You’re viewing a text-only version of this website that uses less data. View the main version of the website including all images and videos.
ਨਜ਼ਰੀਆ: ਤਾਜ ਮਹਿਲ ਦੇ ਨਾਲ-ਨਾਲ ਹੋਰ ਕੀ-ਕੀ ਛੱਡਣਗੇ ਭਾਜਪਾਈ
- ਲੇਖਕ, ਜ਼ੂਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਤਾਜ ਮਹਿਲ ਤੋਂ ਇੰਨੀ ਨਫ਼ਰਤ ਕਿਉਂ ਹੈ? ਤਾਜ ਮਹਿਲ ਤਾਂ 'ਰੋਮਾਂਸ' ਦਾ ਇੱਕ ਸਮਾਰਕ ਮੰਨਿਆ ਜਾਂਦਾ ਹੈ।
ਕੀ ਭਾਜਪਾ ਨੇਤਾ 'ਐਂਟੀ-ਰੋਮਾਂਸ' ਹਨ? ਕੀ ਸ਼ਾਹ ਜਹਾਂ ਦਾ ਆਪਣੀ ਪਤਨੀ ਮੁਮਤਾਜ਼ ਮਹਿਲ ਨਾਲ ਪਿਆਰ ਦੇਸ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ?
ਪੂਰੀ ਦੁਨੀਆਂ ਤੋਂ ਹਰ ਸਾਲ ਦੋ ਲੱਖ ਅਤੇ ਪੂਰੇ ਦੇਸ ਤੋਂ 40 ਲੱਖ ਸੈਲਾਨੀ ਇਸ ਯਾਦਗਾਰ ਨੂੰ ਦੇਖਣ ਆਉਂਦੇ ਹਨ।
ਨਵੇਂ ਵਿਆਹੇ ਜੋੜੇ ਸਮਾਰਕ ਨਾਲ ਜੁੜੇ 'ਰੋਮਾਂਸ' ਨੂੰ ਮਹਿਸੂਸ ਕਰਦੇ ਹਨ।
ਇਸ ਵਿਰਾਸਤ ਦੀ ਸੁੰਦਰਤਾ 'ਤੇ ਟਿੱਪਣੀ ਕਰਦੇ ਹੋਏ ਰਬਿੰਦਰ ਨਾਥ ਟੈਗੋਰ ਨੇ ਕਿਹਾ ਸੀ ਇਹ 'ਵਕਤ ਦੇ ਗਲ੍ਹ 'ਤੇ ਵਹਿੰਦੇ ਹੰਝੂਆਂ ਵਾਂਗ ਹੈ'।
ਸਮਾਰਕ ਦੇ 1648 ਵਿੱਚ ਬਣਨ ਤੋਂ ਬਾਅਦ ਤੋਂ ਹੀ ਇਸਦੀ ਗੱਲ ਹਰ ਪਾਸੇ ਹੋਣ ਲੱਗੀ।
ਤਾਜ ਮਹਿਲ ਹਰ ਵਕਤ 'ਚ ਮਸ਼ਹੂਰ
ਔਰੰਗਜ਼ੇਬ ਦੇ ਬਾਦਸ਼ਾਹ ਬਣਨ ਤੋਂ ਕੁਝ ਸਾਲ ਪਹਿਲਾਂ ਅਤੇ ਕੁਝ ਸਾਲ ਬਾਅਦ ਤੱਕ ਭਾਰਤ ਦੀ ਯਾਤਰਾ 'ਤੇ ਆਏ ਇੱਕ ਫਰਾਂਸਿਸ ਯਾਤਰੀ ਫਰਾਂਸਵਾ ਬਰਨਿਅਰ ਨੇ ਇਸ ਇਮਾਰਤ ਦੀ ਵੱਧਦੀ ਸ਼ੋਹਰਤ ਦਾ ਜ਼ਿਕਰ ਕੀਤਾ ਸੀ।
ਜਦੋਂ ਉਸਨੇ ਆਗਰਾ ਪਹੁੰਚ ਕੇ ਇਸ ਯਾਦਗਾਰ ਨੂੰ ਆਪਣੀ ਅੱਖਾਂ ਨਾਲ ਦੇਖਿਆ ਤਾਂ ਹੈਰਾਨ ਰਹਿ ਗਿਆ।
ਬ੍ਰਿਟੇਨ ਦੀ ਲੇਡੀ ਡਾਇਨਾ ਦੀ ਤਾਜ ਮਹਿਲ ਵਿੱਚ ਲਈ ਗਈ ਤਸਵੀਰ ਕਾਫ਼ੀ ਮਸ਼ਹੂਰ ਹੋਈ ਸੀ।
ਯੂ.ਐੱਨ ਦੇ ਯੁਨੈਸਕੋ ਜ਼ਰੀਏ ਵਰਲਡ ਹੈਰੀਟੇਜ ਸਾਈਟ ਵਿੱਚ ਸ਼ਾਮਿਲ ਕੀਤੇ ਗਏ ਤਾਜ ਮਹਿਲ ਅਤੇ ਭਾਰਤ ਦੇ ਨਾਂ ਇੱਕ ਹੀ ਸਾਹ ਵਿੱਚ ਲਏ ਜਾਂਦੇ ਹਨ।
ਤਾਜ ਮਹਿਲ ਇੱਕ ਵਾਰ ਫ਼ਿਰ ਸੁਰਖ਼ੀਆਂ ਵਿੱਚ ਹੈ। ਤਾਜ ਮਹਿਲ ਦਾ ਜ਼ਿਕਰ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੰਗੀਤ ਸੋਮ ਨੇ ਇਸ ਨੂੰ 'ਭਾਰਤੀ ਸੱਭਿਆਚਾਰ 'ਤੇ ਧੱਬਾ' ਦੱਸਦੇ ਹੋਏ ਇਸਦੀ ਉਸਾਰੀ ਕਰਨ ਵਾਲੇ ਮੁਗਲ ਬਾਦਸ਼ਾਹ ਨੂੰ 'ਗਦਾਰ' ਕਿਹਾ।
ਇਤਿਹਾਸ ਨੂੰ ਬਦਲਣ ਦਾ ਦਾਅਵਾ
ਇਸ ਮਹੀਨੇ ਦੇ ਸ਼ੁਰੂ ਵਿੱਚ ਉੱਤਰ ਪ੍ਰਦੇਸ ਦੀ ਭਾਜਪਾ ਸਰਕਾਰ ਦੇ ਸੈਰ ਸਪਾਟੇ ਮਹਿਕਮੇ ਦੀ ਇੱਕ ਬੁਕਲੇਟ ਵਿੱਚ ਤਾਜ ਮਹਿਲ ਨੂੰ ਸ਼ਾਮਲ ਨਾ ਕੀਤੇ ਜਾਣ 'ਤੇ ਬਹਿਸ ਦੇਖਣ ਨੂੰ ਮਿਲੀ ਸੀ।
ਇਸ 'ਤੇ ਮੇਰਠ ਸ਼ਹਿਰ ਵਿੱਚ ਬੋਲਦੇ ਹੋਏ ਸੰਗੀਤ ਸੋਮ ਨੇ ਕਿਹਾ, "ਬਹੁਤੇ ਲੋਕ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਤਾਜ ਮਹਿਲ ਨੂੰ ਯੂ.ਪੀ ਦੇ ਸੈਰ ਸਪਾਟੇ ਮਹਿਕਮੇ ਦੀ ਬੁਕਲੇਟ ਦੀ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਹੈ। ਕਿਹੜੇ ਇਤਿਹਾਸ ਦੀ ਗੱਲ ਕਰ ਰਹੇ ਹਾਂ ਅਸੀਂ?''
ਉਨ੍ਹਾਂ ਨੇ ਅੱਗੇ ਕਿਹਾ, "ਜਿਸ ਸ਼ਖਸ ਨੇ ਤਾਜ ਮਹਿਲ ਬਣਵਾਇਆ ਸੀ ਉਸਨੇ ਆਪਣੇ ਪਿਤਾ ਨੂੰ ਕੈਦ ਕਰ ਲਿਆ।''
"ਉਹ ਹਿੰਦੂਆਂ ਦਾ ਕਤਲੇਆਮ ਕਰਨਾ ਚਾਹੁੰਦਾ ਸੀ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਇਸ ਇਤਿਹਾਸ ਨੂੰ ਬਦਲ ਦੇਣਗੇ।
ਯੂ.ਪੀ ਸਰਕਾਰ ਵੱਲੋਂ ਤਾਜ ਮਹਿਲ ਦੇ ਨਾਲ ਮਤਰਿਆ ਵਤੀਰਾ ਕਰਨ 'ਤੇ ਕਾਫ਼ੀ ਹੰਗਾਮਾ ਹੋਇਆ।
ਬਾਅਦ ਵਿੱਚ ਸੂਬੇ ਦੇ ਸੈਰ ਸਪਾਟਾ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਨੇ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ, "ਤਾਜ ਮਹਿਲ ਸਾਡੇ ਸੱਭਿਆਚਾਰ ਦਾ ਹਿੱਸਾ ਹੈ।''
''ਜੋ ਦੁਨੀਆਂ ਦੇ ਸਭ ਤੋਂ ਮਸ਼ਹੂਰ ਸੈਰ ਸਪਾਟੇ ਦੀਆਂ ਥਾਵਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।''
ਸੰਗੀਤ ਸੋਮ ਦੇ ਬਿਆਨ ਤੋਂ ਬਾਅਦ ਹੁਣ ਬੀਜੇਪੀ ਨੇ ਸਫ਼ਾਈ ਦੇ ਤੌਰ 'ਤੇ ਕਿਹਾ ਕਿ ਸੋਮ ਦੇ ਨਿੱਜੀ ਵਿਚਾਰ ਸੀ।
ਸੋਸ਼ਲ ਮੀਡੀਆ 'ਤੇ ਬਹਿਸ
ਪਰ ਸੋਸ਼ਲ ਮੀਡੀਆ 'ਤੇ ਇਸ ਬਿਆਨ ਨੂੰ ਲੈ ਕੇ ਕਾਫ਼ੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਦੂਜੇ ਕਈ ਲੋਕਾਂ ਨੇ ਚੁਟਕੀ ਲੈਂਦੇ ਹੋਏ ਪੁੱਛਿਆ, "ਕੀ ਹੁਣ ਲਾਲ ਕਿਲੇ ਤੋਂ 15 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਭਾਸ਼ਣ ਨਹੀਂ ਹੋਣਗੇ? ਲਾਲ ਕਿਲਾ ਵੀ ਸ਼ਾਹ ਜਹਾਂ ਨੇ ਬਣਵਾਇਆ ਸੀ।''
ਮੁਸਲਮਾਨ ਨੇਤਾ ਅਸਦ-ਉਦ-ਦੀਨ ਓਵੇਸੀ ਨੇ ਟਵੀਟਰ 'ਤੇ ਸਵਾਲ ਕੀਤਾ, "ਲਾਲ ਕਿਲਾ ਵੀ ਗਦਾਰ ਨੇ ਬਣਾਵਾਇਆ ਸੀ ਤਾਂ ਕੀ ਪ੍ਰਧਾਨ ਮੰਤਰੀ ਹੁਣ ਇੱਥੋਂ ਤਿਰੰਗਾ ਨਹੀਂ ਲਹਿਰਾਉਣਗੇ?''
ਪਰ ਕਈ ਸਿਆਸੀ ਮਾਹਿਰਾਂ ਦੇ ਵਿਚਾਰ ਵਿੱਚ ਤਾਜ ਮਹਿਲ ਦੇ ਖ਼ਿਲਾਫ਼ ਬਿਆਨ ਸਿਆਸਤ ਤੋਂ ਵੱਧ ਕੁਝ ਨਹੀਂ।
ਉਨ੍ਹਾਂ ਦੇ ਮੁਤਾਬਕ ਮਾਲੀ ਵਿਕਾਸ ਰੁਕਣ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੰ ਭੜਕਾਉਣ ਨਾਲ ਪਾਰਟੀ ਨੂੰ ਲੱਗਦਾ ਹੈ ਕਿ ਗੁਜਰਾਤ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਫਾਇਦਾ ਹੋਵੇਗਾ।
ਤਾਜ ਮਹਿਲ ਤੋਂ ਬੀਜੇਪੀ ਆਗੂਆਂ ਨੂੰ ਨਫ਼ਰਤ ਹੋਏ ਜਾਂ ਨਾ ਹੋਏ, ਇਹ ਹੁਣ ਰਾਜ਼ ਦੀ ਗੱਲ ਨਹੀਂ ਕਿ ਉਹ ਮੁਗਲ ਕਾਲ ਨੂੰ ਦੇਸ ਦੇ ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣਾ ਚਾਹੁੰਦੇ ਹਨ।
ਤਾਜ ਮਹਿਲ ਇਸ ਇਤਿਹਾਸ ਦਾ ਇੱਕ ਅਹਿਮ ਹਿੱਸਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)