ਸੋਸ਼ਲ: ਜੌਹਲ ਪਰਿਵਾਰ ਨੇ ਐੱਮਪੀ ਤਨ ਢੇਸੀ ਨੂੰ ਕਿਉਂ ਦਿੱਤੀ 'ਕਲੀਨ ਚਿੱਟ'?

ਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਦੇ ਮਸਲੇ ਨੂੰ ਲੈ ਕੇ ਬ੍ਰਿਟਿਸ਼ ਸਾਂਸਦ ਤਨਮਨਜੀਤ ਸਿੰਘ ਢੇਸੀ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਦਾ ਸਾਹਮਣਾ ਕਰਨਾ ਪਿਆ ਹੈ।

ਬ੍ਰਿਟੇਨ ਦੇ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰਦਿਆਂ ਗੁਰ ਸਿੰਘ ਨਾਂ ਦੇ ਸ਼ਖਸ ਨੇ ਉਨ੍ਹਾਂ ਨੂੰ 'ਨਕਲੀ ਸਿੱਖ' ਕਿਹਾ ਹੈ।

ਇਸ ਸਬੰਧੀ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਫੇਸਬੁੱਕ ਪੇਜ 'ਤੇ ਗੁਰ ਸਿੰਘ ਵੱਲੋਂ ਭੇਜੇ ਗਏ ਫੇਸਬੁੱਕ ਮੈਸੇਜ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਤੇ ਆਪਣੀ ਗੱਲ ਰੱਖੀ ਹੈ।

4 ਨਵੰਬਰ ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਲਜ਼ਾਮ ਲਾਏ ਸੀ ਕਿ ਪੰਜਾਬ ਵਿੱਚ ਹੋਏ ਸਿਆਸੀ ਕਤਲਾਂ ਲਈ ਪੈਸਾ ਜਗਤਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।

'ਮੈਂ ਸਾਰੇ ਮੁੱਦੇ ਚੁੱਕਣੇ ਹਨ'

ਗੁਰ ਸਿੰਘ ਨੇ ਆਪਣੇ ਮੈਸੇਜ ਵਿੱਚ ਲਿਖਿਆ ਸੀ, "ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਪੰਜਾਬ ਵਿੱਚ ਤਸ਼ਦੱਦ ਦਾ ਸਾਹਮਣਾ ਕਰਨਾ ਪਿਆ ਤੇ ਤੁਹਾਨੂੰ ਰੇਲ ਦੀ ਚਿੰਤਾ ਹੈ।''

ਸਾਂਸਦ ਢੇਸੀ ਨੇ ਉਨ੍ਹਾਂ 'ਤੇ ਹੋਈ ਇਸ ਟਿੱਪਣੀ 'ਤੇ ਕਿਹਾ "ਮੈਂ ਸਿਰਫ ਇਕ ਸਿੱਖ ਐਮ ਪੀ/ਪ੍ਰਤੀਨਿਧ ਨਹੀਂ ਹਾਂ ਜਿਹੜਾ ਸਿਰਫ਼ ਸਿੱਖ ਮੁੱਦਿਆਂ 'ਤੇ ਗੱਲ ਕਰਦਾ ਹੈ।"

ਤਨ ਢੇਸੀ ਨੇ ਅੱਗੇ ਕਿਹਾ, "ਜੋ ਲੋਕ ਇਲਜ਼ਾਮ ਲਾ ਰਹੇ ਹਨ ਉਨ੍ਹਾਂ ਨੂੰ ਪਾਰਲੀਮੈਂਟ ਦੇ ਪ੍ਰੋਟੋਕੋਲ ਅਤੇ ਹੋਰ ਪ੍ਰਕਿਰਿਆ ਬਾਰੇ ਜਾਣਕਾਰੀ ਨਹੀਂ ਹੈ। ਜਗਤਾਰ ਦੇ ਸਥਾਨਕ ਐੱਮਪੀ ਵੱਲੋਂ ਪਾਰਲੀਮੈਂਟ ਵਿੱਚ ਸਵਾਲ ਚੁੱਕਿਆ ਹੈ ਅਤੇ ਉਹੀ ਇੱਕ ਜਾਇਜ਼ ਤਰੀਕਾ ਹੈ।''

ਫੇਸਬੁੱਕ 'ਤੇ ਢੇਸੀ ਵੱਲੋਂ ਪਾਈ ਪੋਸਟ 'ਤੇ ਬਲਜੀਤ ਸਿੰਘ ਲਿਖਦੇ ਹਨ, "ਜਦੋਂ ਤੁਹਾਡੇ ਵਰਗੇ ਲੋਕ ਆਪਣੇ ਸਿਆਸੀ ਅਹੁਦਿਆਂ ਨੂੰ ਪ੍ਰਾਪਤ ਕਰਨ ਲਈ ਸਿੱਖ ਭਾਈਚਾਰੇ ਵੱਲ ਝੁਕਾਅ ਰੱਖਦੇ ਹੋਣ ਤਾਂ ਅਜਿਹੇ 'ਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਿਆਸਤਦਾਨ ਉਨ੍ਹਾਂ ਦੀ ਅਵਾਜ਼ ਬਣਨਗੇ।''

ਬਲਜੀਤ ਦੀ ਇਸ ਟਿੱਪਣੀ 'ਤੇ ਤਾਰਾ ਸੰਘੇੜਾ ਤੂਰ ਲਿਖਦੇ ਹਨ, "ਅਸੀਂ ਜਗਤਾਰ ਦੀ ਮੁਹਿੰਮ ਦੇ ਪਿੱਛੇ ਹਾਂ ਪਰ ਇਸ ਤਰ੍ਹਾਂ ਦੇ ਵਿਹਾਰ ਸ਼ਰਮਨਾਕ ਹਨ। ਸਾਡੀ ਏਕਤਾ ਕਿੱਥੇ ਹੈ?''

ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਨਵੰਬਰ ਨੂੰ ਤਨ ਢੇਸੀ ਨੇ ਟਵਿੱਟਰ 'ਤੇ ਜਗਤਾਰ ਜੌਹਲ ਦੇ ਮਸਲੇ ਸਬੰਧੀ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ।

ਤਨਮਨਜੀਤ ਸਿੰਘ ਢੇਸੀ ਨੇ ਵੀ ਟਵੀਟ ਕੀਤਾ ਸੀ ਕਿ ਜਗਤਾਰ ਸਿੰਘ ਜੌਹਲ ਦੇ ਕਨੂੰਨੀ ਸਲਾਹਕਾਰ ਵੱਲੋਂ ਪਤਾ ਲੱਗਣਾ ਨਿਰਾਸ਼ਾਜਨਕ ਹੈ ਕਿ @UKinIndia ਦੇ ਪ੍ਰਤੀਨਿਧੀ ਅਦਾਲਤ ਵਿੱਚ ਸੁਣਵਾਈ ਵਿੱਚ ਹਿੱਸਾ ਲੈਣ ਵਿੱਚ ਅਸਫ਼ਲ ਹੋਏ ਹਨ।

ਉਨ੍ਹਾਂ ਕਿਹਾ ਸੀ, "ਚੰਡੀਗੜ੍ਹ ਵਿੱਚ ਡਿਪਟੀ ਹਾਈ ਕਮਿਸ਼ਨਰ ਐਂਡਰਯੂਏਅਰ ਨੂੰ ਬੇਨਤੀ ਕਰਦਾ ਹਾਂ ਕਿ ਬ੍ਰਿਟਿਸ਼ ਨਾਗਰਿਕ ਦੀ ਸਲਾਮਤੀ ਦਾ ਧਿਆਨ ਰਖਣ।''

ਏਕਤਾ ਦੀ ਅਪੀਲ

ਜਗਤਾਰ ਸਿੰਘ ਜੌਹਲ ਦੇ ਪਰਿਵਾਰ ਵੱਲੋਂ ਤਨਮਨਜੀਤ ਸਿੰਘ ਢੇਸੀ ਦੇ ਬਚਾਅ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਸ਼ਬਦੀ ਹਮਲਿਆਂ ਤੋਂ ਬੱਚਿਆ ਜਾਏ ਤੇ ਪੂਰਾ ਧਿਆਨ ਜਗਤਾਰ ਦੀ ਰਿਹਾਈ ਵਿੱਚ ਲਗਾਇਆ ਜਾਏ।

ਜਗਤਾਰ ਜੌਹਲ ਦੇ ਪਰਿਵਾਰ ਦੇ ਇਸ ਬਿਆਨ ਤੋਂ ਬਾਅਦ ਐੱਮਪੀ ਤਨ ਢੇਸੀ ਨੇ ਟਵੀਟ ਜ਼ਰੀਏ ਜੌਹਲ ਦੇ ਪਰਿਵਾਰ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਲਿਖਿਆ ਹੈ, "ਮੈਂ ਜਗਤਾਰ ਸਿੰਘ ਜੌਹਲ ਹੋਰਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਅਤੇ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਨ੍ਹਾਂ ਇੱਕ ਬਿਆਨ ਜਾਰੀ ਕਰਦਿਆਂ ਇਸ ਸਬੰਧੀ ਸਭ ਨੂੰ ਮੁਹਿੰਮ ਲਈ ਏਕਤਾ ਅਤੇ ਸਕਰਾਤਮਕ ਤਰੀਕੇ ਨਾਲ ਕੰਮ ਕਰਨ ਲਈ ਕਿਹਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)