You’re viewing a text-only version of this website that uses less data. View the main version of the website including all images and videos.
ਨਜ਼ਰੀਆ: 'ਹਿੰਦੂਵਾਦ ਦੀ ਵਰਤੋਂ ਹੁਣ 2 ਹਜ਼ਾਰ ਦੇ ਨੋਟ ਦੀ ਤਰ੍ਹਾਂ ਕਰਨਗੇ ਮੋਦੀ?'
- ਲੇਖਕ, ਰਾਜੇਸ਼ ਪ੍ਰਿਯਦਰਸ਼ੀ
- ਰੋਲ, ਡਿਜਟਲ ਅਡਿਟਰ, ਬੀਬੀਸੀ ਹਿੰਦੀ
ਸਿਆਸੀ ਨਾਅਰੇ ਨੋਟ ਦੀ ਤਰ੍ਹਾਂ ਹੁੰਦੇ ਹਨ , ਉਹ ਉਦੋਂ ਹੀ ਚੱਲਦੇ ਹਨ ਜਦੋਂ ਜਨਤਾ ਉਨ੍ਹਾਂ 'ਤੇ ਯਕੀਨ ਕਰਦੀ ਹੈ। ਇਹੀ ਕਾਰਨ ਹੈ ਕਿ ਕਿਸੇ ਨਾਅਰੇ ਦਾ ਖ਼ਾਤਮਾ ਸਵਾਲੀਆ ਨਿਸ਼ਾਨ ਨਾਲ ਨਹੀਂ ਹੁੰਦਾ।
'ਅਬਕੀ ਬਾਰ.... ਸੀਰੀਜ਼', 'ਹਰ ਹਰ ਮੋਦੀ' ਅਤੇ 'ਸਭ ਦਾ ਸਾਥ ਸਭ ਦਾ ਵਿਕਾਸ' ਵਰਗੇ ਨਾਅਰੇ ਤਿੰਨ ਸਾਲ ਤੱਕ ਅਸਰਦਾਰ ਰਹੇ। ਕਿਉਂਕਿ ਨੋਟਬੰਦੀ ਦੇ ਪਰੇਸ਼ਾਨੀ ਵਾਲੇ ਤਜ਼ਰਬੇ ਦੇ ਬਾਵਜੂਦ ਵੀ ਲੋਕਾਂ ਦਾ ਵਿਸ਼ਵਾਸ ਕਾਇਮ ਰਿਹਾ।
ਇਨ੍ਹਾਂ ਨਾਅਰਿਆਂ ਦਾ ਮਜ਼ਾਕ ਉਡਾਉਣ ਵਾਲੀ ਪੈਰੋਡੀਆਂ ਪਹਿਲੇ ਤਿੰਨ ਸਾਲ ਨਜ਼ਰ ਨਹੀਂ ਆਈਆਂ। ਪਰ ਅੱਜ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਭਰਮਾਰ ਹੈ।
ਕਿਸੇ ਹਰਮਨ ਪਿਆਰੇ ਨਾਅਰੇ ਦਾ ਮਜ਼ਾਕ ਉਡਾਉਣਾ ਸੌਖਾ ਨਹੀਂ ਸੀ। ਜਦੋਂ ਤੱਕ ਜਨਤਾ ਦੀ ਤਾਕਤ ਨਾਅਰੇ ਦੇ ਨਾਲ ਹੁੰਦੀ ਹੈ । ਅਜਿਹੀ ਹਰ ਕੋਸ਼ਿਸ਼ ਨਾਕਾਮ ਹੋ ਜਾਂਦੀ ਹੈ।
ਬਲਕਿ ਲੋਕ ਅਜਿਹੀ ਗਲਤੀ ਕਰਦੇ ਹੀ ਨਹੀਂ।ਅੱਜਕੱਲ ਫੇਸਬੁੱਕ ਅਤੇ ਵਟਸਐਪ 'ਤੇ ਵਾਇਰਲ ਹੋ ਰਹੀਆਂ ਚੀਜ਼ਾਂ ਇਸ ਗੱਲ ਦਾ ਇਸ਼ਾਰਾ ਕਰਦੀਆਂ ਹਨ ਕਿ ਜਨਤਾ ਦਾ ਮੂਡ ਬਦਲ ਰਿਹਾ ਹੈ।
ਟ੍ਰੋਲ ਤੇ ਆਈਟੀ ਸੈਲ ਦੇ ਕਾਰੀਗਰ ਬੀਜੇਪੀ ਦੇ ਹੋਣ ਭਾਵੇਂ ਕਾਂਗਰਸ ਦੇ, ਉਹ ਲੱਖ ਕੋਸ਼ਿਸ਼ ਕਰ ਲੈਣ ਗੱਲ ਉਹੀ ਅੱਗੇ ਵੱਧਦੀ ਹੈ, ਜਿਸਨੂੰ ਜਨਤਾ ਅੱਗੇ ਵਧਾਉਂਦੀ ਹੈ।
ਕੁਝ ਸਮੇਂ ਪਹਿਲਾਂ ਤੱਕ ਮੋਦੀ ਨੂੰ ਦੇਸ਼ ਦਾ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਮੰਨਣ ਵਾਲਿਆਂ ਦੀ ਭੀੜ ਸੋਸ਼ਲ ਮੀਡੀਆ 'ਤੇ ਵਿਖ ਰਹੀ ਸੀ। ਇਹ ਬੇਸ਼ੱਕ ਉਨ੍ਹਾਂ ਦੇ ਲੋਕ ਪਿਆਰ ਦਾ ਸੰਕੇਤ ਸੀ।
ਸਰਕਾਰ ਦੇ 40ਵਾਂ ਮਹੀਨਾ ਪਾਰ ਕਰਦਿਆਂ ਹੀ ਜ਼ਿਆਦਾਤਰ ਨਾਰਿਆਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਬਹੁਤ ਸਾਰੇ ਲੋਕ ਪੁੱਛਣ ਲੱਗੇ ਗਏ ਹਨ 'ਕਿਸਦਾ ਸਾਥ, ਕਿਸਦਾ ਵਿਕਾਸ?' ਇਹ ਵੀ ਲੋਕਾਂ ਦੇ ਮਨ ਵਿੱਚ ਪੈਦਾ ਹੋਏ ਸ਼ੱਕ ਦਾ ਸਟੀਕ ਸੰਕੇਤ ਹੈ।
ਚੰਗੇ ਦਿਨਾਂ ਦਾ ਲੰਬਾ ਇੰਤਜ਼ਾਰ
'ਚੰਗੇ ਦਿਨਾਂ' ਦਾ ਵਾਅਦਾ ਸਭ ਤੋਂ ਪਹਿਲਾ ਉਸ ਵੇਲੇ ਢਹਿੰਦਾ ਹੋਇਆ ਦਿਖਾਈ ਦਿੱਤਾ, ਜਦੋਂ ਅਗਸਤ 2015 ਵਿੱਚ ਅਸ਼ਲੀਲ ਸਾਈਟਾਂ ਨੂੰ ਬੰਦ ਕਰਨ ਦੀ ਚਰਚਾ ਸ਼ੁਰੂ ਹੋਈ ਤਾਂ ਮਜ਼ਾਕ ਹੋਣ ਲੱਗਾ ਕਿ 'ਚੰਗੇ ਦਿਨ ਤਾਂ ਨਹੀਂ ਆਏ, ਚੰਗੀਆਂ ਰਾਤਾਂ ਵੀ ਗਈਆਂ।'
ਪਰ ਨਾਰਿਆਂ ਦੀ ਅਸਲ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋਂ ਹਰਿਆਣਾ ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਮੁੰਡੇ ਵਿਕਾਸ ਬਰਾਲਾ ਤੇ ਇੱਕ ਆਈਏਐਸ ਅਧਿਕਾਰੀ ਦੀ ਕੁੜੀ ਦਾ ਪਿੱਛਾ ਕਰਨ ਅਤੇ ਉਸਨੂੰ ਅਗਵਾਹ ਕਰਨ ਦਾ ਇਲਜ਼ਾਮ ਲੱਗਿਆ।
ਇੱਥੋਂ ਹੀ 'ਵਿਕਾਸ' ਦੇ ਵਾਅਦੇ ਅਤੇ 'ਬੇਟੀ ਬਚਾਓ ਦੇ ਨਾਅਰੇ' 'ਤੇ ਤੰਜ ਕਸੇ ਜਾਣ ਦੀ ਠੋਸ ਸ਼ੁਰੂਆਤ ਹੋਈ।
ਮੋਦੀ ਅਤੇ ਅਮਿਤ ਸ਼ਾਹ ਦੇ ਸੂਬੇ ਗੁਜਰਾਤ ਵਿੱਚ (ਵਿਕਾਸ ਪਾਗਲ ਹੋ ਗਿਆ ਹੈ) ਇਸ ਤਰ੍ਹਾਂ ਟ੍ਰੈਂਡ ਕਰਨ ਲੱਗਾ ਹੈ ਕਿ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਇਸਨੂੰ ਨਜ਼ਰਅੰਦਾਜ਼ ਨਹੀਂ ਕਰ ਸਕੇ। ਵਿਕਾਸ ਦੇ ਪਾਗਲਪਨ ਦੇ ਨਵੇਂ-ਨਵੇਂ ਲਤੀਫ਼ੇ ਅੱਜ ਵੀ ਲਗਾਤਾਰ ਚੱਲ ਰਹੇ ਹਨ।
ਇਹ ਦੇਸ਼ ਦੇ ਸਭ ਤੋਂ ਵੱਡੇ ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਸੋਸ਼ਲ ਟ੍ਰੇਂਡਸ ਵਿੱਚੋਂ ਇੱਕ ਹੈ।
'ਸਬ ਦਾ ਸਾਥ ਸਬ ਦਾ ਵਿਕਾਸ' ਇੱਕ ਅਜਿਹਾ ਨਾਅਰਾ ਹੈ ਜਿਸਨੂੰ ਸਰਕਾਰ ਨੇ ਕਿਤੇ ਵਿੱਚ-ਵਿਚਾਲੇ ਛੱਡ ਦਿੱਤਾ ਹੈ। ਨਵਾਂ ਨਾਅਰਾ ਆਇਆ 'ਸਾਥ ਹੈ, ਵਿਸ਼ਵਾਸ ਹੈ, ਹੋ ਰਹਾ ਵਿਕਾਸ ਹੈ'।
ਸਰਕਾਰ ਜਨਤਾ ਨੂੰ ਵਿਸ਼ਵਾਸ ਕਰਵਾਉਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਚਿੰਤਾ ਨਾ ਕਰੋ, ਵਿਕਾਸ ਹੋ ਰਿਹਾ ਹੈ, ਇਸਦੀ ਲੋੜ ਇਸ ਲਈ ਪਈ ਕਿਉਂਕਿ ਲੋਕ ਪੁੱਛਣ ਲੱਗੇ ਸੀ -'ਕਿੱਥੇ ਹੈ ਵਿਕਾਸ?'
'ਕਾਲਾ ਧਨ' ਲਿਆਉਣ ਅਤੇ ਲੋਕਾਂ ਦੇ ਖਾਤਿਆਂ ਵਿੱਚ 15 ਲੱਖ ਰੁਪਏ ਪਾਉਣ ਦੇ ਚੋਣ ਵਾਅਦੇ ਨੂੰ ਅਮਿਤ ਸ਼ਾਹ ਨੇ ਫਰਵਰੀ 2015 ਵਿੱਚ ਬਿਹਾਰ ਚੋਣ ਪ੍ਰਚਾਰ ਦੌਰਾਨ ਜੁਮਲਾ ਦੱਸਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰ ਦੇ ਕਈ ਨਾਅਰੇ-ਵਾਅਦੇ ਜੁਮਲਾ ਹੋਣ ਦੇ ਸ਼ੱਕ ਦੇ ਘੇਰੇ ਵਿੱਚ ਹਨ।
ਸਰਕਾਰ ਦੇ ਮੰਤਰੀ 'ਸਮਾਰਟ ਸਿਟੀ', 'ਮੇਕ ਇਨ ਇੰਡੀਆ', ਡਿਜ਼ੀਟਲ ਇੰਡਿਆ, 'ਸਕਿੱਲ ਇੰਡੀਆ' ਵਰਗੀਆਂ ਯੋਜਨਾਵਾਂ ਦੀਆਂ ਗੱਲਾਂ ਕਰਨੀਆਂ ਛੱਡ ਚੁੱਕੇ ਹਨ। ਇਸ ਸਾਲ ਅਗਸਤ ਮਹੀਨੇ ਦੇ 'ਸਕੰਲਪ ਤੋਂ ਸਿੱਧੀ' ਦਾ ਨਵਾਂ ਨਾਅਰਾ ਚਲਾਇਆ ਜਾ ਰਿਹਾ ਹੈ।
ਕਿਹਾ ਗਿਆ ਹੈ ਕਿ 2022 ਤੱਕ 'ਨਿਊ ਇੰਡੀਆ' ਬਣ ਜਾਵੇਗਾ ਜਦਕਿ ਸਰਕਾਰ ਦਾ ਕਾਰਜਕਾਲ 2019 ਤੱਕ ਹੀ ਹੈ।
ਇਹ ਸਰਕਾਰ ਦਾ 2019 ਵਿੱਚ ਜਿੱਤ ਦਾ ਅਤਿ-ਆਤਮਵਿਸ਼ਵਾਸ ਹੈ ਜਾਂ ਇਸ ਗੱਲ ਦਾ ਸੰਕੇਤ ਕਿ 2022 ਤੋਂ ਪਹਿਲਾਂ ਜ਼ਿਆਦਾ ਉਮੀਦ ਨਾ ਰੱਖੀ ਜਾਵੇ।
ਸਭ 'ਚਕਾਚਕ' ਹੈ ਵਾਲਾ ਨੈਰੇਟਿਵ
ਸਤੰਬਰ ਦਾ ਪੂਰਾ ਮਹੀਨਾ ਮੋਦੀ ਸਰਕਾਰ ਲਈ ਲਗਾਤਾਰ ਮੁਸੀਬਤਾਂ ਲੈ ਕੇ ਆਇਆ ਹੈ , ਜੋ ਅਕਤੂਬਰ ਵਿੱਚ ਵੀ ਜਾਰੀ ਰਹੇਗਾ। ਇਸ ਤੋਂ ਪਹਿਲਾ ਤੱਕ ਅਲੋਚਨਾ ਨੂੰ ਰੱਦ ਕਰਨ ਅਤੇ ਦੇਸ਼ ਵਿੱਚ 'ਸਭ ਕੁਝ ਚੰਗਾ ਹੋ ਰਿਹਾ ਹੈ' ਦੀ ਕਹਾਣੀ ਨੂੰ ਅੱਗੇ ਵਧਾਉਣ ਲਈ ਸਰਕਾਰ ਨੇ ਭਰਪੂਰ ਕਾਮਯਾਬੀ ਹਾਸਲ ਕੀਤੀ।
ਇਸ ਤੋਂ ਪਹਿਲਾ ਦੇ ਤਿੰਨ ਸਾਲ ਨੋਟਬੰਦੀ, ਸਰਜੀਕਲ ਸਟ੍ਰਾਇਕ, ਲਵ ਜਿਹਾਦ , ਐਂਟੀ ਰੋਮਿਓ, ਸਕਵੌਡ, ਗਊ-ਹੱਤਿਆ, ਦੇਸ਼ ਭਗਤੀ, ਵੰਦੇ ਮਾਤਰਮ ,'ਕਸ਼ਮੀਰ ਵਿੱਚ ਦੇਸ਼ ਗਤੀਵਿਰੋਧੀਆਂ ਨੂੰ ਕਰਾਰਾ ਜਵਾਬ' ਅਤੇ ਪ੍ਰਧਾਨ ਮੰਤਰੀ ਦੀ 'ਅਤਿ ਸਫਲ' ਵਿਦੇਸ਼ ਯਾਤਰਾਵਾਂ ਵਿੱਚ ਨਿਕਲ ਗਏ।
ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕਹਾਣੀ ਕਿਵੇਂ ਅੱਗੇ ਵਧੇਗੀ । ਇਸ 'ਤੇ ਸਰਕਾਰ ਦਾ ਪੂਰਾ ਕੰਟਰੋਲ ਸੀ, ਪਰ ਸਤੰਬਰ ਤੋਂ ਬਾਅਦ ਲਗਾਤਾਰ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਜਿਨ੍ਹਾਂ ਲਈ ਸਰਕਾਰ ਤਿਆਰ ਨਹੀਂ ਸੀ।
ਕਈ ਘਟਨਾਵਾਂ ਸਵਾਲਾਂ 'ਚ
ਗੋਰਖ਼ਪੁਰ ਵਿੱਚ ਬੱਚਿਆਂ ਦੀ ਮੌਤ, ਰਾਮ ਰਹੀਮ ਦੀ ਗਿਰਫ਼ਤਾਰੀ ਦੇ ਦੌਰਾਨ ਹੋਈ ਹਿੰਸਾ, ਬੇਰੁਜ਼ਗਾਰੀ ਦੀ ਤਸਵੀਰ, ਨੋਟਬੰਦੀ ਦੀ ਨਾਕਾਮੀ 'ਤੇ ਰਿਜ਼ਰਵ ਬੈਂਕ ਦਾ ਐਲਾਨ , ਜੀਡੀਪੀ ਵਿੱਚ ਗਿਰਾਵਟ ਦੇ ਅੰਕੜੇ ਅਤੇ ਤੇਲ ਦੀਆਂ ਕੀਮਤਾਂ ਦਾ ਵਿਰੋਧ , ਕਈ ਰੇਲ ਹਾਦਸੇ ,ਜੀਐਸਟੀ ਨੂੰ ਲੈ ਕੇ ਗੁੱਸਾ ।
ਕੁਝ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਤੇ ਸਰਕਾਰ ਲੀਪਾ-ਪੋਚੀ ਨਹੀਂ ਕਰ ਸਕੀ, ਸ਼ਾਇਦ ਇਸ ਲਈ ਵੀ ਕਿ ਇਹ ਸਭ ਕੁਝ ਬਹੁਤ ਤੇਜ਼ੀ ਨਾਲ ਥੋੜੇ ਦਿਨਾਂ 'ਚ ਹੀ ਹੋਇਆ।
ਵਿਰੋਧੀ ਧਿਰ ਦੇ ਨਿਕੱਮੇਪਣ ਤੋਂ ਪੈਦਾ ਹੋਏ ਖਾਲੀਪਨ ਨੂੰ ਪਾਰਟੀ 'ਚ ਮੌਜੂਦ ਯਸ਼ਵੰਤ ਸਿਨਹਾ, ਅਰੁਣ ਸ਼ੌਰੀ, ਕੀਰਤੀ ਆਜ਼ਾਦ ਅਤੇ ਸ਼ਤਰੂਘਨ ਸਿਨਹਾ ਵਰਗੇ ਲੋਕਾਂ ਨੇ ਸਰਕਾਰ ਦੀ ਖੁੱਲ੍ਹੀ ਅਲੋਚਨਾ ਕਰਕੇ ਪੂਰਾ ਕਰ ਦਿੱਤਾ ਹੈ।
ਇਸਦੇ ਬਾਵਜੂਦ ਕੋਈ ਅਸਤੀਫ਼ਾ ਤਾਂ ਦੂਰ, ਸਰਕਾਰ ਦੁਖ਼ ਵੀ ਜ਼ਾਹਰ ਕਰਨ ਲਈ ਤਿਆਰ ਨਹੀਂ, ਕਿਉਂਕਿ ਉਨ੍ਹਾਂ ਦੀ ਨਜ਼ਰ ਵਿੱਚ ਇਸ ਨੂੰ ਕਮਜ਼ੋਰੀ ਦਾ ਸੰਕੇਤ ਮੰਨਿਆ ਜਾਂਦਾ ਹੈ।
ਇੱਥੋਂ ਤੱਕ ਕੀ ਕੁੜੀਆਂ 'ਤੇ ਲਾਠੀਚਾਰਜ ਦੇ ਬਾਵਜੂਦ ਬਨਾਰਸ ਹਿੰਦੂ ਯੂਨੀਵਰਸਟੀ ਦੇ ਕੁਲਪਤੀ ਵਰਗੇ ਪਿਆਦਿਆਂ ਨੂੰ ਵੀ ਅਹੁਦੇ ਤੋਂ ਨਹੀਂ ਹਟਾਇਆ ਗਿਆ।
ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਦਾ ਬਿਆਨ -''ਸਤੰਬਰ ਵਿੱਚ ਤਾਂ ਬੱਚੇ ਹਰ ਸਾਲ ਮਰਦੇ ਹਨ'' ਜਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਬੇਰੁਜ਼ਗਾਰੀ 'ਤੇ ਚੱਲ ਰਹੀ ਬਹਿਸ ਵਿੱਚ ਕਹਿਣਾ- ''ਇਹ ਤਾਂ ਚੰਗਾ ਸੰਕੇਤ ਹੈ'', ਇਹੀ ਦਿਖਾਉਂਦਾ ਹੈ ਕਿ ਸਭ ਚਕਾਚਕ ਹੈ ਵਾਲੇ ਨੈਰੇਟਿਵ ਨੂੰ ਸਰਕਾਰ ਪੂਰੀ ਤਾਕਤ ਨਾਲ ਅੱਗੇ ਵਧਾਉਣ ਵਿੱਚ ਲੱਗੀ ਹੋਈ ਹੈ।
ਬਦਲਾਅ ਦੀ ਝਲਕ
ਚਾਹੇ ਗੋਰਖ਼ਪੁਰ ਵਿੱਚ ਬੱਚਿਆਂ ਦੇ ਮਰਨ 'ਤੇ ਦੁਖ਼ ਜ਼ਾਹਰ ਕਰਨਾ, ਅਖ਼ਲਾਕ ਦੀ ਹੱਤਿਆ ਦੀ ਨਿੰਦਾ ਕਰਨੀ ਜਾਂ ਫੇਰ ਗੋਰੀ ਲੰਕੇਸ਼ ਦੇ ਕਤਲ ਦੇ ਬਾਅਦ ਉਨ੍ਹਾਂ ਲਈ ਭੱਦੇ ਸ਼ਬਦਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਅਨਗੌਲੋ ਕਰਨਾ ਜਾਂ ਖੱਟਰ, ਯੋਗੀ ਅਤੇ ਸੁਰੇਸ਼ ਪ੍ਰਭੂ ਦੇ ਅਸਤੀਫ਼ੇ ਦੀ ਮੰਗ ਹੋਵੇ।
ਮੋਦੀ ਨੇ ਹਰ ਮੌਕੇ 'ਤੇ ਦਿਖਾਇਆ ਕਿ ਉਹ ਜੋ ਕਰਨਗੇ ਆਪਣੀ ਮਰਜ਼ੀ ਨਾਲ ਕਰਨਗੇ, ਕਿਸੇ ਦੀ ਮੰਗ 'ਤੇ ਨਹੀਂ । ਉਨ੍ਹਾਂ ਦੀ ਨਜ਼ਰ ਵਿੱਚ ਇਹ ਸਰਕਾਰ ਦੀ ਮਜ਼ਬੂਤੀ ਦਾ ਸੰਕੇਤ ਹੈ।
ਇਹ ਸਮਝਣਾ ਗਲਤ ਹੋਵੇਗਾ ਕਿ ਸਰਕਾਰ ਜਨਤਾ ਦੇ ਬਦਲੇ ਮਿਜਾਜ਼ ਤੋਂ ਵਾਕਿਫ਼ ਨਹੀਂ ਹੈ।
ਪਿਛਲੇ ਦਿਨਾਂ 'ਚ ਜੀਐਸਟੀ ਵਿੱਚ ਕੁਝ ਬਦਲਾਅ ਅਤੇ ਤੇਲ 'ਤੇ ਲੱਗਣ ਵਾਲੇ ਕੇਂਦਰੀ ਉਤਪਾਦ ਟੈਕਸ ਵਿੱਚ 2 ਰੁਪਏ ਲੀਟਰ ਦੀ ਕਟੌਤੀ, ਇਹ ਪਹਿਲੇ 2 ਕਦਮ ਹਨ ਜੋ ਇਸ ਸਰਕਾਰ ਨੇ ਜਨਤਾ ਦੇ ਦਬਾਅ ਵਿੱਚ ਚੁੱਕੇ ਸੀ।
ਮੰਨਿਆ ਜਾ ਰਿਹਾ ਹੈ ਜੀਐਸਟੀ ਵਿੱਚ ਢਿੱਲ ਗੁਜਰਾਤ ਦੇ ਵਪਾਰੀਆਂ ਦੀ ਨਰਾਜ਼ਗੀ ਨੂੰ ਦੇਖਦੇ ਹੋਏ ਦਿੱਤੀ ਗਈ ਹੈ। ਕਿਉਂਕਿ ਸੂਰਤ ਤੇ ਰਾਜਕੋਟ ਵਰਗੇ ਸ਼ਹਿਰਾਂ ਵਿੱਚ ਕਾਰੋਬਾਰੀਆਂ ਨੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ ਕੀਤੇ।
ਗੁਜਰਾਤ ਵਿੱਚ ਚੋਣਾਂ ਸਿਰ 'ਤੇ ਹਨ। ਜਿੱਥੇ ਪਾਰਟੀ ਲੰਬੇ ਸਮੇਂ ਤੋਂ ਸੱਤਾ ਵਿੱਚ ਹੈ ਤੇ ਵਿਰੋਧੀ ਧਿਰ ਕਾਫ਼ੀ ਕਮਜ਼ੋਰ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਕਈ ਰੈਲੀਆਂ ਵੀ ਕੀਤੀਆਂ। ਦਬੰਗ ਪਟੇਲ ਸਰਕਾਰ ਤੋਂ ਨਰਾਜ਼ ਹੈ ਅਤੇ ਦਲਿਤਾਂ ਦੇ ਕੋਲ ਵੀ ਬੀਜੇਪੀ ਦਾ ਸਾਥ ਦੇਣ ਦਾ ਕੋਈ ਕਾਰਨ ਨਹੀਂ ਦਿਖਦਾ।
ਇਸਦੇ ਬਾਵਜੂਦ ਇਹੀ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਗੁਜਰਾਤ ਵਿੱਚ ਕਾਫ਼ੀ ਮਜ਼ਬੂਤ ਹੈ ਅਤੇ ਉਸਦੇ ਹਾਰਨ ਦੀ ਭਵਿੱਖਵਾਣੀ ਕੋਈ ਨਹੀਂ ਕਰ ਰਿਹਾ, ਪਰ ਇਹ ਜ਼ਰੂਰ ਤੈਅ ਹੈ ਕਿ ਦੋ ਸਭ ਤੋਂ ਤਾਕਤਵਰ ਲੀਡਰਾਂ ਦੇ ਸੂਬਿਆਂ ਦੇ ਨਤੀਜੇ ਹੀ ਅੱਗੇ ਦੀ ਤਸਵੀਰ ਸਾਫ਼ ਕਰਨਗੇ।
ਅਮਿਤ ਸ਼ਾਹ ਦੇ ਮੁੰਡੇ ਦੇ ਕਾਰੋਬਾਰ ਨਾਲ ਜੁੜੇ ਵਿਵਾਦ ਦਾ ਸਿਆਸਤ 'ਤੇ ਕਿੰਨਾ ਅਸਰ ਹੋਵੇਗਾ ਇਹ ਕਹਿਣਾ ਅਜੇ ਮੁਸ਼ਕਿਲ ਹੈ। ਪਰ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਉੱਪਰ ਰਹਿਣ ਦੇ ਦਾਅਵੇ ਸ਼ਾਇਦ ਪਹਿਲਾਂ ਦੀ ਤਰ੍ਹਾਂ ਕਾਇਮ ਨਹੀਂ ਰਹਿ ਸਕਣਗੇ।
ਗੁਜਰਾਤ ਚੋਣ ਜਿੱਤਣ ਲਈ ਬੀਜੇਪੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ ਕਿ 'ਵਿਕਾਸ' ਪਾਗਲ ਨਹੀਂ ਹੋਇਆ। ਪਰ ਇਹ ਤੈਅ ਹੈ 'ਸਕੰਪਲ ਤੋਂ ਸਿੱਧੀ' ਦੇ ਨਵੇਂ ਨਾਅਰੇ ਵਿੱਚ ਲੋਕਾਂ ਦਾ ਵਿਸ਼ਵਾਸ ਜਗਾਉਣ ਲਈ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਮਿਹਨਤ ਕਰਨੀ ਪਵੇਗੀ।
ਮੋਦੀ ਦੇ ਪੁਰਾਣੇ ਨਾਅਰੇ ਅਜੇ 500 ਤੇ 1000 ਦਾ ਨੋਟ ਤਾਂ ਨਹੀਂ ਹੋਏ ਪਰ ਉਸ ਨੂੰ ਹੱਥੋਂ-ਹੱਥ ਲੈਣ ਵਾਲੇ ਲੋਕਾਂ ਦੀ ਲਾਈਨ ਜ਼ਰੂਰ ਛੋਟੀ ਹੁੰਦੀ ਦਿਖਾਈ ਦੇ ਰਹੀ ਹੈ।
2014 'ਚ ਸੱਤਾ ਵਿੱਚ ਆਏ ਮੋਦੀ ਵਿਕਾਸ ਦੇ ਮੋਰਚੇ ਤੇ ਉਜੱਵਲਾ ਸਕੀਮ ਅਤੇ ਜਨਧਨ ਖਾਤਿਆਂ ਦੇ ਖੁੱਲ੍ਹਣ ਦੇ ਇਲਾਵਾ ਸ਼ਾਇਦ ਕੋਈ ਅਜਿਹਾ ਦਾਅਵਾ ਨਹੀਂ ਕਰ ਸਕਦੇ ਜੋ ਚੁਣੌਤੀਆਂ ਤੋਂ ਪਰੇ ਹੋਵੇ।
ਅਰਥਵਿਵਸਥਾ ਦੀ ਮੌਜੂਦਾ ਹਾਲਤ ਵਿੱਚ 2019 ਤੋਂ ਪਹਿਲਾ ਵਿਕਾਸ ਦੇ ਮੈਦਾਨ ਵਿੱਚ ਕੋਈ ਵੱਡਾ ਕੰਮ ਕਰਨਾ ਜਾਂ ਕਰੋੜਾਂ ਰੋਜ਼ਗਾਰ ਪੈਦਾ ਕਰਨ ਦਾ ਵਾਅਦਾ ਪੂਰਾ ਕਰਨਾ ਤਕਰੀਬਨ ਨਾਮੁਮਕਿਨ ਹੈ। ਅਜਿਹੇ ਵਿੱਚ ਮੋਦੀ ਹਿੰਦੂਵਾਦ ਨੂੰ 2 ਹਜ਼ਾਰ ਦੇ ਨੋਟ ਦੀ ਤਰ੍ਹਾਂ ਸਾਹਮਣੇ ਲਿਆਉਣਗੇ ਜਾਂ ਨਹੀਂ, ਇਹ ਸਭ ਤੋਂ ਵੱਡਾ ਸਵਾਲ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)