ਕੇਰਲ ਦੇ ਮੰਦਿਰਾਂ ’ਚ ਹੁਣ ਦਲਿਤ ਵੀ ਹੋਣਗੇ ਪੁਜਾਰੀ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤ ਦੇ ਦੱਖਣੀ ਸੂਬੇ ਕੇਰਲ 'ਚ ਸਦੀਆਂ ਪੁਰਾਣੀ ਰਵਾਇਤ ਨੂੰ ਤੋੜਦੇ ਹੋਏ 6 ਦਲਿਤਾਂ ਨੂੰ ਅਧਕਾਰਿਤ ਤੌਰ 'ਤੇ ਤ੍ਰਾਵਣਕੋਰ ਦੇਵਸਵਮ ਬੋਰਡ ਦਾ ਪੁਜਾਰੀ ਨਿਯੁਕਤ ਕੀਤਾ ਗਿਆ ਹੈ।

ਉਂਝ ਤਾਂ ਮੰਦਿਰਾਂ 'ਚ ਬ੍ਰਾਹਮਣਾ ਨੂੰ ਹੀ ਪੁਜਾਰੀ ਬਣਾਉਣ ਦੀ ਰਵਾਇਤ ਰਹੀ ਹੈ। ਬਾਵਜੂਦ ਇਸਦੇ ਮੰਦਿਰ ਨੇ ਪਹਿਲਾਂ ਵੀ ਗੈਰ ਬ੍ਰਾਹਮਣਾਂ ਨੂੰ ਪੁਜਾਰੀ ਬਣਾਇਆ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਦਲਿਤ ਭਾਈਚਾਰੇ ਤੋਂ ਪੁਜਾਰੀ ਨਿਯੁਕਤ ਕੀਤੇ ਗਏ ਹਨ।

ਦੇਵਸਵਮ ਬੋਰਡ ਨੇ ਕੇਰਲ 'ਚ 1504 ਮੰਦਿਰਾਂ 'ਚ ਪੁਜਾਰੀਆਂ ਦੀ ਨਿਯੁਕਤੀ 'ਚ ਸਰਕਾਰ ਦੀ ਰਾਖਵਾਂਕਰਨ ਦੀ ਨੀਤੀ ਦੀ ਪਾਲਣਾ ਕਰਦਿਆਂ ਇਤਿਹਾਸਕ ਫ਼ੈਸਲਾ ਲਿਆ ਹੈ।

ਬੋਰਡ ਨੇ ਇਸ ਲਈ ਲਿਖਤ ਪ੍ਰੀਖਿਆ ਤੇ ਇੰਟਰਵਿਊ ਵਰਗੇ ਨਿਯਮਾਂ ਦੀ ਪਾਲਣਾ ਕੀਤੀ। ਜਿਸਦੇ ਨਤੀਜੇ ਵਜੋਂ ਪੱਛੜੇ ਭਾਈਚਾਰੇ ਦੇ 36 ਉਮੀਦਵਾਰ ਮੈਰਿਟ ਲਿਸਟ 'ਚ ਆ ਗਏ ਜਿਨ੍ਹਾਂ ਵਿੱਚੋਂ 6 ਦਲਿਤ ਸਨ।

ਬੋਰਡ ਦਾ ਇਹ ਫ਼ੈਸਲਾ ਖੱਬੇਪੱਖੀ ਮੋਰਚੇ ਦੀ ਸਰਕਾਰ ਦੇ ਦੇਵਸਵਮ ਬੋਰਡ ਦੇ ਮੰਤਰੀ ਦਕਮਪੱਲੀ ਸੁਰੇਂਦਰਨ ਦੇ ਨਿਰਦੇਸ਼ਾਂ 'ਤੇ ਅਧਾਰਿਤ ਹੈ।

ਹਾਲਾਂਕਿ, ਇਸ ਗੱਲ ਦਾ ਵੀ ਖਦਸ਼ਾ ਹੈ ਕਿ ਮੰਦਿਰ 'ਚ ਦਲਿਤ ਪੁਜਾਰੀਆਂ ਦੀ ਨਿਯੁਕਤੀ ਦਾ ਵਿਰੋਧ ਹੋਵੇਗਾ।

ਪਹਿਲਕਦਮੀ ਕਰਨ ਵਾਲਿਆ ਨੂੰ ਉਮੀਦ ਹੈ ਕਿ ਭਗਤਾਂ ਵਿੱਚ ਦਲਿਤ ਪੁਜਾਰੀ ਦੀ ਹੋਂਦ ਨੂੰ ਲੈ ਕੇ ਇੱਕ ਰਾਏ ਬਣਾ ਲਈ ਜਾਵੇਗੀ।

ਤ੍ਰਾਵਣਕੋਰ ਦੇਵਸਵਮ ਬੋਰਡ ਦੇ ਪ੍ਰਧਾਨ ਪ੍ਰੇਆਰ ਗੋਪਾਲਕ੍ਰਿਸ਼ਨਨ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, ''ਅੱਜਕੱਲ ਹਿੰਦੂ ਧਰਮ 'ਚ ਪੂਜਾ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ, ਚਾਹੇ ਪੁਜਾਰੀ ਬ੍ਰਾਹਮਣ ਹੋਵੇ ਜਾਂ ਨਾਇਰ, ਪੂਜਾ ਮੁੱਖ ਟੀਚਾ ਹੈ।''

ਗੋਪਾਲਕ੍ਰਿਸ਼ਨਨ ਨੇ ਅੱਗੇ ਕਿਹਾ, ''ਅਸੀਂ ਵੱਖ ਵੱਖ ਜਾਤੀਆਂ 'ਚ ਇੱਕ ਰਾਏ ਬਣਾ ਕੇ ਖੁਸ਼ ਹਾਂ, ਤਾਂ ਜੋ ,ਸਾਡੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਸਕੇ।''

ਗੋਪਾਲਕ੍ਰਿਸ਼ਨਨ ਮੰਨਦੇ ਹਨ ਕਿ ਦਲਿਤਾਂ ਨੂੰ ਪੁਜਾਰੀ ਲਾਏ ਜਾਣ ਦਾ ਯਕੀਨੀ ਤੌਰ 'ਤੇ ਵਿਰੋਧ ਹੋਵੇਗਾ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਵਾਇਤੀ ਅਤੇ ਅਧੁਨਿਕ ਵਿਵਸਥਾ ਦਾ ਮੇਲ ਕਰਨ ਲਈ ਸ਼ਰਧਾਲੂਆਂ ਨੂੰ ਸਮਝਾਉਣਗੇ ਕਿ ਜਾਤੀਆਂ ਵਿੱਚ ਵਖਰੇਵਾਂ ਨਹੀਂ ਕੀਤਾ ਜਾ ਸਕਦਾ।

ਸਮਾਜ ਸੇਵੀ ਰਾਹੁਲ ਈਸ਼ਵਰ ਦੀ ਉਲਟ ਰਾਏ

ਉਨ੍ਹਾ ਕਿਹਾ, ''ਵੇਦ ਵਿਆਸ ਮਛੇਰੇ ਦੇ ਪੁੱਤਰ ਸਨ, ਵਾਲਮਿਕੀ ਪੱਛੜੀ ਜਾਤੀ ਦੇ ਸੀ। ਜਿਵੇਂ ਕਿ ਸਵਾਮੀ ਵਿਵੇਕਾਨੰਦ ਨੇ ਵੀ ਦੱਸਿਆ ਹੈ ਕਿ ਕੁੱਝ ਮੌਕਿਆਂ 'ਤੇ ਹਿੰਦੂ ਧਰਮ ਇੰਨਾ ਜਾਤੀਵਾਦੀ ਹੋ ਗਿਆ ਹੈ ਕਿ ਜਿਸ ਵਿੱਚ ਪੁਰੋਹਿਤ ਸਿਰਫ਼ ਬ੍ਰਾਹਮਣ ਹੀ ਹੋਵੇਗਾ। ਹਾਂ ਇਸ ਫ਼ੈਸਲੇ ਦਾ ਵਿਰੋਧ ਵੀ ਹੋਵੇਗਾ, ਪਰ ਇਹ ਸਵਾਗਤਯੋਗ ਕਦਮ ਹੈ। ''

ਈਸ਼ਵਰ ਨੇ ਕਿਹਾ, ''ਹਰ ਕੋਈ ਇਸਦਾ ਵਿਰੋਧ ਨਹੀਂ ਕਰੇਗਾ, ਪਰ ਇਹ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਬ੍ਰਾਹਮਣ ਗਰੀਬ ਹਨ ਤੇ ਸਮਾਜ ਦੇ ਹਾਸ਼ੀਏ 'ਤੇ ਵੀ ਹਨ। ਉਨ੍ਹਾਂ ਦੀਆਂ ਇਹ ਚਿੰਤਾਵਾਂ ਵਾਜਿਬ ਹਨ ਜਿਨ੍ਹਾਂ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।''

ਹਾਲਾਂਕਿ, ਈਸ਼ਵਰ ਨੂੰ ਯਕੀਨ ਹੈ ਕਿ ਇਸ ਬਦਲਾਅ ਨੂੰ ਵੱਖ-ਵੱਖ ਭਾਈਚਾਰਿਆਂ ਵਿੱਚ ਸਰਬਸੰਮਤੀ ਦੇ ਅਧਾਰ 'ਤੇ ਲਾਗੂ ਕਰਨਾ ਚਾਹੀਦਾ ਹੈ।

ਕਰਨਾਟਕ ਦੀ ਤਰ੍ਹਾਂ ਕੇਰਲ 'ਚ ਵੀ ਦਲਿਤਾਂ ਦੇ ਮੰਦਰਾਂ 'ਚ ਜਾਣ ਦੀ ਆਗਿਆ ਰਾਜਸੀ ਹੁਕਮ ਦੀ ਤਰ੍ਹਾਂ ਦਿੱਤੀ ਗਈ।

ਇਤਿਹਾਸਕ ਪਿਛੋਕੜ

1936 'ਚ ਵਾਇਕੋਮ ਅੰਦੋਲਨ ਤੋਂ ਬਾਅਦ ਮਹਾਰਾਜਾ ਆਫ ਤ੍ਰਾਵਣਕੋਰ ਨੇ ਇਸ ਤਰ੍ਹਾਂ ਕੀਤਾ।

1927 'ਚ ਮਹਾਤਮਾ ਗਾਂਧੀ ਦੀ ਆਵਾਜ਼ 'ਤੇ ਮੈਸੂਰ ਦੇ ਰਾਜਾ ਨਲਵਾੜੀ ਕ੍ਰਿਸ਼ਨਰਾਜਾ ਵਡਿਅਰ ਨੇ ਇਹ ਐਲਾਨ ਕੀਤਾ।

ਬੰਗਲੁਰੂ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਸਮਾਜਿਕ ਵਿਗਿਆਨ ਦੇ ਪ੍ਰੋਫ਼ੈਸਰ ਡਾ. ਨਰੇਂਦਰ ਪਾਣੀ ਕਹਿੰਦੇ ਹਨ, ''ਭਾਰਤ ਦੇ ਹੋਰ ਸੂਬਿਆਂ ਦੀ ਤੁਲਨਾ 'ਚ ਕਰਨਾਟਟਕ ਅਤੇ ਕੇਰਲ ਵਰਗੇ ਦੱਖਣੀ ਸੂਬਿਆਂ 'ਚ ਜਾਤੀਵਾਦ ਖ਼ਿਲਾਫ ਅੰਦੋਲਨ ਦੀ ਸੂਰਤ ਵੱਖ ਰਹੀ ਹੈ।''

ਉਨ੍ਹਾਂ ਕਿਹਾ, ''ਕੇਰਲ 'ਚ ਇਹ ਅੰਦੋਲਨ ਕਾਫ਼ੀ ਭਖਿਆ ਸੀ, ਜਿੱਥੇ ਮਹਾਰਾਜਾ ਆਫ ਤ੍ਰਾਵਣਕੋਰ ਦੀ ਹਿਮਾਇਤ ਵੀ ਮਿਲੀ ਸੀ।

ਫਿਰ ਪੁਰਾਣੇ ਮੈਸੂਰ 'ਚ ਨਲਵਾੜੀ ਕ੍ਰਿਸ਼ਨਰਾਜਾ ਵਡਿਅਰ ਵਰਗੇ ਰਾਜੇ ਨੇ ਵੀ ਰਾਖਵਾਂਕਰਨ ਦੀ ਨੀਤੀ ਦਾ ਫ਼ੈਸਲਾ ਲਿਆ।''

'ਲੋਕਾਂ ਦੇ ਆਪੋ ਆਪਣੇ ਰੱਬ'

ਡਾ. ਪਾਣੀ ਇੱਕ ਹੋਰ ਕਾਰਨ ਦੱਸਦੇ ਹਨ ਜਿਸਦੇ ਨਾਲ ਲੋਕਾਂ ਦੇ ਪੂਜਾ ਕਰਨ ਦੇ ਤਰੀਕੇ 'ਚ ਫ਼ਰਕ ਪਵੇਗਾ।

ਉਹ ਕਹਿੰਦੇ ਹਨ, ''ਪਹਿਲਾਂ ਤੋਂ ਹੀ ਲੋਕਾਂ ਦੇ ਪੂਜਾ ਕਰਨ ਦੇ ਤਰੀਕੇ ਦੇ ਨਿਸ਼ਾਨ ਮੌਜੂਦ ਹਨ, ਲੋਕ ਪੂਜਾ ਕਰਨ ਲਈ ਵੱਖ ਵੱਖ ਮੰਦਿਰਾਂ 'ਚ ਜਾਂਦੇ ਹਨ। ਹਰ ਇੱਕ ਭਾਈਚਾਰੇ ਦੇ ਆਪੋ ਆਪਣੇ ਰੱਬ ਹਨ।''

ਡਾ. ਪਾਣੀ ਇਹ ਵੀ ਕਹਿੰਦੇ ਹਨ ਕਿ ਕੇਰਲ 'ਚ ਭਗਤਾਂ 'ਚ ਆਮ ਸਹਿਮਤੀ ਬਣਾਉਣ ਦੇ ਕਾਰਨਾਂ 'ਚ ਇੱਕ ਇਹ ਵੀ ਹੋ ਸਕਦਾ ਹੈ।

ਕਰਨਾਟਕ ਦੇ ਮੰਗਲੁਰੂ 'ਚ ਕਦਰੋਲੀ ਮੰਦਿਰ 'ਚ ਨਾ ਸਿਰਫ਼ ਦਲਿਤ ਪੁਜਾਰੀ ਹਨ ਬਲਿਕ ਉੱਥੇ ਵਿਧਵਾ ਔਰਤਾਂ ਵੀ ਹਨ।

'ਸਿਆਸਤ ਨਾਲ ਪ੍ਰੇਰਿਤ ਕਦਮ'

'ਦ ਹਿੰਦੂ' ਅਖ਼ਬਾਰ ਦੇ ਤਿਰੂਵਨੰਤਪੁਰਮ ਦੇ ਸੀਨੀਅਰ ਐਸੋਸੀਏਟ ਐਡਿਟਰ ਸੀ.ਜੀ. ਗੌਰੀਦਾਸਨ ਕਹਿੰਦੇ ਹਨ, ''ਸਮਾਜਿਕ ਰੂਪ 'ਚ ਇਸ 'ਤੇ ਵਿਵਾਦ ਹੋਣਾ ਤੈਅ ਹੈ ਤੇ ਸਿਆਸੀ ਰੂਪ 'ਚ ਵੀ। ਕਿਉਂਕਿ, ਤੱਥ ਇਹ ਹੈ ਕਿ ਬੀਜੇਪੀ ਪੱਛੜੇ ਤੇ ਮੱਧਮ ਵਰਗ 'ਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)