ਨੱਕ ਵਿੱਚੋਂ ਵਗਣ ਵਾਲਾ ਪਾਣੀ ਤੁਹਾਡੀ ਸਿਹਤ ਬਾਰੇ ਕੀ ਦੱਸਦਾ ਹੈ

    • ਲੇਖਕ, ਸੋਫੀਆ ਕੁਆਗਲੀਆ
    • ਰੋਲ, ਬੀਬੀਸੀ ਨਿਊਜ਼

ਨੱਕ ਦਾ ਤਰਲ ਕਈ ਬਿਮਾਰੀਆਂ ਤੋਂ ਸਾਡੀ ਰੱਖਿਆ ਕਰਦਾ ਹੈ ਅਤੇ ਇਸ ਦਾ ਰੰਗ ਸਾਨੂੰ ਸਾਡੇ ਸਰੀਰ ਬਾਰੇ ਬਹੁਤ ਕੁਝ ਦੱਸਦਾ ਹੈ।

ਪ੍ਰਾਚੀਨ ਯੂਨਾਨ ਵਿੱਚ ਨੱਕ ਦੇ ਤਰਲ ਨੂੰ ਸਰੀਰ ਦੇ ਉਨ੍ਹਾਂ ਚਾਰ ਤਰਲਾਂ ਵਿਚੋਂ ਇੱਕ ਮੰਨਿਆ ਜਾਂਦਾ ਸੀ ਜੋ ਮਨੁੱਖੀ ਸਿਹਤ ਅਤੇ ਸ਼ਖਸੀਅਤ ਵਿੱਚ ਤਾਲਮੇਲ ਲਈ ਜ਼ਿੰਮੇਵਾਰ ਹਨ।

ਡਾਕਟਰ ਹਿਪੋਕਰੇਟਸ ਨੇ ਇੱਕ ਸਿਧਾਂਤ ਵਿਕਸਿਤ ਕੀਤਾ ਕਿ ਬਲਗ਼ਮ, ਖੂਨ, ਪੀਲਾ ਪਿੱਤ ਅਤੇ ਕਾਲਾ ਪਿੱਤ ਚਾਰ 'ਹਿਊਮਰ' ਹਨ ਜਿਨ੍ਹਾਂ ਵਿੱਚ ਤਾਲਮੇਲ ਇੱਕ ਇਨਸਾਨ ਦੇ ਸੁਭਾਅ ਬਾਰੇ ਦੱਸਦਾ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਵਧਣਾ ਕੋਈ ਬਿਮਾਰੀ ਪੈਦਾ ਕਰ ਸਕਦਾ ਹੈ।

ਉਦਾਹਰਣ ਵਜੋਂ, ਮੰਨਿਆ ਜਾਂਦਾ ਸੀ ਕਿ ਬਲਗ਼ਮ ਦਿਮਾਗ਼ ਅਤੇ ਫੇਫੜਿਆਂ ਅੰਦਰ ਬਣਦੀ ਹੈ ਅਤੇ ਠੰਢੇ ਤੇ ਸਿੱਲੇ ਮੌਸਮ ਵਿੱਚ ਇਹ ਇੰਨੀ ਵਧ ਸਕਦੀ ਹੈ ਕਿ ਮਿਰਗੀ ਜਿਹੀ ਬਿਮਾਰੀ ਨੂੰ ਜਨਮ ਦੇ ਸਕਦੀ ਹੈ।

ਬਲਗ਼ਮੀ ਸ਼ਖਸੀਅਤ ਵਾਲੇ ਇਨਸਾਨ ਦਾ ਸੁਭਾਅ ਠੰਢਾ ਅਤੇ ਨਿਰਮੋਹਾ ਹੋ ਸਕਦਾ ਹੈ।

ਹੁਣ ਅਸੀਂ ਜਾਣਦੇ ਹਾਂ ਕਿ ਨੱਕ ਵਿੱਚੋਂ ਵਗਣ ਵਾਲਾ ਪਾਣੀ ਸਿਰਫ਼ ਲੋਕਾਂ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਨਹੀਂ ਕਰਦਾ ਜਾਂ ਬਿਮਾਰੀਆਂ ਨੂੰ ਜਨਮ ਨਹੀਂ ਦਿੰਦਾ ਬਲਕਿ ਸਾਡੀ ਉਨ੍ਹਾਂ ਤੋਂ ਬਚਣ ਵਿੱਚ ਮਦਦ ਕਰਦਾ ਹੈ।

ਭਾਵੇਂ ਕਿਸੇ ਨੂੰ ਵੀ ਨੱਕ ਜਾਂ ਛਿੱਕ ਨਾਲ ਨੱਕ ਵਿੱਚੋ ਨਿਕਲਿਆ ਤਰਲ ਪਸੰਦ ਨਹੀਂ ਹੁੰਦਾ ਪਰ ਨਾਸਾਂ ਅੰਦਰਲਾ ਤਰਲ ਮਨੁੱਖੀ ਸਰੀਰ ਦੇ ਕਮਾਲਾਂ ਵਿੱਚੋਂ ਇੱਕ ਹੈ।

ਇਹ ਬਾਹਰੋਂ ਨੱਕ ਅੰਦਰ ਕੁਝ ਦਾਖ਼ਲ ਹੋਣ ਤੋਂ ਬਚਾਉਂਦੀ ਹੈ ਅਤੇ ਇਸ ਦੀ ਵੱਖਰੀ ਰਚਨਾ ਦੱਸ ਸਕਦੀ ਹੈ ਕਿ ਸਾਡੇ ਸਰੀਰ ਅੰਦਰ ਕੀ ਕੁਝ ਹੋ ਰਿਹਾ ਹੈ।

ਹੁਣ ਵਿਗਿਆਨੀ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੀਆਂ ਸ਼ਕਤੀਆਂ ਨੂੰ ਨਿਖਾਰਨ ਦੀ ਉਮੀਦ ਕਰ ਰਹੇ ਹਨ ਤਾਂ ਕਿ ਕੋਵਿਡ-19 ਤੋਂ ਲੈ ਕੇ ਫੇਫੜਿਆਂ ਦੀ ਪੁਰਾਣੀ ਬਿਮਾਰੀ ਤੱਕ ਦਾ ਬਿਹਤਰ ਢੰਗ ਨਾਲ ਨਿਦਾਨ ਅਤੇ ਇਲਾਜ ਕੀਤਾ ਜਾ ਸਕੇ।

ਇਹ ਚਿਪਚਿਪਾ ਪਦਾਰਥ ਨਾਸਾਂ ਨੂੰ ਮੁਲਾਇਮ ਰੱਖ ਕੇ ਅਤੇ ਸਾਡੇ ਸਰੀਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ, ਵਾਇਰਸ, ਕਣਾਂ, ਗੰਦਗੀ ਅਤੇ ਧੂੜ ਨੂੰ ਅੰਦਰ ਤੋਂ ਬਚਾਉਂਦਾ ਹੈ।

ਛੋਟੇ-ਛੋਟੇ ਵਾਲਾਂ ਨਾਲ ਮਿਲ ਕੇ ਨੱਕ ਵਿੱਚੋਂ ਵਗਣ ਵਾਲਾ ਪਾਣੀ ਸਾਡੇ ਸਰੀਰ ਅਤੇ ਬਾਹਰੀ ਵਾਤਾਵਰਨ ਦਰਮਿਆਨ ਰੁਕਾਵਟ ਦਾ ਕੰਮ ਕਰਦਾ ਹੈ।

ਯੂਕੇ ਦੀ ਯੂਨੀਵਰਸਿਟੀ ਆਫ ਆਕਸਫੋਰਡ ਵਿੱਚ ਸਾਹ ਪ੍ਰਣਾਲੀ ਦੇ ਸੰਕ੍ਰਮਣ ਅਤੇ ਟੀਕਾ ਵਿਗਿਆਨ ਦੇ ਪ੍ਰੋਫੈਸਰ ਡੈਨੀਲਾ ਫੇਰੀਰਾ ਕਹਿੰਦੇ ਹਨ ਕਿ ਇੱਕ ਬਾਲਗ ਸਰੀਰ ਇੱਕ ਦਿਨ ਵਿੱਚ 100 ਮਿਲੀਲੀਟਰ ਨੱਕ ਵਿੱਚੋਂ ਵਗਣ ਵਾਲਾ ਪਾਣੀ ਪੈਦਾ ਕਰਦਾ ਹੈ ਪਰ ਬੱਚਿਆਂ ਵਿੱਚ ਇਹ ਬਾਲਗਾਂ ਤੋਂ ਵਧੇਰੇ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਬਾਹਰੀ ਵਾਤਾਵਰਣ ਦੇ ਕਣਾਂ ਦਾ ਸਾਹਮਣਾ ਕਰਨਾ ਸਿੱਖ ਰਹੇ ਹੁੰਦੇ ਹਨ।

ਸਾਡੇ ਨੱਕ ਵਿੱਚੋਂ ਵਗਣ ਵਾਲੇ ਪਾਣੀ ਦਾ ਰੰਗ ਅਤੇ ਗਾੜ੍ਹਾਪਣ ਸਾਡੇ ਸਰੀਰ ਬਾਰੇ ਦੱਸਣ ਵਿੱਚ ਮਦਦ ਕਰ ਸਕਦਾ ਹੈ।

ਨੱਕ ਵਿੱਚੋਂ ਵਗਣ ਵਾਲਾ ਪਾਣੀ ਇੱਕ ਦ੍ਰਿਸ਼ ਥਰਮਾਮੀਟਰ ਵਜੋਂ ਦੇਖਿਆ ਜਾ ਸਕਦਾ ਹੈ। ਇੱਕ ਪਤਲੀ ਤੇ ਸਾਫ਼ ਬਲਗ਼ਮ ਦਰਸਾਉਂਦੀ ਹੈ ਕਿ ਸਰੀਰ ਸਾਈਨਸ ਨੂੰ ਤੰਗ ਕਰ ਰਹੇ ਕੋਈ ਕਣ ਜਾਂ ਧੂੜ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸਫੇਦ ਬਲਗ਼ਮ ਦਾ ਮਤਲਬ ਹੈ ਕਿ ਵਾਇਰਸ ਅੰਦਰ ਦਾਖ਼ਲ ਹੋ ਚੁੱਕਿਆ ਹੋ ਸਕਦਾ ਹੈ ਕਿਉਂਕਿ ਸਫੇਦ ਸੈੱਲਾਂ ਦੇ ਬਾਹਰੀ ਕਣਾਂ ਨਾਲ ਲੜਨ ਲਈ ਇਕੱਠਾ ਹੋਣ ਕਰਕੇ ਇਸ ਦਾ ਰੰਗ ਸਫੇਦ ਹੁੰਦਾ ਹੈ।

ਬਲਗ਼ਮ ਕਾਫ਼ੀ ਸੰਘਣੀ ਅਤੇ ਪੀਲ਼ੀ-ਹਰੀ ਹੋ ਜਾਣ ਦਾ ਮਤਲਬ ਹੈ ਕਿ ਕਾਫ਼ੀ ਗਿਣਤੀ ਵਿਚ ਮ੍ਰਿਤ ਸਫੇਦ ਸੈੱਲ ਇਕੱਠੇ ਹੋ ਗਏ ਹਨ। ਜੇ ਨੱਕ ਵਿੱਚੋਂ ਵਗਣ ਵਾਲਾ ਪਾਣੀ ਲਾਲੀ ਵਿੱਚ ਜਾਂ ਗੁਲਾਬੀ ਹੋਵੇ ਤਾਂ ਇਸ ਵਿੱਚ ਕੁਝ ਖੂਨ ਹੋ ਸਕਦਾ ਹੈ। ਇਹ ਤੁਹਾਡੇ ਜ਼ੋਰ ਨਾਲ ਸਿਣਕਣ ਕਾਰਨ ਅੰਦਰੋਂ ਨੱਕ ਛਿੱਲਣ ਕਾਰਨ ਹੋ ਸਕਦਾ ਹੈ।

ਪਰ ਨੱਕ ਵਿੱਚੋਂ ਵਗਣ ਵਾਲੇ ਪਾਣੀ ਨੂੰ ਵੇਖਣਾ ਸਿਰਫ਼ ਪਹਿਲਾ ਕਦਮ ਹੁੰਦਾ ਹੈ।

ਨੱਕ ਦੇ ਤਰਲ ਦੇ ਮਾਈਕ੍ਰੋਬਾਇਓਮ

ਜਦਕਿ ਅੰਤੜੀਆਂ ਦੇ ਸੂਖ਼ਮਜੀਵ ਸਾਡੇ ਸਰੀਰ ਵਿੱਚ ਰਹਿਣ ਵਾਲੇ ਬੈਕਟੀਰੀਆ, ਵਾਇਰਸ, ਉੱਲੀ ਦਾ ਈਕੋਸਿਸਟਮ ਹੈ ਜਿਸ ਬਾਰੇ ਲੋਕਾਂ ਵਿੱਚ ਕਾਫ਼ੀ ਚੇਤਨਾ ਹੈ।

ਵਿਗਿਆਨੀ ਸੋਚਦੇ ਹਨ ਕਿ ਸਾਡੇ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੇ ਸੂਖ਼ਮ ਜੀਵ ਵੀ ਜ਼ਰੂਰੀ ਹਨ। ਇੱਥੋਂ ਤੱਕ ਕਿ ਵਿਗਿਆਨੀ ਹੁਣ ਇਹ ਵੀ ਮੰਨਦੇ ਹਨ ਕਿ ਇਹ ਮਨੁੱਖੀ ਸਿਹਤ ਅਤੇ ਬਿਮਾਰੀ ਰੋਧਕ ਪ੍ਰਣਾਲੀ ਦੇ ਕੰਮਕਾਜ ਨਾਲ ਗੁੰਝਲਦਾਰ ਤਰੀਕੇ ਨਾਲ ਜੁੜੇ ਹੁੰਦੇ ਹਨ।

ਸਾਨੂੰ ਨੱਕ ਵਿੱਚੋਂ ਵਗਣ ਵਾਲੇ ਪਾਣੀ ਤੋਂ ਘ੍ਰਿਣਾ ਕਿਉਂ ਹੋਣੀ ਚਾਹੀਦੀ ਹੈ?

ਇੱਕ ਤਰ੍ਹਾਂ ਨਾਲ, ਹਿਪੋਕਰੇਟਸ ਪੂਰੀ ਤਰ੍ਹਾਂ ਗ਼ਲਤ ਨਹੀਂ ਸੀ ਜਦੋਂ ਉਨ੍ਹਾਂ ਨੇ ਸਿਧਾਂਤ ਵਿਕਸਿਤ ਕੀਤਾ ਕਿ ਨੱਕ ਦੀ ਬਲਗ਼ਮ ਲੋਕਾਂ ਨੂੰ ਬਿਮਾਰ ਕਰਦੀ ਹੈ।

ਫੇਰੀਰਾ ਕਹਿੰਦੇ ਹਨ ਕਿ ਇਹ ਨੱਕ ਲਈ ਸੁਰੱਖਿਆ ਰੁਕਾਵਟ ਵਜੋਂ ਕੰਮ ਕਰਦਾ ਹੈ ਪਰ ਜਦੋਂ ਨੱਕ ਵਗਦਾ ਹੋਵੇ ਤਾਂ ਬੈਕਟੀਰੀਆ ਤੇ ਵਾਇਰਸ ਦੇ ਫੈਲਣ ਵਿੱਚ ਮਦਦ ਵੀ ਕਰਦਾ ਹੈ।

ਅਸੀਂ ਆਪਣਾ ਚਿਹਰਾ ਸਾਫ਼ ਕਰਦੇ ਹਾਂ, ਚੀਜ਼ਾਂ ਛੂੰਹਦੇ ਹਾਂ, ਛਿੱਕ ਮਾਰਦੇ ਹਾਂ ਅਤੇ ਜਾਣੇ-ਅਣਜਾਣੇ ਨੱਕ ਵਿੱਚੋਂ ਬਲਗ਼ਮ ਕੱਢ ਕੇ ਕਮਰੇ ਦੇ ਦੂਜੇ ਪਾਸੇ ਵਗ੍ਹਾ ਮਾਰਦੇ ਹਾਂ।

ਜਦੋਂ ਅਸੀਂ ਸਾਹ ਦੇ ਰੋਗਾਣੂਆਂ ਨਾਲ ਸੰਕਰਮਿਤ ਹੁੰਦੇ ਹਾਂ ਤਾਂ ਨੱਕ ਦਾ ਤਰਲ ਬੈਕਟੀਰੀਆ ਅਤੇ ਵਾਇਰਸ ਦੀ ਗਿਣਤੀ ਵਧਾਉਣ ਅਤੇ ਇੱਧਰ-ਉਧਰ ਫੈਲਾਉਣ ਦਾ ਵਾਹਕ ਬਣ ਜਾਂਦਾ ਹੈ, ਇਸ ਲਈ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿੱਚ ਇਸ ਨੂੰ ਫੈਲਾ ਦਿੰਦੇ ਹਾਂ ਤਾਂ ਸੱਚਮੁਚ ਇਹ ਸਾਡੇ ਤੋਂ ਦੂਜੇ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ।

ਇਹ ਲਿੰਗ, ਉਮਰ, ਜਗ੍ਹਾ, ਖੁਰਾਕ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਕੀ ਤੁਸੀਂ ਇ-ਸਿਗਰੇਟ ਪੀਂਦੇ ਹੋ ਜਾਂ ਨਹੀਂ ਇਸ ਨਾਲ ਵੀ।

ਸੂਖ਼ਮ ਜੀਵਾਂ ਦਾ ਮੇਕਅੱਪ (ਖ਼ਾਸ ਬੈਕਟੀਰੀਆ, ਵਾਇਰਸ, ਉੱਲੀ ਆਦਿ ਦਾ ਸੰਗ੍ਰਹਿ) ਬਾਹਰੀ ਕਣ ਦਾਖ਼ਲ ਹੋਣ ਤੋਂ ਰੋਕਦਾ ਹੈ ਅਤੇ ਕਈ ਪ੍ਰਭਾਵ ਕਾਫ਼ੀ ਘੱਟ ਹੁੰਦੇ ਹਨ।

2024 ਦੀ ਇੱਕ ਖੋਜ ਵਿੱਚ ਪਤਾ ਲੱਗਿਆ ਕਿ ਉਦਾਹਰਣ ਵਜੋਂ ਜੇ ਹਾਨੀਕਾਰਕ ਸਟੈਫੀਲੋਕੋਕਸ ਬੈਕਟੀਰੀਆ ਨੱਕ ਵਿੱਚ ਜਿਉਂਦਾ ਰਹਿੰਦਾ ਹੈ ਅਤੇ ਇਨਸਾਨ ਨੂੰ ਸੰਕ੍ਰਮਿਤ ਕਰਦਾ ਹੈ, ਬੁਖ਼ਾਰ ਅਤੇ ਪੱਸ ਨਾਲ ਭਰੇ ਫੋੜੇ ਕਰਦਾ ਹੈ, ਇਹ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੇ ਮਾਈਕ੍ਰੋਬਾਇਓਮ ਵਿਚਲੇ ਬੈਕਟੀਰੀਆ ਵੱਲੋਂ ਆਇਰਨ ਦੀ ਪਕੜ 'ਤੇ ਨਿਰਭਰ ਕਰਦਾ ਹੈ।

ਫੇਰੀਰਾ ਇਹ ਜਾਨਣ ਲਈ ਕੰਮ ਕਰ ਰਹੇ ਹਨ ਕਿ ਨੱਕ ਵਿੱਚੋਂ ਵਗਣ ਵਾਲੇ ਪਾਣੀ ਦਾ ਸਿਹਤਮੰਦ ਮਾਇਕ੍ਰੋਬਾਇਓਮ ਕਿਸ ਤਰ੍ਹਾਂ ਦਾ ਦਿਖਦਾ ਹੈ ਤਾਂ ਕਿ ਰੋਜ਼ਾਨਾ ਵਰਤੋਂ ਵਾਲੀ ਨਾਸਾਂ ਵਾਲੀ ਸਪਰੇਅ ਵਿੱਚ ਇਸ ਨੂੰ ਪਾ ਕੇ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੀ ਸਿਹਤ ਬਿਹਤਰ ਕੀਤੀ ਜਾ ਸਕੇ, ਜਿਸ ਤਰ੍ਹਾਂ ਅਸੀਂ ਅੰਤੜੀਆਂ ਦੀ ਸਿਹਤ ਲਈ ਪ੍ਰੋ-ਬਾਇਓਟਿਕਸ ਹੁੰਦੇ ਹਨ।

ਫੇਰੀਰਾ ਕਹਿੰਦੇ ਹਨ, "ਕਲਪਨਾ ਕਰੋ ਕਿ ਤੁਸੀਂ ਆਪਣੇ ਨੱਕ ਅੰਦਰਲੇ ਜੀਵਾਂ ਨੂੰ ਚੰਗੇ ਜੀਵਾਂ ਨਾਲ ਬਦਲ ਸਕੋ ਜੋ ਉੱਥੇ ਰਹਿਣ ਅਤੇ ਸਾਨੂੰ ਬਿਮਾਰ ਕਰਨ ਦੀ ਸਮਰੱਥਾ ਰੱਖਣ ਵਾਲੇ ਕਿਸੇ ਬਾਹਰੀ ਨੁਕਸਾਨਦੇਹ ਜੀਵ ਨੂੰ ਅੰਦਰ ਦਾਖਲ ਨਾ ਹੋਣ ਦੇਣ।"

ਫੇਰੀਰਾ ਦੇ ਸਹਿਕਰਮੀਆਂ ਨੇ ਬੈਕਟੀਰੀਆ ਚੁਣੇ ਹਨ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਨੱਕ ਲਈ ਉਚਿਤ ਮਾਈਕ੍ਰੋਬਾਇਓਮ ਹੋ ਸਕਦੇ ਹਨ। ਪ੍ਰੀਖਣ ਕੀਤਾ ਜਾ ਰਿਹਾ ਹੈ ਕਿ ਕੀ ਇਹ ਬੈਕਟੀਰੀਆ ਲੋਕਾਂ ਦੀਆਂ ਸਾਹ ਨਲੀਆਂ 'ਤੇ ਆ ਕੇ ਉਨ੍ਹਾਂ ਦੀ ਸਿਹਤ ਸੁਧਾਰਨ ਲਈ ਕਾਫ਼ੀ ਸਮੇਂ ਤੱਕ ਉੱਥੇ ਰਹਿ ਸਕਦੇ ਹਨ ਜਾਂ ਨਹੀਂ।

ਫੇਰੀਰਾ ਕਹਿੰਦੇ ਹਨ ਕਿ ਕਿਉਂਕਿ ਨੱਕ ਵਿੱਚੋਂ ਵਗਣ ਵਾਲਾ ਪਾਣੀ ਦੇ ਮਾਈਕ੍ਰੋਬਾਇਓਮ ਦਾ ਬਿਮਾਰੀ ਰੋਧਕ ਪ੍ਰਣਾਲੀ ਨਾਲ ਗਹਿਰਾ ਸਬੰਧ ਹੈ, ਉਹ ਇਹ ਵੀ ਅਧਿਐਨ ਕਰ ਰਹੇ ਹਨ ਕਿ ਬਿਮਾਰੀ ਰੋਧਕ ਪ੍ਰਣਾਲੀ ਨੂੰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਕਿਵੇਂ ਵੈਕਸੀਨਜ਼ ਲਈ ਇਸ ਦੀ ਗ੍ਰਹਿਣਸ਼ੀਲਤਾ ਵਧਾਈ ਜਾ ਸਕਦੀ ਹੈ।

ਖੋਜ ਕਹਿੰਦੀ ਹੈ ਕਿ ਕਿਸੇ ਇਨਸਾਨ ਦੇ ਮਾਈਕ੍ਰੋਬਾਇਓਮ 'ਤੇ ਨਿਰਭਰ ਕਰਦਾ ਹੈ ਕਿ ਕਿਸੇ ਦਾ ਸਰੀਰ ਕਿਸੇ ਟੀਕੇ ਪ੍ਰਤੀ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ।

ਉਦਾਹਰਣ ਵਜੋਂ, ਕੋਵਿਡ-19 ਵੈਕਸੀਨ ਬਾਰੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਸ ਨੇ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੇ ਮਾਈਕ੍ਰੋਬਾਇਓਮ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਬਦਲੇ ਵਿੱਚ ਮਾਈਕ੍ਰੋਬਾਇਓਮ ਨੇ ਵੈਕਸੀਨ ਦੀ ਕੁਸ਼ਲਤਾ ਨੂੰ ਪ੍ਰਭਾਵਿਤ ਕੀਤਾ।

ਉਨ੍ਹਾਂ ਦੱਸਿਆ, "ਕੋਵਿਡ-19 ਟੀਕੇ ਸਾਨੂੰ ਬਿਮਾਰੀ ਤੋਂ ਬਚਾਉਣ ਲਈ ਚੰਗੇ ਸਨ ਪਰ ਫਿਰ ਵੀ ਵਾਇਰਸ ਇੱਕ ਤੋਂ ਦੂਜੇ ਤੱਕ ਫੈਲਦੇ ਰਹੇ। ਅਸੀਂ ਹੋਰ ਬਿਹਤਰ ਵੈਕਸੀਨ ਬਣਾ ਸਕਦੇ ਹਾਂ ਤਾਂ ਜੋ ਅਗਲੀਆਂ ਪੀੜ੍ਹੀਆਂ ਬਿਮਾਰ ਨਾ ਹੋਣ ਭਾਵੇਂ ਕੋਵਿਡ-19 ਹੋਵੇ ਜਾਂ ਫਲੂ ਹੋਵੇ ਜਾਂ ਸਾਹ ਪ੍ਰਣਾਲੀ ਦੇ ਹੋਰ ਵਾਇਰਸ ਹੋਣ ਅਤੇ ਇਹ ਸਭ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੀ ਬਿਮਾਰੀ ਰੋਧਕ ਸ਼ਕਤੀ 'ਤੇ ਨਿਰਭਰ ਕਰਦਾ ਹੈ।"

ਬਿਮਾਰੀ ਦਾ ਪਤਾ ਲਗਾਉਣ ਲਈ ਟੈਸਟਿੰਗ ਦਾ ਉਭਾਰ

ਭਾਵੇਂ ਫੇਰੀਰਾ ਵੱਲੋਂ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੇ ਉਚਿਤ ਮਾਈਕ੍ਰੋਬਾਇਓਮ ਬਣਾਉਣ ਦੇ ਸਹੀ ਫ਼ਾਰਮੂਲੇ ਨੂੰ ਲੱਭਣ ਵਿੱਚ ਕੁਝ ਸਾਲ ਲੱਗ ਸਕਦੇ ਹਨ ਪਰ ਸਵੀਡਨ ਵਿੱਚ ਵਿਗਿਆਨੀਆਂ ਨੇ ਸਿਹਤਮੰਦ ਲੋਕਾਂ ਦੇ ਨੱਕ ਵਿੱਚੋਂ ਵਗਣ ਵਾਲੇ ਪਾਣੀ ਨੂੰ ਨੱਕ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਅੰਦਰ ਟਰਾਂਸਪਲਾਂਟ ਕਰਨ ਦਾ ਕੰਮ ਸ਼ੁਰੂ ਕੀਤਾ ਸੀ।

ਖੋਜਾਰਥੀਆਂ ਨੇ 22 ਬਾਲਗਾਂ ਨੂੰ ਸਿਹਤਮੰਦ ਦੋਸਤਾਂ ਅਤੇ ਸਾਥੀਆਂ ਦੇ ਨੱਕ ਦੇ ਤਰਲ ਦੀ ਭਰੀ ਹੋਈ ਸਰਿੰਜ ਪੰਜ ਦਿਨਾਂ ਲਈ ਆਪਣੇ ਨੱਕ ਅੰਦਰ ਪਾਉਣ ਨੂੰ ਕਿਹਾ। ਉਨ੍ਹਾਂ ਨੇ ਜਾਣਿਆ ਕਿ ਤਿੰਨ ਮਹੀਨਿਆਂ ਦੇ ਅੰਦਰ ਘੱਟੋ-ਘੱਟ 16 ਲੋਕਾਂ ਵਿੱਚ ਖੰਘ ਅਤੇ ਚਿਹਰੇ ਦੇ ਦਰਦ ਜਿਹੇ ਲੱਛਣ 40 ਫ਼ੀਸਦੀ ਤੱਕ ਘੱਟ ਹੋਏ।

ਅਧਿਐਨ ਦੀ ਅਗਵਾਈ ਕਰਨ ਵਾਲੇ ਸਵੀਡਨ ਨੇ ਹੈਲਸਿਨਬਰਗ ਹਸਪਤਾਲ ਵਿੱਚ ਕੰਨ, ਨੱਕ ਤੇ ਗਲੇ ਦੇ ਅਧਿਐਨ ਵਾਲੇ ਅਤੇ ਸਿਰ ਤੇ ਗਰਦਨ ਸਰਜਰੀ ਵਿਭਾਗ ਵਿੱਚ ਸੀਨੀਅਰ ਕੰਸਲਟੈਂਟ ਐਂਡਰਸ ਮਾਰਟਿਨਸਨ ਕਹਿੰਦੇ ਹਨ, "ਇਹ ਸਾਡੇ ਲਈ ਬਹੁਤ ਚੰਗੀ ਖ਼ਬਰ ਸੀ ਅਤੇ ਕਿਸੇ ਨੇ ਕੋਈ ਬੁਰਾ ਪ੍ਰਭਾਵ ਰਿਪੋਰਟ ਨਹੀਂ ਕੀਤਾ ਸੀ।"

ਉਨ੍ਹਾਂ ਦੱਸਿਆ ਕਿ ਇਹ ਪ੍ਰੀਖਣ ਦੂਜੀਆਂ ਪ੍ਰਯੋਗਸ਼ਾਲਾਵਾਂ ਵਿੱਚ ਅੰਤੜੀਆਂ ਦੇ ਮਾਈਕ੍ਰੋਬਾਇਓਮ ਲਈ ਕੀਤੇ ਮਲ ਟਰਾਂਸਪਲਾਂਟ ਤੋਂ ਪ੍ਰੇਰਿਤ ਹੋ ਕੇ ਕੀਤੇ ਗਏ ਸਨ।

ਹਾਲਾਂਕਿ ਪਹਿਲੇ ਪਾਇਲਟ ਪ੍ਰੋਗਰਾਮ ਵਿੱਚ ਲੋਕਾਂ ਦੇ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੇ ਮਾਈਕ੍ਰੋਬਾਇਓਮ ਬਦਲਣ ਅਤੇ ਉਨ੍ਹਾਂ ਦੇ ਨੱਕ ਦੇ ਖ਼ਾਸ ਕਿਸਮ ਦੇ ਬੈਕਟੀਰੀਆ ਦਾ ਕੀ ਹੋਇਆ, ਬਾਰੇ ਜ਼ਿਆਦਾ ਅੰਕੜੇ ਨਹੀਂ ਮਿਲੇ, ਇਸ ਲਈ ਹੋਰ ਵੱਡੇ ਅਤੇ ਸਟੀਕ ਪ੍ਰੀਖਣ ਕੀਤੇ ਜਾ ਰਹੇ ਹਨ।

ਦਰਅਸਲ, ਨੱਕ ਵਿੱਚੋਂ ਵਗਣ ਵਾਲਾ ਪਾਣੀ ਨੱਕ ਅਤੇ ਫੇਫੜਿਆਂ ਦੀਆਂ ਪੁਰਾਣੀਆਂ ਬਿਮਾਰੀਆਂ ਲਈ ਚੰਗੀ ਰੋਕ ਬਣ ਸਕਦਾ ਹੈ।

ਯੂਨੀਵਰਸਿਟੀ ਆਫ ਫਲੋਰਿਡਾ ਵਿੱਚ ਕੰਨ ਨਾੜੀ ਰੋਗਾਂ ਦੇ ਮਾਹਰ ਜੈਨੀਫਰ ਮੁਲੀਗਨ ਪੁਰਾਣੇ ਰਾਈਨੋਸਾਇਨਸਟਿਸ ਅਤੇ ਨੱਕ ਦੇ ਪੌਲਿਪਸ (ਜਿਸ ਨਾਲ ਦੁਨੀਆਂ ਦੀ ਆਬਾਦੀ ਦੇ 5 ਤੋਂ 12 ਫੀਸਦ ਲੋਕ) ਤੋਂ ਪ੍ਰਭਾਵਿਤ ਲੋਕਾਂ ਬਾਰੇ ਅਧਿਐਨ ਲਈ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੀ ਵਰਤੋਂ ਕਰਦੇ ਹਨ।

ਕਰੀਅਰ ਦੇ ਪਹਿਲੇ ਸਾਲ ਵਿੱਚ ਉਨ੍ਹਾਂ ਨੂੰ ਰਾਈਨੋਸਾਇਨਸਟਿਸ ਮਰੀਜ਼ਾਂ ਦੇ ਨੱਕ ਵਿੱਚੋਂ ਟਿਸ਼ੂ ਸਰਜਰੀ ਨਾਲ ਹਟਾਉਣ ਦੀ ਲੋੜ ਪੈਂਦੀ ਸੀ ਪਰ ਇਸ ਵਿੱਚ ਚੀਰੇ ਦੀ ਲੋੜ ਪੈਂਦੀ ਸੀ ਅਤੇ ਇਸ ਦੀਆਂ ਆਪਣੀਆਂ ਹੱਦਾਂ ਸਨ।

ਹੁਣ ਉਸ ਦੀ ਖੋਜ ਨੇ ਦਿਖਾਇਆ ਹੈ ਕਿ ਜਦੋਂ ਕੋਈ ਰਾਈਨੋਸਾਇਨਸਟਿਸ ਨਾਲ ਪੀੜਤ ਹੁੰਦਾ ਹੈ ਤਾਂ ਨੱਕ ਦੀ ਬਲਗ਼ਮ ਨਾਲ ਉਚਿਤ ਤਰੀਕੇ ਨਾਲ ਜਾਣਿਆ ਜਾ ਸਕਦਾ ਹੈ ਕਿ ਸਰੀਰ ਅੰਦਰ ਕੀ ਹੋ ਰਿਹਾ ਹੈ।

ਇਸੇ ਤਰ੍ਹਾਂ ਜਿਵੇਂ ਪਹਿਲਾਂ ਵੱਖ-ਵੱਖ ਮਰੀਜ਼ਾਂ ਲਈ ਇਲਾਜ ਇੱਕ ਟ੍ਰਾਇਲ ਦੇ ਤਰੀਕੇ ਨਾਲ ਹੁੰਦਾ ਸੀ ਅਤੇ ਕਈ ਵਾਰ ਮਹੀਨਿਆਂ ਤੱਕ ਚੱਲਣ ਵਾਲੇ ਇਲਾਜ ਲਈ ਹਜ਼ਾਰਾਂ ਲੱਖਾਂ ਡਾਲਰ ਖ਼ਰਚੇ ਜਾਂਦੇ ਸੀ।

ਮੁਲੀਗਨ ਕਹਿੰਦੇ ਹਨ ਕਿ ਨੱਕ ਵਿੱਚੋਂ ਵਗਣ ਵਾਲੇ ਪਾਣੀ ਦੀ ਜਾਂਚ ਨਾਲ ਸਹੀ ਪਛਾਣ ਕੀਤੀ ਜਾ ਸਕਦੀ ਹੈ ਕਿ ਕਿਹੜਾ ਇਲਾਜ ਜਾਂ ਸਰਜਰੀ ਸਹੀ ਰਹੇਗੀ।

ਮੂਲੀਗਨ ਦੀ ਤਕਨੀਕ ਦੇ ਕਈ ਕਲੀਨਿਕਲ ਟ੍ਰਾਇਲਦੁਨੀਆਂ ਭਰ ਵਿੱਚ ਚੱਲ ਰਹੇ ਹਨ।

ਸਟੈਨਫੋਰਡ ਯੂਨੀਵਰਸਿਟੀ ਦੇ ਇੰਜੀਨੀਅਰਾਂ ਵੱਲੋਂ ਲਾਂਚ ਕੀਤੀ ਡਾਇਗ-ਨੋਜ਼ ਜਿਹੀਆਂ ਕੰਪਨੀਆਂ ਨੱਕ ਦੀ ਬਲਗ਼ਮ ਦੀ ਜਾਂਚ ਲਈ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮ ਅਤੇ ਨੱਕ ਦੀ ਮਾਈਕਰੋਸੈਂਪਲਿੰਗ ਲਈ ਯੰਤਰ ਵਿਕਸਿਤ ਕਰ ਰਹੀਆਂ ਹਨ।

ਸਾਲ 2025 ਵਿੱਚ ਉਨ੍ਹਾਂ ਨੇ ਐੱਫਡੀਆਈ ਵੱਲੋਂ ਮਾਨਤਾ ਪ੍ਰਾਪਤ ਮਾਈਕਰੋਸੈਂਪਲਿੰਗ ਯੰਤਰ ਲਾਂਚ ਕੀਤਾ। ਇਸ ਯੰਤਰ ਨਾਲ ਨੱਕ ਦੇ ਤਰਲ ਦੀ ਸਟੀਕ ਮਾਤਰਾ ਲਈ ਜਾਂਦੀ ਹੈ ਤਾਂ ਕਿ ਸੈਂਪਲਿੰਗ ਦੇ ਤਰੀਕਿਆਂ ਨੂੰ ਇਕਸਾਰ ਕਰਕੇ ਖੋਜ ਵਿਚਲੇ ਫਰਕ ਘੱਟ ਕੀਤੇ ਜਾ ਸਕਣ।

ਮੁਲੀਗਨ ਕਹਿੰਦੇ ਹਨ, "ਅਸੀਂ ਇੰਨਾ ਸਿੱਖ ਲਿਆ ਹੈ ਜੋ ਕਦੇ ਟਿਸ਼ੂਆਂ ਦੀ ਬਾਇਓਪਸੀ ਨਾਲ ਨਹੀਂ ਸਿੱਖ ਸਕਦੇ ਸੀ। ਸਾਡਾ ਬਿਮਾਰੀਆਂ ਬਾਰੇ ਜਾਣਨਾ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਇਹ ਵੀ ਬਦਲਣ ਵਾਲਾ ਹੈ ਕਿ ਭਵਿੱਖ ਵਿੱਚ ਮਰੀਜ਼ਾਂ ਦਾ ਨਿਦਾਨ ਕਿਵੇਂ ਹੋਏਗਾ ਅਤੇ ਉਨ੍ਹਾਂ ਨੂੰ ਇਲਾਜ ਕਿਵੇਂ ਮਿਲੇਗਾ।"

ਮੁਲੀਗਨ ਵੀ ਨੱਕ ਦੀ ਬਲਗ਼ਮ ਜ਼ਰੀਏ ਅਧਿਐਨ ਕਰਦੀ ਹੈ ਕਿ ਲੋਕਾਂ ਦੀ ਸੁੰਘਣ ਸ਼ਕਤੀ ਖ਼ਤਮ ਹੋਣ ਦੇ ਕੀ ਕਾਰਨ ਹੋ ਸਕਦੇ ਹਨ। ਉਸ ਦੀ ਟੀਮ ਨੇ ਇਹ ਪਤਾ ਲਗਾ ਲਿਆ ਹੈ ਕਿ ਵਿਟਾਮਿਨ-ਡੀ ਵਾਲੀ ਨੱਕ ਦੀ ਸਪਰੇਅ ਧੂੰਏਂ ਕਾਰਨ ਪ੍ਰਭਾਵਿਤ ਹੋਈ ਲੋਕਾਂ ਦੀ ਸੁੰਘਣ ਸ਼ਕਤੀ ਵਾਪਸ ਲਿਆਉਣ ਵਿੱਚ ਮਦਦ ਕਰ ਸਕਦੀ ਹੈ।

ਨਾਲ ਹੀ ਮੁਲੀਗਨ ਕਹਿੰਦੇ ਹਨ ਕਿ ਜੋ ਫੇਫੜਿਆਂ ਵਿੱਚ ਹੁੰਦਾ ਹੈ, ਉਹ ਨੱਕ ਵਿੱਚ ਵੀ ਹੁੰਦਾ ਹੈ ਅਤੇ ਜੋ ਨੱਕ ਵਿੱਚ ਹੁੰਦਾ ਹੈ ਉਹ ਫੇਫੜਿਆਂ ਵਿੱਚ ਹੁੰਦਾ ਹੈ।

ਇਸ ਲਈ ਜਾਂਚ ਵਾਲੀਆਂ ਤਕਨੀਕਾਂ ਅਤੇ ਥੈਰੇਪੀਆਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਲਈ ਵੀ ਵਰਤਿਆ ਜਾ ਸਕਦਾ ਹੈ। ਨਵੀਆਂ ਖੋਜਾਂ ਕਹਿੰਦੀਆਂ ਹਨ ਕਿ ਮਹਿਜ਼ ਮਰੀਜ਼ ਦੇ ਨੱਕ ਵਿੱਚੋਂ ਵਗਣ ਵਾਲੇ ਪਾਣੀ ਅੰਦਰ ਆਈਐੱਲ-26 ਪ੍ਰੋਟੀਨ ਦੀ ਮਾਤਰਾ ਜਾਂਚ ਕੇ ਡਾਕਟਰ ਦੱਸ ਸਕਦੇ ਹਨ ਕਿ ਕਿਸੇ ਨੂੰ ਸਾਹ ਦੀ ਬਿਮਾਰੀ ਹੋਣ ਬਾਰੇ ਕਿੰਨੀ ਕੁ ਸੰਭਾਵਨਾ ਹੈ।

ਇਹ ਅਜਿਹੀ ਬਿਮਾਰੀ ਹੈ ਜੋ ਮੌਤ ਵਿੱਚ ਹਰ ਚੌਥੀ ਬਿਮਾਰੀ ਲਈ ਜ਼ਿੰਮੇਵਾਰ ਹੈ। ਨੱਕ ਵਿੱਚੋਂ ਵਗਣ ਵਾਲੇ ਪਾਣੀ ਦੀ ਜਾਂਚ ਕਰਕੇ ਮਰੀਜ਼ਾਂ ਦਾ ਸਮੇਂ ਸਿਰ ਨਿਦਾਨ ਅਤੇ ਤੇਜ਼ੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਮੁਲੀਗਨ ਕਹਿੰਦੇ ਹਨ, "ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਵਿੱਚ ਇਸ ਹਾਲਤ ਪਿੱਛੇ ਕੀ ਜ਼ਿੰਮੇਵਾਰ ਹੈ?"

ਨਾਲ ਹੀ ਉਹ ਕਹਿੰਦੇ ਹਨ ਕਿ ਹਰ ਮਰੀਜ਼ ਵਿੱਚ ਰਾਈਨੋਸਾਇਨਸਟਿਸ ਹੋਣ ਦੇ ਕਾਰਨ ਵੱਖਰੇ ਹੁੰਦੇ ਹਨ।

ਇਸੇ ਤਰ੍ਹਾਂ, ਦੁਨੀਆਂ ਭਰ ਵਿੱਚੋਂ ਖੋਜ ਟੀਮਾਂ ਅਜਿਹੇ ਯੰਤਰ ਤੇ ਤਰੀਕੇ ਵਿਕਸਿਤ ਕਰ ਰਹੀਆਂ ਹਨ ਤਾਂ ਨੱਕ ਵਿੱਚੋਂ ਵਗਣ ਵਾਲੇ ਪਾਣੀ ਜ਼ਰੀਏ ਅਸਥਮਾ, ਫੇਫੜਿਆਂ ਦੇ ਕੈਂਸਰ, ਅਲਜ਼ਾਈਮਰ ਅਤੇ ਪਾਰਕਿਨਸਨ ਜਿਹੀਆਂ ਬਿਮਾਰੀਆਂ ਬਾਰੇ ਪਤਾ ਲਗਾਇਆ ਜਾ ਸਕੇ।

ਨੱਕ ਵਿੱਚੋਂ ਵਗਣ ਵਾਲੇ ਪਾਣੀ ਦੀ ਵਰਤੋਂ ਰੇਡੀਏਸ਼ਨ ਮਾਤਰਾ ਜਾਨਣ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਕਈ ਨਵੇਂ ਅਧਿਐਨ ਕਹਿੰਦੇ ਹਨ ਕਿ ਨੱਕ ਦੇ ਇਸ ਚਿਪਚਿਪੇ ਤਰਲ ਜ਼ਰੀਏ ਜਾਣਿਆ ਜਾ ਸਕਦਾ ਹੈ ਕਿ ਕੋਈ ਪ੍ਰਦੂਸ਼ਣ ਵਿੱਚ ਕਿੰਨਾ ਰਿਹਾ।

ਮੁਲੀਗਨ ਕਹਿੰਦੇ ਹਨ, "ਨੱਕ ਦਾ ਤਰਲ ਨਿੱਜੀ ਦਵਾਈਆਂ ਦਾ ਭਵਿੱਖ ਹੈ, ਮੈਂ ਪੂਰੀ ਤਰ੍ਹਾਂ ਇਹ ਵਿਸ਼ਵਾਸ ਕਰਦੀ ਹਾਂ।"

ਚੇਤਾਵਨੀ

ਇਸ ਕਾਲਮ ਦਾ ਸਾਰਾ ਕੰਟੈਂਟ ਆਮ ਜਾਣਕਾਰੀ ਲਈ ਹੈ ਅਤੇ ਇਸ ਨੂੰ ਆਪਣੇ ਡਾਕਟਰ ਜਾਂ ਹੋਰ ਸਿਹਤ ਸੰਭਾਲ ਕਰਮੀ ਦੀ ਮੈਡੀਕਲ ਸਲਾਹ ਦਾ ਬਦਲ ਨਾ ਸਮਝਿਆ ਜਾਵੇ। ਕਿਸੇ ਪਾਠਕ ਵੱਲੋਂ ਇਸ ਦੇ ਕੰਟੈਂਟ ਜ਼ਰੀਏ ਕੀਤੇ ਕਿਸੇ ਨਿਦਾਨ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੋਏਗਾ। ਬੀਬੀਸੀ ਬਾਹਰੀ ਵੈਬਸਾਈਟਾਂ ਦੇ ਕੰਟੈਂਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਅਤੇ ਨਾ ਹੀ ਇੱਥੇ ਲਿਖੇ ਗਏ ਕਿਸੇ ਵਪਾਰਕ ਉਤਪਾਦ ਜਾਂ ਸਲਾਹ ਦਾ ਸਮਰਥਨ ਕਰਦਾ ਹੈ। ਸਿਹਤ ਸਬੰਧੀ ਕਿਸੇ ਵੀ ਮਾਮਲੇ ਵਿੱਚ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)