ਸੈਕਸ ਵੀਡੀਓ ਸਕੈਂਡਲ ਨੇ ਹਿਲਾ ਕੇ ਰੱਖ ਦਿੱਤਾ ਇਹ ਅਫਰੀਕੀ ਦੇਸ਼, ਪਰ ਕੀ ਇਹ ਸੱਤਾ ਹਾਸਲ ਕਰਨ ਦੀ ਖੇਡ ਹੈ?

    • ਲੇਖਕ, ਈਨੇਸ ਸਿਲਵਾ ਅਤੇ ਡੇਮੀਅਨ ਜ਼ੇਨ
    • ਰੋਲ, ਬੀਬੀਸੀ ਨਿਊਜ਼

ਮੱਧ ਅਫ਼ਰੀਕਾ ਦਾ ਦੇਸ਼ ਇਕਵੇਟੋਰੀਅਲ ਗਿਨੀ ਚਰਚਾ ਵਿੱਚ ਹੈ।

ਇਸ ਦਾ ਕਾਰਨ ਦੇਸ਼ ਦਾ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਹੈ, ਜਿਸ ਦੀਆਂ 150 ਤੋਂ 400 ਵੀਡੀਓਜ਼ ਪਿਛਲੇ 15 ਦਿਨਾਂ 'ਚ ਸੋਸ਼ਲ ਮੀਡੀਆ 'ਤੇ ਲੀਕ ਹੋ ਚੁੱਕੀਆਂ ਹਨ।

ਇਨ੍ਹਾਂ ਵੀਡੀਓਜ਼ 'ਚ ਸੀਨੀਅਰ ਸਰਕਾਰੀ ਕਰਮਚਾਰੀ ਆਪਣੇ ਦਫਤਰਾਂ ਅਤੇ ਹੋਰ ਥਾਵਾਂ 'ਤੇ ਵੱਖ-ਵੱਖ ਔਰਤਾਂ ਨਾਲ ਇਤਰਾਜ਼ਯੋਗ ਹਾਲਾਤ 'ਚ ਨਜ਼ਰ ਆ ਰਹੇ ਹਨ।

ਇੱਕ ਤੋਂ ਬਾਅਦ ਇੱਕ ਸੋਸ਼ਲ ਮੀਡੀਆ 'ਤੇ ਇੰਨੀਆਂ ਅਸ਼ਲੀਲ ਵੀਡੀਓਜ਼ ਦੇ ਲੀਕ ਹੋਣ ਦੇ ਮਾਮਲੇ ਨੂੰ ਦੁਨੀਆ ਸੈਕਸ ਸਕੈਂਡਲ ਸਮਝ ਰਹੀ ਹੈ।

ਪਰ, ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਕੋਈ ਹੋਰ ਖੇਡ ਵੀ ਹੋ ਸਕਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ, ਜਿਸ ਰਾਹੀਂ ਇਹ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਕਵੇਟੋਰੀਅਲ ਗਿਨੀ ਦਾ ਅਗਲਾ ਰਾਸ਼ਟਰਪਤੀ ਕੌਣ ਬਣੇਗਾ?

ਮੱਧ ਅਫਰੀਕਾ ਦਾ ਇੱਕ ਛੋਟਾ ਦੇਸ਼

ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਦਾ ਹੜ੍ਹ ਆ ਗਿਆ ਹੈ।

ਇਨ੍ਹਾਂ ਵੀਡੀਓਜ਼ ਨੇ ਮੱਧ ਅਫਰੀਕਾ ਦੇ ਇਕ ਛੋਟੇ ਜਿਹੇ ਦੇਸ਼ ਇਕਵੇਟੋਰੀਅਲ ਗਿਨੀ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਕਿਉਂਕਿ ਇਨ੍ਹਾਂ ਅਸ਼ਲੀਲ ਵੀਡੀਓਜ਼ 'ਚ ਨਜ਼ਰ ਆਉਣ ਵਾਲੀਆਂ ਔਰਤਾਂ 'ਚੋਂ ਕੁਝ ਸੱਤਾਧਾਰੀ ਸ਼ਖ਼ਸੀਅਤਾਂ ਦੀਆਂ ਪਤਨੀਆਂ ਹਨ ਅਤੇ ਕੁਝ ਉਨ੍ਹਾਂ ਦੀਆਂ ਰਿਸ਼ਤੇਦਾਰ ਹਨ।

ਕੁਝ ਵੀਡੀਓਜ਼ ਨੂੰ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਸ਼ੂਟ ਕਰਦੇ ਸਮੇਂ ਉਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ।

ਇਨ੍ਹਾਂ ਵੀਡੀਓਜ਼ 'ਚ ਸਾਰੀਆਂ ਔਰਤਾਂ ਬਾਲਟਾਸਰ ਐਬਾਂਗ ਐਂਗੋਂਗਾ ਨਾਲ ਇਤਰਾਜ਼ਯੋਗ ਹਾਲਾਤਾਂ 'ਚ ਨਜ਼ਰ ਆ ਰਹੀਆਂ ਹਨ।

ਦਰਅਸਲ, ਐਂਗੋਂਗਾ ਦੀ ਸ਼ਖ਼ਸੀਅਤ ਆਕਰਸ਼ਕ ਹੈ, ਜਿਸ ਕਾਰਨ ਉਨ੍ਹਾਂ ਨੂੰ 'ਬੇਲੋ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਹਾਲਾਂਕਿ, ਇਹ ਵੀਡੀਓਜ਼ ਕਿਵੇਂ ਲੀਕ ਹੋਈਆਂ, ਇਸ ਮਾਮਲੇ ਦੀ ਜਾਂਚ ਕਰਨਾ ਮੁਸ਼ਕਲ ਹੈ। ਕਿਉਂਕਿ, ਇਕਵੇਟੋਰੀਅਲ ਗਿਨੀ ਇੱਕ ਬਹੁਤ ਹੀ ਪਾਬੰਦੀਆਂ ਵਾਲਾ ਸਮਾਜ ਹੈ, ਜਿੱਥੇ ਇੱਕ ਆਜ਼ਾਦ ਪ੍ਰੈਸ ਨਾਂ ਦੀ ਕੋਈ ਚੀਜ਼ ਨਹੀਂ ਹੈ।

ਪਰ, ਇੱਕ ਗੱਲ ਜੋ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਲੀਕ ਕਰਨ ਦਾ ਮਕਸਦ ਇਸ ਮਾਮਲੇ ਦੇ ਕੇਂਦਰੀ ਵਿਅਕਤੀ ਨੂੰ ਬਦਨਾਮ ਕਰਨਾ ਹੈ।

ਦਰਅਸਲ, ਐਂਗੋਂਗਾ ਰਾਸ਼ਟਰਪਤੀ ਟਿਓਡੋਰੋ ਓਬਿਆਂਗ ਨਿਊਮਾ ਮਬਾਸੋਗੋ ਦਾ ਭਤੀਜਾ ਹੈ।

ਸੰਭਾਵਨਾ ਹੈ ਕਿ ਕਿਸੇ ਨੇ ਇਹ ਸੋਚ ਕੇ ਕੀਤਾ ਹੋਵੇਗਾ ਕਿ ਭਵਿੱਖ ਵਿੱਚ ਰਾਸ਼ਟਰਪਤੀ ਨਿਊਮਾ ਦੀ ਥਾਂ ਉਨ੍ਹਾਂ ਦਾ ਭਤੀਜਾ ਐਂਗੋਂਗਾ ਹੀ ਅਗਲੇ ਰਾਸ਼ਟਰਪਤੀ ਬਣਨਗੇ।

1979 ਤੋਂ ਸੱਤਾ ਵਿੱਚ ਹਨ ਰਾਸ਼ਟਰਪਤੀ ਓਬਿਆਂਗ

ਰਾਸ਼ਟਰਪਤੀ ਟਿਓਡੋਰੋ ਓਬਿਆਂਗ ਨਿਊਮਾ 1979 ਤੋਂ ਇਕਵੇਟੋਰੀਅਲ ਗਿਨੀ 'ਚ ਸੱਤਾ ਵਿੱਚ ਹਨ।

ਉਹ ਅਜਿਹੇ ਨੇਤਾ ਹਨ ਜੋ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਹੇ ਹਨ।

82 ਸਾਲਾ ਓਬਿਆਂਗ ਨੇ ਵੀ ਆਪਣੇ ਦੇਸ਼ ਦੇ ਅਰਥਚਾਰੇ ਵਿਚ ਉਛਾਲ ਦਾ ਦੌਰ ਦੇਖਿਆ ਹੈ ਪਰ ਹੁਣ ਤੇਲ ਭੰਡਾਰ ਘਟਣ ਕਾਰਨ ਮੰਦੀ ਦਾ ਮਾਹੌਲ ਹੈ।

ਇੱਥੋਂ ਦੇ ਕੁਝ ਲੋਕ ਬਹੁਤ ਖੁਸ਼ਹਾਲ ਹਨ, ਜਦੋਂ ਕਿ ਲਗਭਗ 17 ਲੱਖ ਆਬਾਦੀ ਗਰੀਬੀ ਵਿੱਚ ਰਹਿ ਰਹੀ ਹੈ।

ਇਹੀ ਕਾਰਨ ਹੈ ਕਿ ਮਨੁੱਖੀ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਨ ਲਈ ਓਬਿਆਂਗ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ ਜਾਂਦੀ ਹੈ।

ਅਮਰੀਕੀ ਸਰਕਾਰ ਦੀ ਰਿਪੋਰਟ ਮੁਤਾਬਕ ਓਬਿਆਂਗ ਦੇ ਸ਼ਾਸਨਕਾਲ ਦੌਰਾਨ ਕਈ ਕਤਲ ਹੋਏ ਅਤੇ ਲੋਕਾਂ ਨੂੰ ਤਸੀਹੇ ਦਿੱਤੇ ਗਏ ਹਨ।

ਘੋਟਾਲਿਆਂ ਨਾਲ ਵੀ ਉਨ੍ਹਾਂ ਦੀ ਲੰਮੀ ਸਾਂਝ ਹੈ।

ਜਿਵੇਂ ਇੱਕ ਤਾਂ ਰਾਸ਼ਟਰਪਤੀ ਓਬਿਆਂਗ ਦੇ ਪੁੱਤਰ ਦੀ ਆਲੀਸ਼ਾਨ ਜੀਵਨ ਸ਼ੈਲੀ ਨਾਲ ਸਬੰਧਤ ਹੈ, ਜੋ ਹੁਣ ਉਪ ਰਾਸ਼ਟਰਪਤੀ ਹਨ।

ਉਨ੍ਹਾਂ ਕੋਲ ਤਿੰਨ ਮਿਲੀਅਨ ਡਾਲਰ ਦੀ ਕੀਮਤ ਵਾਲੇ ਕ੍ਰਿਸਟਲ ਜੜਿਆ ਦਸਤਾਨਾ ਸੀ, ਜਿਸ ਨੂੰ ਮਾਈਕਲ ਜੈਕਸਨ ਪਾਇਆ ਕਰਦੇ ਸੀ।

ਦੇਸ਼ 'ਚ ‘ਅਸਲ’ ਵਿਰੋਧੀ ਧਿਰ ਵਰਗੀ ਕੋਈ ਚੀਜ਼ ਨਹੀਂ

ਨਿਯਮਤ ਤੌਰ 'ਤੇ ਹੋਣ ਵਾਲੀਆਂ ਚੋਣਾਂ ਤੋਂ ਇਲਾਵਾ, ਇਕਵੇਟੋਰੀਅਲ ਗਿਨੀ ਵਿਚ ਕੋਈ ਅਸਲ ਵਿਰੋਧੀ ਧਿਰ ਨਹੀਂ ਹੈ। ਉਥੇ ਸਮਾਜ ਸੇਵੀਆਂ ਨੂੰ ਜੇਲ੍ਹ ਭੇਜਣਾ ਆਮ ਗੱਲ ਹੈ।

ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਰਾਸ਼ਟਰਪਤੀ ਭਵਨ ਨਾਲ ਮਿਲ ਕੇ ਕੰਮ ਕਰਨ ਵਾਲਿਆਂ 'ਤੇ ਸਖ਼ਤ ਨਜ਼ਰ ਰੱਖੀ ਜਾਂਦੀ ਹੈ।

ਇਸ ਦੇਸ਼ ਦੀ ਸਿਆਸਤ ਮਹਿਲ ਸਾਜ਼ਿਸ਼ਾਂ ਦੇ ਆਲੇ-ਦੁਆਲੇ ਘੁੰਮਦੀ ਹੈ।

ਐਂਗੋਂਗਾ ਨਾਲ ਸਬੰਧਤ ਘਪਲੇ ਦਾ ਮਾਮਲਾ ਵੀ ਇਸ ਦ੍ਰਿਸ਼ਟੀਕੋਣ ਵਿੱਚ ਫਿੱਟ ਬੈਠਦਾ ਹੈ।

ਉਹ ਰਾਸ਼ਟਰੀ ਵਿੱਤੀ ਜਾਂਚ ਏਜੰਸੀ ਦਾ ਮੁਖੀ ਸੀ ਅਤੇ ਮਨੀ ਲਾਂਡਰਿੰਗ ਵਰਗੇ ਅਪਰਾਧਾਂ 'ਤੇ ਨਜ਼ਰ ਰੱਖਦੇ ਸਨ।

ਪਰ ਹੁਣ ਉਹ ਖੁਦ ਜਾਂਚ ਦੇ ਘੇਰੇ 'ਚ ਹਨ। ਉਨ੍ਹਾਂ ਨੂੰ 25 ਅਕਤੂਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

ਉਨ੍ਹਾਂ 'ਤੇ ਸਰਕਾਰੀ ਖਜ਼ਾਨੇ ਤੋਂ ਵੱਡੀ ਰਕਮ ਗਬਨ ਕਰਨ ਅਤੇ ਕੇਮੈਨ ਆਈਲੈਂਡਜ਼ ਦੇ ਇਕ ਗੁਪਤ ਖਾਤੇ ਵਿਚ ਜਮ੍ਹਾ ਕਰਨ ਦਾ ਇਲਜ਼ਾਮ ਹੈ।

ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਨਜ਼ਰਬੰਦ ਕੀਤੇ ਜਾਣ ਤੋਂ ਬਾਅਦ, ਐਂਗੋਂਗਾ ਨੂੰ ਰਾਜਧਾਨੀ ਮਾਲਾਬੋ ਦੀ ਬਦਨਾਮ ਬਲੈਕ ਬੀਚ ਜੇਲ੍ਹ ਭੇਜ ਦਿੱਤਾ ਗਿਆ। ਜਿੱਥੇ ਸਰਕਾਰ ਦੇ ਵਿਰੋਧੀਆਂ 'ਤੇ ਭਿਆਨਕ ਤਸ਼ੱਦਦ ਕੀਤਾ ਜਾਂਦਾ ਹੈ।

ਪਹਿਲਾ ਵੀਡੀਓ ਕਦੋਂ ਮਿਲਿਆ ?

ਐਂਗੋਂਗਾ ਦਾ ਫ਼ੋਨ ਅਤੇ ਕੰਪਿਊਟਰ ਜ਼ਬਤ ਕਰ ਲਿਆ ਗਿਆ ਸੀ। ਇਸਦੇ ਕੁਝ ਦਿਨਾਂ ਬਾਅਦ, ਇਹ ਵੀਡੀਓਜ਼ ਆਨਲਾਈਨ ਦਿਖਾਈ ਦੇਣ ਲੱਗੇ।

ਬੀਬੀਸੀ ਨੂੰ ਪਹਿਲੀ ਵੀਡੀਓ 28 ਅਕਤੂਬਰ ਨੂੰ ਡਾਇਰੀਓ ਰੋਮਬੀ ਦੇ ਫੇਸਬੁੱਕ ਪੇਜ 'ਤੇ ਲੱਭਿਆ ਸੀ।

ਇਹ ਸਪੇਨ ਵਿੱਚ ਜਲਾਵਤਨ ਕੀਤੇ ਇੱਕ ਪੱਤਰਕਾਰ ਦੁਆਰਾ ਚਲਾਈ ਜਾਂਦੀ ਇੱਕ ਨਿਊਜ਼ ਸਾਈਟ ਹੈ।

ਉਨ੍ਹਾਂ ਨੇ ਲਿਖਿਆ, ''ਇਹ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਨੈੱਟਵਰਕ 'ਤੇ ਧਮਾਕਾ ਹੋ ਜਾਵੇਗਾ।"

ਉਸੇ ਦਿਨ ਐਕਸ 'ਤੇ ਕੀਤੀ ਇੱਕ ਪੋਸਟ 'ਚ ਲਿਖਿਆ ਗਿਆ, "ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓ ਦਾ ਹੜ੍ਹ।" ਇਸ ਨੂੰ 'ਸੱਤਾ ਹਿਲਾ ਦੇਣ ਵਾਲੇ ਘੁਟਾਲੇ' ਵਜੋਂ ਦੇਖਿਆ ਜਾ ਰਿਹਾ ਹੈ।

ਪਰ, ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਇਹ ਵੀਡੀਓ ਟੈਲੀਗ੍ਰਾਮ 'ਤੇ ਇਕ ਤੋਂ ਬਾਅਦ ਇਕ ਸਾਹਮਣੇ ਆਏ ਸਨ।

ਇਹ ਇਸ ਪਲੇਟਫਾਰਮ ਦਾ ਇੱਕ ਚੈਨਲ ਸੀ, ਜੋ ਅਸ਼ਲੀਲ ਤਸਵੀਰਾਂ ਪੋਸਟ ਕਰਨ ਲਈ ਜਾਣਿਆ ਜਾਂਦਾ ਹੈ।

ਫਿਰ ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਫੋਨ 'ਤੇ ਡਾਊਨਲੋਡ ਕੀਤਾ ਅਤੇ ਵਟਸਐਪ ਗਰੁੱਪਾਂ 'ਚ ਵੀ ਸਾਂਝਾ ਕੀਤਾ, ਜਿਸ ਤੋਂ ਬਾਅਦ ਇਕਵੇਟੋਰੀਅਲ ਗਿਨੀ 'ਚ 'ਭੂਚਾਲ' ਆ ਗਿਆ।

ਸਰਕਾਰ ਨੇ ਕੀ ਕੀਤਾ ?

ਕੁਝ ਵੀਡੀਓਜ਼ ਵਿੱਚ ਔਰਤਾਂ ਦੇ ਨਾਲ ਐਂਗੋਂਗਾ ਨੂੰ ਤੁਰੰਤ ਪਛਾਣ ਲਿਆ ਗਿਆ ਸੀ।

ਇਨ੍ਹਾਂ ਵਿਚੋਂ ਕੁਝ ਰਾਸ਼ਟਰਪਤੀ ਦੇ ਰਿਸ਼ਤੇਦਾਰ ਸਨ, ਕੁਝ ਮੰਤਰੀਆਂ ਦੇ ਅਤੇ ਕੁਝ ਸੀਨੀਅਰ ਫੌਜੀ ਅਫਸਰਾਂ ਦੀਆਂ ਪਤਨੀਆਂ ਵੀ ਸਨ।

ਇਸ ਤੋਂ ਬਾਅਦ ਜੋ ਕੁਝ ਵੀ ਹੋਇਆ, ਸਰਕਾਰ ਉਸ ਨੂੰ ਨਜ਼ਰਅੰਦਾਜ਼ ਕਰਨ 'ਚ ਅਸਮਰੱਥ ਰਹੀ।

30 ਅਕਤੂਬਰ ਨੂੰ ਉਪ ਰਾਸ਼ਟਰਪਤੀ ਟਿਓਡੋਰੋ ਓਬਿਆਂਗ ਮੰਗੂ ਨੇ ਟੈਲੀਕਾਮ ਕੰਪਨੀਆਂ ਨੂੰ ਇਨ੍ਹਾਂ ਕਲਿੱਪਾਂ ਨੂੰ ਫੈਲਣ ਤੋਂ ਰੋਕਣ ਦਾ ਤਰੀਕਾ ਲੱਭਣ ਦੇ ਲਈ 24 ਘੰਟੇ ਦਾ ਸਮਾਂ ਦਿੱਤਾ ਸੀ।

ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ ’ਤੇ ਲਿਖਿਆ, “ਅਸੀਂ ਕਾਰਵਾਈ ਕੀਤੇ ਬਿਨਾਂ ਪਰਿਵਾਰਾਂ ਨੂੰ ਟੁੱਟਦੇ ਨਹੀਂ ਦੇਖ ਸਕਦੇ। ਇਸ ਦੌਰਾਨ, ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵੀਡੀਓ ਅਤੇ ਤਸਵੀਰਾਂ ਕਿੱਥੋਂ ਆਈਆਂ।”

ਜਿਵੇਂ ਕੰਪਿਊਟਰ ਨਾਲ ਸਬੰਧਤ ਸਾਧਨ ਸੁਰੱਖਿਆ ਬਲਾਂ ਕੋਲ ਸਨ। ਅਜਿਹੇ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਉਥੋਂ ਲੀਕ ਕੀਤਾ ਹੈ। ਜਿਸਦਾ ਇਰਾਦਾ ਮੁਕੱਦਮੇ ਤੋਂ ਪਹਿਲਾਂ ਐਂਗੋਂਗਾ ਦੀ ਸਾਖ ਨੂੰ ਖਰਾਬ ਕਰਨਾ ਹੋ ਸਕਦਾ ਹੈ।

ਪੁਲਿਸ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਔਰਤਾਂ ਦੀ ਇਜਾਜ਼ਤ ਤੋਂ ਬਿਨਾਂ ਇਤਰਾਜ਼ਯੋਗ ਫੋਟੋਆਂ ਸਾਂਝੀਆਂ ਕਰਨ 'ਤੇ ਐਂਗੋਂਗਾ ਦੇ ਖਿਲਾਫ ਮਾਮਲਾ ਦਰਜ ਕਰਨ।

ਇਨ੍ਹਾਂ ਵਿੱਚੋਂ ਇੱਕ ਔਰਤ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਉਹ ਐਂਗੋਂਗਾ ਖ਼ਿਲਾਫ਼ ਕਾਰਵਾਈ ਕਰੇਗੀ।

ਖੈਰ, ਇੱਕ ਗੱਲ ਜੋ ਸਮਝ ਨਹੀਂ ਆਉਂਦੀ ਉਹ ਹੈ ਕਿ ਐਂਗੋਂਗਾ ਨੇ ਰਿਕਾਰਡਿੰਗ ਕਿਉਂ ਕਰਵਾਈ?

ਕਾਰਕੁਨ ਕੀ ਕਹਿੰਦੇ ਹਨ?

ਇਸ ਦੇ ਨਾਲ ਹੀ ਕਾਰਕੁਨ ਸਵਾਲ ਉਠਾਉਂਦੇ ਹਨ ਕਿ ਇਨ੍ਹਾਂ ਵੀਡੀਓਜ਼ ਨੂੰ ਲੀਕ ਕਰਨ ਦਾ ਮਕਸਦ ਕੀ ਹੈ।

ਕਿਉਂਕਿ, ਐਂਗੋਂਗਾ ਦਾ ਸਬੰਧ ਰਾਸ਼ਟਰਪਤੀ ਨਾਲ ਹੈ। ਉਹ ਐਂਗੋਂਗਾ ਬਾਲਟਾਸਰ ਐਂਗੋਂਗਾ ਅਡਜੋ ਦਾ ਪੁੱਤਰ ਵੀ ਹੈ, ਜੋ ਖੇਤਰੀ ਆਰਥਿਕ ਅਤੇ ਮੁਦਰਾ ਸੰਘ ਦਾ ਮੁਖੀ ਹੈ। ਦੇਸ਼ ਵਿਚ ਉਸ ਦਾ ਕਾਫੀ ਪ੍ਰਭਾਵ ਹੈ।

ਲੰਡਨ 'ਚ ਵਸਦੇ ਇਕੂਟੇਰੀਅਨ ਕਾਰਕੁਨ, ਨਾਸੇਂਗ ਕ੍ਰਿਸਟੀਆ ਐਸਮੀ ਕਰੂਜ਼ ਦਾ ਕਹਿਣਾ ਹੈ, "ਅਸੀਂ ਜੋ ਦੇਖ ਰਹੇ ਹਾਂ ਉਹ ਇੱਕ ਯੁੱਗ ਦਾ ਅੰਤ ਹੈ। ਇਹ ਮੌਜੂਦਾ ਰਾਸ਼ਟਰਪਤੀ ਦਾ ਅੰਤ ਹੈ, ਇਹ ਉੱਤਰਾਧਿਕਾਰ ਦੀ ਲੜਾਈ ਹੈ ਅਤੇ ਜੋ ਅਸੀਂ ਦੇਖ ਰਹੇ ਹਾਂ ਉਹ ਅੰਦਰੂਨੀ ਲੜਾਈ ਹੈ।"

ਬੀਬੀਸੀ ਫੋਕਸ ਆਨ ਅਫਰੀਕਾ ਪੋਡਕਾਸਟ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਪ ਰਾਸ਼ਟਰਪਤੀ ਓਬਿਆਂਗ ਕਿਸੇ ਵੀ ਵਿਅਕਤੀ ਨੂੰ ਰਾਜਨੀਤਿਕ ਤੌਰ 'ਤੇ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ "ਰਾਸ਼ਟਰਪਤੀ ਦੇ ਉੱਤਰਾਧਿਕਾਰੀ ਦੇ ਰਾਹ ਵਿੱਚ ਖੜ੍ਹਾ ਹੋ ਸਕਦਾ ਹੈ।”

ਉਪ ਰਾਸ਼ਟਰਪਤੀ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਵੀ ਇਸ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ। ਉਪ ਰਾਸ਼ਟਰਪਤੀ ਬਣਨ ਦੇ ਰਾਹ ਵਿੱਚ ਆਏ ਕਿਸੇ ਵੀ ਵਿਅਕਤੀ ਨੂੰ ਹਟਾਉਣ ਲਈ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

ਰਾਸ਼ਟਰਪਤੀ ਓਬਿਆਂਗ ਦਾ ਦੂਜਾ ਪੁੱਤਰ ਗੈਬਰੀਅਲ ਓਬਿਆਂਗ ਲੀਮਾ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋ ਸਕਦਾ ਹੈ। ਉਹ ਰਾਸ਼ਟਰਪਤੀ ਓਬਿਆਂਗ ਦੀ ਦੂਜੀ ਪਤਨੀ ਦਾ ਪੁੱਤਰ ਹੈ।

ਉਹ ਦਸ ਸਾਲ ਤੇਲ ਮੰਤਰੀ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵਿੱਚ ਇੱਕ ਹੋਰ ਭੂਮਿਕਾ ਨਿਭਾਉਣ ਲਈ ਭੇਜਿਆ ਗਿਆ।

ਅਸਲ ਵਿੱਚ ਕੁਲੀਨ ਵਰਗ ਵਿੱਚ ਰਹਿਣ ਵਾਲੇ ਲੋਕ ਇੱਕ ਦੂਜੇ ਬਾਰੇ ਅਜਿਹੀਆਂ ਗੱਲਾਂ ਜਾਣਦੇ ਹਨ, ਬੱਸ ਉਹ ਉਨ੍ਹਾਂ ਗੱਲਾਂ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ।

ਹੋ ਸਕਦਾ ਹੈ ਕਿ ਇਹ ਵੀਡੀਓ ਅਤੀਤ ਵਿੱਚ ਕਿਸੇ ਸਿਆਸੀ ਵਿਰੋਧੀ ਨੂੰ ਜ਼ਲੀਲ ਕਰਨ ਲਈ ਵਰਤੇ ਗਏ ਹੋਣ। ਤਖ਼ਤਾਪਲਟ ਦੀ ਸਾਜ਼ਿਸ਼ ਰਚਣ ਦੇ ਹਮੇਸ਼ਾ ਇਲਜ਼ਾਮ ਲੱਗਦੇ ਰਹਿੰਦੇ ਹਨ, ਜਿਸ ਨਾਲ ਅਜਿਹਾ ਹੰਗਾਮਾ ਵਧਦਾ ਹੈ।

ਪਰ ਕਰੂਜ਼ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਦੇਸ਼ ਦੇ ਉੱਚ ਅਧਿਕਾਰੀ ਸੋਸ਼ਲ ਮੀਡੀਆ 'ਤੇ ਰੋਕ ਲਗਾਉਣ ਲਈ ਇਸ ਸਕੈਂਡਲ ਦੀ ਵਰਤੋਂ ਕਰ ਰਹੇ ਹਨ।

ਇਹ ਇਸ ਕਰਕੇ ਕਿਉਂਕਿ ਉਨ੍ਹਾਂ ਦੇ ਦੇਸ਼ ਵਿਚ ਜੋ ਕੁਝ ਚੱਲ ਰਿਹਾ ਹੈ, ਉਸ ਬਾਰੇ ਸੋਸ਼ਲ ਮੀਡੀਆ ’ਤੇ ਇੰਨੀ ਜ਼ਿਆਦਾ ਜਾਣਕਾਰੀ ਉਪਲਬਧ ਹੈ ਕਿ ਉਹ ਇਸ ਨੂੰ ਹਟਾਉਣਾ ਚਾਹੁੰਦੇ ਹਨ।

ਜੁਲਾਈ ਵਿੱਚ, ਅਨੋਬੋਨ ਟਾਪੂ ਉੱਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਅਸਥਾਈ ਤੌਰ 'ਤੇ ਇੰਟਰਨੈਟ ਨੂੰ ਮੁਅੱਤਲ ਕਰ ਦਿੱਤਾ ਸੀ।

ਉਨ੍ਹਾਂ ਲਈ, ਇਹ ਤੱਥ ਕਿ ਇੱਕ ਉੱਚ ਅਧਿਕਾਰੀ ਦਾ ਕਿਸੇ ਬਾਹਰਲੀ ਹੋਰ ਔਰਤ ਨਾਲ ਸਬੰਧ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਦੇਸ਼ ਦੇ ਕੁਲੀਨ ਪਰਿਵਾਰਾਂ ਦੀ ਜੀਵਨ ਸ਼ੈਲੀ ਵਿੱਚ ਇਹ ਇੱਕ ਆਮ ਗੱਲ ਹੈ।

ਉਪ ਰਾਸ਼ਟਰਪਤੀ 'ਤੇ ਫਰਾਂਸ 'ਚ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ।

ਕਈ ਦੇਸ਼ਾਂ ਵਿਚ ਉਨ੍ਹਾਂ ਦੀਆਂ ਕੀਮਤੀ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਪਰ ਉਹ ਆਪਣੇ ਆਪ ਨੂੰ ਅਜਿਹੇ ਵਿਅਕਤੀ ਵਜੋਂ ਦੇਖਣਾ ਚਾਹੁੰਦਾ ਹੈ ਜੋ ਘਰ ਅਤੇ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਕਾਬੂ ਕਰ ਸਕਦਾ ਹੈ।

ਉਦਾਹਰਣ ਵਜੋਂ, ਪਿਛਲੇ ਸਾਲ ਉਸਨੇ ਆਪਣੇ ਭਰਾ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਸੀ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਸ ਦੇ ਭਰਾ ਨੇ ਸਰਕਾਰੀ ਏਅਰਲਾਈਨ ਦਾ ਜਹਾਜ਼ ਵੇਚ ਦਿੱਤਾ ਹੈ।

ਹਾਲਾਂਕਿ ਇਸ ਸਕੈਂਡਲ ਨਾਲ ਜੁੜੇ ਮਾਮਲੇ 'ਚ ਵੀ ਉਪ ਰਾਸ਼ਟਰਪਤੀ ਵੱਲੋਂ ਇਨ੍ਹਾਂ ਵੀਡਿਓਜ਼ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਨ੍ਹਾਂ ਕਲਿੱਪਾਂ ਨੂੰ ਦੇਖਿਆ ਜਾ ਰਿਹਾ ਹੈ।

ਉਥੋਂ ਦੀ ਸਰਕਾਰੀ ਨਿਊਜ਼ ਏਜੰਸੀ ਦੇ ਰਿਪੋਰਟ ਮੁਤਾਬਿਕ ਇਸ ਹਫਤੇ, ਉਪ ਰਾਸ਼ਟਰਪਤੀ ਵਲੋਂ ਹੋਰ ਵੀ ਸਾਵਧਾਨੀ ਰੱਖਣ ਤਹਿਤ ਸਰਕਾਰੀ ਦਫਤਰਾਂ ਵਿੱਚ ਸੀਸੀਟੀਵੀ ਲਗਾਉਣ ਦੀ ਗੱਲ ਕੀਤੀ ਗਈ ਤਾਂ ਜੋ "ਅਸ਼ਲੀਲ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ"।

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘੁਟਾਲੇ ਨੇ "ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।"

ਉਪ ਰਾਸ਼ਟਰਪਤੀ ਨੇ ਹੁਕਮ ਦਿੱਤਾ ਕਿ ਜੇਕਰ ਕੋਈ ਅਧਿਕਾਰੀ ਕੰਮ ਵਾਲੀ ਥਾਂ 'ਤੇ ਅਸ਼ਲੀਲ ਗਤੀਵਿਧੀਆਂ ਕਰਦਾ ਪਾਇਆ ਗਿਆ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

"ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ।"

ਉਨ੍ਹਾਂ ਦੀ ਚਿੰਤਾ ਗਲਤ ਨਹੀਂ ਹੈ, ਕਿਉਂਕਿ ਇਸ ਘਟਨਾ ਨੇ ਦੇਸ਼ ਤੋਂ ਬਾਹਰ ਦੇ ਲੋਕਾਂ ਦਾ ਵੀ ਧਿਆਨ ਖਿੱਚਿਆ ਹੈ।

ਜੇਕਰ ਅਸੀਂ ਗੂਗਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਹਫਤੇ ਦੀ ਸ਼ੁਰੂਆਤ 'ਚ ਇਕੁਏਟੋਰੀਅਲ ਗਿਨੀ ਲਈ ਖੋਜਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)