You’re viewing a text-only version of this website that uses less data. View the main version of the website including all images and videos.
ਭਾਰਤੀ ਵਿਗਿਆਨੀਆਂ ਨੇ ਤਾਰਿਆਂ ਬਾਰੇ ਵੱਡੇ ਰਹੱਸ ਤੋਂ ਪਰਦਾ ਚੁੱਕਿਆ, ਕਿਹੜੀ ਹੈਰਾਨ ਕਰਨ ਵਾਲੀ ਜਾਣਕਾਰੀ ਪਤਾ ਲੱਗੀ
- ਲੇਖਕ, ਪ੍ਰਾਚੀ ਕੁਲਕਰਨੀ
- ਰੋਲ, ਬੀਬੀਸੀ ਸਹਿਯੋਗੀ
ਪੁਣੇ ਸਥਿਤ ਆਯੁਕਾ ਦੇ ਵਿਗਿਆਨੀਆਂ ਵਲੋਂ ਕੀਤੀ ਗਈ ਖੋਜ ਤੋਂ ਪਤਾ ਲੱਗਿਆ ਹੈ ਕਿ ਮਾਲਿਨ-1 ਗਲੈਕਸੀ ਛੋਟੀਆਂ ਗਲੈਕਸੀਆਂ ਨੂੰ ਨਿਗਲ ਕੇ ਨਵੇਂ ਤਾਰੇ ਬਣਾ ਰਹੀ ਹੈI
ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਗਲੈਕਸੀਆਂ ਵਿੱਚ ਤਾਰੇ ਹਾਈਡ੍ਰੋਜਨ ਗੈਸ ਅਤੇ ਧੂੜ ਦੇ ਵਿਸ਼ਾਲ ਬੱਦਲਾਂ (ਜਿਨ੍ਹਾਂ ਨੂੰ ਨੇਬੂਲੇ ਕਿਹਾ ਜਾਂਦਾ ਹੈ) ਦੇ ਟੁੱਟਣ ਨਾਲ ਬਣਦੇ ਹਨI ਇਨ੍ਹਾਂ ਬੱਦਲਾਂ ਵਲੋਂ ਪੈਦਾ ਹੋਏ ਦਬਾਅ ਕਾਰਨ ਤਾਰੇ ਬਣਦੇ ਹਨI
ਹੁਣ ਇਸ ਖੋਜ ਨੇ ਦੂਰ ਸਥਿਤ ਗਲੈਕਸੀ ਦੇ ਇੱਕ ਨਵੇਂ ਪਹਿਲੂ ਦਾ ਖੁਲਾਸਾ ਕੀਤਾ ਹੈI
ਇਹ ਖੋਜ ਆਯੁਕਾ ਦੇ ਵਿਗਿਆਨੀ ਡਾ. ਕਨਕ ਸਾਹਾ ਅਤੇ ਪੀਐੱਚਡੀ ਖੋਜਕਰਤਾ ਮਨੀਸ਼ ਕਟਾਰੀਆ ਵੱਲੋਂ ਕੀਤੀ ਗਈ ਸੀI
ਮਾਲਿਨ-1 ਗਲੈਕਸੀ ਦੀ ਖੋਜ ਲਗਭਗ 40 ਸਾਲ ਪਹਿਲਾਂ ਹੋਈ ਸੀ, ਪਰ ਇਹ ਕਈ ਸਾਲਾਂ ਤੱਕ ਖ਼ਗੋਲ ਵਿਗਿਆਨੀਆਂ ਲਈ ਇੱਕ ਰਹੱਸ ਬਣੀ ਰਹੀI
ਖਗੋਲ ਵਿਗਿਆਨੀਆਂ ਨੇ ਇਸ ਗਲੈਕਸੀ ਦੀ ਬਣਤਰ ਨੂੰ ਲੈ ਕੇ ਕਈ ਸੰਭਾਵਨਾਵਾਂ ਪੇਸ਼ ਕੀਤੀਆਂ ਹਨ। ਸਵਾਲ ਇਹ ਹੈ ਕਿ ਇਸ ਵਿੱਚ ਤਾਰਿਆਂ ਦਾ ਜਨਮ ਕਿਵੇਂ ਹੋ ਰਿਹਾ ਹੈ?
ਮਾਲਿਨ ਇੱਕ ਬਹੁਤ ਵੱਡੀ ਗਲੈਕਸੀ ਹੈ, ਜਿਸ ਦਾ ਕੇਂਦਰੀ ਹਿੱਸਾ ਹੀ ਸਾਡੀ ਆਕਾਸ਼ਗੰਗਾ ਦੇ ਤਾਰਕੀ ਡਿਸਕ ਦੇ ਆਕਾਰ ਦਾ ਹੈ। ਇਸ ਦੀਆਂ ਬਹੁਤ ਹੀ ਧੁੰਦਲੀਆਂ ਸਪਾਈਰਲ ਭੁਜਾਵਾਂ ਲਗਭਗ ਤਿੰਨ ਲੱਖ ਪ੍ਰਕਾਸ਼ ਵਰ੍ਹਿਆਂ ਤੱਕ ਫੈਲੀਆਂ ਹੋਈਆਂ ਹਨ।
ਭਾਵੇਂ ਇਹ ਗਲੈਕਸੀ ਇਕੱਲੀ ਅਤੇ ਅਟੱਲ ਹੈ, ਪਰ ਇਹ ਅੰਦਰੂਨੀ ਤੌਰ 'ਤੇ ਬਦਲ ਰਹੀ ਹੈI ਇਸਦਾ ਮਤਲਬ ਹੈ ਕਿ ਇਸ ਵਿੱਚ ਨਵੇਂ ਤਾਰੇ ਬਣ ਰਹੇ ਹਨI
ਇਸ ਆਕਾਸ਼ਗੰਗਾ ਦੇ ਆਕਾਰ ਬਾਰੇ ਗੱਲ ਕਰਦੇ ਹੋਏ ਕਟਾਰੀਆ ਨੇ ਕਿਹਾ, "ਇਹ ਆਕਾਸ਼ਗੰਗਾ ਸਾਡੀ ਮਿਲਕੀ ਵੇ ਤੋਂ ਲਗਭਗ ਛੇ ਗੁਣਾ ਵੱਡੀ ਹੈ। ਇਸ ਲਈ, ਜੇ ਸਾਡੀ ਆਕਾਸ਼ਗੰਗਾ ਚੰਗੀ ਰੌਸ਼ਨੀ ਵਾਲਾ ਇੱਕ ਛੋਟਾ ਜਿਹਾ ਪਿੰਡ ਹੈ, ਤਾਂ ਮਾਲਿਨ ਬਹੁਤ ਘੱਟ ਰੌਸ਼ਨੀ ਵਾਲਾ ਇੱਕ ਵੱਡਾ ਸ਼ਹਿਰ ਹੈ।"
ਇਸ ਗਲੈਕਸੀ ਦੇ ਆਕਾਰ ਨੂੰ ਦੇਖਦੇ ਹੋਏ, ਡਾ. ਸਾਹਾ ਅਤੇ ਕਟਾਰੀਆ ਇਸ ਬਾਰੇ ਉਪਲਬਧ ਜਾਣਕਾਰੀ ਦੇ ਅਧਾਰ 'ਤੇ ਖੋਜ ਕਰ ਰਹੇ ਸਨI ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖੋਜ ਸੰਜੋਗ ਨਾਲ ਹੋਈI
ਕਟਾਰੀਆ ਨੇ ਕਿਹਾ, "ਅਸੀਂ ਇਸ ਦਿਸ਼ਾ 'ਚ ਨਹੀਂ ਸੋਚ ਰਹੇ ਸੀI ਇਸ ਗਲੈਕਸੀ ਬਾਰੇ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਚਾਰ ਤੋਂ ਪੰਜ ਅਧਿਐਨ ਪ੍ਰਕਾਸ਼ਿਤ ਕੀਤੇ ਗਏ ਹਨI"
"ਅਸੀਂ ਉਪਲਬਧ ਜਾਣਕਾਰੀ ਦਾ ਵਿਸ਼ਲੇਸ਼ਣ ਕਰ ਰਹੇ ਸੀ। ਉਸ ਦੌਰਾਨ ਡਾ. ਸਾਹਾ ਨੇ C1 ਨਾਮਕ ਇੱਕ ਸਮੂਹ ਵੇਖਿਆ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਸਮੂਹ ਵਿੱਚ ਕੁਝ ਵੱਖਰਾ ਹੈ ਅਤੇ ਫਿਰ ਸਾਡੀ ਖੋਜ ਉਸੇ ਦਿਸ਼ਾ ਵਿੱਚ ਅੱਗੇ ਵਧੀ।"
ਇਹ ਖੋਜ ਕਿਵੇਂ ਕੀਤੀ ਗਈ?
ਆਕਾਸ਼ਗੰਗਾ ਦੀ ਦੂਰੀ ਅਤੇ ਉਸ ਬਾਰੇ ਉਪਲਬਧ ਜਾਣਕਾਰੀ ਨੂੰ ਦੇਖਦਿਆਂ, ਇਨਫਰਾਰੈੱਡ ਇਮੇਜਿੰਗ ਤੋਂ ਉਪਲਬਧ ਹੋਣ ਵਾਲੀ ਜਾਣਕਾਰੀ ਆਕਾਸ਼ਗੰਗਾ ਤੋਂ ਪ੍ਰਾਪਤ ਨਹੀਂ ਕੀਤੀ ਜਾ ਸਕੀ।
ਇਸ ਲਈ ਵਿਗਿਆਨੀਆਂ ਨੇ ਐਸਟਰੋਸੈਟ 'ਤੇ ਸਥਿਤ ਅਲਟਰਾਵਾਇਲਟ ਇਮੇਜਿੰਗ ਟੈਲੀਸਕੋਪ ਦੀ ਵਰਤੋਂ ਕੀਤੀ। ਵਿਗਿਆਨੀਆਂ ਨੇ ਇਸ ਤੋਂ ਮਿਲੀ ਜਾਣਕਾਰੀ ਦਾ ਵਿਸ਼ਲੇਸ਼ਣ ਚਿਲੀ ਵਿੱਚ ਸਥਿਤ ਮਲਟੀ ਯੂਨਿਟ ਸਪੈਕਟ੍ਰੋਸਕੋਪਿਕ ਐਕਸਪਲੋਰਰ (ਐੱਮਯੂਐੱਸਈ) ਯੰਤਰ ਦੀ ਮਦਦ ਨਾਲ ਕੀਤਾ।
ਇਸ ਤੋਂ ਪਤਾ ਲੱਗਦਾ ਹੈ ਕਿ ਤਾਰਾ ਸਮੂਹ C1 ਦੇ ਆਲੇ-ਦੁਆਲੇ ਦਾ ਖੇਤਰ ਲਗਭਗ 150 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਘੁੰਮ ਰਿਹਾ ਹੈ। ਇਸਦਾ ਅਰਥ ਹੈ ਕਿ ਇਸ ਖੇਤਰ ਵਿੱਚ ਗੜਬੜ ਹੈ, ਜੋ ਕਿਸੇ ਬਾਹਰੀ ਮੂਲ ਨੂੰ ਦਰਸਾਉਂਦੀ ਹੈ। ਇਹ ਵੀ ਸਾਹਮਣੇ ਆਇਆ ਕਿ ਇੱਥੇ ਛੇ ਅਰਬ ਸਾਲ ਤੋਂ ਵੀ ਪੁਰਾਣੇ ਤਾਰਿਆਂ ਦਾ ਸਮੂਹ ਮੌਜੂਦ ਹੈ।
ਕਟਾਰੀਆ ਦਾ ਕਹਿਣਾ ਹੈ, "ਇਸ ਤਾਰਾਮੰਡਲ ਵਿੱਚ 200 ਮੈਗਾ ਸਾਲ ਪੁਰਾਣੇ ਤਾਰੇ ਸਨ। ਨਿਰੀਖਣ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਤਾਰਾਮੰਡਲ ਵਿੱਚ ਧਾਤੂਆਂ ਦੀ ਮਾਤਰਾ ਵੱਧ ਸੀ, ਪਰ ਇਨ੍ਹਾਂ ਤਾਰਿਆਂ ਵਿੱਚ ਧਾਤੂ ਘੱਟ ਸਨ।"
"ਜੇਕਰ ਇਹ ਤਾਰੇ ਇਸ ਸਮੂਹ 'ਚ ਬਣੇ ਹੁੰਦੇ ਤਾਂ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਧਾਤੂ ਹੋਣਾ ਚਾਹੀਦਾ ਸੀI ਇਸਦਾ ਮਤਲਬ ਹੈ ਕਿ ਇਹ ਤਾਰੇ ਇਸ ਸਮੂਹ ਵਿਚ ਨਹੀਂ ਬਣੇI"
ਇਸ ਤੋਂ ਬਾਅਦ ਸਾਹਾ ਅਤੇ ਕਟਾਰੀਆ ਨੇ ਇਸ ਦੇ ਕਾਰਨਾਂ ਦੀ ਖੋਜ ਸ਼ੁਰੂ ਕੀਤੀI ਇਹ ਤਾਰੇ ਵੱਖਰੇ ਕਿਉਂ ਹਨ? ਉਨ੍ਹਾਂ ਨੇ ਇਸਦੀ ਖੋਜ ਸ਼ੁਰੂ ਕੀਤੀ। ਇਸ ਵਿੱਚ, ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਰੇ ਇਸ ਗਲੈਕਸੀ ਦਾ ਹਿੱਸਾ ਨਹੀਂ ਹਨ ਬਲਕਿ ਹੋਰ ਛੋਟੀਆਂ ਗਲੈਕਸੀਆਂ ਤੋਂ ਆਉਂਦੇ ਹਨ ਜਿਨ੍ਹਾਂ ਨੂੰ ਇਸ ਆਕਾਸ਼ਗੰਗਾ ਨੇ ਨਿਗਲ ਲਿਆ ਸੀ।
ਇਸ ਪ੍ਰਕਿਰਿਆ ਬਾਰੇ ਖੋਜਕਾਰਾਂ ਨੇ ਕਿਹਾ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਗਲੈਕਸੀਆਂ ਟਕਰਾਅ ਦੇ ਕਾਰਨ ਵੱਡੀਆਂ ਹੋ ਰਹੀਆਂ ਹਨ। ਪਰ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਛੋਟੀਆਂ ਗਲੈਕਸੀਆਂ ਸਾਡੀ ਆਕਾਸ਼ਗੰਗਾ ਵਿੱਚ ਸਮਾ ਕੇ ਉਸਦਾ ਹਿੱਸਾ ਬਣ ਰਹੀਆਂ ਹਨI
ਇੱਕ ਵੱਡੇ ਪੱਥਰ 'ਤੇ ਛੋਟਾ ਪੱਥਰ ਮਾਰਨ ਦਾ ਕੀ ਪ੍ਰਭਾਵ ਹੋਵੇਗਾ? ਉਨ੍ਹਾਂ ਕਿਹਾ ਕਿ ਠੀਕ ਇਸੇ ਤਰ੍ਹਾਂ ਇਹ ਛੋਟੀਆਂ ਗਲੈਕਸੀਆਂ ਵੱਡੀ ਗਲੈਕਸੀ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ।
ਖੋਜ ਦੀ ਮਹੱਤਤਾ ਕੀ ਹੈ?
ਆਯੁਕਾ ਦੇ ਸਮੂਹ ਨੇ ਇਸ ਆਕਾਸ਼ਗੰਗਾ ਦੇ ਕੇਂਦਰ ਵਿੱਚ ਬਣ ਰਹੇ ਨਵੇਂ ਤਾਰਿਆਂ ਦੇ ਕਈ ਸਮੂਹਾਂ ਦੀ ਪਛਾਣ ਕੀਤੀ। ਇਹਨਾਂ ਵਿੱਚੋਂ ਇੱਕ ਸਮੂਹ, ਜਿਸਨੂੰ C1 ਕਿਹਾ ਜਾਂਦਾ ਹੈ, ਦੂਜਿਆਂ ਨਾਲੋਂ ਵੱਡਾ ਅਤੇ ਚਮਕਦਾਰ ਸੀ। ਮਾਲਿਨ-1 ਵਿੱਚ, ਕੇਂਦਰੀ ਖੇਤਰ ਵਿੱਚ ਤਾਰਾ ਬਣਨ ਦੀ ਪ੍ਰਕਿਰਿਆ ਰੁੱਕ ਗਈ ਹੈ।
ਹਾਲਾਂਕਿ C1 ਦੀ ਗਤੀ ਅਤੇ ਹੋਰ ਵਿਸ਼ੇਸ਼ਤਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਇਸ ਗਲੈਕਸੀ ਦੇ ਬਾਹਰੋਂ ਆਇਆ ਸੀ। ਇਸ ਤੋਂ ਇਹ ਪਤਾ ਲਗਦਾ ਹੈ ਕਿ ਮਾਲਿਨ-1 ਨੇ ਕਿਸੇ ਹੋਰ ਆਕਾਸ਼ਗੰਗਾ ਨੂੰ ਨਿਗਲ ਲਿਆ ਸੀ।
ਵਿਗਿਆਨੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅੰਤਰਗ੍ਰਹਿਣ ਇਹ ਦਰਸਾਉਂਦੇ ਹਨ ਕਿ ਇਹ ਆਕਾਸ਼ਗੰਗਾ ਵੱਧ ਰਹੀ ਹੈI
ਬੀਬੀਸੀ ਨਾਲ ਗੱਲ ਕਰਦਿਆਂ ਡਾ. ਸਾਹਾ ਨੇ ਕਿਹਾ, "ਸਾਡੀ ਆਕਾਸ਼ਗੰਗਾ ਮਿਲਕੀ ਵੇ ਵੀ ਇਸੇ ਤਰ੍ਹਾਂ ਛੋਟੀਆਂ ਗਲੈਕਸੀਆਂ ਨੂੰ ਨਿਗਲਦੀ ਜਾਪਦੀ ਹੈ।"
ਇਸ ਗੱਲ ਦੇ ਸਬੂਤ ਮਿਲੇ ਹਨ ਕਿ ਸਾਡੀ ਨੇੜਲੀ ਗਲੈਕਸੀ ਐਂਡ੍ਰੋਮੇਡਾ ਵੀ ਹੋਰ ਗਲੈਕਸੀਆਂ ਨੂੰ ਆਪਣੇ ਵਿੱਚ ਸਮਾ ਰਹੀ ਹੈ। ਹਾਲਾਂਕਿ 2013 ਤੱਕ ਮਿਲਕੀ ਵੇ ਵਿੱਚ ਕੇਵਲ ਤਿੰਨ ਅਜਿਹੀਆਂ ਆਕਾਸ਼ਗੰਗਾਵਾਂ ਦੇ ਸਮਾਏ ਹੋਣ ਦੀ ਜਾਣਕਾਰੀ ਸੀ।
"ਹਾਲਾਂਕਿ, ਹੁਣ ਖੋਜ ਦਰਸਾਉਂਦੀ ਹੈ ਕਿ ਅਜਿਹੀਆਂ 41 ਗਲੈਕਸੀਆਂ ਹਨ। ਪਰ ਇਹ ਸਿਰਫ਼ ਨੇੜਲੀਆਂ ਗਲੈਕਸੀਆਂ ਲਈ ਹੈ ਜਿਨ੍ਹਾਂ ਬਾਰੇ ਉਨ੍ਹਾਂ ਦੇ ਬਣਨ ਤੋਂ ਬਾਅਦ ਨਿਰੀਖਣ ਅਤੇ ਖੋਜ ਉਪਲਬਧ ਹਨ।"
"ਦੂਰ-ਦਰਾਜ਼ ਦੀਆਂ ਗਲੈਕਸੀਆਂ ਦਾ ਅਧਿਐਨ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਮਾਲਿਨ-1 'ਤੇ ਕੀਤੀ ਗਈ ਇਹ ਖੋਜ ਬਹੁਤ ਮਹੱਤਵਪੂਰਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ