You’re viewing a text-only version of this website that uses less data. View the main version of the website including all images and videos.
ਨਾਬਾਲਗ ਪਤਨੀ ਨਾਲ ਸਰੀਰਕ ਸਬੰਧ 'ਤੇ ਫੈ਼ਸਲੇ ਨਾਲ ਕੀ ਬਦਲੇਗਾ?
ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਫ਼ੈਸਲੇ ਮੁਤਾਬਕ 18 ਸਾਲ ਤੋਂ ਘੱਟ ਉਮਰ ਦੀ ਪਤਨੀ ਨਾਲ ਸਰੀਰਕ ਸਬੰਧ ਬਲਾਤਕਾਰ ਮੰਨਿਆ ਜਾਵੇਗਾ।
ਕੋਰਟ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੀ ਪਤਨੀ ਇੱਕ ਸਾਲ ਦੇ ਅੰਦਰ ਸ਼ਿਕਾਇਤ ਦਰਜ ਕਰਵਾ ਸਕਦੀ ਹੈ।
ਕੀ ਹਨ ਇਸ ਫ਼ੈਸਲੇ ਦੇ ਮਾਇਨੇ
ਸੁਪਰੀਮ ਕੋਰਟ ਵਿੱਚ ਇਹ ਅਰਜ਼ੀ 'ਇੰਡਿਪੈਂਡਟ ਥੌਟ' ਨਾਮ ਦੀ ਜਥੇਬੰਦੀ ਨੇ ਦਰਜ ਕੀਤੀ ਸੀ। ਇਹ ਸੰਸਥਾ ਬੱਚਿਆਂ ਨੂੰ ਅਧਿਕਾਰਾਂ ਨਾਲ ਜੋੜਨ ਦੇ ਮਾਮਲੇ 'ਤੇ ਕੰਮ ਕਰਦੀ ਹੈ। 2013 ਵਿੱਚ ਇਹ ਮਾਮਲਾ ਕੋਰਟ ਪੁੱਜਿਆ ਸੀ।
'ਇੰਡਿਪੈਂਡਟ ਥੌਟ' ਦੇ ਵਕੀਲ ਹਿਰਦੇ ਪ੍ਰਤਾਪ ਨੇ ਬੀਬੀਸੀ ਨੂੰ ਦੱਸਿਆ,'' ਫ਼ੈਸਲੇ ਮੁਤਾਬਕ 18 ਸਾਲ ਤੱਕ ਦੀ ਕੁੜੀ ਵਿਆਹ ਤੋਂ ਇੱਕ ਸਾਲ ਬਾਅਦ ਤੱਕ ਸਰੀਰਕ ਸਬੰਧ ਖ਼ਿਲਾਫ਼ ਸ਼ਿਕਾਇਤ ਦਰਜ ਕਰਾ ਸਕਦੀ ਹੈ। ਜਿਸਨੂੰ ਬਲਾਤਕਾਰ ਮੰਨਿਆ ਜਾਵੇਗਾ। ਪਹਿਲੇ ਕਾਨੂੰਨ ਵਿੱਚ ਉਮਰ ਹੱਦ 15 ਸਾਲ ਤੱਕ ਸੀ।''
ਪਹਿਲਾਂ ਸਥਿਤੀ ਕੀ ਸੀ
ਆਈਪਸੀ ਦੀ ਧਾਰਾ 375 ਸੈਕਸ਼ਨ 2 ਦੇ ਤਹਿਤ ਬਲਾਤਕਾਰ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ। ਇਸਦੇ ਮੁਤਾਬਕ 15 ਤੋਂ 18 ਸਾਲ ਦੀ ਪਤਨੀ ਨਾਲ ਸਰੀਰਕ ਸਬੰਧ ਨੂੰ ਰੇਪ ਦੀ ਪਰਿਭਾਸ਼ਾ ਤੋਂ ਬਾਹਰ ਰੱਖਿਆ ਗਿਆ ਸੀ।
'ਇੰਡਿਪੈਂਡਟ ਥੌਟ' ਦੇ ਵਕੀਲ ਮੁਤਾਬਕ,'' ਪੂਰੇ ਮਾਮਲੇ ਨੂੰ ਕੋਰਟ ਇਸ ਲਈ ਲਿਜਾਇਆ ਗਿਆ ਕਿਉਂਕਿ ਦੇਸ਼ ਦੇ ਵੱਖ-ਵੱਖ ਕਾਨੂੰਨ ਵਿੱਚ ਬੱਚੀ ਨੂੰ ਵੱਖ-ਵੱਖ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ ਗਿਆ ਹੈ।''
ਬਾਲ ਸਰੀਰਕ ਸ਼ੋਸ਼ਣ 'ਤੇ ਦੇਸ਼ ਵਿੱਚ ਪੋਕਸੋ ਕਾਨੂੰਨ ਹੈ।
ਪੋਕਸੋ ਦਾ ਮਤਲਬ ਹੈ ਪ੍ਰੋਟੈਕਸ਼ਨ ਆਫ ਚਿਲਡਨ ਫਰੋਮ ਸੈਕਸੁਅਲ ਔਫ਼ੈਂਸ।
ਇਸ ਕਾਨੂੰਨ ਦੇ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਸਰੀਰਕ ਸਬੰਧ ਕਾਨੂੰਨੀ ਦਾਇਰੇ ਵਿਚ ਆਉਂਦਾ ਹੈ।
ਪੋਕਸੋ ਕਾਨੂੰਨ ਵਿੱਚ ਕਿਸ਼ੋਰੀ ਨੂੰ ਪ੍ਰਭਾਸ਼ਿਤ ਕਰਦੇ ਹੋਏ ਉਸਦੀ ਉਮਰ 18 ਸਾਲ ਦੱਸੀ ਗਈ ਹੈ। ਉਸੀ ਤਰ੍ਹਾਂ ਨਾਲ ਜੁਵਨਾਇਲ ਜਸਟਿਸ ਐਕਟ ਵਿੱਚ ਵੀ ਕਿਸ਼ੋਰ-ਕਿਸ਼ੋਰੀਆਂ ਦੀ ਪਰਿਭਾਸ਼ਾ ਵੀ 18 ਸਾਲ ਹੀ ਦੱਸੀ ਗਈ ਹੈ।
ਸਿਰਫ਼ ਆਈਪੀਸੀ ਦੀ ਧਾਰਾ 375 ਸੈਕਸ਼ਨ 2 ਵਿੱਚ ਹੀ ਕਿਸ਼ੋਰੀ ਦੀ ਪਰਿਭਾਸ਼ਾ ਵੱਖਰੀ ਸੀ।
ਇਨ੍ਹਾਂ ਤਮਾਮ ਗੱਲਾਂ ਵਿਚਾਲੇ ਬੱਚੀ ਨਾਲ ਜੁੜੇ ਸਾਰੇ ਕਾਨੂੰਨ ਵਿੱਚ ਇੱਕਰੂਪਤਾ ਲਿਆਉਣ ਲਈ 'ਇੰਡਿਪੈਂਡਟ ਥੌਟ' ਨੇ ਸੁਪਰੀਮ ਕੋਰਟ ਵਿੱਚ ਇਹ ਅਰਜ਼ੀ ਲਗਾਈ ਸੀ।
ਨਾਬਾਲਗ ਕੁੜੀਆਂ ਦੇ ਵਿਆਹ ਵਿੱਚ 20 ਫ਼ੀਸਦ ਕਟੌਤੀ
ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਹੈ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਦਾ ਅਧਿਕਾਰ ਕਿਸਨੂੰ ਹੋਵੇਗਾ।
'ਇੰਡਿਪੈਂਡਟ ਥੌਟ' ਦੇ ਵਕੀਲ ਹਿਰਦੇ ਪ੍ਰਤਾਪ ਸਿੰਘ ਦੇ ਮੁਤਾਬਕ ,'' ਹੁਣ ਤੱਕ ਇਹ ਸਾਫ ਨਹੀਂ ਹੈ ਕਿ ਅਜਿਹੀ ਸਥਿਤੀ ਵਿੱਚ ਸ਼ਿਕਾਇਤ ਦਾ ਅਧਿਕਾਰ ਕਿਸ ਕਿਸਨੂੰ ਹੋਵੇਗਾ। ਇਸ ਫ਼ੈਸਲੇ ਦੀ ਕਾਪੀ ਆਉਣ ਤੋਂ ਬਾਅਦ ਇਸ ਬਾਰੇ ਜ਼ਿਆਦਾ ਪਤਾ ਲੱਗ ਸਕੇਗਾ।
ਦੇਸ਼ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਕੁੜੀਆਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿੱਚ ਕਰ ਦਿੱਤਾ ਜਾਂਦਾ ਹੈ।
2016 ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਮੁਤਾਬਕ ਦੇਸ਼ ਵਿੱਚ ਕਰੀਬ 27 ਫ਼ੀਸਦ ਕੁੜੀਆਂ ਦਾ 18 ਸਾਲ ਦੀ ਉਮਰ ਤੋਂ ਪਹਿਲਾ ਹੀ ਵਿਆਹ ਹੋ ਜਾਂਦਾ ਹੈ।
2005 ਦੇ ਨੈਸ਼ਨਲ ਫੈਮਿਲੀ ਸਰਵੇ ਵਿੱਚ ਇਹ ਅੰਕੜਾ ਤਕਰੀਬਨ 47 ਫ਼ੀਸਦ ਸੀ।
ਪਿਛਲੇ ਇੱਕ ਦਹਾਕੇ ਵਿੱਚ 18 ਸਾਲ ਦੀ ਉਮਰ ਦੀਆਂ ਕੁੜੀਆਂ ਦੇ ਵਿਆਹ ਵਿੱਚ 20 ਫ਼ੀਸਦ ਕਟੌਤੀ ਹੋਈ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)