You’re viewing a text-only version of this website that uses less data. View the main version of the website including all images and videos.
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਬਾਰੇ ਧਿਆਨ ਰੱਖਣਾ ਜ਼ਰੂਰੀ ਹੈ
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
ਕਿਡਨੀ ਯਾਨਿ ਗੁਰਦੇ ਇਨਸਾਨ ਦੇ ਸਰੀਰ ਦੇ ਉਨ੍ਹਾਂ ਅਹਿਮ ਅੰਗਾਂ ਵਿੱਚੋਂ ਇੱਕ ਹੈ, ਜਿਸ ਤੇ ਸਰੀਰ ਨੂੰ ਸਿਹਤਮੰਦ ਰੱਖਣ ਦੀਆਂ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ।
ਅਕਸਰ ਡਾਕਟਰ ਸਲਾਹ ਦਿੰਦੇ ਹਨ ਕਿ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਮਾਤਰਾ ਵਿੱਚ ਲੂਣ ਖਾਓ, ਜ਼ਿਆਦਾ ਚੀਨੀ ਤੋਂ ਪਰਹੇਜ਼ ਕਰੋ ਅਤੇ ਪੇਨਕਿਲਰਜ਼ ਯਾਨਿ ਦਰਦ ਦੀ ਦਵਾਈ ਬਿਨਾਂ ਡਾਕਟਰ ਦੀ ਸਲਾਹ ਦੇ ਨਾ ਵਰਤੋਂ।
ਕਿਡਨੀ 'ਤੇ ਜ਼ਿਆਦਾ ਦਬਾਅ ਤੋਂ ਬਚਣ ਲਈ ਕਈ ਹੋਰ ਉਪਾਅ ਵੀ ਸੁਝਾਏ ਗਏ ਹਨ।
ਤਾਂ ਕੀ ਗੁਰਦਿਆਂ ਨੂੰ ਸਿਹਤਮੰਦ ਰੱਖਣ ਲਈ ਇੱਕ ਨਿਸ਼ਚਿਤ ਮਾਤਰਾ ਵਿੱਚ ਪਾਣੀ ਪੀਣਾ ਜ਼ਰੂਰੀ ਹੈ?
ਇਸ ਰਿਪੋਰਟ ਵਿੱਚ ਅਸੀਂ ਕੁਝ ਅਜਿਹੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ।
ਗੁਰਦੇ ਸਾਡੇ ਸਰੀਰ ਵਿੱਚ ਇਲੈਕਟ੍ਰੋਲਾਈਟ ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਹਨ। ਇਹ ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਤੱਤਾਂ ਦੀ ਮਾਤਰਾ ਨੂੰ ਕੰਟ੍ਰੋਲ ਕਰਦੇ ਹਨ।
ਇੰਟਰਨੈਸ਼ਨਲ ਸੁਸਾਇਟੀ ਆਫ਼ ਨੈਫਰੋਲੋਜੀ ਦੇ ਸਾਬਕਾ ਪ੍ਰਧਾਨ ਅਤੇ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਕਾਰਜਕਾਰੀ ਨਿਰਦੇਸ਼ਕ ਡਾ. ਵਿਵੇਕਾਨੰਦ ਝਾਅ ਗੁਰਦਿਆਂ ਦੀਆਂ ਬਿਮਾਰੀਆਂ ਦੇ ਮਾਹਰ ਹਨ।
ਉਹ ਕਹਿੰਦੇ ਹਨ, "ਗੁਰਦੇ ਸਰੀਰ ਵਿੱਚੋਂ ਉਨ੍ਹਾਂ ਬੇਲੋੜੀਆਂ ਚੀਜ਼ਾਂ ਨੂੰ ਕੱਢ ਦਿੰਦੇ ਹਨ, ਜੋ ਅਸੀਂ ਭੋਜਨ ਜਾਂ ਹੋਰ ਤਰੀਕਿਆਂ ਨਾਲ ਲੈਂਦੇ ਹਾਂ।"
ਡਾ. ਵਿਵੇਕਾਨੰਦ ਝਾਅ ਕਹਿੰਦੇ ਹਨ, "ਗੁਰਦੇ ਸਰੀਰ ਵਿੱਚ ਕਈ ਤਰ੍ਹਾਂ ਦੇ ਹਾਰਮੋਨ ਵੀ ਪੈਦਾ ਕਰਦੇ ਹਨ, ਜਿਨ੍ਹਾਂ ਵਿੱਚ ਖੂਨ ਬਣਾਉਣ ਵਾਲੇ ਹਾਰਮੋਨ, ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ਵਾਲੇ ਹਾਰਮੋਨ ਅਤੇ ਇਲੈਕਟ੍ਰੋਲਾਈਟ ਨੂੰ ਸੰਤੁਲਿਤ ਕਰਨ ਵਾਲੇ ਹਾਰਮੋਨ ਸ਼ਾਮਲ ਹਨ।"
ਸਾਡੇ ਸਰੀਰ ਵਿੱਚ ਹਰ ਮੈਟਾਬੋਲਿਜ਼ਮ ਨਾਲ ਸਬੰਧਤ ਪ੍ਰਕਿਰਿਆ ਲਈ ਇਲੈਕਟ੍ਰੋਲਾਈਟ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
ਉਦਾਹਰਣ ਵਜੋਂ, ਦਿਲ ਦੇ ਹਰੇਕ ਸੈੱਲ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਇਲੈਕਟ੍ਰੋਲਾਈਟ ਦੀ ਇੱਕ ਨਿਸ਼ਚਿਤ ਮਾਤਰਾ ਦੀ ਲੋੜ ਹੁੰਦੀ ਹੈ।
ਜੇਕਰ ਇਲੈਕਟ੍ਰੋਲਾਈਟ ਅਸੰਤੁਲਿਤ ਹੋ ਜਾਂਦਾ ਹੈ, ਤਾਂ ਇਹ ਦਿਮਾਗ਼ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ, ਮਾਸਪੇਸ਼ੀਆਂ ਦੀ ਕੁਸ਼ਲਤਾ ਘੱਟ ਸਕਦੀ ਹੈ ਅਤੇ ਦਿਮਾਗ਼ੀ ਪ੍ਰਣਾਲੀ (ਨਰਵਸ ਸਿਸਟਮ) ਵੀ ਪ੍ਰਭਾਵਿਤ ਹੋ ਸਕਦੀ ਹੈ।
ਬੰਗਲੁਰੂ ਦੇ ਮਣੀਪਾਲ ਹਸਪਤਾਲ ਦੀ ਗੁਰਦੇ ਰੋਗ ਦੀ ਮਾਹਰ ਡਾ. ਗਰਿਮਾ ਅਗਰਵਾਲ ਕਹਿੰਦੀ ਹੈ, "ਜੇਕਰ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ, ਤਾਂ ਵਿਟਾਮਿਨ ਡੀ ਲੈਣ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ। ਤੁਸੀਂ ਕਿੰਨਾ ਵੀ ਵਿਟਾਮਿਨ ਡੀ ਲਓ, ਇਸ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ।"
ਗੁਰਦੇ ਨੂੰ ਸਰੀਰ ਲਈ ਇੱਕ ਤਰ੍ਹਾਂ ਦਾ 'ਵੋਲਟੇਜ ਸਟੈਬੀਲਾਈਜ਼ਰ' ਵੀ ਕਿਹਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਲੋੜ ਤੋਂ ਵੱਧ ਪਾਣੀ ਪੀਂਦਾ ਹੈ, ਤਾਂ ਗੁਰਦੇ ਸਰੀਰ ਵਿੱਚੋਂ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ।
ਕਿੰਨਾ ਪਾਣੀ ਪੀਣਾ ਜ਼ਰੂਰੀ ਹੈ
ਡਾ. ਵਿਵੇਕਾਨੰਦ ਝਾਅ ਕਹਿੰਦੇ ਹਨ, "ਗੁਰਦੇ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਹਰ ਰੋਜ਼ ਪਾਣੀ ਦੀ ਕੋਈ ਨਿਸ਼ਚਿਤ ਮਾਤਰਾ ਨਹੀਂ ਪੀਣੀ ਚਾਹੀਦੀ। ਸਰੀਰ ਖੁਦ ਸਾਨੂੰ ਦੱਸਦਾ ਹੈ ਕਿ ਸਾਡੇ ਸਰੀਰ ਨੂੰ ਕਿੰਨਾ ਪਾਣੀ ਚਾਹੀਦਾ ਹੈ। ਪਿਆਸ ਲੱਗਣਾ ਇਸ ਦਾ ਸੰਕੇਤ ਹੈ।"
ਉਹ ਦੱਸਦੇ ਹਨ ਕਿ ਪਾਣੀ ਸਰੀਰ ਵਿੱਚੋਂ ਕਈ ਤਰੀਕਿਆਂ ਨਾਲ ਬਾਹਰ ਆਉਂਦਾ ਰਹਿੰਦਾ ਹੈ, ਜਿਵੇਂ ਕਿ ਪਸੀਨਾ ਅਤੇ ਸਾਹ ਰਾਹੀਂ।
ਇਸ ਤੋਂ ਇਲਾਵਾ, ਕੁਝ ਪ੍ਰਕਿਰਿਆਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਦਿਖਾਈ ਨਹੀਂ ਦਿੰਦੀਆਂ, ਪਰ ਉਨ੍ਹਾਂ ਵਿੱਚ ਵੀ ਸਰੀਰ ਵਿੱਚੋਂ ਪਾਣੀ ਨਿਕਲਦਾ ਹੈ।
ਅਜਿਹੀ ਸਥਿਤੀ ਵਿੱਚ, ਇੱਕ ਬਾਲਗ ਵਿਅਕਤੀ ਲਈ ਘੱਟੋ-ਘੱਟ 700 ਤੋਂ 800 ਮਿਲੀਲੀਟਰ ਪਾਣੀ ਜ਼ਰੂਰੀ ਹੁੰਦਾ ਹੈ।
ਹਾਲਾਂਕਿ, ਸਰੀਰ ਨੂੰ ਸਿਰਫ਼ ਸਾਦਾ ਪਾਣੀ ਪੀਣ ਨਾਲ ਹੀ ਲੋੜੀਂਦੀ ਮਾਤਰਾ ਨਹੀਂ ਮਿਲਦੀ, ਪਾਣੀ ਦੁੱਧ, ਫਲਾਂ ਦਾ ਜੂਸ ਜਾਂ ਲੱਸੀ ਵਰਗੇ ਤਰਲ ਪਦਾਰਥਾਂ ਰਾਹੀਂ ਵੀ ਸਰੀਰ ਤੱਕ ਪਹੁੰਚਦਾ ਹੈ।
ਇਹ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਕਿਸੇ ਵਿਅਕਤੀ ਨੂੰ ਕਿੰਨੀ ਪਾਣੀ ਦੀ ਲੋੜ ਹੁੰਦੀ ਹੈ ਇਹ ਉਸ ਦੀ ਉਮਰ, ਸਰੀਰਕ ਗਤੀਵਿਧੀ ਅਤੇ ਵਾਤਾਵਰਣ 'ਤੇ ਨਿਰਭਰ ਕਰਦਾ ਹੈ।
ਜੇਕਰ ਕੋਈ ਵਿਅਕਤੀ ਗਰਮ ਮੌਸਮ ਵਿੱਚ ਰਹਿੰਦਾ ਹੈ, ਤਾਂ ਉਸ ਨੂੰ ਹੋਰ ਪਾਣੀ ਦੀ ਲੋੜ ਪਵੇਗੀ।
ਦਿੱਲੀ ਦੇ ਪਟਪੜਗੰਜ ਸਥਿਤ ਮੈਕਸ ਹਸਪਤਾਲ ਦੇ ਯੂਰੋਲੋਜੀ ਵਿਭਾਗ ਦੇ ਡਾਇਰੈਕਟਰ ਡਾ. ਸ਼ੈਲੇਸ਼ ਚੰਦਰ ਸਹਾਏ ਕਹਿੰਦੇ ਹਨ, "ਇੱਕ ਆਮ ਵਿਅਕਤੀ ਨੂੰ ਹਰ ਰੋਜ਼ ਤਿੰਨ ਤੋਂ ਸਾਢੇ ਤਿੰਨ ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਇਹ ਮਾਤਰਾ ਸਿਰਫ਼ ਸਾਦੇ ਪਾਣੀ ਨਾਲ ਹੀ ਪੂਰੀ ਹੋਵੇ।"
"ਇਹ ਕਿਸੇ ਵੀ ਤਰ੍ਹਾਂ ਦੇ ਤਰਲ ਪਦਾਰਥ ਨਾਲ ਪੂਰੀ ਕੀਤੀ ਜਾ ਸਕਦੀ ਹੈ। ਜੇਕਰ ਅਸੀਂ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਾਈ ਰੱਖਦੇ ਹਾਂ, ਤਾਂ ਪਿਸ਼ਾਬ ਦੀ ਲਾਗ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।"
"ਦਿਲ ਜਾਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ, ਪਾਣੀ ਦੀ ਮਾਤਰਾ ਥੋੜ੍ਹੀ ਸੀਮਤ ਹੁੰਦੀ ਹੈ, ਤਾਂ ਜੋ ਉਨ੍ਹਾਂ ਅੰਗਾਂ 'ਤੇ ਜ਼ਿਆਦਾ ਦਬਾਅ ਨਾ ਪਵੇ।"
ਡਾ. ਗਰਿਮਾ ਅਗਰਵਾਲ ਕਹਿੰਦੀ ਹੈ, "ਗੁਰਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਵੀ ਸੰਤੁਲਿਤ ਕਰਦੇ ਹਨ। ਜੇਕਰ ਤੁਸੀਂ ਬਹੁਤ ਜ਼ਿਆਦਾ ਪਾਣੀ ਪੀਤਾ ਹੈ, ਤਾਂ ਗੁਰਦੇ ਇਸਨੂੰ ਬਾਹਰ ਕੱਢ ਦੇਣਗੇ, ਅਤੇ ਜੇਕਰ ਤੁਸੀਂ ਘੱਟ ਪੀ ਰਹੇ ਹੋ, ਤਾਂ ਉਹੀ ਪਾਣੀ ਸਰੀਰ ਵਿੱਚ ਬਚਾ ਕੇ ਰੱਖਣਗੇ।"
"ਪਾਣੀ ਦੀ ਕੋਈ ਨਿਸ਼ਚਿਤ ਮਾਤਰਾ ਨਹੀਂ ਹੈ ਕਿ ਕਿਸੇ ਕਿੰਨਾ ਪਾਣੀ ਪੀਣਾ ਚਾਹੀਦਾ ਹੈ। ਹਾਲਾਂਕਿ, ਆਮ ਤੌਰ 'ਤੇ ਇੱਕ ਸਿਹਤਮੰਦ ਬਾਲਗ਼ ਨੂੰ ਰੋਜ਼ਾਨਾ ਦੋ ਤੋਂ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ।"
ਸਰੀਰ ਵਿੱਚ ਪਾਣੀ ਦੀ ਜ਼ਰੂਰਤ ਵਿਅਕਤੀ ਦੇ ਸਰੀਰ ਦੇ ਆਕਾਰ 'ਤੇ ਵੀ ਨਿਰਭਰ ਕਰਦੀ ਹੈ। ਉਦਾਹਰਣ ਵਜੋਂ, ਛੋਟੇ ਬੱਚਿਆਂ ਨੂੰ ਬਾਲਗ਼ਾਂ ਨਾਲੋਂ ਘੱਟ ਪਾਣੀ ਦੀ ਲੋੜ ਹੁੰਦੀ ਹੈ।
ਗੁਰਦੇ ਸਿਹਤਮੰਦ ਰੱਖਣ ਦੇ ਆਸਾਨ ਅਤੇ ਬੁਨਿਆਦੀ ਤਰੀਕੇ
ਗੁਰਦੇ ਸਿਹਤਮੰਦ ਰੱਖਣ ਦਾ ਸਭ ਤੋਂ ਬੁਨਿਆਦੀ ਤਰੀਕਾ ਹੈ ਸੰਤੁਲਿਤ ਖੁਰਾਕ ਖਾਣਾ, ਸਰੀਰ ਦੇ ਭਾਰ ਨੂੰ ਕੰਟ੍ਰੋਲ ਵਿੱਚ ਰੱਖਣਾ ਅਤੇ ਨਿਯਮਿਤ ਤੌਰ 'ਤੇ ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹਿਣਾ।
ਡਾ. ਗਰਿਮਾ ਅਗਰਵਾਲ ਕਹਿੰਦੀ ਹੈ, "ਪੱਛਮ ਏਸ਼ੀਆ ਦੇ ਦੇਸ਼ਾਂ ਵਿੱਚ ਗੁਰਦੇ ਦੀਆਂ ਬਿਮਾਰੀਆਂ ਘੱਟ ਵੇਖੀਆਂ ਜਾਂਦੀਆਂ ਹਨ, ਕਿਉਂਕਿ ਉੱਥੇ ਲੋਕ ਲੂਣ ਦਾ ਘੱਟ ਖਾਂਦੇ ਹਨ। ਜਦੋਂ ਕਿ ਭਾਰਤ ਵਿੱਚ ਜ਼ਿਆਦਾਤਰ ਲੋਕ ਜ਼ਿਆਦਾ ਲੂਣ ਖਾਂਦੇ ਹਨ, ਜੋ ਕਿਡਨੀ ਨੂੰ ਪ੍ਰਭਾਵਿਤ ਕਰਦਾ ਹੈ।"
ਜਦੋਂ ਕੋਈ ਵਿਅਕਤੀ ਜ਼ਿਆਦਾ ਮਾਤਰਾ ਵਿੱਚ ਲੂਣ ਜਾਂ ਖੰਡ ਖਾਂਦਾ ਹੈ, ਤਾਂ ਗੁਰਦਿਆਂ 'ਤੇ ਇਸਨੂੰ ਸੰਤੁਲਿਤ ਰੱਖਣ ਲਈ ਵਾਧੂ ਦਬਾਅ ਪੈ ਜਾਂਦਾ ਹੈ। ਇਹ ਦਬਾਅ ਲੰਬੇ ਸਮੇਂ ਤੱਕ ਗੁਰਦਿਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਸ ਤੋਂ ਇਲਾਵਾ, ਕਈ ਲੋਕ ਲੰਬੇ ਸਮੇਂ ਤੱਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਰਹਿੰਦੇ ਹਨ, ਪਰ ਇਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਡਾਕਟਰਾਂ ਅਨੁਸਾਰ, ਹਾਈ ਬਲੱਡ ਪ੍ਰੈਸ਼ਰ ਦਾ ਗੁਰਦਿਆਂ 'ਤੇ ਸਿੱਧਾ ਅਸਰ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਹੈ।
ਇਸ ਲਈ, ਜੇਕਰ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਤਾਂ ਉਸ ਨੂੰ ਡਾਕਟਰ ਦੀ ਸਲਾਹ ਨਾਲ ਦਵਾਈਆਂ ਰਾਹੀਂ ਕੰਟ੍ਰੋਲ ਕਰਨਾ ਚਾਹੀਦਾ ਹੈ।
ਡਾ. ਗਰਿਮਾ ਕਹਿੰਦੀ ਹੈ, "ਮੈਂ ਜੜੀ-ਬੂਟੀਆਂ ਵਾਲੀਆਂ ਚੀਜ਼ਾਂ ਦੇ ਵਿਰੁੱਧ ਨਹੀਂ ਹਾਂ, ਪਰ ਤੁਸੀਂ ਜੋ ਵੀ ਖਾਂਦੇ ਹੋ, ਉਸ ਨੂੰ ਡਾਕਟਰ ਜਾਂ ਮਾਹਰ ਦੀ ਸਲਾਹ ਨਾਲ ਖਾਓ। ਦੁਕਾਨ ਤੋਂ ਕੋਈ ਦਵਾਈ ਖੁਦ ਨਾ ਖਰੀਦੋ। ਖ਼ਾਸ ਕਰਕੇ ਦਰਦ ਦੀ, ਕਿਉਂਕਿ ਇਹ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।"
ਗੁਰਦਿਆਂ ਨੂੰ ਸਿਹਤਮੰਦ ਰੱਖਣ ਲਈ ਦਿੱਤੀ ਗਈ ਇੱਕ ਹੋਰ ਮਹੱਤਵਪੂਰਨ ਸਲਾਹ ਹੈ ਕਿ ਸਿਗਰਟਨੋਸ਼ੀ ਤੋਂ ਬਚੋ ਕਿਉਂਕਿ ਤੰਬਾਕੂ ਅਤੇ ਇਸ ਦੇ ਉਤਪਾਦ ਵੀ ਗੁਰਦਿਆਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ