣੀ ਰਾਹੀਂ ਇਸ ਕਲਾ ਵਿੱਚ ਕਾਰੀਗਰਾਂ ਦੀ ਮੰਦਹਾਲੀ ਦਾ ਜ਼ਿਕਰ ਕਰ ਰਹੇ ਹਨ।
ਪੰਜਾਬ ਦਾ ਹੁਸ਼ਿਆਰਪੁਰ ਜ਼ਿਲ੍ਹਾ ਕਈ ਸਾਲ ਪੁਰਾਣੀ ਲੱਕੜ ਦੀ ਇਨਲੇਅ ਕਲਾ ਦਾ ਮੁੱਖ ਕੇਂਦਰ ਹੈ।
ਇਹ ਕਲਾ ਨਾ ਸਿਰਫ਼ ਇੱਕ ਹੁਨਰ ਹੈ, ਸਗੋਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਅਨਮੋਲ ਹਿੱਸਾ ਵੀ ਹੈ। ਇਨਲੇਅ ਕਲਾ ਵਿੱਚ ਲੱਕੜ ਨੂੰ ਬਾਰੀਕੀ ਨਾਲ ਤਰਾਸ਼ ਕੇ, ਉਸ ਵਿੱਚ ਪਲਾਸਟਿਕ ਜਾਂ ਹੋਰ ਸਮੱਗਰੀ ਨਾਲ ਜੜਾਈ ਕਰ ਕੇ ਸੁੰਦਰ ਡਿਜ਼ਾਈਨ ਬਣਾਏ ਜਾਂਦੇ ਹਨ।
ਸੋਢੀ ਲਾਲ ਦੱਸਦੇ ਹਨ, "ਇਨਲੇਅ ਦਾ ਕੰਮ, ਉਨ੍ਹਾਂ ਨੇ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਸੀ, ਪਰ ਅੱਗੇ ਬੱਚੇ ਇਹ ਕੰਮ ਨਹੀਂ ਕਰ ਰਹੇ।"
ਕਾਰਨ ਪੁੱਛੇ ਜਾਣ ਉੱਤੇ ਉਹ ਆਖਦੇ ਹਨ, "ਜਦੋਂ ਮੈਨੂੰ ਸਾਰੀ ਉਮਰ ਵਿੱਚ ਕੁਝ ਨਹੀਂ ਮਿਲਿਆ ਤਾਂ ਫਿਰ ਬੱਚੇ ਇਹ ਕੰਮ ਕਿਉਂ ਕਰਨ?"
ਕੀ ਹੈ ਇਨਲੇਅ ਕਲਾ
ਪਹਿਲਾਂ ਹਾਥੀ ਦੰਦ ਦੀ ਵਰਤੋਂ ਕਰਨ ਕਰਕੇ ਇਸ ਨੂੰ ਹਸਤ ਕਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪਰ ਹਾਥੀ ਦੰਦ ਦੇ ਇਸਤੇਮਾਲ ਉੱਤੇ ਸਰਕਾਰੀ ਪਾਬੰਦੀ ਲੱਗਣ ਤੋਂ ਬਾਅਦ ਹੁਣ ਪਲਾਸਟਿਕ ਅਤੇ ਹੋਰ ਸਮੱਗਰੀ ਦੀ ਵਰਤੋਂ ਇਸ ਵਿੱਚ ਕੀਤੀ ਜਾਂਦੀ ਹੈ।
ਮੁੱਖ ਤੌਰ 'ਤੇ ਟਾਹਲੀ ਦੀ ਲੱਕੜ 'ਤੇ ਇਹ ਕੰਮ ਕੀਤਾ ਜਾਂਦਾ ਹੈ, ਜੋ ਮਜ਼ਬੂਤੀ ਅਤੇ ਸੁੰਦਰਤਾ ਦਾ ਸੁਮੇਲ ਹੈ। ਹੁਸ਼ਿਆਰਪੁਰ ਵਿੱਚ ਤਿਆਰ ਸਮਾਨ ਵਿਦੇਸ਼ ਦੇ ਨਾਲ ਭਾਰਤ ਵਿੱਚ ਵੀ ਕਾਫ਼ੀ ਪ੍ਰਸਿੱਧ ਹੈ।
2017 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਤੋਹਫ਼ਿਆਂ ਵਿੱਚ ਹੁਸ਼ਿਆਰਪੁਰ ਦੇ ਕਾਰੀਗਰਾਂ ਵੱਲੋਂ ਤਿਆਰ ਕੀਤੇ ਗਏ ਇਨਲੇਅ ਆਰਟ ਬੌਕਸ ਦੀ ਕਾਫ਼ੀ ਚਰਚਾ ਮੀਡੀਆ ਵਿੱਚ ਹੋਈ ਸੀ।
ਇਸ ਕਲਾ ਦੇ ਕਾਰੀਗਰ ਪੁਰਸ਼ਤੋਮ ਸਿੰਘ ਦੱਸਦੇ ਹਨ, "ਇਨਲੇਅ ਕਲਾ ਸਾਡੀ ਵਿਰਾਸਤ ਦਾ ਅਹਿਮ ਹਿੱਸਾ ਹੈ। ਇਸ ਵਿੱਚ ਲੱਕੜ ਨੂੰ ਤਰਾਸ਼ ਕੇ ਜੜਾਈ ਦੇ ਨਾਜ਼ੁਕ ਕੰਮ ਨਾਲ ਸਜਾਇਆ ਜਾਂਦਾ ਹੈ।"
ਇਸ ਕਲਾ ਸਜਾਵਟੀ ਸਮਾਨ ਜਿਵੇਂ ਕਿ ਫ਼ਰਨੀਚਰ, ਡੱਬੀਆਂ, ਅਤੇ ਰਵਾਇਤੀ ਘਰੇਲੂ ਵਸਤੂਆਂ ਨੂੰ ਸੁੰਦਰ ਰੂਪ ਦਿੰਦੀ ਹੈ।
ਪਰਸ਼ੋਤਮ ਸਿੰਘ ਦੱਸਦੇ ਹਨ, "ਪਹਿਲਾਂ ਇਸ ਕੰਮ ਵਿੱਚ ਬਹੁਤ ਕਮਾਈ ਹੁੰਦੀ ਸੀ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਫ਼ਾਇਦਾ ਵੀ ਕਾਰੀਗਰਾਂ ਨੂੰ ਮਿਲਦਾ ਸੀ, ਪਰ ਹੌਲੀ-ਹੌਲੀ ਮਹਿੰਗਾਈ ਵਧਦੀ ਗਈ ਅਤੇ ਕਾਰੀਗਰਾਂ ਕਮਾਈ ਵਿੱਚ ਉਸ ਹਿਸਾਬ ਨਾਲ ਵਾਧਾ ਨਹੀਂ ਹੋਇਆ।"
ਉਨ੍ਹਾਂ ਦੱਸਿਆ ਇਹ ਮਿਹਨਤ, ਬਰੀਕੀ ਅਤੇ ਨਜ਼ਰ ਵਾਲਾ ਕੰਮ ਹੈ ਅਤੇ ਇਸ ਤਹਿਤ ਤਿਆਰ ਹੋਣ ਵਾਲੀਆਂ ਵਸਤਾਂ ਕਾਫ਼ੀ ਮਹਿੰਗੀਆਂ ਵੀ ਹੋ ਜਾਂਦੀਆਂ ਹੈ ਅਤੇ ਖ਼ਰੀਦਦਾਰ ਦੂਜੀਆਂ ਵਸਤਾਂ ਵੱਲ ਖਿੱਚ ਮਹਿਸੂਸ ਕਰਨ ਲੱਗੇ ਹਨ, ਜਿਸ ਕਾਰਨ ਕਾਰੀਗਰਾਂ ਦੀ ਕਮਾਈ ਘਟਦੀ ਜਾ ਰਹੀ ਹੈ।
ਪੁਰਸ਼ੋਤਮ ਸਿੰਘ ਮੁਤਾਬਕ ਇਹ ਕਲਾ ਹੱਥੀਂ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਸਮਾਂ ਬਹੁਤ ਲੱਗਦਾ ਹੈ। ਸ਼ੀਸ਼ਮ ਦੀ ਲੱਕੜ ਨੂੰ 6-12 ਮਹੀਨਿਆਂ ਤੱਕ ਸੀਜ਼ਨਿੰਗ ਕੀਤਾ ਜਾਂਦਾ ਹੈ, ਫਿਰ ਡਿਜ਼ਾਈਨ ਟਰੇਸ ਕਰ ਕੇ ਉਸ ਨੂੰ ਤਿਆਰ ਕੀਤਾ ਜਾਂਦਾ ਹੈ।
ਸਭ ਤੋਂ ਬਾਅਦ ਵਿੱਚ ਇਨਲੇਅ ਦਾ ਹੱਥੀ ਕੰਮ ਕੀਤਾ ਜਾਂਦਾ ਹੈ ਜਿਸ ਲਈ ਸੂਖਮਤਾ ਅਤੇ ਹੁਨਰ ਦੀ ਲੋੜ ਹੁੰਦੀ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ੇਰਗੜ੍ਹ ਪਿੰਡ ਦੀ ਪਰਮਜੀਤ ਕੌਰ ਆਪਣੇ ਪਤੀ ਨਾਲ ਮਿਲ ਕੇ ਇਨਲੇਅ ਦਾ ਕੰਮ ਕਰਦੀ ਹੈ। ਪਰਮਜੀਤ ਕੌਰ ਵੀ ਇਸ ਕੰਮ ਤੋਂ ਹੁੰਦੀ ਘੱਟ ਕਮਾਈ ਤੋਂ ਪਰੇਸ਼ਾਨ ਹੈ। ਉਹ ਦੱਸਦੇ ਹਨ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਸੌ ਰੁਪਏ ਦੀ ਕਮਾਈ ਹੁੰਦੀ ਹੈ।
ਇਨਲੇਅ ਕਲਾ ਅੱਗੇ ਚੁਣੌਤੀਆਂ
ਹੁਸ਼ਿਆਰਪੁਰ ਦਾ ਡੱਬੀ ਬਾਜ਼ਾਰ, ਜੋ ਕਦੇ ਇਸ ਕਲਾ ਦਾ ਕੇਂਦਰ ਸੀ, ਹੁਣ ਸਿਰਫ਼ ਗਿਣਤੀ ਦੀਆਂ ਦੁਕਾਨਾਂ ਤੱਕ ਸੀਮਤ ਰਹਿ ਗਿਆ ਹੈ।
ਇਸ ਬਾਜ਼ਾਰ ਵਿੱਚ ਇੱਕ ਦੁਕਾਨ ਧੰਨੀ ਰਾਮ ਪੂਰਨ ਚੰਦ ਦੀ ਹੈ ਜੋ 1880 ਤੋਂ ਇਸ ਕਲਾ ਰਾਹੀਂ ਤਿਆਰ ਕੀਤੀਆਂ ਵਸਤਾਂ ਵੇਚ ਰਹੇ ਹਨ।
ਦੁਕਾਨ ਦੇ ਮੌਜੂਦਾ ਮਾਲਕ ਰਾਜੀਵ ਪਲਾਹਾ ਦੱਸਦੇ ਹਨ, "ਹੁਸ਼ਿਆਰਪੁਰ ਦੀ ਇਨਲੇਅ ਕਲਾ ਦਾ ਇਤਿਹਾਸ ਮੁਗ਼ਲ ਕਾਲ ਨਾਲ ਜੁੜਦਾ ਹੈ। ਸ਼ੁਰੂਆਤੀ ਰੂਪ ਇਹ ਕਲਾ ਸੰਗੀਤਕ ਸਾਜ਼ਾਂ ਜਿਵੇਂ ਵੀਣਾ, ਸਿਤਾਰ, ਸਾਰੰਗੀ ਅਤੇ ਤਾਨਪੁਰਾ 'ਤੇ ਕੀਤੀ ਜਾਂਦੀ ਸੀ। ਕਾਰੀਗਰ ਸ਼ੀਸ਼ਮ, ਟੀਕ ਜਾਂ ਰੋਜ਼ਵੁੱਡ ਦੀ ਲੱਕੜ ਵਿੱਚ ਹਾਥੀ ਦੰਦ (ਆਈਵਰੀ) ਜਾਂ ਧਾਤ ਨਾਲ ਸੂਖ਼ਮ ਨਕਾਸ਼ੀ ਕਰਦੇ ਸਨ।"
ਪਲਾਹਾ ਦੱਸਦੇ ਹਨ, "ਇਸ ਤੋਂ ਬਾਅਦ ਬ੍ਰਿਟਿਸ਼ ਕਾਲ ਦੌਰਾਨ ਹੁਸ਼ਿਆਰਪੁਰ ਦੀ ਇਨਲੇਅ ਕਲਾ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ। ਇਸ ਸਮੇਂ ਦੌਰਾਨ ਹੁਸ਼ਿਆਰਪੁਰ ਦੀਆਂ ਇਨਲੇਅ ਵਸਤੂਆਂ ਜਿਵੇਂ ਮੇਜ਼, ਕੁਰਸੀਆਂ ਅਤੇ ਸਜਾਵਟੀ ਡੱਬੇ ਲੰਡਨ ਸਮੇਤ ਯੂਰਪ ਨੂੰ ਨਿਰਯਾਤ ਕੀਤੀਆਂ ਜਾਣ ਲੱਗੀਆਂ, ਜਿੰਨਾ ਦੀ ਮੰਗ ਹੁਣ ਵੀ ਜਾਰੀ ਹੈ।"
ਤਿਆਰ ਹੋਏ ਸਮਾਨ ਦੀ ਕੀਮਤ ਦੀ ਗੱਲ ਕਰਦਿਆਂ ਰਾਜੀਵ ਨੇ ਦੱਸਿਆ ਕਿ ਇਹ ਸਮਾਨ ਉੱਤੇ ਨਿਰਭਰ ਕਰਦੀ ਹੈ ਜਿਵੇਂ ਇਕ ਛੋਟਾ ਹੱਥੀ ਦਾ ਜੋੜਾ ਹਜ਼ਾਰ ਰੁਪਏ ਦਾ ਹੈ ਅਤੇ ਟੇਬਲ ਦੀ ਕੀਮਤ ਹਜ਼ਾਰਾਂ ਵਿੱਚ ਚਲੇ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ , "ਹੁਸ਼ਿਆਰਪੁਰ ਦੀ ਇਨਲੇਅ ਕਲਾ ਦਾ ਬਾਜ਼ਾਰ ਅੱਜ-ਕੱਲ੍ਹ ਸੀਮਤ ਪਰ ਮਹੱਤਵਪੂਰਨ ਹੈ, ਜੋ ਸਥਾਨਕ ਅਤੇ ਅੰਤਰਰਾਸ਼ਟਰੀ ਮੰਗ 'ਤੇ ਨਿਰਭਰ ਕਰਦਾ ਹੈ।"
ਉਨ੍ਹਾਂ ਦੱਸਿਆ ਕਿ ਬੱਸੀ ਗ਼ੁਲਾਮ ਹੁਸੈਨ, ਬੂਥਗੜ੍ਹ, ਸ਼ੇਰਗੜ੍ਹ ਪਿੰਡ ਇਸ ਕਲਾ ਦੇ ਕਿਸੇ ਸਮੇਂ ਗੜ੍ਹ ਹੁੰਦੇ ਸਨ, ਘਰ-ਘਰ ਇਸ ਕਲਾ ਦੇ ਕਾਰੀਗਰ ਹੁੰਦੇ ਸਨ ਪਰ ਪਰ ਹੌਲੀ-ਹੌਲੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਹੁਣ ਇਹ ਕੰਮ ਛੱਡ ਕੇ ਹੋਰ ਕਿੱਤੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਮੌਜੂਦਾ ਸਮੇਂ ਵਿੱਚ ਇਸ ਦੇ 100 ਤੋਂ 150 ਕਾਰੀਗਰ ਹੀ ਹਨ।
ਰਾਜੀਵ ਪਲਾਹਾ ਮੁਤਾਬਕ, ਭਾਰਤ ਤੋਂ ਇਲਾਵਾ ਦੁਨੀਆਂ ਦੇ ਹੋਰ ਕਈ ਦੇਸ਼ਾਂ ਖ਼ਾਸ ਤੌਰ ਉੱਤੇ ਅਮਰੀਕਾ, ਇਟਲੀ, ਕੈਨੇਡਾ ਅਤੇ ਮਿਡਲ ਈਸਟ ਆਦਿ ਦੇਸ਼ਾਂ ਵਿੱਚ ਇਸ ਕੰਮ ਦੀ ਕਾਫ਼ੀ ਮੰਗ ਹੈ, ਪਰ ਹੁਣ ਇਸ ਇੰਡਸਟਰੀ ਵਿੱਚ ਖੜੋਤ ਆ ਗਈ ਹੈ, ਵਜ੍ਹਾ ਕਾਰੀਗਰਾਂ ਦੀ ਘਾਟ ਦੇ ਕਾਰਨ ਸਮਾਨ ਦਾ ਘੱਟ ਤਿਆਰ ਹੋਣਾ।
ਕਾਰੋਬਾਰੀ ਰਾਜੀਵ ਦੱਸਦੇ ਹਨ, "ਮਸ਼ੀਨੀਕਰਨ ਨੇ ਕੰਮ ਨੂੰ ਸੌਖਾ ਕਰ ਦਿੱਤਾ ਹੈ ਅਤੇ ਇਸ ਕਲਾ ਨੂੰ ਸਿੱਖਣ ਲਈ ਸਬਰ ਅਤੇ ਘੰਟਿਆਂ ਦੀ ਮਿਹਨਤ ਦੀ ਲੋੜ ਹੁੰਦੀ ਹੈ। ਨੌਜਵਾਨਾਂ ਦੀ ਦਿਲਚਸਪੀ ਘੱਟ ਰਹੀ ਹੈ, ਕਿਉਂਕਿ ਇਸ ਵਿੱਚ ਆਰਥਿਕ ਮੁਨਾਫ਼ਾ ਘੱਟ ਹੈ।"
ਸਰਕਾਰ ਵੱਲੋਂ ਕੋਸ਼ਿਸ਼ਾਂ
ਇਸ ਕਲਾ ਨੂੰ ਜਿਉਂਦਾ ਰੱਖਣ ਲਈ ਸਰਕਾਰ ਨੇ 'ਹੁਸ਼ਿਆਰਪੁਰ ਵੂਡਨ ਇਨਲੇਅ ਕਲੱਸਟਰ' 2019 ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਬੂਥਗੜ੍ਹ ਵਿਖੇ ਸਥਾਪਤ ਕੀਤਾ ਗਿਆ।
ਪਹਿਲਾਂ ਸਰਕਾਰ ਵੱਲੋਂ ਕਾਰੀਗਰਾਂ ਦੀ ਇੱਕ ਸੁਸਾਇਟੀ ਬਣਾਈ ਗਈ ਅਤੇ ਉਸ ਤੋਂ ਬਾਅਦ ਕਲੱਸਟਰ, ਜਿਸ ਦਾ ਮਕਸਦ ਨੌਜਵਾਨ ਪੀੜੀ ਨੂੰ ਸਿਖਲਾਈ ਦੇਣਾ ਅਤੇ ਇਸ ਕਲਾ ਦੀਆਂ ਵਸਤੂਆਂ ਨੂੰ ਖ਼ਪਤਕਾਰਾਂ ਤੱਕ ਪਹੁੰਚਾਉਣਾ ਹੈ।
'ਇਨਲੇਅ ਕਲੱਸਟਰ' ਦੇ ਪ੍ਰਧਾਨ ਸਤਜੁਗ ਸਿੰਘ ਕਹਿੰਦੇ ਹਨ, "ਅਸੀਂ ਨੌਜਵਾਨਾਂ ਨੂੰ ਇਸ ਕਲਾ ਦੀ ਸਿਖਲਾਈ ਦੇ ਰਹੇ ਹਾਂ, ਤਾਂ ਜੋ ਸਾਡੀ ਵਿਰਾਸਤ ਅੱਗੇ ਵਧ ਸਕੇ।"
ਸਤਜੁਗ ਸਿੰਘ ਮੰਨਦੇ ਹਨ, "ਇਹ ਗੱਲ ਬਿਲਕੁਲ ਠੀਕ ਹੈ, ਇਹ ਕਲਾ ਬਹੁਤ ਮਿਹਨਤ ਮੰਗਦੀ ਹੈ ਅਤੇ ਕਾਰੀਗਰਾਂ ਨੂੰ ਪੁਰਸਕਾਰ ਵੀ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਹਨ, ਪਰ ਰੋਟੀ ਲਈ ਪੈਸੇ ਨਹੀਂ।"
ਉਨ੍ਹਾਂ ਆਖਿਆ ਕਿ ਕੋਵਿਡ ਤੋਂ ਬਾਅਦ ਦੇ ਕੁਝ ਸਾਲ ਕਾਰੀਗਰਾਂ ਲਈ ਵਿੱਤੀ ਤੌਰ ਉੱਤੇ ਠੀਕ ਨਹੀਂ ਸਨ, ਪਰ ਹੁਣ ਉਨ੍ਹਾਂ ਵੱਲੋਂ ਕਾਰੀਗਰਾਂ ਦੀ ਵਿੱਤੀ ਮਦਦ ਵੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਤਿਆਰ ਸਮਾਨ ਨੂੰ ਵੇਚਣ ਲਈ ਮਾਰਕੀਟ ਵੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਟਰੇਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ ਜਿਸ ਨਾਲ ਪਿੰਡਾਂ ਦੀਆਂ ਔਰਤਾਂ ਅਤੇ ਨੌਜਵਾਨਾਂ ਇਸ ਕਲਾ ਨਾਲ ਜੁੜ ਰਹੇ ਹਨ। ਇਸ ਤੋਂ ਇਲਾਵਾ ਕਾਰੀਗਰਾਂ ਨੂੰ ਕਿੱਟਾਂ ਵੀ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਮੁਹੱਈਆ ਕਾਰਵਾਈਆਂ ਗਈਆਂ ਹਨ।
ਹੁਸ਼ਿਆਰਪੁਰ ਦੀ ਇਨਲੇਅ ਕਲਾ ਪੰਜਾਬ ਦੀ ਸਭਿਆਚਾਰਕ ਪਛਾਣ ਦਾ ਪ੍ਰਤੀਕ ਹੈ। ਪਰ ਆਰਥਿਕ ਚੁਣੌਤੀਆਂ ਅਤੇ ਨੌਜਵਾਨਾਂ ਦੀ ਘੱਟ ਰੁਚੀ ਕਾਰਨ ਇਹ ਕਲਾ ਮੌਜੂਦਾ ਸਮੇਂ ਵਿੱਚ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਦੇ ਰਾਹ ਉੱਤੇ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ