You’re viewing a text-only version of this website that uses less data. View the main version of the website including all images and videos.
ਕੈਨੇਡਾ ਮੰਦਰ ਹਿੰਸਾ: ਹਿੰਦੂ ਸਭਾ ਵੱਲੋਂ ਮੰਦਰ ਦਾ ਪੁਜਾਰੀ ਮੁਅੱਤਲ, ਕੈਨੇਡਾ ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਕਰਨ ਬਾਰੇ ਕੀ ਕਿਹਾ
ਕੈਨੇਡਾ ਦੇ ਬਰੈਂਪਟਨ ਵਿੱਚ 3 ਨਵੰਬਰ, ਐਤਵਾਰ ਨੂੰ ਹਿੰਦੂ ਸਭਾ ਮੰਦਰ ਬਾਹਰ ਹੋਈ ਹਿੰਸਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।
ਇਸ ਘਟਨਾ ਵਿਰੁੱਧ ਬਰੈਂਪਟਨ ਦੀਆਂ ਸੜਕਾਂ ’ਤੇ ਬੀਤੇ ਦਿਨ ਵੱਡੀ ਗਿਣਤੀ ਇਕੱਤਰ ਹੋ ਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ।
ਕੈਨੇਡਾ ਵਿਚਲੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਵੀ ਇਸ ਘਟਨਾ ਦੀ ਨਿਖੇਧੀ ਕਰ ਰਹੇ ਹਨ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਐਕਸ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਹਿੰਦੂ ਸਭਾ ਵੱਲੋਂ ਹਿੰਸਕ ਬਿਆਨਬਾਜ਼ੀ ਕਰਨ ਵਾਲੇ ਮੰਦਰ ਦੇ ਪੁਜਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਪੀਲ ਪੁਲਿਸ ਵੀ ਆਪਣੇ ਇੱਕ ਅਧਿਕਾਰੀ ਨੂੰ ਖਾਲਿਸਤਾਨੀ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਕਾਰਨ ਮੁਅੱਤਲ ਕਰ ਚੁੱਕੀ ਹੈ।
ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮ ਦੀ ਪਛਾਣ ਪੰਜਾਬੀ ਮੂਲ ਦੇ ਹਰਿੰਦਰ ਸੋਹੀ ਵਜੋਂ ਹੋਈ ਹੈ, ਜਿਸ ਨੂੰ ਹਿੰਸਕ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਵੀਡੀਓ ਵਿੱਚ ਦੇਖਿਆ ਗਿਆ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਲੈ ਕੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਤੱਕ ਵੱਖ-ਵੱਖ ਸਿਆਸੀ ਧਿਰਾਂ ਨਾਲ ਸਬੰਧਤ ਆਗੂ ਇਨ੍ਹਾਂ ਹਿੰਸਕ ਘਟਨਾਵਾਂ ਦੀ ਨਿਖੇਧੀ ਕਰ ਰਹੀਆਂ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂ ਮੰਦਰ ਅੱਗੇ ਹੋਈ ਹਿੰਸਾ ਨੂੰ 'ਕਾਇਰਾਨਾ ਹਮਲਾ' ਕਹਿ ਕੇ ਭੰਡਿਆ ਸੀ.ਸੋਸ਼ਲ ਮੀਡੀਆ ਹੈਂਡਲ ਐਕਸ ਉੱਤੇ ਜਾਰੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 'ਅਜਿਹੇ ਹਮਲੇ ਭਾਰਤ ਦੇ ਸੰਕਪਲ ਨੂੰ ਕਮਜ਼ੋਰ ਨਹੀਂ ਕਰ ਸਕਦੇ।'
ਉਨ੍ਹਾਂ ਕੈਨੇਡਾ ਸਰਕਾਰ ਤੋਂ ਆਸ ਕੀਤੀ ਕਿ ਉਹ ਮਾਮਲੇ ਵਿੱਚ ਨਿਆ ਕਰਨਗੇ ਅਤੇ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।
“ਹਿੰਦੂ ਸਭਾ ਨੇ ਮੰਦਰ ਦੇ ਪੁਜਾਰੀ ਨੂੰ ਮੁਅੱਤਲ ਕੀਤਾ”
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਮੰਦਰ ਬਾਹਰ ਹੋਈ ਹਿੰਸਾ ਦੇ ਮਾਮਲੇ ਸਬੰਧੀ ਐਕਸ ’ਤੇ ਪੋਸਟ ਕੀਤੀ ਹੈ।
ਉਨ੍ਹਾਂ ਲਿਖਿਆ, “ਕੈਨੇਡਾ ਦੇ ਬਹੁਗਿਣਤੀ ਸਿੱਖ ਅਤੇ ਹਿੰਦੂ ਸਦਭਾਵਨਾ ਨਾਲ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ।”
ਪੈਟਰਿਕ ਨੇ ਅੱਗੇ ਲਿਖਿਆ, “ਹਿੰਦੂ ਸਭਾ ਮੰਦਰ ਦੇ ਪ੍ਰਧਾਨ ਮਧੂਸੂਦਨ ਲਾਮਾ ਨੇ ਹਿੰਸਕ ਬਿਆਨਬਾਜ਼ੀ ਕਰਨ ਵਾਲੇ ਪੰਡਿਤ ਨੂੰ ਮੁਅੱਤਲ ਕਰ ਦਿੱਤਾ ਹੈ। ਓਨਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਨੇ ਐਤਵਾਰ ਰਾਤ ਨੂੰ ਹਿੰਦੂ ਸਭਾ ਮੰਦਰ ਵਿਖੇ ਹੋਈ ਹਿੰਸਾ ਦੀ ਨਿਖੇਧੀ ਕੀਤੀ ਹੈ।”
“ਯਾਦ ਰਹੇ ਕਿ ਸਾਨੂੰ ਵੰਡਣ ਵਾਲੀਆਂ ਚੀਜ਼ਾਂ ਨਾਲੋਂ ਸਾਡੇ ਸਾਰਿਆਂ ਵਿੱਚ ਸਮਾਨਤਾ ਵਧੇਰੇ ਹੈ। ਤਣਾਅ ਦੇ ਸਮੇਂ ਵਿੱਚ ਅਸੀਂ ਅੰਦੋਲਨਕਾਰੀਆਂ ਨੂੰ ਵੰਡ ਦੇ ਬੀਜ ਬੀਜਣ ਨਹੀਂ ਦੇ ਸਕਦੇ। ਜੀਟੀਏ ਵਿੱਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੀ ਲੀਡਰਸ਼ਿਪ ਵੰਡ, ਨਫ਼ਰਤ ਅਤੇ ਹਿੰਸਾ ਨਹੀਂ ਚਾਹੁੰਦੀ।”
“ਮੈਂ ਭਾਈਚਾਰੇ ਵਿੱਚ ਹਰ ਕਿਸੇ ਨੂੰ ਹਿੰਸਾ ਅਤੇ ਨਫ਼ਰਤ ਦਾ ਜਵਾਬ ਨਾ ਦੇਣ ਲਈ ਕਹਿੰਦਾ ਹਾਂ। ਕਾਨੂੰਨ ਲਾਗੂ ਕਰਨ ਵਾਲੇ ਜਵਾਬ ਦੇਣ ਲਈ ਮੌਜੂਦ ਹਨ। ਇਹ ਉਨ੍ਹਾਂ ਦਾ ਕੰਮ ਹੈ। ਸਾਨੂੰ ਅਜਿਹਾ ਦੇਸ਼ ਬਣੇ ਰਹਿਣਾ ਚਾਹੀਦਾ ਹੈ, ਜਿੱਥੇ ਕਾਨੂੰਨ ਦਾ ਰਾਜ ਚੱਲਦਾ ਹੈ।”
ਪੁਲਿਸ ਕੀ ਕਾਰਵਾਈ ਕਰ ਰਹੀ ਹੈ
ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰਿਆਪ ਨੇ ਕਿਹਾ ਕਿ ਜਦੋਂ ਮੰਦਰ ਵਿੱਚ ਦੋ ਧਿਰਾਂ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਈਆਂ ਤਾਂ ਇਹ ਪ੍ਰਦਰਸ਼ਨ ਖ਼ਤਰਨਾਕ ਅਤੇ ਗੈਰ-ਕਾਨੂੰਨੀ ਹੋ ਗਏ ਸਨ।
ਉਨ੍ਹਾਂ ਕਿਹਾ, “ਕੁਝ ਪ੍ਰਦਸ਼ਨਕਾਰੀਆਂ ਨੇ ਜਾਣਬੁੱਝ ਕੇ ਵਿਵਾਦ ਵਧਾਇਆ। ਇਸ ਤੋਂ ਬਾਅਦ ਕੁਝ ਘਟਨਾਵਾਂ ਹੋਈਆਂ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਸਾਨੂੰ ਯਕੀਨ ਹੈ ਕਿ ਹੋਰ ਗ੍ਰਿਫ਼ਤਾਰੀਆਂ ਵੀ ਹੋਣਗੀਆਂ। ਇਸ ਘਟਨਾ ਦੌਰਾਨ ਹਿੰਸਾ ਅਤੇ ਨਫ਼ਰਤ ਦੇਖੀ ਗਈ ਹੈ। ਇਹ ਸਵਿਕਾਰਨ ਯੋਗ ਨਹੀਂ ਹੈ ਅਤੇ ਇਸ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ।”
“ਇਸ ਨਾਲ ਸਾਡੇ ਸਾਰੇ ਭਾਈਚਾਰੇ ਦਾ ਅਕਸ ਨਾਕਾਰਾਤਮਕ ਤਰੀਕੇ ਨਾਲ ਪੇਸ਼ ਹੁੰਦਾ ਹੈ। ਇਹ ਪੀਲ ਵਿੱਚ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਦੀ ਭਾਵਨਾ ਨੂੰ ਖ਼ਤਰਾ ਪੈਦਾ ਕਰਦਾ ਹੈ। ਹਿੰਸਾ ਅਤੇ ਨਫ਼ਤਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸੀਂ ਆਪਣੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ ਅਤੇ ਖ਼ਾਸ ਕਰਕੇ ਪ੍ਰਾਰਥਨਾ ਕਰਨ ਵਾਲੀਆਂ ਥਾਵਾਂ ’ਤੇ ਅਤੇ ਬਾਹਰ।”
ਐੱਮਪੀ ਕਮਲ ਖਹਿਰਾ ਦਾ ਕੀ ਕਹਿਣਾ ਹੈ
ਕੈਨੇਡਾ ਦੇ ਪੱਛਮੀ ਬਰੈਂਪਟਨ ਤੋਂ ਐੱਮਪੀ ਕਮਲ ਖਹਿਰਾ ਨੇ ਹਿੰਦੂ ਮੰਦਰ ਸਭਾ ਬਾਹਰ ਹੋਈ ਹਿੰਸਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਬੀਤੇ ਦਿਨ ਬਰੈਂਪਟਨ ਵਿੱਚ ਹੋਇਆ ਉਹ ਅਸਵਿਕਾਰਨਯੋਗ ਹੈ।
ਉਨ੍ਹਾਂ ਕਿਹਾ, “ਹਰ ਕਿਸੇ ਨੂੰ ਕੈਨੇਡਾ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਇਸ ਦੌਰਾਨ ਨਫ਼ਰਤ ਅਤੇ ਹਿੰਸਾ ਦੀਆਂ ਹੱਦਾਂ ਨੂੰ ਨੂੰ ਪਾਰ ਨਹੀਂ ਕਰਨਾ ਚਾਹੀਦਾ। ਬਰੈਂਪਟਨ ਵਿੱਚ ਜੋ ਕੱਲ੍ਹ ਹੋਇਆ ਉਹ ਬਿਲਕੁਲ ਅਸਵਿਕਾਰਨਯੋਗ ਹੈ।
“ਅਸੀਂ ਚੀਫ ਨਿਸ਼ਾਨ ਦੇ ਸੰਪਰਕ ਵਿੱਚ ਹਾਂ ਅਤੇ ਭਾਈਚਾਰੇ ਦੇ ਸੰਪਰਕ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ ਤਾਂ ਜੋ ਸਮਾਜ ਵਿੱਚ ਸ਼ਾਂਤੀ ਬਣੀ ਰਹੇ। ਮੈਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਮਹੱਤਵਪੂਰਨ ਹੈ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਸਾਰੇ ਭਾਈਚਾਰਿਆਂ ਨੂੰ ਇਕੱਠਿਆਂ ਲੈ ਕੇ ਆਈਏ ਤੇ ਉਨ੍ਹਾਂ ਵਿੱਚ ਸ਼ਾਂਤ ਬਣਾਈ ਰੱਖੀਏ।”
“ਸਾਡੇ ਭਾਈਚਾਰਿਆਂ ਵਿੱਚ ਪਿਛਲੇ ਕੁਝ ਦਿਨ ਬਹੁਤ ਸ਼ਾਨਦਾਰ ਰਹੇ, ਅਸੀਂ ਵੱਖ-ਵੱਖ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ। ਇਥੋਂ ਤੱਕ ਕਿ ਬਰੈਂਪਟਨ ਵਿੱਚ ਪ੍ਰਧਾਨ ਮੰਤਰੀ ਨੇ ਸਾਡੇ ਭਾਈਚਾਰਿਆਂ ਨਾਲ ਤਿਉਹਾਰ ਮਨਾਏ। ਮਿਸੀਸਾਗਾ ਤੇ ਬਰੈਂਪਟਨ ਵਿੱਚ ਸਾਡੇ ’ਚ ਜੋ ਐਤਵਾਰ ਤੇ ਕੱਲ੍ਹ ਵਾਪਰਿਆ ਉਹ ਸੱਚਮੁੱਚ ਮੰਦਭਾਗਾ ਹੈ। ਅਸੀਂ ਕਿਸੇ ਵੀ ਹਿੰਸਾ ਜਾਂ ਹਿੰਸਾ ਦੀਆਂ ਕਾਰਵਾਈਆਂ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਾਂ।”
ਐੱਮਪੀ ਕਮਲ ਖਹਿਰਾ ਨੇ ਅੱਗੇ ਕਿਹਾ, “ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਲੋਕ ਸੁਰੱਖਿਅਤ ਮਹਿਸੂਸ ਕਰਦੇ ਹੋਏ ਆਪਣੇ ਧਾਰਮਿਕ ਸਥਾਨਾਂ ’ਤੇ ਜਾਣ ਦੇ ਯੋਗ ਹੋਣ ਅਤੇ ਅਸੀਂ ਇਹ ਵੀ ਯਕੀਨੀ ਬਣਾਉਣਾ ਜਾਰੀ ਰੱਖਾਂਗੇ ਕਿ ਸਾਰੇ ਭਾਈਚਾਰਿਆਂ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰਦੇ ਰਹੀਏ।”
“ਸਿੱਖਾਂ ਖ਼ਿਲਾਫ਼ ਬਿਰਤਾਂਤ ਸਿਰਜਿਆ ਜਾ ਰਿਹਾ”
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਬਰੈਂਪਟਨ ਵਿੱਚ ਮੰਦਰ ਬਾਹਰ ਹੋਈ ਹਿੰਸਾ ਦੀ ਜਿੱਥੇ ਨਿੰਦਾ ਕੀਤੀ ਹੈ, ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਖ਼ਿਲਾਫ਼ ਬਿਰਤਾਂਤ ਸਿਰਜਿਆ ਜਾ ਰਿਹਾ ਹੈ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, “ਲੰਬੇ ਸਮੇਂ ਤੋਂ ਸਿੱਖਾਂ ਖ਼ਿਲਾਫ਼ ਬਿਰਤਾਂਤ ਸਿਰਜੇ ਜਾ ਰਹੇ ਹਨ। ਮੰਦਰ ’ਤੇ ਕੋਈ ਹਮਲਾ ਨਹੀਂ ਹੋਇਆ, ਮੰਦਰ ਦੇ ਬਾਹਰ ਇੱਕ ਝੜਪ ਹੋਈ ਹੈ, ਜੋ ਕਿ ਮੰਦਭਾਗੀ ਹੈ। ਇਹ ਝੜਪ ਨਹੀਂ ਹੋਣੀ ਚਾਹੀਦੀ ਸੀ ਪਰ ਮੰਦਰ ਬਾਹਰ ਵਾਪਰੀ ਘਟਨਾ ਨੂੰ ਮੰਦਰ ਉਤੇ ਹਮਲਾ ਗਰਦਾਨਿਆਂ ਗਿਆ, ਜੋ ਕਿ ਮੰਦਭਾਗਾ ਹੈ। 1984 ਵਿੱਚ ਭਾਰਤੀ ਫੌਜ ਨੇ ਕਿੰਨੇ ਹੀ ਗੁਰਦੁਆਰਿਆਂ ’ਤੇ ਹਮਲਾ ਕੀਤਾ ਪਰ ਕਿਸੇ ਵੀ ਸਿੱਖ ਨੇ ਕਿਸੇ ਮੰਦਰ ’ਤੇ ਹਮਲਾ ਨਹੀਂ ਕੀਤਾ।”
ਉਨ੍ਹਾਂ ਅੱਗੇ ਕਿਹਾ, “ਮੈਂ ਸਮਝਦਾ ਹਾਂ ਕਿ ਇਹ ਮੰਦਰ ਉੱਪਰ ਹਮਲਾ ਨਹੀਂ ਸੀ ਤੇ ਨਾ ਹੀ ਸਿੱਖ ਕਿਸੇ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਕਰਦੇ ਹਨ। ਮਾਲਟਾ ਗੁਰਦੁਆਰੇ ਬਾਹਰ ਸ਼ਰਾਰਤੀ ਅਨਸਰਾਂ ਨੇ ਗੱਡੀਆਂ ਦੀ ਭੰਨਤੋੜ ਕੀਤੀ ਹੈ, ਜੋ ਕਿ ਮੰਦਭਾਗਾ ਹੈ।”
ਬਰੈਂਪਟਨ ਹਿੰਸਾ ਦਾ ਕੀ ਹੈ ਮਾਮਲਾ
ਬੀਤੇ 3 ਨਵੰਬਰ ਨੂੰ ਐਤਵਾਰ ਵਾਲੇ ਦਿਨ ਬਰੈਂਪਟਨ ਦੇ ਹਿੰਦੂ ਮੰਦਰ ਅੱਗੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਮੁਜ਼ਾਹਰਾ ਕੀਤਾ ਸੀ। ਜਿਸ ਦੌਰਾਨ ਉਨ੍ਹਾਂ ਦੀ ਭਾਰਤ ਪੱਖੀ ਕੁਝ ਲੋਕਾਂ ਨਾਲ ਝੜਪ ਹੋ ਗਈ ਸੀ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ। ਜਿਸ ਨੂੰ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦਿਆਂ ਲਿਖਿਆ ਸੀ, ‘‘ਖਾਲਿਸਤਾਨੀ ਕੱਟੜਵਾਦੀਆਂ ਨੇ ਅੱਜ ਲਾਲ ਲਕੀਰ ਪਾਰ ਕਰ ਲਈ।’’
ਚੰਦਰ ਆਰਿਆ ਸਣੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਮੰਦਰ ਉੱਤੇ ਹਮਲਾ ਕਰਾਰ ਦਿੱਤਾ ਸੀ। ਪਰ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੇ ਸਿੱਖ ਸੰਗਠਨਾਂ ਨੇ ਦਾਅਵਾ ਕੀਤਾ ਕਿ ਇਹ ਮੰਦਰ ਉੱਤੇ ਹਮਲਾ ਨਹੀਂ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਪੁਲਿਸ ਇਸ ਦੀ ਗਹਿਰਾਈ ਨਾਲ ਜਾਂਚ ਕਰ ਕੇ ਪਤਾ ਲਗਾਏ ਕਿ ਹਿੰਸਾ ਭੜਕਾਉਣ ਦਾ ਕੰਮ ਕਿਸ ਨੇ ਕੀਤਾ।
ਉਨ੍ਹਾਂ ਬਿਆਨ ਵਿੱਚ ਕਿਹਾ ਸੀ ਕਿ ਖਾਲਿਸਤਾਨੀ ਸਮਰਥਕ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਖਿਲਾਫ਼ ਮੁਜ਼ਾਹਰਾ ਕਰਨ ਗਏ ਸਨ। ਜੋ ਉੱਥੇ ਭਾਰਤੀ ਨਾਗਰਿਕਾਂ ਲ਼ਈ ਲਾਇਫ਼ ਸਟੀਫਿਕੇਟ ਜਾਰੀ ਕਰਨ ਲਈ ਲਗਾਏ ਕੈਂਪ ਵਿੱਚ ਪਹੁੰਚੇ ਹੋਏ ਸਨ।
ਇਸ ਦੌਰਾਨ ਮੰਦਰ ਦੀ ਪਾਰਕਿੰਗ ਲੌਟ ਵਿੱਚ ਹਾਜ਼ਰ ਤਿਰੰਗੇ ਝੰਡੇ ਫੜੀ ਭਾਰਤ ਪੱਖੀਆਂ ਨੇ ਵੀ ਨਾਅਰੇਬਾਜੀ ਕੀਤੀ, ਜੋ ਬਾਅਦ ਵਿੱਚ ਹਿੰਸਾ ਵਿੱਚ ਬਦਲ ਗਈ।
ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੇ ਵੀਡੀਓਜ਼ ਵਿੱਚ ਵੀ ਦੇਖਿਆ ਜਾ ਸਕਦਾ ਸੀ ਕਿ ਖਾਲਿਸਤਾਨੀ ਝੰਡਿਆਂ ਵਾਲੇ ਡੰਡਿਆਂ ਨਾਲ ਕੁਝ ਲੋਕਾਂ ਨੂੰ ਕੁੱਟ ਰਹੇ ਹਨ, ਤਾਂ ਅੱਗੋਂ ਭਾਰਤੀ ਤਿਰੰਗੇ ਝੰਡੇ ਵਾਲੇ ਕੁਝ ਲੋਕ ਵੀ ਡੰਡੇ ਚਲਾ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਵੀਡੀਓਜ਼ ਦੀ ਪ੍ਰਣਮਾਣਿਕਤਾ ਦੀ ਬੀਬੀਸੀ ਆਪਣੇ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ।
ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਈ ਥਾਈਂ ਰੋਸ ਮੁਜਾਹਰੇ ਕੀਤੀ। ਕੁਝ ਲੋਕਾਂ ਨੇ ਮਿਸੀਸਾਗਾ ਦੇ ਮਾਲਟਨ ਗੁਰਦੁਆਰੇ ਅੱਗੇ ਨਾਅਰੇਬਾਜੀ ਕੀਤੀ।
ਹਿੰਸਕ ਮੁਜਾਹਰਿਆਂ ਵਿੱਚ ਪੀਲ ਪੁਲਿਸ ਨੇ ਹੁਣ ਤੱਕ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ ਅਤੇ ਪੁਲਿਸ ਕੁਝ ਹੋਰ ਲੋਕਾਂ ਖਿਲਾਫ਼ ਕਾਰਵਾਈ ਦੀ ਸੰਭਾਵਨਾ ਪ੍ਰਗਟਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ