You’re viewing a text-only version of this website that uses less data. View the main version of the website including all images and videos.
ਕੈਨੇਡਾ ਸਰਕਾਰ ਦੀ ਰਿਪੋਰਟ ’ਚ ਭਾਰਤ ਨੂੰ ‘ਸਾਈਬਰ ਖ਼ਤਰਾ’ ਦੱਸਿਆ ਤਾਂ ਭਾਰਤ ਨੇ ਦਿੱਤਾ ਇਹ ਜਵਾਬ
ਕੈਨੇਡਾ ਦੀ ਸਰਕਾਰ ਨੇ ਪਹਿਲੀ ਵਾਰ ਭਾਰਤ ਨੂੰ ‘ਐਡਵਰਸਰੀ’ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਹੈ। ਇਹ ਲਿਸਟ ਕੈਨੇਡਾ ਦੇ ਸੈਂਟਰ ਫਾਰ ਸਾਈਬਰ ਸਿਕਿਓਰਿਟੀ ਵੱਲੋਂ ਤਿਆਰ ਕੀਤੀ ‘ਨੈਸ਼ਨਲ ਸਾਈਬਰ ਥ੍ਰੈਟ ਅਸੈਸਮੈਂਟ 2025-2026' ਦਾ ਹਿੱਸਾ ਹੈ।
ਐਡਵਰਸਰੀ ਦੇਸ਼ ਉਹ ਹੁੰਦੇ ਹਨ ਜਿਨ੍ਹਾਂ ਤੋਂ ਕੈਨੇਡਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਖ਼ਤਰਾ ਹੈ। ਇਸ ਰਿਪੋਰਟ ਵਿੱਚ ਭਾਰਤ ਨੂੰ ਕੈਨੇਡਾ ਲਈ ਸਾਈਬਰ ਖ਼ਤਰਾ ਮੰਨਿਆ ਗਿਆ ਹੈ।
ਭਾਰਤ ਨੇ ਇਸ ਰਿਪੋਰਟ ਉੱਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਕੈਨੇਡਾ ਸਰਕਾਰ ਦੀ ਭਾਰਤ 'ਤੇ ਮੁੜ ਹਮਲਾ ਕਰਨ ਦੀ ਇੱਕ ਰਣਨੀਤੀ ਹੈ।
ਇਹ ਰਿਪੋਰਟ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਭਾਰਤ-ਕੈਨੇਡਾ ਵਿਚਾਲੇ ਰਿਸ਼ਤੇ ਕੁੜੱਤਣ ਦੇ ਦੌਰ ਵਿੱਚੋਂ ਲੰਘ ਰਹੇ ਹਨ।
2023 ਵਿੱਚ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਗੁਰਦੁਆਰੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦਾ ਇਲਜ਼ਾਮ ਲਗਾਇਆ ਸੀ।
ਭਾਰਤ ਨੇ ਵਾਰ-ਵਾਰ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਕੈਨੇਡਾ ਵੱਲੋਂ ਇਸ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤੇ ਗਏ ਹਨ। ਕੁਝ ਵਕਤ ਪਹਿਲਾਂ ਦੋਵਾਂ ਮੁਲਕਾਂ ਵਿਚਾਲੇ ਤਲਖੀ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ 6-6 ਕੂਟਨੀਤਕਾਂ ਨੂੰ ਵਾਪਸ ਭੇਜ ਦਿੱਤਾ ਸੀ।
ਰਿਪੋਰਟ ਵਿੱਚ ਕੀ-ਕੀ ਲਿਖਿਆ ਹੈ
ਕੈਨੇਡੀਅਨ ਸੈਂਟਰ ਫਾਰ ਸਾਈਬਰ ਸਿਕਿਓਰਿਟੀ ਦਾ ਨੈਸ਼ਨਲ ਸਾਈਬਰ ਥ੍ਰੇਟ ਅਸੈਸਮੈਂਟ 2025-2026 ਕੈਨੇਡਾ ਲਈ ਸਾਈਬਰ ਖਤਰਿਆਂ ਬਾਰੇ ਸੂਚੇਤ ਕਰਨ ਵਾਲੀ ਇੱਕ ਅਹਿਮ ਰਿਪੋਰਟ ਹੈ।
ਸੈਂਟਰ ਦੀ ਵੈਬਸਾਈਟ ਮੁਤਾਬਕ ਮੌਜੂਦਾ ਖ਼ਤਰਿਆਂ ਬਾਰੇ ਜਨਤਕ ਰਿਪੋਰਟਿੰਗ ਅਤੇ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਹੀ ਅੰਦਾਜ਼ਾ ਲਗਾਇਆ ਜਾਂਦਾ ਹੈ। ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਤੋਂ ਕੈਨੇਡਾ ਨੂੰ ਸਾਈਬਰ ਖ਼ਤਰਾ ਹੈ।
ਕੈਨੇਡਾ ਦੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਸਮਰਥਨ ਹਾਸਲ ਇਕਾਈਆਂ ਵੱਲੋਂ ਕੈਨੇਡਾ ਸਰਕਾਰ ਦੇ ਵਿਰੁੱਧ ਜਾਸੂਸੀ ਦੇ ਮੰਤਵ ਨਾਲ ਸਾਈਬਰ ਐਕਟੀਵਿਟੀ ਕੀਤੇ ਜਾਣ ਦੀ ਕਾਫੀ ਸੰਭਾਵਨਾ ਹੈ।
ਕਿਹੜੇ ਦੇਸ਼ਾਂ ਨੂੰ ਕੈਨੇਡਾ ਨੇ ਖ਼ੁਦ ਲਈ ਸਾਈਬਰ ਖ਼ਤਰਾ ਦੱਸਿਆ?
- ਚੀਨ
- ਰੂਸ
- ਇਰਾਨ
- ਉੱਤਰੀ ਕੋਰੀਆ
- ਭਾਰਤ
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਵੱਲੋਂ ਇੱਕ ਕੈਨੇਡੀਆਈ ਨਾਗਰਿਕ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਜਾਣ ਤੋਂ ਭਾਰਤ ਪੱਖੀ ਹੈਕਰ ਗਰੁੱਪ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੈਨੇਡਾ ਦੀ ਫੌਜ ਦੀ ਪਬਲਿਕ ਫੇਸਿੰਗ ਵੈਬਸਾਈਟ ਦੇ ਨਾਲ-ਨਾਲ ਹੋਰ ਵੈਬਸਾਈਟਾਂ 'ਤੇ ਹਮਲਾ ਕੀਤਾ।
ਕੈਨੇਡਾ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ਭਾਰਤ ਯਕੀਨੀ ਤੌਰ 'ਤੇ ਘਰੇਲੂ ਸਾਈਬਰ ਸਮਰੱਥਾਵਾਂ ਦੇ ਨਾਲ ਇੱਕ ਆਧੁਨਿਕ ਸਾਈਬਰ ਪ੍ਰੋਗਰਾਮ ਬਣਾਉਣ ਦੀ ਇੱਛਾ ਰੱਖਦਾ ਹੈ।
ਰਿਪੋਰਟ ਵਿੱਚ ਦਰਜ ਹੈ, "ਸਾਨੂੰ ਲੱਗਦਾ ਹੈ ਕਿ ਕੈਨੇਡਾ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧ ਸੰਭਾਵਤ ਤੌਰ 'ਤੇ ਭਾਰਤ ਸਰਕਾਰ ਵੱਲੋਂ ਸਮਰਥਿਤ ਸਾਈਬਰ ਖਤਰੇ ਦੀ ਗਤੀਵਿਧੀ ਨੂੰ ਕੈਨੇਡਾ ਦੇ ਖਿਲਾਫ਼ ਲਿਜਾ ਸਕਦੇ ਹਨ।"
ਭਾਰਤ ਨੇ ਕੈਨੇਡਾ ਨੂੰ ਕੀ ਜਵਾਬ ਦਿੱਤਾ?
ਭਾਰਤ ਵੱਲੋਂ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਿਕਿਓਰਿਟੀ ਦੀ ਇਸ ਰਿਪੋਰਟ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਇਹ ਕੈਨੇਡਾ ਸਰਕਾਰ ਦੀ ਭਾਰਤ 'ਤੇ ਮੁੜ ਹਮਲਾ ਕਰਨ ਦੀ ਇੱਕ ਰਣਨੀਤੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਗੇ ਕਿਹਾ, "ਜਿਵੇਂ ਮੈਂ ਦੱਸਿਆ ਹੈ ਕਿ ਕੈਨੇਡਾ ਦੇ ਸੀਨੀਅਰ ਅਧਿਕਾਰੀਆਂ ਨੇ ਖੁੱਲ੍ਹੇਆਮ ਮੰਨਿਆ ਹੈ ਕਿ ਉਹ ਭਾਰਤ ਦੇ ਖਿਲਾਫ ਕੌਮਾਂਤਰੀ ਨਜ਼ਰੀਆ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਵੇਂ ਕਿ ਹੋਰ ਮੌਕਿਆਂ 'ਤੇ ਉਨ੍ਹਾਂ ਵੱਲੋਂ ਬਿਨਾਂ ਕਿਸੇ ਸਬੂਤ ਦੇ ਇਲਜ਼ਾਮ ਲਗਾਏ ਜਾਂਦੇ ਹਨ।"
ਉਨ੍ਹਾਂ ਕਿਹਾ ਕਿ ਅਜਿਹੀਆਂ ਬੇਬੁਨਿਆਦ ਗੱਲਾਂ ਕਹਿ ਕੇ ਉਹ ਸਾਡੇ 'ਤੇ ਇਲਜ਼ਾਮ ਲਗਾ ਰਹੇ ਹਨ ਜੋ ਕਿ ਠੀਕ ਨਹੀਂ ਹੈ।
ਅਮਿਤ ਸ਼ਾਹ ਦਾ ਨਾਂ ਲੀਕ ਕਰਨ ਦੇ ਮਾਮਲੇ 'ਤੇ ਭਾਰਤ ਦਾ ਜਵਾਬ
ਭਾਰਤ ਨੇ ਕੈਨੇਡੀਅਨ ਮੰਤਰੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਬਾਰੇ ਦਿੱਤੇ ਬਿਆਨ ਨੂੰ ਬੇਤੁਕਾ ਅਤੇ ਦੱਸਿਆ।
ਕੈਨੇਡਾ ਸਰਕਾਰ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਦੇਸ਼ ਦੀ ਸਿਵਲ ਡਿਫੈਂਸ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਨੂੰ ਦੱਸਿਆ ਸੀ ਕਿ ਭਾਰਤ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਕੈਨੇਡੀਅਨ ਨਾਗਰਿਕਾਂ ਨੂੰ ''ਧਮਕੀਆਂ ਦੇਣ ਜਾਂ ਮਾਰਨ'' ਦੀ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ।
ਮੰਗਲਵਾਰ ਨੂੰ ਕੈਨੇਡਾ 'ਚ ਸਿਵਲ ਡਿਫੈਂਸ ਅਤੇ ਨੈਸ਼ਨਲ ਸਕਿਓਰਿਟੀ ਕਮੇਟੀ ਦੀ ਸੁਣਵਾਈ ਦੌਰਾਨ ਡੇਵਿਡ ਮੌਰੀਸਨ ਨੇ ਕਮੇਟੀ ਅੱਗੇ ਮੰਨਿਆ ਕਿ ਉਨ੍ਹਾਂ ਨੇ ਅਖਬਾਰ ਦੇ ਪੱਤਰਕਾਰ ਨੂੰ ਭਾਰਤੀ ਗ੍ਰਹਿ ਮੰਤਰੀ ਦਾ ਨਾਮ ਲੀਕ ਕੀਤਾ ਹੈ।
ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ, ਭਾਰਤ ਨੇ ਸ਼ੁੱਕਰਵਾਰ ਨੂੰ ਕੈਨੇਡੀਅਨ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਤਲਬ ਕੀਤਾ ਸੀ, ਅਤੇ ਅਕਤੂਬਰ 29 ਨੂੰ ਓਟਵਾ ਵਿੱਚ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਸਥਾਈ ਕਮੇਟੀ ਦੀ ਕਾਰਵਾਈ ਦੇ ਸੰਦਰਭ 'ਚ ਇੱਕ ਡਿਪਲੋਮੈਟਿਕ ਨੋਟ ਸੌਂਪਿਆ ਸੀ।
"ਨੋਟ ਵਿੱਚ ਇਹ ਕਿਹਾ ਗਿਆ ਕਿ ਭਾਰਤ ਸਰਕਾਰ ਉਪ ਮੰਤਰੀ ਡੇਵਿਡ ਮੌਰੀਸਨ ਦੁਆਰਾ ਕਮੇਟੀ ਦੇ ਸਾਹਮਣੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਬਾਰੇ ਦਿੱਤੇ ਬੇਤੁਕੇ ਅਤੇ ਬੇਬੁਨਿਆਦ ਬਿਆਨ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ।”
ਰਣਧੀਰ ਜੈਸਵਾਲ ਨੇ ਅੱਗੇ ਕਿਹਾ ਕਿ ਕੈਨੇਡੀਅਨ ਸਰਕਾਰ ਦੇ ਅਧਿਕਾਰੀ ਇੱਕ ਸੁਚੇਤ ਰਣਨੀਤੀ ਦੇ ਤਹਿਤ "ਭਾਰਤ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਅੰਤਰਰਾਸ਼ਟਰੀ ਮੀਡੀਆ ਨੂੰ ਬੇਬੁਨਿਆਦ ਸੰਕੇਤ ਲੀਕ ਕਰਦੇ ਹਨ।"
ਉਨ੍ਹਾਂ ਨੇ ਅੱਗੇ ਕਿਹਾ ਕਿ, "ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਦੇ ਭਾਰਤ-ਕੈਨੇਡਾ ਦੇ ਦੁਵੱਲੇ ਸਬੰਧਾਂ ਲਈ ਗੰਭੀਰ ਨਤੀਜੇ ਹੋਣਗੇ।"
ਉਨ੍ਹਾਂ ਇਹ ਵੀ ਕਿਹਾ ਕਿ ਇਹ ਸਭ ਉਸ ਨਜ਼ਰੀਏ ਦੀ ਪੁਸ਼ਟੀ ਕਰਦਾ ਹੈ ਜੋ ਭਾਰਤ ਸਰਕਾਰ ਮੌਜੂਦਾ ਕੈਨੇਡੀਅਨ ਸਰਕਾਰ ਦੇ ਰਾਜਨੀਤਿਕ ਏਜੰਡੇ ਅਤੇ ਵਿਵਹਾਰ ਦੇ ਪੈਟਰਨ ਬਾਰੇ ਲੰਬੇ ਸਮੇਂ ਤੋਂ ਰੱਖਦੀ ਰਹੀ ਹੈ।
ਭਾਰਤ - ਕੈਨੇਡਾ ਤਣਾਅ ਕਿਵੇਂ ਵਧਿਆ
ਦਰਅਸਲ ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ 2023 ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲ਼ਾਕ ਕਰ ਦਿੱਤਾ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਧਰਤੀ ʼਤੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਸਨ। ਉਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤਿਆਂ ਵਿੱਚ ਕਾਫ਼ੀ ਤਲਖ਼ੀ ਆ ਗਈ ਸੀ। ਹਾਲਾਂਕਿ, ਭਾਰਤ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਕੇ ਮੁੱਢੋਂ ਨਕਾਰਦਾ ਆਇਆ ਹੈ।
ਇਹ ਮਾਮਲੇ 15 ਅਕਤੂਬਰ 2024 ਨੂੰ ਉਦੋਂ ਹੋਰ ਵਧ ਗਿਆ ਜਦੋਂ ਕੈਨੇਡਾ ਪੁਲਿਸ ਨੇ ਭਾਰਤ ਸਰਕਾਰ ਦੇ ਏਜੰਟਾਂ ਉੱਤੇ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਅਤੇ ਸੰਗਠਿਤ ਅਪਰਾਧ ਲਈ ਖੁਫ਼ੀਆਂ ਜਾਣਕਾਰੀਆਂ ਇਕੱਠੀਆਂ ਕਰਨ ਦੇ ਇਲਜ਼ਾਮ ਲਾਏ ਸਨ।
ਕੈਨੇਡਾ ਦੇ ਗੰਭੀਰ ਇਲਜ਼ਾਮਾਂ ਦਾ ਭਾਰਤ ਨੇ ਵੀ ਸਖ਼ਤ ਲਹਿਜੇ ਵਿੱਚ ਜਵਾਬ ਦਿੱਤਾ, ਇਸ ਨਾਲ ਦੋਵਾਂ ਮੁਲਕਾਂ ਵਿੱਚ ਕੂਟਨੀਤਿਕ ਤਣਾਅ ਇੰਨਾ ਵਧ ਗਿਆ ਕਿ ਦੋਵਾਂ ਨੇ ਇੱਕ ਦੂਜੇ ਦੇ 6-6 ਕੂਟਨੀਤਿਕਾਂ ਨੂੰ ਮੁਲਕ ਛੱਡਣ ਦਾ ਹੁਕਮ ਦੇ ਦਿੱਤਾ। ਭਾਰਤ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਕੈਨੇਡਾ ਵੱਲੋਂ ਇਨ੍ਹਾਂ ਇਲਜ਼ਾਮਾਂ ਲਈ ਲੋੜੀਂਦੇ ਸਬੂਤ ਪੇਸ਼ ਨਹੀਂ ਕੀਤੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ