You’re viewing a text-only version of this website that uses less data. View the main version of the website including all images and videos.
ਦਰਬਾਰ ਸਾਹਿਬ ਦੀ 124 ਸਾਲ ਪੁਰਾਣੀ ਘੜੀ ਮੁੜ ਕਰਨ ਲੱਗੀ ਟਿਕ-ਟਿਕ, ਯੂਕੇ ਤੋਂ ਕਰਵਾਈ ਠੀਕ, ਕੀ ਹੈ ਇਸ ਦਾ ਇਤਿਹਾਸ
- ਲੇਖਕ, ਹਰਮਨਦੀਪ ਸਿੰਘ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੱਤਰਕਾਰ ਤੇ ਸਹਿਯੋਗੀ
ਲਗਭਗ 100 ਸਾਲ ਪੁਰਾਣੀ ਇਤਿਹਾਸਕ ਘੜੀ ਹੁਣ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਦੁਬਾਰਾ ਟਿਕ-ਟਿਕ ਕਰਨ ਲੱਗੀ ਹੈ। 'ਕਰਜ਼ਨ ਕਲਾਕ' ਵਜੋਂ ਜਾਣੀ ਜਾਂਦੀ ਇਹ ਘੜੀ ਕਈ ਦਹਾਕਿਆਂ ਤੋਂ 10:08 ਦੇ ਸਮੇਂ ਉੱਤੇ ਅਟਕੀ ਹੋਈ ਸੀ।
ਲੱਖਾਂ ਸ਼ਰਧਾਲੂ ਰੋਜ਼ਾਨਾ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ ਰਹੇ ਅਤੇ ਇਹ ਘੜੀ ਚੁੱਪਚਾਪ ਸਮੇਂ ਅਤੇ ਉਨ੍ਹਾਂ ਦੀ ਗਵਾਹੀ ਭਰਦੀ ਰਹੀ।
ਹੁਣ ਇਹ ਘੜੀ ਠੀਕ ਹੋ ਗਈ ਹੈ ਅਤੇ ਇਸ ਨੂੰ ਮੁੜ ਦਰਬਾਰ ਸਾਹਿਬ ਵਿੱਚ ਟੰਗ ਦਿੱਤਾ ਗਿਆ ਹੈ। ਘੜੀ ਦੀ ਮੁਰੰਮਤ ਇੰਗਲੈਂਡ ਦੇ ਉਸੇ ਸ਼ਹਿਰ (ਬਰਮਿੰਘਮ) ਵਿੱਚ ਹੋਈ ਜਿੱਥੇ ਇਸ ਨੂੰ ਬਣਾਇਆ ਗਿਆ ਸੀ। ਘੜੀ ਦੇ ਮੁਰੰਮਤ ਕਾਰਜ ਵਿੱਚ ਲਗਭਗ ਦੋ ਸਾਲਾਂ ਦਾ ਸਮਾਂ ਲੱਗਿਆ।
ਦਰਅਸਲ ਇਹ ਘੜੀ ਭਾਰਤ ਦੇ ਵਾਇਸਰਾਏ ਲਾਰਡ ਕਰਜ਼ਨ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਦਰਬਾਰ ਸਾਹਿਬ ਨੂੰ ਭੇਂਟ ਕੀਤੀ ਸੀ।
ਘੜੀ ਦਰਬਾਰ ਸਾਹਿਬ ਕਦੋਂ ਤੇ ਕਿਵੇਂ ਪੁੱਜੀ
ਦਰਬਾਰ ਸਾਹਿਬ ਦੀ ਦੀਵਾਰੀ ਚਿੱਤਰਕਾਰੀ ਅਤੇ ਸੋਨੇ ਦੀਆਂ ਤਖ਼ਤੀਆਂ ਦੀ ਸੰਭਾਲ ਅਤੇ ਬਹਾਲੀ ਦਾ ਕੰਮ ਬਰਮਿੰਘਮ ਦੀ ਸੰਸਥਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਕੋਲ ਹੈ। ਇਸ ਸੰਸਥਾ ਦੀ ਅਗਵਾਈ ਵਿੱਚ ਹੀ ਘੜੀ ਦੀ ਮੁਰੰਮਤ ਹੋਈ ਹੈ।
ਸੰਸਥਾ ਦੇ ਨੁਮਾਇੰਦੇ ਇੰਦਰਜੀਤ ਨੇ ਦਸਿਆ ਕਿ ਸਮਕਾਲੀ ਰਿਕਾਰਡਾਂ ਮੁਤਾਬਕ, ਲਾਰਡ ਕਰਜ਼ਨ ਆਪਣੀ ਪਤਨੀ ਨਾਲ 9 ਅਪ੍ਰੈਲ 1900 ਨੂੰ ਦਰਬਾਰ ਸਾਹਿਬ ਆਏ ਸਨ।
ਉਸ ਸਮੇਂ ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਇੱਕ ਸਧਾਰਨ ਦਿੱਖ ਵਾਲੀ ਘੜੀ ਦੇਖੀ ਅਤੇ ਇਸ ਸਧਾਰਨ ਘੜੀ ਦੀ ਜਗ੍ਹਾ ਅਜਿਹੀ ਘੜੀ ਭੇਂਟ ਕਰਨ ਦੀ ਇੱਛਾ ਜਤਾਈ, ਜਿਹੜੀ ਦਰਬਾਰ ਸਾਹਿਬ ਦੀ ਦਿੱਖ ਨਾਲ ਮੇਲ ਖਾਂਦੀ ਹੋਵੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਕਰਜ਼ਨ ਦੇ ਹੁਕਮਾਂ ਉੱਤੇ ਬਰਮਿੰਘਮ ਦੀ ਕੰਪਨੀ ਐਲਕਿੰਗਟਨ ਐਂਡ ਕੋ ਲਿਮਿਟਡ ਨੂੰ ਇਹ ਵਿਸ਼ੇਸ਼ ਘੜੀ ਤਿਆਰ ਕਰਨ ਅਤੇ ਭਾਰਤ ਭੇਜਣ ਵਿੱਚ ਦੋ ਸਾਲ ਤੋਂ ਵੱਧ ਸਮਾਂ ਲੱਗਿਆ।
ਚਮਕਦਾਰ ਪਿੱਤਲ ਦੀ ਇਹ ਘੜੀ 31 ਅਕਤੂਬਰ 1902 ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਤਤਕਾਲੀ ਲਾਹੌਰ ਕਮਿਸ਼ਨਰ ਰਾਹੀਂ ਦਰਬਾਰ ਸਾਹਿਬ ਨੂੰ ਭੇਟ ਕੀਤੀ ਗਈ ਸੀ।
ਮੁਰੰਮਤ ਦਾ ਕੰਮ ਕਿਵੇਂ ਸ਼ੁਰੂ ਹੋਇਆ
ਇੰਦਰਜੀਤ ਕਹਿੰਦੇ ਹਨ, "ਸਾਲ 2023 ਦੇ ਅਖੀਰ ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਅੰਦਰੂਨੀ ਹਿੱਸੇ ਦੀ ਮੁਰੰਮਤ ਅਤੇ ਸੁੰਦਰਤਾ ਵਧਾਉਣ ਦੇ ਕੰਮ ਵਿੱਚ ਲੱਗਾ ਹੋਇਆ ਸੀ। ਇਸ ਦੌਰਾਨ ਚਾਰ ਪ੍ਰਵੇਸ਼ ਦਰਵਾਜ਼ਿਆਂ ਵਿੱਚੋਂ ਇੱਕ ਦੇ ਉੱਪਰ ਲੱਗੀ ਇੱਕ ਘੜੀ ਮਿਲੀ, ਜੋ ਕਾਫ਼ੀ ਸਮੇਂ ਤੋਂ ਲੁਕੀ ਹੋਈ ਸੀ। ਵਿਚਾਰ-ਵਟਾਂਦਰੇ ਤੋਂ ਬਾਅਦ ਸੰਬੰਧਤ ਅਧਿਕਾਰੀਆਂ ਨੇ ਸੰਸਥਾ ਨੂੰ ਉਸ ਘੜੀ ਦੀ ਮੁਰੰਮਤ ਕਰਨ ਲਈ ਕਿਹਾ। ਘੜੀ 'ਤੇ ਲਿਖੇ ਲੇਖ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਘੜੀ ਪਿਛਲੇ 120 ਤੋਂ ਵੱਧ ਸਾਲਾਂ ਤੋਂ ਇੱਥੇ ਸੀ।"
ਉਹ ਕਹਿੰਦੇ ਹਨ, ਇਸ 'ਤੇ ਇਹ ਲਿਖਿਆ ਹੋਇਆ ਸੀ, "ਇਹ ਘੜੀ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਨੂੰ ਲਾਰਡ ਕਰਜ਼ਨ, ਵਾਇਸਰਾਏ ਅਤੇ ਗਵਰਨਰ ਜਨਰਲ ਆਫ ਇੰਡੀਆ ਵੱਲੋਂ, ਅਪ੍ਰੈਲ 1900 ਵਿੱਚ ਉਨ੍ਹਾਂ ਦੀ ਪਹਿਲੀ ਸਰਕਾਰੀ ਯਾਤਰਾ ਦੇ ਮੌਕੇ 'ਤੇ ਭੇਟ ਕੀਤੀ ਗਈ।"
''ਅਧਿਕਾਰੀਆਂ ਨੇ ਘੜੀ ਨੂੰ ਯੂਕੇ ਭੇਜਣ ਦੀ ਮਨਜ਼ੂਰੀ ਦੇ ਦਿੱਤੀ, ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਘੜੀ ਸ਼ਾਇਦ ਇੰਗਲੈਂਡ ਵਿੱਚ ਬਣੀ ਹੈ। ਯੂਕੇ ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਮੁੱਖ ਦਫ਼ਤਰ ਜੋ ਹੈਂਡਜ਼ਵਰਥ (ਬਰਮਿੰਘਮ) ਵਿੱਚ ਸਥਿਤ ਹੈ, ਤੋਂ ਲਗਭਗ ਇੱਕ ਮੀਲ ਦੀ ਦੂਰੀ 'ਤੇ ਵਿਸ਼ਵ-ਪ੍ਰਸਿੱਧ ਗਹਿਣਿਆਂ ਦੇ ਨਿਰਮਾਣ, ਡਿਜ਼ਾਈਨ ਅਤੇ ਦਸਤਕਾਰੀ ਦਾ ਹੱਬ ਹੈ। ਇਸ ਖੇਤਰ ਦਾ ਘੜੀਆਂ ਦੇ ਨਿਰਮਾਣ ਅਤੇ ਧਾਤੂ ਕਾਰੀਗਰੀ ਦਾ ਅਮੀਰ ਇਤਿਹਾਸ ਹੈ ਅਤੇ 17ਵੀਂ ਸਦੀ ਤੱਕ ਇਸ ਦੇ ਨਿਸ਼ਾਨ ਮਿਲਦੇ ਹਨ। ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਬਰਮਿੰਘਮ ਦਾ ਇਹ ਛੋਟਾ ਖੇਤਰ ਨਾ ਸਿਰਫ਼ ਘੜੀ ਦੀ ਸੰਭਾਵਿਤ ਜਨਮਭੂਮੀ ਸੀ, ਸਗੋਂ ਮੁਰੰਮਤ ਟੀਮ ਦੇ ਇੱਕ ਮੁੱਖ ਮੈਂਬਰ ਦਾ ਘਰ ਵੀ ਇੱਥੇ ਹੀ ਸੀ।"
ਕਿਸ ਹਾਲਤ ਵਿੱਚ ਸੀ ਘੜੀ
ਘੜੀ ਦੀ ਅਸਲੀ ਮਕੈਨਿਕਲ ਮਸ਼ੀਨਰੀ, ਸੂਈਆਂ ਅਤੇ ਡਾਇਲ ਨੂੰ ਕਈ ਦਹਾਕੇ ਪਹਿਲਾਂ ਬਦਲ ਦਿੱਤਾ ਗਿਆ ਸੀ।
ਇੰਦਰਜੀਤ ਨੇ ਕਿਹਾ, "ਘੜੀ ਬੇਹੱਦ ਖਸਤਾ ਹਾਲਤ ਵਿੱਚ ਸੀ। ਘੜੀ ਦਾ ਢਾਂਚਾ ਨੁਕਸਾਨਿਆ ਹੋਇਆ ਸੀ, ਜਿਸ ਵਿੱਚ ਚਿੱਬ, ਦਰਾਰਾਂ, ਵਿੰਗ ਅਤੇ ਕੁਝ ਹਿੱਸਿਆਂ ਦਾ ਟੁੱਟਣਾ ਸ਼ਾਮਲ ਹੈ। ਇਸ ਵਿੱਚੋਂ ਕੁਝ ਨੁਕਸਾਨ ਸ਼ਾਇਦ ਇਸ ਘੜੀ ਦੇ ਉੱਚਾਈ ਤੋਂ ਡਿੱਗਣ ਕਰਕੇ ਹੋਇਆ ਸੀ।"
"ਘੜੀ ਦੇ ਢਾਂਚੇ ਦੀਆਂ ਕਈ ਵਾਰ ਮੁਰੰਮਤਾਂ ਆਸਾਨੀ ਨਾਲ ਉਪਲਬਧ ਸੰਦਾਂ ਅਤੇ ਤਰੀਕਿਆਂ ਨਾਲ ਕੀਤੀਆਂ ਗਈਆਂ। ਜਿਸ ਨਾਲ ਕਈ ਵਾਰ ਆਪਣੇ ਆਪ ਵਿੱਚ ਵੀ ਘੜੀ ਦਾ ਨੁਕਸਾਨ ਹੋਇਆ। ਘੜੀ ਦੇ ਕੁਝ ਸਜਾਵਟੀ ਹਿੱਸੇ ਵੀ ਗਾਇਬ ਸਨ। ਇਸ ਤੋਂ ਇਲਾਵਾ ਘੜੀ ਦਾ ਮੂਲ ਮਕੈਨਿਜ਼ਮ, ਸੂਈਆਂ ਅਤੇ ਡਾਇਲ ਮੌਜੂਦ ਨਹੀਂ ਸਨ, ਜਿਨ੍ਹਾਂ ਦੀ ਥਾਂ 1980 ਦੇ ਦਹਾਕੇ ਤੋਂ ਉਪਲਬਧ ਆਧੁਨਿਕ ਕਵਾਰਟਜ਼ ਮਕੈਨਿਜ਼ਮ, ਐਲੂਮਿਨਿਅਮ ਸ਼ੀਟ ਡਾਇਲ ਅਤੇ ਗੁਰਮੁਖੀ ਅੰਕਾਂ ਨੇ ਲੈ ਲਈ ਸੀ।"
ਘੜੀ ਦੀ ਮੁਰੰਮਤ ਕਿਸ ਨੇ ਕੀਤੀ
ਘੜੀ ਦੀ ਮੁਰੰਮਤ ਘੜੀ ਵਿਗਿਆਨ ਦੇ ਮਾਹਿਰ ਐਲਾਸਟੇਅਰ ਚੈਂਡਲਰ ਅਤੇ ਕੈਮ ਲਾਵਲਾ ਨੇ ਕੀਤੀ। ਐਲਾਸਟੇਅਰ ਚੈਂਡਲਰ 'ਦਿ ਕਲਾਕ ਕਲੀਨਿਕ' ਦੇ ਨਿਰਦੇਸ਼ਕ ਹਨ ਅਤੇ ਕੈਮ ਲਾਵਲਾ 'ਜੀਨੀਅਸ ਆਫ਼ ਦ ਲੈਂਪ' ਅਤੇ 'ਕੋਂਕੋਰਸ ਪਲੇਟਿੰਗ ਕੰਪਨੀ' ਦੇ ਸੰਸਥਾਪਕ ਹਨ।
ਸੂਈਆਂ ਦੀ ਚਾਲ, ਸੂਈਆਂ ਅਤੇ ਡਾਇਲ ਡਿਜ਼ਾਈਨ ਦੀ ਮੁਰੰਮਤ ਦੀ ਜ਼ਿੰਮੇਵਾਰੀ ਐਲਾਸਟੇਅਰ ਚੈਂਡਲਰ ਦੀ ਸੀ ਜਦਕਿ ਘੜੀ ਦੇ ਬਾਕੀ ਹਿੱਸਿਆਂ ਦੀ ਮੁਰੰਮਤ, ਜਿਸ ਢਾਂਚਾ, ਮੂਹਰਲਾ ਪਾਸਾ, ਬਾਹਰੀ ਰਿੰਗ, ਪਿੱਛਲਾ ਪਾਸਾ ਅਤੇ ਸਜਾਵਟੀ ਹਿੱਸੇ ਸ਼ਾਮਲ ਸਨ, ਇਸ ਦੀ ਜ਼ਿੰਮੇਵਾਰੀ ਕੈਮ ਲਾਵਲਾ ਸਿਰ ਸੀ।
ਅਲਾਸਟੇਅਰ ਕਹਿੰਦੇ ਹਨ, "ਜਨਵਰੀ 2024 ਵਿੱਚ ਪ੍ਰੋਜੈਕਟ ਨਾਲ ਜੁੜੇ ਲੋਕਾਂ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਮੈਂਨੂੰ ਭਾਰਤ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿੱਚ ਮਿਲੀ ਇੱਕ ਘੜੀ ਦੀ ਅਦਭੁੱਤ ਕਹਾਣੀ ਦੱਸੀ, ਜੋ ਲਾਰਡ ਕਰਜ਼ਨ ਵੱਲੋਂ ਭੇਂਟ ਕੀਤੀ ਗਈ ਸੀ। ਇਸ ਕਹਾਣੀ ਅਤੇ ਘੜੀ ਨਾਲ ਜੁੜੀ ਅਮੀਰ ਇਤਿਹਾਸਕ ਵਿਰਾਸਤ ਨੇ ਮੈਂਨੂੰ ਬਹੁਤ ਆਕਰਸ਼ਿਤ ਕੀਤਾ ਅਤੇ ਮੈਂ ਇਸ ਬਾਰੇ ਹੋਰ ਜਾਣਨ ਲਈ ਉਤਸੁਕ ਹੋ ਗਿਆ। ਪਰ ਜਲਦੀ ਹੀ ਪਤਾ ਲੱਗਾ ਕਿ ਘੜੀ ਬਹੁਤ ਹੀ ਬੁਰੀ ਤਰ੍ਹਾਂ ਨੁਕਸਾਨੀ ਹੋਈ ਸੀ। ਮੈਂ ਸਮਝ ਗਿਆ ਇਸ ਪੜਾਅ 'ਤੇ ਇਸ ਦੀ ਮੁਰੰਮਤ ਕਰਨ ਲਈ ਮੈਂ ਸਭ ਤੋਂ ਉਚਿਤ ਵਿਅਕਤੀ ਨਹੀਂ ਸੀ। ਇਸ ਲਈ ਮੈਂ ਆਪਣੇ ਇੱਕ ਭਰੋਸੇਯੋਗ ਦੋਸਤ ਕੈਮ ਲਾਵਲਾ ਦੀ ਸਿਫਾਰਸ਼ ਕੀਤੀ। ਉਹ ਪ੍ਰਸਿੱਧ ਰੀਸਟੋਰੇਸ਼ਨ ਕੰਪਨੀ 'ਦ ਜੀਨੀਅਸ ਆਫ਼ ਦ ਲੈਂਪ' ਚਲਾਉਂਦਾ ਹੈ ਅਤੇ ਬਾਰੀਕ ਧਾਤੂ ਵਸਤੂਆਂ ਦੀ ਮੁਰੰਮਤ ਵਿੱਚ ਮਹਿਰ ਹੈ।"
ਕੈਮ ਕਹਿੰਦੇ ਹਨ, "ਪ੍ਰੋਜੈਕਟ ਨਾਲ ਜੁੜੇ ਲੋਕਾਂ ਨੇ ਮੈਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੀ ਇੱਕ ਘੜੀ ਨੂੰ ਮੁੜ ਬਹਾਲ ਕਰਨ ਲਈ ਸੰਪਰਕ ਕੀਤਾ। ਇਹ ਘੜੀ ਉਸ ਸਮੇਂ ਦੇ ਵਾਇਸਰਾਏ ਲਾਰਡ ਕਰਜ਼ਨ ਵੱਲੋਂ ਭੇਟ ਕੀਤੀ ਗਈ ਸੀ। ਮੇਰੇ ਮਾਣਯੋਗ ਦੋਸਤ ਅਤੇ ਘੜੀ ਵਿਗਿਆਨ ਦੇ ਮਾਹਿਰ (ਹੋਰੋਲੋਜਿਸਟ) ਐਲਿਸਟੇਅਰ ਚੈਂਡਲਰ ਨੇ ਮੇਰੇ ਵੇਰਵੇ ਪ੍ਰੋਜੈਕਟ ਨਾਲ ਸਾਂਝੇ ਕੀਤੇ ਸਨ, ਜੋ ਅੱਗੇ ਚੱਲ ਕੇ ਘੜੀ ਦੇ ਅੰਦਰੂਨੀ ਮਕੈਨਿਜ਼ਮ ਦੀ ਮੁਰੰਮਤ ਵਿੱਚ ਮੇਰੀ ਸਹਾਇਤਾ ਕਰਨ ਵਾਲੇ ਸਨ। ਮੈਂ ਇਸ ਪ੍ਰੋਜੈਕਟ ਨਾਲ ਡੂੰਘਾ ਜੁੜਾਅ ਮਹਿਸੂਸ ਕੀਤਾ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਇਆ।"
ਰਾਣੀ ਵਿਕਟੋਰੀਆ ਦੇ ਘੜੀਸਾਜ਼ ਦੀ ਕਿਹੜੀ ਤਕਨੀਕ ਕੰਮ ਆਈ
ਅਲਾਸਟੇਅਰ ਚੈਂਡਲਰ ਕਹਿੰਦੇ ਹਨ, "ਕੈਮ ਘੜੀ ਦੇ ਬਾਹਰੀ ਫਰੇਮ ਬਾਰੇ ਧਿਆਨਪੂਰਵਕ ਖੋਜ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਉਸੇ ਦੌਰ ਦੀ ਘੜੀ ਨਾਲ ਮੇਲ ਖਾਂਦੀ ਸੂਈਆਂ ਦੀ ਢੁੱਕਵੀ ਚਾਲ ਲੱਭਣ ਵਿੱਚ ਮਦਦ ਲਈ ਮੇਰੇ ਕੋਲ ਆਇਆ। ਬਾਹਰੀ ਫਰੇਮ ਦੇ ਡਿਜ਼ਾਈਨ ਦੀ ਜਾਂਚ ਕਰਨ ਮਗਰੋਂ, ਮੈਂ ਫੈਸਲਾ ਕੀਤਾ ਕਿ ਨਵੀਂ ਚਾਲ ਬੇਮਿਸਾਲ ਗੁਣਵੱਤਾ ਅਤੇ ਬ੍ਰਿਟਿਸ਼ ਹੁਨਰਮੰਦੀ ਵਾਲੀ ਹੋਣੀ ਚਾਹੀਦੀ ਹੈ, ਜਿਸ ਵਿੱਚ ਸ਼ੰਕੂ ਆਕਾਰ ਵਾਲੀ ਇੱਕੋ-ਇੱਕ ਪੁਲੀ ਹੋਵੇ।"
ਬੀਬੀਸੀ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਘੜੀ ਨੂੰ ਠੀਕ ਕਰਨ ਦੇ ਪੂਰੇ ਪ੍ਰੋਸੈਸ ਬਾਰੇ ਦੱਸਦਿਆਂ ਕਿਹਾ ਕਿ ''ਪਹਿਲਾ ਪੜਾਅ ਘੜੀ ਦੇ ਕੇਸ ਦੀ ਬਣਾਈ ਅਤੇ ਡਿਜ਼ਾਈਨ ਦੀ ਵਿਸਤ੍ਰਿਤ ਜਾਂਚ ਸੀ। ਮੈਂ ਘੜੀ ਦੀ ਗਤੀ ਦੀ ਸਹੀ ਸ਼ੈਲੀ ਅਤੇ ਸਮੇਂ ਦੀ ਖੋਜ ਕਰਨ ਵਿੱਚ ਕਾਫ਼ੀ ਸਮਾਂ ਬਿਤਾਇਆ, ਤਾਂ ਜੋ ਇਹ ਯਕੀਨੀ ਬਣ ਸਕੇ ਕਿ ਉਹ ਉਸ ਸਮੇਂ ਦੇ ਵਿਕਟੋਰਿਅਨ ਮੂਵਮੈਂਟ ਨਾਲ ਮੇਲ ਖਾਂਦਾ ਹੋਵੇ ਅਤੇ ਰੀਜਨਲ ਹਾਊਸਿੰਗ ਲਈ ਉਪਯੁਕਤ ਹੋਵੇ।''
"ਇੱਕ ਹੋਰ ਚੁਣੌਤੀ ਇਹ ਸੀ ਕਿ ਰਵਾਇਤੀ ਪੈਂਡੂਲਮ ਤਕਨੀਕ ਲਈ ਜਗ੍ਹਾ ਨਹੀਂ ਸੀ, ਜਿਸ ਕਾਰਨ ਮੈਂਨੂੰ ਬੈਲੈਂਸ ਵ੍ਹੀਲ ਐਸਕੇਪਮੈਂਟ ਵਾਲੀ ਉੱਚ ਦਰਜੇ ਦੀ ਸ਼ੰਕੂ ਆਕਾਰ ਵਾਲੀ ਇੱਕੋ-ਇੱਕ ਪੁਲੀ ਵਾਲੀ ਚਾਲ ਦੀ ਖੋਜ ਕਰਨੀ ਪਈ। ਇਹ ਤਕਨੀਕ ਆਮ ਤੌਰ 'ਤੇ ਸਮੁੰਦਰੀ ਜਹਾਜ਼ਾਂ ਵਿੱਚ ਲੱਗੀਆਂ ਘੜੀਆਂ ਵਿੱਚ ਵਰਤੀ ਜਾਂਦੀ ਹੈ।"
ਹਫ਼ਤਿਆਂ ਦੀ ਖੋਜ ਤੋਂ ਬਾਅਦ, ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂਨੂੰ ਸੂਈਆਂ ਦੀ ਇੱਕ ਬਿਲਕੁਲ ਢੁਕਵੀਂ ਚਾਲ ਮਿਲ ਗਈ ਸੀ, ਜੋ ਪ੍ਰਸਿੱਧ ਘੜੀਸਾਜ਼ ਜੇਮਜ਼ ਮਿਊਰਹੈੱਡ ਵੱਲੋਂ ਬਣਾਈ ਗਈ ਸੀ। 1817 ਤੋਂ ਗਲਾਸਗੋ ਦੀ 90 ਬਿਊਕੈਨਨ ਸਟ੍ਰੀਟ ਤੋਂ ਕੰਮ ਕਰਦੇ ਹੋਏ, ਮਿਊਰਹੈੱਡ ਆਪਣੇ ਉੱਚ ਦਰਜੇ ਦੇ ਕੰਮ ਲਈ ਮਸ਼ਹੂਰ ਸੀ। 1848 ਵਿੱਚ ਉਸ ਨੂੰ ਰਾਣੀ ਵਿਕਟੋਰੀਆ ਦਾ ਘੜੀਸਾਜ਼ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਐਡਮਿਰਲਟੀ ਅਤੇ ਸਕਾਟਿਸ਼ ਰੇਲਵੇਜ਼ ਲਈ ਵੀ ਘੜੀਆਂ ਅਤੇ ਕ੍ਰੋਨੋਮੀਟਰ ਤਿਆਰ ਕੀਤੇ ਸਨ।"
"ਸ਼ਾਨਦਾਰ ਕਾਰੀਗਰੀ ਵਾਲੀ ਸੂਈਆਂ ਦੀ ਇਹ ਚਾਲ ਘੜੀ ਵਾਸਤੇ ਬਿਲਕੁੱਲ ਢੁੱਕਵੀਂ ਸੀ। ਕੈਮ ਅਤੇ ਮੇਰੇ ਵੱਲੋਂ ਬਹੁਤ ਧਿਆਨ ਨਾਲ ਕੁੱਝ ਤਬਦੀਲੀਆਂ ਕਰਨ ਮਗਰੋਂ ਇਹ ਚਾਲ ਬਿਨਾਂ ਕਿਸੇ ਰੁਕਾਵਟ ਫਰੇਮ ਅੰਦਰ ਫਿੱਟ ਹੋ ਗਈ।"
ਅਲਾਸਟੇਅਰ ਅੱਗੇ ਕਹਿੰਦੇ ਹਨ, "ਸੂਈਆਂ ਦੀ ਚਾਲ ਪੱਕੇ ਤੌਰ 'ਤੇ ਸਥਾਪਤ ਕਰਨ ਤੋਂ ਬਾਅਦ ਅਸੀਂ ਇਸ ਨੂੰ ਸਾਫ਼ ਕਰਨ ਅਤੇ ਪੂਰਨ ਮੁਰੰਮਤ ਵਾਸਤੇ ਖੋਲ੍ਹ ਦਿੱਤਾ। ਫਿਰ ਇਸ ਨੂੰ ਦੁਬਾਰਾ ਜੋੜਿਆ ਗਿਆ, ਚਿਕਨਾਈ ਲਗਾਈ ਗਈ ਅਤੇ ਜਦੋਂ ਸਾਰੇ ਪੁਰਜ਼ੇ ਸੰਤੁਲਨ ਵਿੱਚ ਆ ਗਏ ਤਾਂ ਇਹ ਟਿਕ-ਟਿਕ ਕਰਨ ਲੱਗ ਪਈ। ਹੁਣ ਇਹ ਆਪਣੇ ਨਵੇਂ ਫਰੇਮ ਵਿੱਚ ਫਿੱਟ ਹੋਣ ਲਈ ਤਿਆਰ ਸੀ।
ਡਾਇਲ ਦੀ ਮੁਰੰਮਤ ਕਿਵੇਂ ਹੋਈ
ਘੜੀ ਦੇ ਡਾਇਲ ਬਾਰੇ ਗੱਲ ਕਰਦਿਆਂ ਅਲਾਸਟੇਅਰ ਕਹਿੰਦੇ ਹਨ, "ਮੈਂਨੂੰ ਪਤਾ ਸੀ ਕਿ ਇਹ ਉਸੇ ਦੌਰ ਦੀਆਂ ਅੰਗਰੇਜ਼ੀ ਘੜੀਆਂ ਦੇ ਅੰਦਾਜ਼ ਵਰਗਾ ਹੋਣਾ ਚਾਹੀਦਾ ਹੈ। ਪਰ ਗੋਲਡਨ ਟੈਂਪਲ ਦੇ ਸ਼ਾਨਦਾਰ ਮਾਹੌਲ ਨੂੰ ਦੇਖਦਿਆਂ, ਮੈਂਨੂੰ ਲੱਗਿਆ ਕਿ ਡਿਜ਼ਾਈਨ ਵਿੱਚ ਕੁਝ ਹੋਰ ਸਜਾਵਟੀ ਛਾਪ ਹੋਣੀ ਚਾਹੀਦੀ ਹੈ। ਘੰਟਿਆਂ ਦੀ ਖੋਜ ਤੋਂ ਬਾਅਦ, ਮੈਂਨੂੰ ਬਿਲਕੁਲ ਢੁਕਵਾਂ ਡਾਇਲ ਡਿਜ਼ਾਈਨ ਮਿਲ ਗਿਆ। ਕੈਮ ਅਤੇ ਮੈਂ ਮਿਲ ਕੇ ਡਾਇਲ ਪਲੇਟ ਅਤੇ ਫਿਟਿੰਗਜ਼ ਤਿਆਰ ਕੀਤੀਆਂ। ਇਸ ਤਰ੍ਹਾਂ ਡਾਇਲ ਦੇ ਡਿਜ਼ਾਈਨ ਨੂੰ ਦੁਹਰਾਇਆ ਅਤੇ ਐਲਕਿੰਗਟਨ ਐਂਡ ਕੋ.' ਕੰਪਨੀ ਦੇ ਦਸਤਖ਼ਤ ਵੀ ਸ਼ਾਮਲ ਕੀਤੇ।"
ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਤਕਨੀਕੀ ਖੋਜ ਦੇ ਨਾਲ, ਸ੍ਰੀ ਹਰਿਮੰਦਰ ਸਾਹਿਬ ਦੇ ਅਸਾਧਾਰਨ ਆਲੇ-ਦੁਆਲੇ 'ਤੇ ਵੀ ਧਿਆਨ ਨਾਲ ਵਿਚਾਰ ਕੀਤਾ ਗਿਆ, ਜਿੱਥੇ ਘੜੀ ਸਥਿਤ ਹੈ। ਗੋਲਡਨ ਟੈਂਪਲ ਦਾ ਵਿਜ਼ੂਅਲ ਕਾਂਟੈਕਸਟ ਦਾ ਇਸ ਨੂੰ ਠੀਕ ਕਰਨ ਵਿੱਚ ਮਹੱਤਵਪੂਰਨ ਪ੍ਰਭਾਵ ਸੀ। ਇਸ ਕਰਕੇ ਮੈਂ ਬਹੁਤ ਸਾਰੀਆਂ ਵਿਕਟੋਰੀਅਨ ਘੜੀਆਂ ਦੇ ਆਮ ਤੌਰ 'ਤੇ ਪਾਏ ਜਾਣ ਵਾਲੇ ਚਾਂਦੀ ਵਾਲੇ ਡਾਇਲ ਪਲੇਟਾਂ ਦੀ ਬਜਾਏ ਸੁਨਹਿਰੀ ਡਾਇਲ ਦੀ ਚੋਣ ਕੀਤੀ।''
"ਇਸੇ ਤਰ੍ਹਾਂ ਮੈਂ ਘੜੀ ਦੀਆਂ ਸੂਈਆਂ ਲਈ ਵੀ ਢੁਕਵਾਂ ਡਿਜ਼ਾਈਨ ਲੱਭਣ ਵਿੱਚ ਸਮਾਂ ਲਗਾਇਆ। ਸੂਈਆਂ ਉਸ ਦੌਰ ਦੇ ਅੰਦਾਜ਼ ਅਤੇ ਡਾਇਲ ਦੀ ਸਜਾਵਟ ਨਾਲ ਮੇਲ ਖਾਂਦੀਆਂ ਹੋਣੀਆਂ ਚਾਹੀਦੀਆਂ ਸਨ। ਰਵਾਇਤੀ ਘੜੀਸਾਜ਼ੀ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਸੂਈਆਂ ਤਿਆਰ ਕੀਤੀਆਂ ਅਤੇ ਉਨ੍ਹਾਂ ਨੂੰ ਡਾਇਲ ਨਾਲ ਜੋੜਿਆ। ਫਿਰ ਡਾਇਲ ਨੂੰ ਚਾਲ ਨਾਲ ਜੋੜਿਆ ਗਿਆ। ਇਸ ਤਰ੍ਹਾਂ ਘੜੀ ਦੇ ਸਾਰੇ ਪੁਰਜ਼ੇ ਆਪਸ ਵਿੱਚ ਜੁੜ ਚੁੱਕੇ ਸੀ। ਆਖ਼ਰ ਵਿੱਚ ਪੂਰੇ ਮਕੈਨਿਜ਼ਮ ਨੂੰ ਧਿਆਨ ਨਾਲ ਮੁਰੰਮਤ ਕੀਤੇ ਸੁੰਦਰ ਢਾਂਚੇ ਵਿੱਚ ਫਿੱਟ ਕਰ ਦਿੱਤੀ ਗਿਆ। ਇਹ ਇਸ ਇਤਿਹਾਸਕ ਘੜੀ ਨੂੰ ਮੁੜ ਸੁਰਜੀਤ ਕਰਨ ਵਿੱਚ ਲੱਗੀ ਲਗਨ ਅਤੇ ਕੁਸ਼ਲਤਾ ਦੀ ਮਿਸਾਲ ਹੈ।"
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ''ਇਸ ਘੜੀ 'ਤੇ ਕੰਮ ਕਰਨ ਲਈ ਕਿਹਾ ਜਾਣਾ ਉਨ੍ਹਾਂ ਲਈ ਇੱਕ ਪੇਸ਼ੇਵਰ ਸਨਮਾਨ ਅਤੇ ਇੱਕ ਡੂੰਘਾ ਨਿੱਜੀ ਅਨੁਭਵ ਸੀ। ਇਹ ਬ੍ਰਿਟਿਸ਼ ਹੌਰੋਲੋਜੀਕਲ ਕਾਰੀਗਰੀ ਅਤੇ ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਅਧਿਆਤਮਿਕਤਾ ਵਿਚਕਾਰ ਇੱਕ ਠੋਸ ਸਬੰਧ ਨੂੰ ਦਰਸਾਉਂਦਾ ਹੈ ਅਤੇ ਮੈਂ ਪੂਰੇ ਪ੍ਰੋਜੈਕਟ ਦੌਰਾਨ ਉਸ ਸਬੰਧ ਨਾਲ ਆਈ ਜ਼ਿੰਮੇਵਾਰੀ ਪ੍ਰਤੀ ਬਹੁਤ ਸੁਚੇਤ ਸੀ।''
ਉਨ੍ਹਾਂ ਕਿਹਾ, ''ਹਾਲਾਂਕਿ ਇਹ ਘੜੀ ਖੁਦ ਅੰਗਰੇਜ਼ੀ ਵਿਕਟੋਰੀਅਨ ਇੰਜੀਨੀਅਰਿੰਗ ਦਾ ਇੱਕ ਨਮੂਨਾ ਹੈ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇਸਦੀ ਸਥਾਪਨਾ ਇਸਨੂੰ ਕਿਤੇ ਵੱਧ ਮਹੱਤਵ ਦੇ ਦਿੰਦੀ ਹੈ।ਘੜੀ ਨਾਲ ਸਬੰਧਿਤ ਹਰ ਚੀਜ਼ ਅਤੇ ਵਿਅਕਤੀ ਅਤੇ ਪਵਿੱਤਰਤਾ ਪ੍ਰਤੀ ਵੀ ਸਨਮਾਨ ਸੀ।
ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੇ ਪ੍ਰੋਜੈਕਟ ਦੱਸਦੇ ਹਨ ਕਿ ਕਾਰੀਗਰੀ ਕਿਵੇਂ ਸਰਹੱਦਾਂ ਅਤੇ ਸਮੇਂ ਨੂੰ ਪਾਰ ਕਰ ਸਕਦੀ ਹੈ ਅਤੇ ਮੇਰੇ ਲਈ ਇਹ ਮਹੱਤਵਪੂਰਨ ਸੀ ਕਿ ਠੀਕ ਕੀਤੀ ਗਈ ਘੜੀ ਆਪਣੇ ਮੂਲ ਦੇ ਅਨੁਸਾਰ ਪ੍ਰਮਾਣਿਕ ਮਹਿਸੂਸ ਹੋਵੇ ਅਤੇ ਇਸਦੇ ਸੰਦਰਭ ਵਿੱਚ ਕੁਦਰਤੀ ਤੌਰ 'ਤੇ ਫਿੱਟ ਵੀ ਹੋਵੇ।''
ਸਾਂਝੀ ਵਿਰਾਸਤ ਦੀ ਅਜਿਹੀ ਮਹੱਤਵਪੂਰਨ ਵਸਤੂ ਦੀ ਪੁਨਰ ਸੁਰਜੀਤੀ ਦਾ ਕੰਮ ਸੌਂਪਿਆ ਜਾਣਾ ਬਹੁਤ ਹੀ ਸੰਤੋਸ਼ ਵਾਲੀ ਗੱਲ ਸੀ।
ਅਨਾਨਾਸ ਅਤੇ ਵਿਂਬਲਡਨ ਨਾਲ ਕੀ ਸੰਬੰਧ ਨਿਕਲਿਆ
ਕੈਮ ਕਹਿੰਦੇ ਹਨ, "ਜਦੋਂ ਮੈਂ ਘੜੀ ਦੀ ਜਾਂਚ ਕੀਤੀ ਤਾਂ ਮੈਨੂੰ ਧਾਤੂ ਕੰਮ ਵਿੱਚ ਅਨਾਨਾਸ (ਪਾਈਨਐਪਲ) ਦੀ ਬਹੁਤ ਹੀ ਗੁੰਝਲਦਾਰ ਆਕ੍ਰਿਤੀ ਨਜ਼ਰ ਆਈ। ਇਹ ਡਿਜ਼ਾਇਨ ਮੇਰੇ ਲਈ ਦਿਲਚਸਪ ਸੀ, ਕਿਉਂਕਿ ਅਨਾਨਾਸ ਮਹਿਮਾਨਨਵਾਜ਼ੀ ਅਤੇ ਗਰਮਜੋਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।"
"ਹੋਰ ਖੋਜ ਕਰਨ 'ਤੇ ਪਤਾ ਲੱਗਿਆ ਕਿ ਬਰਮਿੰਘਮ ਦੀ ਪ੍ਰਸਿੱਧ ਕੰਪਨੀ ਐਲਕਿੰਗਟਨ ਐਂਡ ਕੋ ਜੋ ਆਪਣੀ ਉੱਚ-ਪੱਧਰੀ ਕਲਾਕਾਰੀ ਲਈ ਜਾਣੀ ਜਾਂਦੀ ਸੀ, ਅਕਸਰ ਆਪਣੀਆਂ ਰਚਨਾਵਾਂ ਵਿੱਚ ਅਨਾਨਾਸ ਦੇ ਡਿਜ਼ਾਇਨ ਵਰਤਦੀ ਰਹੀ ਹੈ।
ਖ਼ਾਸ ਤੌਰ 'ਤੇ ਉਨ੍ਹਾਂ ਨੇ ਵਿਂਬਲਡਨ ਜੈਂਟਲਮੈਨਜ਼ ਸਿੰਗਲਜ਼ ਟਰਾਫੀ ਤਿਆਰ ਕੀਤੀ, ਜੋ 1887 ਤੋਂ ਦਿੱਤੀ ਜਾ ਰਹੀ ਹੈ, ਅਤੇ ਵੀਨਸ ਰੋਜ਼ਵਾਟਰ ਡਿਸ਼, ਜੋ 1886 ਤੋਂ ਵਿਂਬਲਡਨ ਲੇਡੀਜ਼ ਸਿੰਗਲਜ਼ ਚੈਂਪੀਅਨ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਇਸ ਜਾਣਕਾਰੀ ਦੀ ਪੁਸ਼ਟੀ ਉਸ ਵੇਲੇ ਹੋਈ, ਜਦੋਂ ਪ੍ਰੋਜੈਕਟ ਵਿੱਚ ਇੱਕ ਪੇਸ਼ੇਵਰ ਪੁਰਾਲੇਖ ਵਿਗਿਆਨੀ ਨੂੰ ਸ਼ਾਮਲ ਕੀਤਾ ਗਿਆ। ਇਸ ਪੁਰਾਲੇਖ ਵਿਗਿਆਨੀ ਦਾ ਕੰਮ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਮੌਜੂਦ ਕਰਜ਼ਨ ਨਾਲ ਸਬੰਧਤ ਰਿਕਾਰਡ ਦੀ ਖੋਜ ਕਰਨਾ ਸੀ।"
ਹੋਰ ਕਿਹੜੀ ਮੁਰੰਮਤ ਹੋਈ
ਕੈਮ ਕਹਿੰਦੇ ਹਨ, "ਘੜੀ ਦੀ ਮੁਰੰਮਤ ਦੀ ਪ੍ਰਕਿਰਿਆ ਕਾਫ਼ੀ ਮੁਸ਼ਕਲ ਸੀ। ਘੜੀ ਬਹੁਤ ਖ਼ਰਾਬ ਹਾਲਤ ਵਿੱਚ ਮਿਲੀ ਸੀ। ਉਸ 'ਤੇ ਡੈਂਟ ਸਨ, ਦਰਾਰਾਂ ਸਨ ਅਤੇ ਕਈ ਹਿੱਸੇ ਗਾਇਬ ਸਨ। ਪੂਰੇ ਢਾਂਚੇ ਨੂੰ ਖੋਲ੍ਹ ਕੇ ਬੜੀ ਬਾਰੀਕੀ ਨਾਲ ਮੁੜ ਤਿਆਰ ਕਰਨਾ ਪਿਆ। ਗਾਇਬ ਹਿੱਸਿਆਂ ਨੂੰ ਦੁਬਾਰਾ ਬਣਾਇਆ ਗਿਆ।"
"ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੀ ਇਸ ਘੜੀ ਨੂੰ ਮੁੜ ਬਹਾਲ ਕਰਨਾ ਮੇਰੇ ਲਈ ਇੱਕ ਡੂੰਘਾ ਸਨਮਾਨ ਸੀ, ਜੋ ਮੇਰੇ ਦਿਲ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ ਅਤੇ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਸ ਰਾਹੀਂ ਮੈਂਨੂੰ ਆਪਣੀ ਸਾਂਝੀ ਵਿਰਾਸਤ ਦੇ ਇੱਕ ਅਹਿਮ ਹਿੱਸੇ ਨੂੰ ਸੰਭਾਲਣ ਅਤੇ ਉਸ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਇਮ ਰੱਖਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ।
ਸ਼੍ਰੋਮਣੀ ਕਮੇਟੀ ਨੇ ਕੀ ਕਿਹਾ
ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਐਸਜੀਪੀਸੀ ਨੇ ਸਾਲ 2023 ਵਿੱਚ ਇਹ ਸਦੀ ਪੁਰਾਣੀ ਘੜੀ ਯੂਕੇ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਸੌਂਪ ਦਿੱਤੀ ਸੀ।
ਉਨ੍ਹਾਂ ਅੱਗੇ ਦੱਸਿਆ, "ਇਹ ਘੜੀ 1900 ਵਿੱਚ ਲਾਰਡ ਕਰਜ਼ਨ ਵੱਲੋਂ ਦਰਬਾਰ ਸਾਹਿਬ ਨੂੰ ਭੇਂਟ ਕੀਤੀ ਗਈ ਸੀ। ਪਿਛਲੇ ਕੁਝ ਸਾਲਾਂ ਤੋਂ ਇਹ ਕੰਮ ਨਹੀਂ ਕਰ ਰਹੀ ਸੀ। ਐਸਜੀਪੀਸੀ ਨੇ 2023 ਵਿੱਚ ਇਸ ਨੂੰ ਯੂਕੇ ਅਧਾਰਤ ਸੰਸਥਾ ਦੇ ਹਵਾਲੇ ਕਰ ਦਿੱਤਾ। ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਯੂਕੇ ਨੇ ਇਸ ਦੀ ਮੁਰੰਮਤ ਕਰਵਾਈ। ਇਸ ਨੂੰ ਠੀਕ ਕਰਨ ਵਿੱਚ 2 ਸਾਲ ਤੋਂ ਵੱਧ ਦਾ ਸਮਾਂ ਲੱਗਿਆ ਅਤੇ ਹਾਲ ਹੀ ਵਿੱਚ ਇਸ ਨੂੰ ਦਰਬਾਰ ਸਾਹਿਬ ਵਿਖੇ ਦੁਬਾਰਾ ਲਗਾਇਆ ਗਿਆ ਹੈ। ਸਾਰਾ ਖਰਚਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਖੁਦ ਕੀਤਾ ਗਿਆ ਹੈ, ਜੋ ਕਿ ਲਗਭਗ 90 ਲੱਖ ਰੁਪਏ ਦੇ ਕਰੀਬ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ