ਕੈਨੇਡਾ: ਬਰੈਂਪਟਨ ਦੇ ਤ੍ਰਿਵੇਣੀ ਮੰਦਰ ’ਚ ਭਾਰਤੀ ਕੌਂਸਲੇਟ ਦਾ ਸਮਾਗਮ ਕਿਉਂ ਰੱਦ ਹੋਇਆ, ਪੂਰਾ ਮਾਮਲਾ ਜਾਣੋ

ਕੈਨੇਡਾ ਦੇ ਬਰੈਂਪਟਨ ਵਿੱਚ ਤ੍ਰਿਵੇਣੀ ਮੰਦਰ ’ਚ ਭਾਰਤੀ ਕੌਂਸਲੇਟ ਵੱਲੋਂ ਕਰਵਾਇਆ ਜਾਣ ਵਾਲਾ ਲਾਈਫ਼ ਸਰਟੀਫਿਕੇਟ ਈਵੈਂਟ ਰੱਦ ਕੀਤਾ ਗਿਆ ਹੈ।

ਇਹ ਫੈਸਲਾ ਹੋਰ ਹਿੰਸਕ ਪ੍ਰਦਰਸ਼ਨ ਹੋਣ ਦੇ ਖਦਸ਼ਿਆਂ ਕਾਰਨ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਹਾਈ ਕਮਿਸ਼ਨ ਵੱਲੋਂ ਆਪਣੇ ਕੁਝ ਪ੍ਰੋਗਰਾਮ ਸੁਰੱਖਿਆ ਦਾ ਹਵਾਲਾ ਦੇ ਕੇ ਰੱਦ ਕੀਤੇ ਜਾ ਚੁੱਕੇ ਹਨ।

ਦਰਅਸਲ ਕੈਨੇਡਾ ਦੇ ਬਰੈਂਪਟਨ ਵਿੱਚ 3 ਨਵੰਬਰ ਨੂੰ ਹਿੰਦੂ ਸਭਾ ਮੰਦਰ ਬਾਹਰ ਹਿੰਸਾ ਹੋਈ ਸੀ। ਇਸ ਮਗਰੋਂ ਧਾਰਮਿਕ ਸਥਾਨਾਂ ਉੱਤੇ ਸੁਰੱਖਿਆ ਦੇ ਲਈ ਅਹਿਤਿਆਤ ਵਰਤੇ ਜਾ ਰਹੇ ਹਨ।

ਮੌਜੂਦਾ ਘਟਨਾਕ੍ਰਮ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਕੌਂਸਲੇਟ ਨੇ ਬਰੈਂਪਟਨ ਦੇ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਵਿੱਚ 17 ਨਵੰਬਰ, 2024 ਨੂੰ ਹੋਣ ਵਾਲੇ ਆਪਣੇ ਲਾਈਫ਼ ਸਰਟੀਫ਼ੀਕੇਟ ਈਵੈਂਟ ਨੂੰ ਰੱਦ ਕਰ ਦਿੱਤਾ ਹੈ।

ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ, ਬਰੈਂਪਟਨ ਵੱਲੋਂ ਆਪਣੇ ਫ਼ੇਸਬੁੱਕ ਪੇਜ਼ ਉੱਤੇ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਦੇ ਹਵਾਲੇ ਨਾਲ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਸਮਾਗਮ ਪੀਲ ਰੀਜਨਲ ਪੁਲਿਸ ਦੀ ਅਧਿਕਾਰਤ ਖ਼ੁਫ਼ੀਆ ਜਾਣਕਾਰੀ ਦੇ ਆਧਾਰ ਉੱਤੇ ਰੱਦ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ ਵੱਡੀ ਸੰਭਾਵਨਾ ਹੋ ਸਕਦੀ ਹੈ।

ਮੰਦਰ ਪ੍ਰਸ਼ਾਸਨ ਦੀ ਪੁਲਿਸ ਨੂੰ ਅਪੀਲ

ਪ੍ਰੈਸ ਨੋਟ ਵਿੱਚ ਕਿਹਾ ਹੈ, “ਪੁਲਿਸ ਮੁਖੀ ਨਿਸ਼ਾਨ ਦੁਰਾਈਅੱਪਾਹ ਦੀ ਸਲਾਹ 'ਤੇ, ਸਾਨੂੰ ਬਰੈਂਪਟਨ ਦੇ ਤ੍ਰਿਵੇਣੀ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ, ਕਮਿਊਨਿਟੀ ਸੈਂਟਰ ਵਿੱਚ ਆਉਣ ਵਾਲੇ ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਗਮ ਰੱਦ ਕਰਨ ਦਾ ਇਹ ਫੈਸਲਾ ਲੈਣਾ ਪਿਆ ਹੈ।”

“ਅਸੀਂ ਸਾਰੇ ਕਮਿਊਨਿਟੀ ਮੈਂਬਰਾਂ ਤੋਂ ਮੁਆਫੀ ਚਾਹੁੰਦੇ ਹਾਂ। ਸਾਨੂੰ ਬਹੁਤ ਦੁੱਖ ਹੈ ਕਿ ਕੈਨੇਡਾ ਵਾਸੀ ਹੁਣ ਕੈਨੇਡਾ ਦੇ ਹਿੰਦੂ ਮੰਦਰਾਂ ਵਿੱਚ ਆਉਣ ’ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।”

ਉਨ੍ਹਾਂ ਕਿਹਾ, “ਅਸੀਂ ਪੀਲ ਪੁਲਿਸ ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਵਿਰੁੱਧ ਫ਼ੈਲਾਈਆਂ ਜਾ ਰਹੀਆਂ ਧਮਕੀਆਂ ਦਾ ਹੱਲ ਕਰਨ ਅਤੇ ਕੈਨੇਡੀਅਨ ਹਿੰਦੂ ਭਾਈਚਾਰੇ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ।”

ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ’ਚ ਕੈਂਪ ਵੀ ਰੱਦ ਕੀਤੇ ਸਨ

8 ਨਵੰਬਰ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਪਹਿਲਾਂ ਤੋਂ ਹੀ ਤੈਅ ਆਪਣੇ ਕੁਝ ਕੈਂਪਾਂ ਨੂੰ ਰੱਦ ਕਰਨ ਦਾ ਵੀ ਫ਼ੈਸਲਾ ਲਿਆ ਸੀ।

ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਸੀ, "ਭਾਰਤੀ ਕੈਂਪਾਂ ਨੂੰ ਘੱਟੋ ਘੱਟ ਸੁਰੱਖਿਆ ਪ੍ਰਦਾਨ ਕਰਨ ਵਿੱਚ ‘ਅਸਮੱਰਥਾ’ ਜ਼ਾਹਰ ਕੀਤੇ ਜਾਣ ਤੋਂ ਬਾਅਦ ਅਸੀਂ ਪਹਿਲਾਂ ਤੋਂ ਹੀ ਨਿਰਧਾਰਿਤ ਕੁਝ ਕੈਂਪਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।"

ਇਸ ਮਾਮਲੇ ਉੱਤੇ ਐੱਮਈਏ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀ ਪ੍ਰਤੀਕਿਰਿਆ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਸੀ, "ਤੁਸੀਂ ਟੋਰਾਂਟੋ ਵਿੱਚ ਸਾਡੇ ਸਫ਼ਾਰਤ਼ਾਖਾਨੇ ਦਾ ਸੁਨੇਹਾ ਦੇਖਿਆ ਹੋਵੇਗਾ ਜਿਸ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਹਫ਼ਤੇ ਦੇ ਆਖ਼ੀਰ ਵਿੱਚ ਆਯੋਜਿਤ ਹੋਣ ਵਾਲੇ ਕੌਂਸਲਰ ਕੈਂਪ ਰੱਦ ਕਰਨੇ ਪੈ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਮੇਜ਼ਬਾਨ ਸਰਕਾਰ ਤੋਂ ਲੋੜੀਂਦੀ ਸੁਰੱਖਿਆ ਜਾਂ ਸੁਰੱਖਿਆ ਦਾ ਭਰੋਸਾ ਨਹੀਂ ਮਿਲਿਆ।

ਉਨ੍ਹਾਂ ਕਿਹਾ, “ਵੱਡੀ ਗਿਣਤੀ ਭਾਰਤੀ ਕੈਨੇਡਾ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ, ਖ਼ਾਸ ਤੌਰ 'ਤੇ ਨਵੰਬਰ ਅਤੇ ਦਸੰਬਰ ਦਰਮਿਆਨ, ਇੱਥੇ ਭਾਰਤ ਵਿੱਚ ਆਪਣੀਆਂ ਪੈਨਸ਼ਨਾਂ ਅਤੇ ਹੋਰ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਕਈ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।”

“ਇਸ ਲਈ, ਇਹ ਕੌਂਸਲਰ ਕੈਂਪ ਜੋ ਅਸੀਂ ਕਰਦੇ ਹਾਂ ਉਹ ਭਾਰਤੀ ਨਾਗਰਿਕਤਾ ਵਾਲੇ ਲੋਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਜੋ ਹੁਣ ਦੂਜੇ ਦੇਸ਼ਾਂ ਦੇ ਨਾਗਰਿਕ ਹੋ ਸਕਦੇ ਹਨ ਦੋਵਾਂ ਲਈ ਮਦਦਗਾਰ ਹੁੰਦੇ ਹਨ।”

ਬਰੈਂਪਟਨ ਹਿੰਸਾ ਦਾ ਮਾਮਲਾ

3 ਨਵੰਬਰ ਨੂੰ ਐਤਵਾਰ ਵਾਲੇ ਦਿਨ ਬਰੈਂਪਟਨ ਦੇ ਹਿੰਦੂ ਮੰਦਰ ਅੱਗੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਮੁਜ਼ਾਹਰਾ ਕੀਤਾ ਸੀ। ਜਿਸ ਦੌਰਾਨ ਕੁਝ ਝੜਪ ਹੋ ਗਈ ਸੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।

ਜਿਸ ਨੂੰ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦਿਆਂ ਲਿਖਿਆ ਸੀ, ‘‘ਖਾਲਿਸਤਾਨੀ ਕੱਟੜਵਾਦੀਆਂ ਨੇ ਅੱਜ ਲਾਲ ਲਕੀਰ ਪਾਰ ਕਰ ਲਈ।’’

ਚੰਦਰ ਆਰਿਆ ਸਣੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਮੰਦਰ ਉੱਤੇ ਹਮਲਾ ਕਰਾਰ ਦਿੱਤਾ ਸੀ। ਪਰ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੇ ਸਿੱਖ ਸੰਗਠਨਾਂ ਨੇ ਦਾਅਵਾ ਕੀਤਾ ਕਿ ਇਹ ਮੰਦਰ ਉੱਤੇ ਹਮਲਾ ਨਹੀਂ ਸੀ।

ਉਨ੍ਹਾਂ ਨੇ ਮੰਗ ਕੀਤੀ ਸੀ ਕਿ ਪੁਲਿਸ ਇਸ ਦੀ ਗਹਿਰਾਈ ਨਾਲ ਜਾਂਚ ਕਰ ਕੇ ਪਤਾ ਲਾਏ ਕਿ ਹਿੰਸਾ ਭੜਕਾਉਣ ਦਾ ਕੰਮ ਕਿਸ ਨੇ ਕੀਤਾ।

ਉਨ੍ਹਾਂ ਬਿਆਨ ਵਿੱਚ ਕਿਹਾ ਸੀ ਕਿ ਖਾਲਿਸਤਾਨੀ ਸਮਰਥਕ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਖਿਲਾਫ਼ ਮੁਜ਼ਾਹਰਾ ਕਰਨ ਗਏ ਸਨ। ਜੋ ਉੱਥੇ ਭਾਰਤੀ ਨਾਗਰਿਕਾਂ ਲ਼ਈ ਲਾਇਫ਼ ਸਟੀਫਿਕੇਟ ਜਾਰੀ ਕਰਨ ਲਈ ਲਗਾਏ ਕੈਂਪ ਵਿੱਚ ਪਹੁੰਚੇ ਹੋਏ ਸਨ।

ਇਸ ਦੌਰਾਨ ਮੰਦਰ ਦੀ ਪਾਰਕਿੰਗ ਲੌਟ ਵਿੱਚ ਹਾਜ਼ਰ ਤਿਰੰਗੇ ਝੰਡੇ ਫੜੀ ਭਾਰਤ ਪੱਖੀਆਂ ਨੇ ਵੀ ਨਾਅਰੇਬਾਜੀ ਕੀਤੀ, ਜੋ ਬਾਅਦ ਵਿੱਚ ਹਿੰਸਾ ਵਿੱਚ ਬਦਲ ਗਈ।

ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੇ ਵੀਡੀਓਜ਼ ਵਿੱਚ ਵੀ ਦੇਖਿਆ ਜਾ ਸਕਦਾ ਸੀ ਕਿ ਖਾਲਿਸਤਾਨੀ ਝੰਡਿਆਂ ਵਾਲੇ ਡੰਡਿਆਂ ਨਾਲ ਕੁਝ ਲੋਕਾਂ ਨੂੰ ਕੁੱਟ ਰਹੇ ਹਨ, ਤਾਂ ਅੱਗੋਂ ਭਾਰਤੀ ਤਿਰੰਗੇ ਝੰਡੇ ਵਾਲੇ ਕੁਝ ਲੋਕ ਵੀ ਡੰਡੇ ਚਲਾ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਵੀਡੀਓਜ਼ ਦੀ ਪ੍ਰਣਮਾਣਿਕਤਾ ਦੀ ਬੀਬੀਸੀ ਆਪਣੇ ਤੌਰ ਉੱਤੇ ਪੁਸ਼ਟੀ ਨਹੀਂ ਕਰ ਸਕਿਆ ਹੈ।

ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਈ ਥਾਈਂ ਰੋਸ ਮੁਜਾਹਰੇ ਕੀਤੀ। ਕੁਝ ਲੋਕਾਂ ਨੇ ਮਿਸੀਸਾਗਾ ਦੇ ਮਾਲਟਨ ਗੁਰਦੁਆਰੇ ਅੱਗੇ ਨਾਅਰੇਬਾਜ਼ੀ ਕੀਤੀ ਸੀ।

ਹੁਣ ਤੱਕ ਕਿੰਨੀਆਂ ਗ੍ਰਿਫ਼ਤਾਰੀਆਂ ਹੋਈਆਂ

ਮਾਮਲੇ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਰੋਸ ਮੁਜ਼ਾਹਰਿਆਂ ਦੇ ਸਬੰਧ ਵਿੱਚ ਹੁਣ ਤੱਕ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।

ਗ੍ਰਿਫ਼ਤਾਰੀ ਕੀਤੇ ਗਏ ਲੋਕਾਂ ਵਿੱਚ ਮਿਸੀਸਾਗਾ ਦੇ ਰਹਿਣ ਵਾਲੇ 43 ਸਾਲਾ ਦਿਲਪ੍ਰੀਤ ਸਿੰਘ ਬਾਊਂਸ, ਬਰੈਂਪਟਨ ਵਾਸੀ 23 ਸਾਲਾ ਵਿਕਾਸ, ਮਿਸੀਸਾਗਾ ਦੇ ਰਹਿਣ ਵਾਲੇ 31 ਸਾਲਾ ਅੰਮ੍ਰਿਤਪਾਲ ਸਿੰਘ ਅਤੇ ਰਣੇਂਦਰ ਲਾਲ ਬੈਨਰਜੀ ਨਾਂਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਤੋਂ ਇਲਾਵਾ ਕਿਚਨਰ ਦੇ ਰਹਿਣ ਵਾਲੇ 24 ਸਾਲਾ ਅਰਮਾਨ ਗਹਿਲੋਤ ਅਤੇ 22 ਸਾਲਾ ਅਰਪਿਤ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।

ਪੁਲਿਸ ਮੁਤਾਬਕ ਉਨ੍ਹਾਂ ਨੇ ਤਿੰਨ ਵਿਅਕਤੀਆਂ 5 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਬਾਰੇ ਜਾਣਕਾਰੀ ਦਿੰਦਿਆਂ ਪੀਲ ਰੀਜਨਲ ਪੁਲਿਸ ਨੇ ਦੱਸਿਆ ਸੀ ਕਿ, "ਮੁਜ਼ਾਹਰਾਕਾਰੀ ਅਤੇ ਸ਼ਰਧਾਲੂਆਂ ਵਿਚਕਾਰ ਕਈ ਘਟਨਾਵਾਂ ਵਾਪਰੀਆਂ। ਨਤੀਜੇ ਵਜੋਂ, ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਦੋਸ਼ ਆਇਦ ਕੀਤੇ ਗਏ ਹਨ।"

ਕੀ ਹਨ ਇਲਜ਼ਾਮ

ਗ੍ਰਿਫ਼ਤਾਰ ਕੀਤੇ ਗਏ ਦਿਲਪ੍ਰੀਤ ਸਿੰਘ ਬਾਊਂਸ 'ਤੇ ਸ਼ਾਂਤੀ ਭੰਗ ਕਰਨ ਅਤੇ ਸ਼ਾਂਤੀ ਅਧਿਕਾਰੀ 'ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ ਅਤੇ ਵਿਕਾਸ 'ਤੇ ਹਥਿਆਰਾਂ ਨਾਲ ਹਮਲਾ ਕਰਨ ਦਾ ਇਲਜ਼ਾਮ ਲੱਗਿਆ ਹੈ।

ਅੰਮ੍ਰਿਤਪਾਲ ਸਿੰਘ ਉੱਤੇ 5000 ਡਾਲਰ ਤੋਂ ਵੱਧ ਦੀ ਹੇਰਾਫੇਰੀ ਦੇ ਇਲਜ਼ਾਮ ਹਨ।

ਪੀਲ ਰੀਜਨਲ ਪੁਲਿਸ ਮੁਤਾਬਿਕ ਇਹ ਤਿੰਨੇ ਵਿਅਕਤੀ ਬਾਅਦ ਵਿੱਚ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਗੇ।

ਇਸ ਤੋਂ ਬਾਅਦ 8 ਨਵੰਬਰ ਨੂੰ ਪੀਲ ਰੀਜਨਲ ਪੁਲਿਸ ਨੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਵੀ ਭੜਕਾਊ ਭਾਸ਼ਣ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਰਣੇਂਦਰ ਲਾਲ ਬੈਨਰਜੀ ਨੂੰ ਭੜਕਾਊ ਭਾਸ਼ਣ ਦੇਣ ਬਦਲੇ ਗ੍ਰਿਫ਼ਤਾਰ ਕੀਤਾ ਗਿਆ ਸੀ

6 ਨਵੰਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਬੈਨਰਜੀ ਬਾਰੇ ਸੀਐੱਸਟੀ ਟੇਲਰ ਬੈਲ-ਮੋਰੇਨਾ ਨੇ ਦੱਸਿਆ ਸੀ ਕਿ ਬੈਨਰਜੀ ਨੂੰ ਕੈਨੇਡਾ ਦੇ ਕ੍ਰਿਮੀਲ ਕੋਡ ਦੀ ਧਾਰਾ 319 (1) ਦੀ ਉਲੰਘਣਾ ਕਰਨ ਅਤੇ ਜਨਤਕ ਤੌਰ ਉੱਤੇ ਨਫ਼ਰਤੀ ਭਾਸ਼ਣ ਦੇਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਦੀ ਜਾਂਚ ਵੀ ਸ਼ੁਰੂ ਕੀਤੀ ਸੀ ਜਿਸ ਦੌਰਾਨ ਇੱਕ ਵੀਡੀਓ ਵਿੱਚ ਨਜ਼ਰ ਆਇਆ ਕਿ ਇੱਕ ਵਿਅਕਤੀ ਲਾਊਡਸਪੀਕਰ ਉੱਤੇ ਸਿੱਖ ਗੁਰਦੁਆਰਿਆਂ ’ਤੇ ਧਾਵਾ ਬੋਲਣ ਸਬੰਧੀ ਭੜਕਾਊ ਭਾਸ਼ਣ ਦੇ ਰਿਹਾ ਸੀ। ਉਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਸੀ ਕਿ ਉਸ ਨੂੰ ਕੁਝ ਸ਼ਰਤਾਂ ਦੇ ਨਾਲ ਰਿਹਾਅ ਕੀਤਾ ਗਿਆ ਹੈ। ਹੁਣ ਬੈਨਰਜੀ ਨੇ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)