ਹੁਣ ਐਪ ਨਾਲ ਪੜ੍ਹੋ 15 ਮਿੰਟ 'ਚ ਪੂਰੀ ਕਿਤਾਬ

ਅਮਰੀਕੀ ਰਾਸ਼ਟਰਪਤੀ ਥਿਓਡੋਰ ਰੂਜ਼ਵੇਲਟ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਇੱਕ ਦਿਨ ਵਿੱਚ ਕਈ ਕਿਤਾਬਾਂ ਪੜ੍ਹਦੇ ਸਨ। ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਵੀ ਕਿਹਾ ਹੈ ਕਿ ਉਹ ਹਰ ਰੋਜ਼ ਤਿੰਨ ਕਿਤਾਬਾਂ ਪੜ੍ਹਦੇ ਸਨ।

ਪਰ ਹਰ ਕੋਈ ਇੰਝ ਨਹੀਂ ਕਰ ਸਕਦਾ, ਕਿਉਂਕਿ ਕਈ ਵਾਰ ਕਿਤਾਬਾਂ ਇੰਨੀਆਂ ਲੰਬੀਆਂ ਹੁੰਦੀਆਂ ਹਨ ਕਿ ਇੱਕ ਵਾਰ ਵਿਚ ਖ਼ਤਮ ਕਰਨਾ ਮੁਸ਼ਕਲ ਹੋਂ ਜਾਂਦਾ ਹੈ। ਕਦੇ ਸਮਾਂ ਨਹੀਂ ਹੁੰਦਾ ਤਾਂ ਕਦੇ ਇਕਾਂਤ ਨਹੀਂ ਮਿਲਦੀ।

ਪਰ ਜਿੱਥੇ ਮਨੁੱਖ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ, ਉੱਥੇ ਹੀ ਤਕਨਾਲੋਜੀ ਮਦਦ ਲਈ ਅੱਗੇ ਆਉਂਦੀ ਹੈ।

ਤਕਨਾਲੋਜੀ ਨੇ ਅਜਿਹੇ ਐਪਸ ਪੈਦਾ ਕੀਤੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਮਹਿਜ 15 ਮਿੰਟ ਵਿਚ ਵੱਡੀ ਤੋਂ ਵੱਡੀ ਕਿਤਾਬ ਪੜ੍ਹ ਸਕਦੇ ਹੋ।

ਇੱਕ ਅਜਿਹੇ ਹੀ ਐਪ ਬਲਿੰਕਿਸਟ ਦੇ ਸਹਿ-ਸੰਸਥਾਪਕ ਨਿਕੋਲਸ ਜੈਨਸਨ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ , "ਜਦੋਂ ਅਸੀਂ ਕਾਲਜ ਖ਼ਤਮ ਕਰਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪੜ੍ਹਣ ਅਤੇ ਸਿੱਖਣ ਦਾ ਸਮਾਂ ਮਿਲਣਾ ਘੱਟ ਹੋ ਗਿਆ। ਉਸੇ ਸਮੇਂ, ਸਾਨੂੰ ਇਹ ਅਹਿਸਾਸ ਹੋਇਆ ਕਿ ਜ਼ਿਆਦਾਤਰ ਲੋਕ ਲੰਬਾ ਸਮਾਂ ਸਮਾਰਟ ਫੋਨਾਂ 'ਤੇ ਬਿਤਾਉਂਦੇ ਹਨ ਅਤੇ ਅਜਿਹੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਕਿਤਾਬਾਂ ਨੂੰ ਸੈਲਫੋਨ ਵਿਚ ਪਾ ਦਿੱਤਾ ਜਾਏ।"

ਇਥੋਂ ਹੀ ਬਲਿੰਕਿਸਟ ਦਾ ਫੁਰਨਾ ਫੁੱਟਿਆ। ਐਂਡਰੌਇਡ ਅਤੇ ਆਈਓਐਸ ਲਈ ਮੌਜੂਦ ਇਹ ਐੱਪ 18 ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡੀਆਂ ਗਈਆਂ 2000 ਤੋਂ ਵੱਧ ਕਿਤਾਬਾਂ ਨੂੰ ਸੰਖੇਪ ਵਿਚ ਪੇਸ਼ ਕਰਦੀ ਹੈ। ਜਿੰਨ੍ਹਾਂ ਨੂੰ 15 ਮਿੰਟ ਵਿਚ ਪੜ੍ਹਿਆ ਜਾ ਸਕਦਾ ਹੈ।

ਪਲਕ ਝਪਕਣ ਤੱਕ ਪੜ੍ਹੋ ਇੱਕ ਸਫ਼ਾ

ਇਸ ਨੂੰ ਬਰਲਿਨ ਵਿੱਚ ਸਾਲ 2012 ਵਿੱਚ ਬਣਾਇਆ ਗਿਆ ਸੀ ਅਤੇ ਸੰਸਾਰ ਭਰ ਵਿੱਚ 10 ਲੱਖ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਰਹੇ ਹਨ।

ਇਸ ਵਿੱਚ ਕਿਤਾਬਾਂ ਨੂੰ ਬਲਿੰਕਸ (ਪਲਕ ਝਪਕਣ ਅੰਤਰਾਲ ਵਿੱਚ ਲੱਗਣ ਵਾਲਾ ਸਮਾਂ) ਵਿੱਚ ਵੰਡਿਆ ਹੋਇਆ ਹੈ, ਯਾਨਿ ਕਿ ਪਲਕ ਝਪਕਣ ਤੱਕ ਇੱਕ ਸਫ਼ਾ ਪੜ੍ਹਿਆ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਕਾਰ ਜਾਂ ਬੱਸ ਵਿੱਚ ਹੋ ਤਾਂ ਤੁਸੀਂ ਸੁਣ ਵੀ ਸਕਦੇ ਹੋ।

ਹਾਲਾਂਕਿ, ਜੈਨਸਨ ਮੰਨਦੇ ਹਨ ਕਿ ਸਾਰੀਆਂ ਕਿਤਾਬਾਂ ਨੂੰ ਸੰਖ਼ੇਪ ਤੌਰ 'ਤੇ ਸਮੇਟਣਾ ਸੌਖਾ ਨਹੀਂ ਹੈ ਅਤੇ ਇਹ ਕਿਤਾਬਾਂ ਇਸ ਲਈ ਲਾਭਕਾਰੀ ਨਹੀਂ ਹਨ।

ਇਹ ਸਾਰੀਆਂ ਕਿਤਾਬਾਂ ਗਲਪ ਦੀਆਂ ਨਹੀਂ ਹਨ ਅਤੇ ਅੰਗਰੇਜ਼ੀ ਜਾਂ ਜਰਮਨ ਭਾਸ਼ਾ ਵਿੱਚ ਉਪਲੱਬਧ ਹਨ।

ਇਸੇ ਤਰ੍ਹਾਂ ਜੇਕਰ ਤੁਸੀਂ ਸਪੈਨਿਸ਼ ਵਿੱਚ ਕਿਤਾਬਾਂ ਪੜ੍ਹਨਾ ਚਾਹੁੰਦੇ ਹੋ ਤਾਂ ਉਸ ਲਈ ਸਾਲ 2016 'ਚ ਲੈਕਟੋਕਮਾਸ ਨਾਮਕ ਐਪ ਹੋਂਦ ਵਿੱਚ ਆਈ।

ਇਸ ਐਪ ਤੇ ਗ਼ੈਰ-ਗਲਪੀ ਕਿਤਾਬਾਂ ਨੂੰ 15 ਮਿੰਟ ਵਿੱਚ ਪੜ੍ਹਿਆ ਜਾ ਸਕਦਾ ਹੈ।

ਮਾਈਕ੍ਰੋ ਲਰਨਿੰਗ ਦਾ ਵਧ ਰਿਹਾ ਰੁਝਾਨ

ਕੰਪਨੀ ਦੇ ਸੀਈਓ ਰਾਮੀਰੋ ਫਰਨਾਂਡੇਜ਼ ਅਨੁਸਾਰ, "ਜੇਕਰ ਕੋਈ ਕਿਤਾਬ ਪੜ੍ਹਨਾ ਚਾਹੁੰਦਾ ਹੈ ਪਰ ਸਮੇਂ ਦੀ ਘਾਟ ਕਾਰਨ ਅਜਿਹਾ ਨਹੀਂ ਕਰ ਸਕਦਾ ਤਾਂ ਸਾਡਾ ਐਪ ਉਸ ਲਈ ਲਾਭਕਾਰੀ ਸਾਬਤ ਹੋਵੇਗਾ।"

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਐਪ ਉਨ੍ਹਾਂ ਲੋਕਾਂ ਲਈ ਵੀ ਮਦਦਗਾਰ ਹੈ, ਜੋ ਤੈਅ ਨਹੀਂ ਕਰ ਸਕਦੇ ਕਿ ਸਾਰੀ ਕਿਤਾਬ ਪੜ੍ਹਨੀ ਚਾਹੀਦਾ ਹੈ ਜਾਂ ਨਹੀਂ।

ਅਲੋਚਨਾ ਵੀ ਹੁੰਦੀ ਹੈ

ਜਿੱਥੇ ਵਕਤ ਦੀ ਘਾਟ 'ਚ ਲੋਕਾਂ ਲਈ ਮਦਦਗਾਰ ਹੈ, ਉੱਥੇ ਹੀ ਇਸ ਵਿੱਚ ਕੁਝ ਖ਼ਾਮੀਆਂ ਵੀ ਹਨ।

ਪਹਿਲੀ ਗੱਲ ਤਾਂ ਇਹ ਹੈ ਕਿ ਸਾਰ ਨੂੰ ਪੜ੍ਹਨਾ ਅਤੇ ਪੂਰੀ ਕਿਤਾਬ ਨੂੰ ਪੜ੍ਹਨਾ ਇਸ ਦੀ ਆਪਸੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਘੱਟ ਸਮਝਦਾਰ ਅਤੇ ਆਲਸੀ ਸਮਾਜ ਬਣੇਗਾ ਅਤੇ ਨਾਲ ਹੀ ਤਕਨਾਲੋਜੀ 'ਤੇ ਨਿਰਭਰਤਾ ਹੋਰ ਵੱਧ ਜਾਵੇਗੀ।

ਹਾਲਾਂਕਿ, ਐਪ ਬਲਿੰਕਿਸਟ ਦੇ ਸਹਿ-ਸੰਸਥਾਪਕ ਹੋਲਗਰ ਸੀਮ ਇਨ੍ਹਾਂ ਗੱਲਾਂ 'ਤੇ ਜ਼ਿਆਦਾ ਤਵੱਜੋ ਨਹੀਂ ਦਿੰਦੇ।

ਉਨ੍ਹਾਂ ਦਾ ਮੰਨਣਾ ਹੈ ਕਿ, "ਅਸੀਂ ਪੂਰੀ ਕਿਤਾਬ ਨੂੰ ਪੜ੍ਹਨ ਦੇ ਅਭਿਆਸ ਦਾ ਅੰਤ ਨਹੀਂ ਕਰ ਸਕਦੇ, ਅਸੀਂ ਤਾਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਗੱਲਾਂ ਅਤੇ ਮੁੱਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿੰਨ੍ਹਾਂ ਦਾ ਆਮ ਤੌਰ 'ਤੇ ਉਨ੍ਹਾਂ ਨੂੰ ਪਤਾ ਨਹੀਂ ਲਗਦਾ।"