You’re viewing a text-only version of this website that uses less data. View the main version of the website including all images and videos.
ਕੈਨੇਡਾ ਮੰਦਰ ਹਿੰਸਾ: ਗੁਰਦੁਆਰਿਆਂ ’ਤੇ ਧਾਵਾ ਬੋਲਣ ਲਈ ਭੜਕਾਉਣ ਦੇ ਮਾਮਲੇ ’ਚ ਇੱਕ ਗ੍ਰਿਫ਼ਤਾਰ, ਭਾਰਤ ਨੇ ਕੈਂਪ ਕਿਉਂ ਰੱਦ ਕੀਤੇ
ਕੈਨੇਡਾ ਦੇ ਬਰੈਂਪਟਨ ਵਿੱਚ 3 ਨਵੰਬਰ ਹਿੰਦੂ ਸਭਾ ਮੰਦਰ ਬਾਹਰ ਹੋਈ ਹਿੰਸਾ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਰਣੇਂਦਰ ਲਾਲ ਬੈਨਰਜੀ ਨਾਂਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ਬਾਰੇ ਵੀਰਵਾਰ ਨੂੰ ਪੀਲ ਰੀਜਨਲ ਪੁਲਿਸ ਨੇ ਇੱਕ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਗ੍ਰਿਫ਼ਤਾਰੀ 6 ਨਵੰਬਰ ਨੂੰ ਕੀਤੀ ਗਈ ਸੀ।
ਸੀਐੱਸਟੀ ਟੇਲਰ ਬੈਲ-ਮੋਰੇਨਾ ਨੇ ਦੱਸਿਆ ਕਿ ਬੈਨਰਜੀ ਨੂੰ ਕੈਨੇਡਾ ਦੇ ਕ੍ਰਿਮੀਲ ਕੋਡ ਦੀ ਧਾਰਾ 319 (1) ਦੀ ਉਲੰਘਣਾ ਕਰਨ ਅਤੇ ਜਨਤਕ ਤੌਰ ਉੱਤੇ ਨਫ਼ਰਤੀ ਭਾਸ਼ਣ ਦੇਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਦੀ ਜਾਂਚ ਵੀ ਸ਼ੁਰੂ ਕੀਤੀ ਹੈ।
ਪੁਲਿਸ ਮੁਤਾਬਕ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਲਾਊਡਸਪੀਕਰ ਉੱਤੇ ਸਿੱਖ ਗੁਰਦੁਆਰਿਆਂ ’ਤੇ ਧਾਵਾ ਬੋਲਣ ਸਬੰਧੀ ਭੜਕਾਊ ਭਾਸ਼ਣ ਦੇ ਰਿਹਾ ਸੀ। ਉਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਸ਼ਰਤਾਂ ਦੇ ਨਾਲ ਰਿਹਾਅ ਕੀਤਾ ਗਿਆ ਹੈ। ਹੁਣ ਉਸ ਵਿਅਕਤੀ ਨੇ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਾ ਹੈ।
ਮੋਰੇਨਾ ਨੇ ਦਾਅਵਾ ਕੀਤਾ ਕਿ ਬਰੈਂਪਟਨ ਦੀ ਗੋਰ ਰੋਡ ਉੱਤੇ ਸਥਿਤ ਮੰਦਰ ਦੇ ਬਾਹਰ ਵਿਰੋਧੀ ਧਿਰਾਂ ਦਰਮਿਆਨ ਤਣਾਅ ਵੱਧਣ ਤੋਂ ਬਾਅਦ ਉੱਥੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਦੋ ਹੋਰ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ
ਕੁਝ ਲੋਕ ਜਿਨ੍ਹਾਂ ਦੇ ਪੱਕੇ ਪਤੇ ਦੀ ਜਾਣਕਾਰੀ ਨਹੀਂ ਮਿਲੀ ਸਕੀ, ਉਹਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਿਚਨਰ ਦੇ ਰਹਿਣ ਵਾਲੇ 24 ਸਾਲਾ ਅਰਮਾਨ ਗਹਿਲੋਤ ਅਤੇ 22 ਸਾਲਾ ਅਰਪਿਤ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਦੋਵਾਂ ਖ਼ਿਲਾਫ਼ ਕਤਲ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣਾ, ਹਥਿਆਰਾਂ ਨਾਲ ਹਮਲਾ ਕਰਨ ਦੀ ਸਾਜ਼ਿਸ਼ ਅਤੇ ਗ਼ੈਰ-ਸਮਾਜਿਕ ਗਤੀਵਿਧੀਆਂ ਦੀ ਸਾਜ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਬੁਲਾਰੇ ਨੇ ਕਿਹਾ ਕਿ ਜਾਂਚਕਰਤਾ ਉਨ੍ਹਾਂ ਦੀ ਭਾਲ ਵਿੱਚ ਲੱਗੇ ਹੋਏ ਹਨ ਪਰ ਉਹਨਾਂ ਦੋਵਾਂ ਨੂੰ ਕਾਨੂੰਨੀ ਸਲਾਹ ਲੈ ਕੇ ਖ਼ੁਦ ਨੂੰ ਪੁਲਿਸ ਸਾਹਮਣੇ ਪੇਸ਼ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।
ਪ੍ਰਗਟਾਵੇ ਦੀ ਆਜ਼ਾਦੀ ਪਰ ਹਿੰਸਾ ਬਰਦਾਸ਼ਤ ਨਹੀਂ
ਟੇਲਰ ਬੈਲ-ਮੋਰੇਨਾ ਨੇ ਕਿਹਾ ਕਿ ਪੀਲ ਰੀਜਨਲ ਪੁਲਿਸ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫ਼ਰੀਡਮਜ਼ ਤਹਿਤ ਕਿਸੇ ਵਿਅਕਤੀ ਦੇ ਵਿਰੋਧ ਦੇ ਅਧਿਕਾਰ ਦਾ ਸਨਮਾਨ ਕਰਨ ਲਈ ਵਚਨਬੱਧ ਹੈ।
ਪਰ ਕਿਸੇ ਕਿਸਮ ਦੀ ਹਿੰਸਕ ਗਤੀਵਿਧੀ, ਧਮਕੀਆਂ ਭਰੀ ਸ਼ਬਦਾਵਲੀ ਅਤੇ ਭੰਨਤੋੜ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ, “ਅਸੀਂ ਇਨ੍ਹਾਂ ਸਮਾਗਮਾਂ ਵਿੱਚ ਸਾਂਤੀਮਈ ਤਰੀਕੇ ਨਾਲ ਸਹਿਯੋਗ ਦੇਣ ਵਾਲਿਆਂ ਦੀ ਸ਼ਲਾਘਾ ਕਰਦੇ ਹਾਂ।”
ਪੀਲ ਰੀਜਨਲ ਪੁਲਿਸ ਨੇ ਇਸ ਤੋਂ ਬਾਅਦ 3 ਅਤੇ 4 ਨਵੰਬਰ ਦੀਆਂ ਘਟਨਾਵਾਂ ਦੌਰਾਨ ਅਪਰਾਧ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਇੱਕ ਸਟ੍ਰੈਜੇਟਿਕ ਇਨਵੈਸਟੀਗੇਸ਼ਨ ਟੀਮ (ਰਣਨੀਤਕ ਜਾਂਚ ਟੀਮ) ਦਾ ਗਠਨ ਕੀਤਾ ਹੈ।
ਬਰੈਂਪਟਨ ਹਿੰਸਾ ਦਾ ਮਾਮਲਾ
3 ਨਵੰਬਰ ਨੂੰ ਐਤਵਾਰ ਵਾਲੇ ਦਿਨ ਬਰੈਂਪਟਨ ਦੇ ਹਿੰਦੂ ਮੰਦਰ ਅੱਗੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਮੁਜ਼ਾਹਰਾ ਕੀਤਾ ਸੀ। ਜਿਸ ਦੌਰਾਨ ਉਨ੍ਹਾਂ ਦੀ ਕੁਝ ਹਿੰਦੂ ਲੋਕਾਂ ਨਾਲ ਝੜਪ ਹੋ ਗਈ ਸੀ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।
ਜਿਸ ਨੂੰ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦਿਆਂ ਲਿਖਿਆ ਸੀ, ‘‘ਖਾਲਿਸਤਾਨੀ ਕੱਟੜਵਾਦੀਆਂ ਨੇ ਅੱਜ ਲਾਲ ਲਕੀਰ ਪਾਰ ਕਰ ਲਈ।’’
ਚੰਦਰ ਆਰਿਆ ਸਣੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਮੰਦਰ ਉੱਤੇ ਹਮਲਾ ਕਰਾਰ ਦਿੱਤਾ ਸੀ। ਪਰ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੇ ਸਿੱਖ ਸੰਗਠਨਾਂ ਨੇ ਦਾਅਵਾ ਕੀਤਾ ਕਿ ਇਹ ਮੰਦਰ ਉੱਤੇ ਹਮਲਾ ਨਹੀਂ ਸੀ।
ਉਨ੍ਹਾਂ ਨੇ ਮੰਗ ਕੀਤੀ ਸੀ ਕਿ ਪੁਲਿਸ ਇਸ ਦੀ ਗਹਿਰਾਈ ਨਾਲ ਜਾਂਚ ਕਰ ਕੇ ਪਤਾ ਲਾਏ ਕਿ ਹਿੰਸਾ ਭੜਕਾਉਣ ਦਾ ਕੰਮ ਕਿਸ ਨੇ ਕੀਤਾ।
ਉਨ੍ਹਾਂ ਬਿਆਨ ਵਿੱਚ ਕਿਹਾ ਸੀ ਕਿ ਖਾਲਿਸਤਾਨੀ ਸਮਰਥਕ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਖਿਲਾਫ਼ ਮੁਜ਼ਾਹਰਾ ਕਰਨ ਗਏ ਸਨ। ਜੋ ਉੱਥੇ ਭਾਰਤੀ ਨਾਗਰਿਕਾਂ ਲ਼ਈ ਲਾਇਫ਼ ਸਟੀਫਿਕੇਟ ਜਾਰੀ ਕਰਨ ਲਈ ਲਗਾਏ ਕੈਂਪ ਵਿੱਚ ਪਹੁੰਚੇ ਹੋਏ ਸਨ।
ਇਸ ਦੌਰਾਨ ਮੰਦਰ ਦੀ ਪਾਰਕਿੰਗ ਲੌਟ ਵਿੱਚ ਹਾਜ਼ਰ ਤਿਰੰਗੇ ਝੰਡੇ ਫੜੀ ਭਾਰਤ ਪੱਖੀਆਂ ਨੇ ਵੀ ਨਾਅਰੇਬਾਜੀ ਕੀਤੀ, ਜੋ ਬਾਅਦ ਵਿੱਚ ਹਿੰਸਾ ਵਿੱਚ ਬਦਲ ਗਈ।
ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੇ ਵੀਡੀਓਜ਼ ਵਿੱਚ ਵੀ ਦੇਖਿਆ ਜਾ ਸਕਦਾ ਸੀ ਕਿ ਖਾਲਿਸਤਾਨੀ ਝੰਡਿਆਂ ਵਾਲੇ ਡੰਡਿਆਂ ਨਾਲ ਕੁਝ ਲੋਕਾਂ ਨੂੰ ਕੁੱਟ ਰਹੇ ਹਨ, ਤਾਂ ਅੱਗੋਂ ਭਾਰਤੀ ਤਿਰੰਗੇ ਝੰਡੇ ਵਾਲੇ ਕੁਝ ਲੋਕ ਵੀ ਡੰਡੇ ਚਲਾ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਵੀਡੀਓਜ਼ ਦੀ ਪ੍ਰਣਮਾਣਿਕਤਾ ਦੀ ਬੀਬੀਸੀ ਆਪਣੇ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ।
ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਈ ਥਾਈਂ ਰੋਸ ਮੁਜਾਹਰੇ ਕੀਤੀ। ਕੁਝ ਲੋਕਾਂ ਨੇ ਮਿਸੀਸਾਗਾ ਦੇ ਮਾਲਟਨ ਗੁਰਦੁਆਰੇ ਅੱਗੇ ਨਾਅਰੇਬਾਜੀ ਕੀਤੀ।
ਹਿੰਸਕ ਮੁਜਾਹਰਿਆਂ ਵਿੱਚ ਪੀਲ ਪੁਲਿਸ ਨੇ ਹੁਣ ਤੱਕ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ ਅਤੇ ਪੁਲਿਸ ਕੁਝ ਹੋਰ ਲੋਕਾਂ ਖਿਲਾਫ਼ ਕਾਰਵਾਈ ਦੀ ਸੰਭਾਵਨਾ ਪ੍ਰਗਟਾ ਰਹੀ ਹੈ।
ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ’ਚ ਕੈਂਪ ਰੱਦ ਕੀਤੇ
ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਪਹਿਲਾਂ ਤੋਂ ਹੀ ਤੈਅ ਆਪਣੇ ਕੁਝ ਕੈਂਪਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤੀ ਹਾਈ ਕਮਿਸ਼ਨ ਦੇ ਅਨੁਸਾਰ, "ਭਾਰਤੀ ਕੈਂਪਾਂ ਨੂੰ ਘੱਟੋ ਘੱਟ ਸੁਰੱਖਿਆ ਪ੍ਰਦਾਨ ਕਰਨ ਵਿੱਚ "ਅਸਮੱਰਥਾ" ਜ਼ਾਹਰ ਕੀਤੇ ਜਾਣ ਤੋਂ ਬਾਅਦ ਅਸੀਂ ਪਹਿਲਾਂ ਤੋਂ ਹੀ ਨਿਰਧਾਰਿਤ ਕੁੱਝ ਕੈਂਪਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।"
ਐੱਮਈਏ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਤੁਸੀਂ ਟੋਰਾਂਟੋ ਵਿੱਚ ਸਾਡੇ ਦੂਤਘਰ ਦਾ ਸੁਨੇਹਾ ਦੇਖਿਆ ਹੋਵੇਗਾ ਜਿਸ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਹਫ਼ਤੇ ਦੇ ਆਖ਼ੀਰ ਵਿੱਚ ਆਯੋਜਿਤ ਹੋਣ ਵਾਲੇ ਕੌਂਸਲਰ ਕੈਂਪ ਰੱਦ ਕਰਨੇ ਪੈ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਮੇਜ਼ਬਾਨ ਸਰਕਾਰ ਤੋਂ ਲੋੜੀਂਦੀ ਸੁਰੱਖਿਆ ਜਾਂ ਸੁਰੱਖਿਆ ਦਾ ਭਰੋਸਾ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ, “ਵੱਡੀ ਗਿਣਤੀ ਭਾਰਤੀ ਕੈਨੇਡਾ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ, ਖ਼ਾਸ ਤੌਰ 'ਤੇ ਨਵੰਬਰ ਅਤੇ ਦਸੰਬਰ ਦਰਮਿਆਨ, ਇੱਥੇ ਭਾਰਤ ਵਿੱਚ ਆਪਣੀਆਂ ਪੈਨਸ਼ਨਾਂ ਅਤੇ ਹੋਰ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਕਈ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।”
“ਇਸ ਲਈ, ਇਹ ਕੌਂਸਲਰ ਕੈਂਪ ਜੋ ਅਸੀਂ ਕਰਦੇ ਹਾਂ ਉਹ ਭਾਰਤੀ ਨਾਗਰਿਕਤਾ ਵਾਲੇ ਲੋਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਜੋ ਹੁਣ ਦੂਜੇ ਦੇਸ਼ਾਂ ਦੇ ਨਾਗਰਿਕ ਹੋ ਸਕਦੇ ਹਨ ਦੋਵਾਂ ਲਈ ਮਦਦਗਾਰ ਹੁੰਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ