ਸਾਹ ਵਿੱਚੋਂ ਬਦਬੂ ਆਉਣ ਦੇ ਕੀ ਕਾਰਨ ਹਨ ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ

ਕੀ ਤੁਸੀਂ ਲੋਕਾਂ ਦੇ ਨੇੜੇ ਜਾਣ ਤੋਂ ਇਸ ਲਈ ਬਚਦੇ ਹੋ ਕਿਉਂਕਿ ਤੁਹਾਨੂੰ ਇਹ ਚਿੰਤਾ ਰਹਿੰਦੀ ਹੈ ਕਿ ਤੁਹਾਡੇ ਸਾਹਾਂ ਦੀ ਗੰਧ ਹਮੇਸ਼ਾ ਤਾਜ਼ਾ ਨਹੀਂ ਹੁੰਦੀ ਅਤੇ ਬਦਬੂ ਵਾਲੀ ਹੋ ਸਕਦੀ ਹੈ?

ਇਹ ਚਿੰਤਾ ਦੀ ਗੱਲ ਨਹੀਂ ਹੈ, ਇਹ ਆਮ ਗੱਲ ਹੈ ਅਤੇ ਇਸ ਦੇ ਹੱਲ ਵੀ ਹਨ।

ਦੰਦਾਂ ਨੂੰ ਸਾਫ਼ ਰੱਖਣਾ ਬੈਕਟੀਰੀਆ ਦੇ ਖ਼ਿਲਾਫ਼ ਕਦੇ ਨਾ ਮੁੱਕਣ ਵਾਲੀ ਜੰਗ ਦੇ ਵਾਂਗ ਹੈ। ਇਹ ਬੈਕਟੀਰੀਆ ਸਾਡੇ ਦੰਦਾਂ ਵਿਚਲੀਆਂ ਥਾਵਾਂ ਅਤੇ ਜੀਭ ਨੇੜੇ ਫੈਲਦਾ ਹੈ।

ਜੇਕਰ ਤੁਸੀਂ ਇਸ ਬੈਕਟੀਰੀਆ ਨੂੰ ਖ਼ਤਮ ਨਹੀਂ ਕਰਦੇ ਤਾਂ ਇਹ ਵੱਧ ਸਕਦੇ ਹਨ ਅਤੇ ਦੰਦਾਂ ਦੀ ਦਿੱਕਤ ਹੋ ਸਕਦੀ ਹੈ।

ਬਦਬੂਦਾਰ ਸਾਹਾਂ ਦਾ ਕੀ ਕਾਰਨ ਹੈ

ਸੰਸਾਰ ਭਰ ਵਿੱਚ ਮੂੰਹ ਵਿੱਚੋਂ ਬਦਬੂ ਆਉਣ ਦਾ ਮੁੱਖ ਕਾਰਨ ਪੈਰੀਡੌਂਟਿਟਿਸ(ਦੰਦਾਂ ਦੀ ਲਾਗ) ਹੈ।

ਯੂਨੀਵਰਸਿਟੀ ਆਫ ਬਰਮਿੰਘਮ ਵਿੱਚ ਰੇਸਟੋਰੇਟਿਵ ਡੈਂਟਿਸਟ੍ਰੀ ਵਿੱਚ ਅਸੋਸੀਏਟ ਪ੍ਰੋਫ਼ੈਸਰ ਡਾ. ਪ੍ਰਵੀਨ ਸ਼ਰਮਾ ਕਹਿੰਦੇ ਹਨ, "ਬਾਲਗਾਂ ਵਿੱਚੋਂ ਅੱਧਿਆਂ ਨੂੰ ਇਹ ਰੋਗ ਹੋਵੇਗਾ।"

ਉਹ ਕਹਿੰਦੇ ਹਨ, "ਤੁਸੀਂ ਇਸ ਬਦਬੂ ਬਾਰੇ ਕਹਿ ਸਕਦੇ ਹੋ ਕਿ ਇਹ ਮੂੰਹ ਵਿੱਚੋਂ ਆਉਂਦੀ ਹੈ।"

"ਇਹ 90 ਫ਼ੀਸਦੀ ਬਦਬੂ ਦਾ ਕਾਰਨ ਬਣਦਾ ਹੈ।"

ਬਾਕੀ 10 ਫ਼ੀਸਦ ਦੇ ਹੋਰ ਕਾਰਨ ਹੁੰਦੇ ਹਨ।

ਡਾ. ਸ਼ਰਮਾ ਕਹਿੰਦੇ ਹਨ, "ਠੀਕ ਤਰੀਕੇ ਨਾਲ ਨਾ ਕੰਟਰੋਲ ਕੀਤੀ ਗਈ ਡਾਇਬਟੀਜ਼ ਵੀ ਬਦਬੂ ਦਾ ਕਾਰਨ ਬਣਦੀ ਹੈ।"

"ਜੇਕਰ ਤੁਹਾਡੇ ਕੋਲ ਪਾਚਨ ਨਾਲੀ ਨਾਲ ਜੁੜੀਆਂ ਬਿਮਾਰੀਆਂ ਵਾਲੇ ਮਰੀਜ਼ ਹਨ ਤਾਂ ਗੰਧ ਖੱਟੀ ਹੋ ਸਕਦੀ ਹੈ, ਇਸ ਲਈ ਤੁਹਾਡੇ ਮੂੰਹ ਵਿੱਚ ਬਿਮਾਰੀਆਂ ਹੋ ਸਕਦੀਆਂ ਹਨ।"

ਤਾਂ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ?

ਦਿੱਕਤ ਦੀ ਜੜ੍ਹ ਤੱਕ ਪਹੁੰਚੋ

ਜੇਕਰ ਤੁਸੀਂ ਆਪਣੇ ਦੰਦਾਂ ਅਤੇ ਮਸੂੜਿਆਂ ਦੇ ਵਿਚਕਾਰ ਵਸਣ ਵਾਲੇ ਬੈਕਟੀਰੀਆ ਨੂੰ ਸਾਫ਼ ਨਹੀਂ ਕਰਦੇ, ਤਾਂ ਇਹ ਸੂਖਮ ਜ਼ਖ਼ਮਾਂ ਅਤੇ ਬਾਅਦ ਵਿੱਚ ਮਸੂੜਿਆਂ ਵਿੱਚੋਂ ਖੂਨ ਵਗਣ ਦਾ ਕਾਰਨ ਬਣ ਸਕਦਾ ਹੈ। ਇਸ ਨੂੰ ਮਸੂੜਿਆਂ ਦੀ ਬਿਮਾਰੀ ਦਾ ਸ਼ੁਰੂਆਤੀ ਪੜਾਅ ਜਿੰਜੀਵਾਇਟਸ ਕਿਹਾ ਜਾਂਦਾ ਹੈ ਤਾਂ ਪਰ ਚੰਗੀ ਖ਼ਬਰ ਇਹ ਕਿ ਇਸ ਦੇ ਅਸਰ ਨੂੰ ਉਲਟਾਇਆ ਵੀ ਜਾ ਸਕਦਾ ਹੈ।

ਡਾ. ਸ਼ਰਮਾ ਕਹਿੰਦੇ ਹਨ, "ਮਸੂੜਿਆਂ ਦੀ ਸੋਜਿਸ਼ ਨੂੰ ਤੁਸੀਂ ਬੁਰਸ਼ ਕਰਦੇ ਸਮੇਂ ਵੇਖ ਸਕਦੇ ਹੋ ਇਸ ਸਮੇਂ ਬੁਰਸ਼ ਲਾਲ, ਸੁੱਜੇ ਹੋਏ ਹੋ ਸਕਦੇ ਹਨ ਅਤੇ ਖੂਨ ਵੀ ਵਗ਼ ਸਕਦਾ ਹੈ, ਇਹ ਪੇਰੀਅਡੋਨਟਾਟਿਟਿਸ ਵਿੱਚ ਵੀ ਵੱਧ ਸਕਦਾ ਹੈ।"

ਬੁਰਸ਼ ਕਰਦੇ ਸਮੇਂ ਆਪਣੇ ਮਸੂੜਿਆਂ ਦੀ ਲਾਲੀ, ਸੋਜ ਜਾਂ ਖੂਨ ਵਗਣ ਦੀ ਜਾਂਚ ਕਰੋ, ਪਰ ਬਹੁਤ ਜ਼ਿਆਦਾ ਚਿੰਤਾ ਨਾ ਕਰੋ ਕਿਉਂਕਿ ਅਜੇ ਵੀ ਇਸ ਦਾ ਹੱਲ ਕੀਤਾ ਜਾ ਸਕਦਾ ਹੈ।

ਉਹ ਕਹਿੰਦੇ ਹਨ, "ਮਰੀਜ਼ ਕਈ ਵਾਰ ਉਹ ਸਹਿਜ ਰੂਪ ਵਿੱਚ ਉਨ੍ਹਾਂ ਮਸੂੜਿਆਂ ਨੂੰ ਬੁਰਸ਼ ਕਰਨ ਤੋਂ ਪਰਹੇਜ਼ ਕਰਦੇ ਹਨ ਜੋ ਬੁਰਸ਼ ਕਰਦੇ ਸਮੇਂ ਦੁਖਦੇ ਹਨ, ਕਿਉਂਕਿ ਉਹ ਸੋਚਦੇ ਹਨ ਕਿ ਉਹ ਨੁਕਸਾਨ ਕਰ ਰਹੇ ਹਨ ਜਾਂ ਕੁਝ ਗਲਤ ਕਰ ਰਹੇ ਹਨ।"

"ਪਰ ਇਸ ਦੇ ਉਲਟ ਤੁਹਾਨੂੰ ਖੂਨ ਵਗਣ ਵਾਲੇ ਮਸੂੜਿਆਂ ਨੂੰ ਇੱਕ ਸੰਕੇਤ ਵਜੋਂ ਲੈਣਾ ਚਾਹੀਦਾ ਹੈ, ਇਸ ਦਾ ਮਤਲਬ ਹੈ ਥੋੜ੍ਹਾ ਬਿਹਤਰ ਬੁਰਸ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਤੁਸੀਂ ਪਹਿਲਾਂ ਖੁੰਝ ਗਏ ਸੀ।"

ਸੁਚੇਤ ਤੌਰ 'ਤੇ ਬੁਰਸ਼ ਕਰੋ

ਡਾ. ਸ਼ਰਮਾ ਕਹਿੰਦੇ ਹਨ ਕਿ ਤੁਹਾਨੂੰ ਸਹੀ ਢੰਗ ਨਾਲ ਬੁਰਸ਼ ਕਰਨ ਲਈ ਸਮਾਂ ਕੱਢਣ ਦੀ ਜ਼ਰੂਰਤ ਹੈ।

ਉਹ ਕਹਿੰਦੇ ਹਨ, "ਤੁਹਾਨੂੰ ਉਸ ਵੇਲੇ ਬੁਰਸ਼ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਕੋਈ ਹੋਰ ਕੰਮ ਕਰ ਰਹੇ ਹੋਵੋ।"

ਤੁਹਾਨੂੰ ਆਪਣੇ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋਣ ਅਤੇ ਸਹੀ ਢੰਗ ਨਾਲ ਧਿਆਨ ਦੇਣ ਦੀ ਲੋੜ ਹੈ।

ਬਹੁਤੇ ਸੱਜੇ ਹੱਥ ਵਾਲੇ ਲੋਕ ਅਚੇਤ ਤੌਰ 'ਤੇ ਆਪਣੇ ਖੱਬੇ ਪਾਸੇ ਨੂੰ ਵੱਧ ਦੇਰ ਤੱਕ ਬੁਰਸ਼ ਕਰਦੇ ਹਨ, ਅਤੇ ਖੱਬੇ ਹੱਥ ਵਾਲੇ ਲੋਕ ਆਪਣੇ ਮੂੰਹ ਦੇ ਸੱਜੇ ਪਾਸੇ ਨੂੰ ਜ਼ਿਆਦਾ ਦੇਰ ਤੱਕ ਬੁਰਸ਼ ਕਰਦੇ ਹਨ, ਜਿਸ ਨਾਲ ਉਸ ਪਾਸੇ ਜ਼ਿਆਦਾ ਸੋਜ ਹੋ ਸਕਦੀ ਹੈ ਜਿਸ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ।

ਇਸ ਗੱਲ ਤੋਂ ਸੁਚੇਤ ਰਹੋ ਕਿ ਤੁਸੀਂ ਕਿਹੜਾ ਹੱਥ ਵਰਤ ਰਹੇ ਹੋ ਅਤੇ ਸੁਚੇਤ ਤੌਰ 'ਤੇ ਦੋਵਾਂ ਪਾਸਿਆਂ ਨੂੰ ਬਰਾਬਰ ਅਤੇ ਧਿਆਨ ਨਾਲ ਬੁਰਸ਼ ਕਰਨ ਦੀ ਕੋਸ਼ਿਸ਼ ਕਰੋ।

ਬੁਰਸ਼ ਕਰਨ ਦੀ ਤਕਨੀਕ ਵਿੱਚ ਮੁਹਾਰਤ ਹਾਸਲ ਕਰੋ

ਡਾ. ਸ਼ਰਮਾ ਦੰਦਾਂ ਦੇ ਵਿਚਲੀ ਥਾਂ ਦੀ ਸਫਾਈ ਨਾਲ ਸ਼ੁਰੂਆਤ ਕਰਨ ਦਾ ਸੁਝਾਅ ਦਿੰਦੇ ਹਨ।

ਉਹ ਕਹਿੰਦੇ ਹਨ, "ਪਲਾਕ ਹਟਾਉਣ ਅਤੇ ਮਸੂੜਿਆਂ ਦੀ ਸਿਹਤ ਵਿੱਚ ਮਦਦ ਕਰਨ ਦੇ ਮਾਮਲੇ ਵਿੱਚ, ਇੰਟਰਡੈਂਟਲ ਬੁਰਸ਼ਾਂ ਦੀ ਵਰਤੋਂ ਕਰਨਾ ਬਿਹਤਰ ਹੈ।"

ਇੰਟਰਡੈਂਟਲ ਬੁਰਸ਼ ਪਲਾਕ ਅਤੇ ਬੈਕਟੀਰੀਆ ਨੂੰ ਉੱਥੋਂ ਹਟਾਉਂਦੇ ਹਨ ਜਿੱਥੇ ਵੱਡੇ ਟੁੱਥਬ੍ਰਸ਼ ਨਹੀਂ ਪਹੁੰਚ ਸਕਦੇ।

ਇੰਟਰਟੈਂਟਲ ਬੁਰਸ਼ਾਂ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਟੁੱਥਬ੍ਰਸ਼ ਨੂੰ ਆਪਣੇ ਮੂੰਹ ਵਿੱਚ ਹਿਲਾਉਂਦੇ ਸਮੇਂ ਇੱਕ ਸਿਸਟਮ ਹੋਣਾ ਚੰਗਾ ਹੈ ਅਤੇ ਜਲਦਬਾਜ਼ੀ ਨਾ ਕਰੋ।

ਯਾਦ ਰੱਖੋ ਕਿ ਹਰੇਕ ਦੰਦ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ: ਬਾਹਰੀ, ਚਬਾਉਣ ਵਾਲੀ ਅਤੇ ਅੰਦਰੂਨੀ।

ਉਨ੍ਹਾਂ ਸਾਰਿਆਂ ਨੂੰ ਧਿਆਨ ਨਾਲ ਸਾਫ਼ ਕਰਨ ਦੀ ਜ਼ਰੂਰਤ ਹੈ। ਇਹ ਬਹੁਤਿਆਂ ਲਈ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ, ਪਰ ਆਪਣੇ ਦੰਦਾਂ ਨੂੰ ਬੁਰਸ਼ ਕਰਨ ਲਈ ਘੱਟੋ-ਘੱਟ ਸਮਾਂ ਦੋ ਮਿੰਟ ਹੈ।

ਬਹੁਤ ਸਾਰੇ ਲੋਕ ਆਪਣੇ ਟੁੱਥਬ੍ਰਸ਼ ਨੂੰ ਦੰਦਾਂ ਨਾਲ 90-ਡਿਗਰੀ ਦੇ ਕੋਣ 'ਤੇ ਫੜ ਕੇ ਅਤੇ ਅੱਗੇ-ਪਿੱਛੇ ਦਬਾ ਕੇ ਬੁਰਸ਼ ਕਰਦੇ ਹਨ, ਪਰ ਇਹ ਤਰੀਕਾ ਮਸੂੜਿਆਂ ਦੀ ਮੰਦੀ ਹਾਲਤ ਦਾ ਕਾਰਨ ਬਣ ਸਕਦਾ ਹੈ।

ਟੁੱਥਬ੍ਰਸ਼ ਨੂੰ ਦੰਦ ਨਾਲ ਲਗਭਗ 45-ਡਿਗਰੀ ਦੇ ਕੋਣ 'ਤੇ ਫੜੋ ਅਤੇ ਹੌਲੀ-ਹੌਲੀ ਬੁਰਸ਼ ਕਰੋ।

ਹੇਠਲੇ ਦੰਦਾਂ 'ਤੇ ਮਸੂੜਿਆਂ ਦੀ ਲਾਈਨ ਵੱਲ ਬ੍ਰਿਸਟਲ ਨੂੰ ਨਿਰਦੇਸ਼ਿਤ ਕਰਕੇ ਅਤੇ ਉੱਪਰਲੇ ਦੰਦਾਂ 'ਤੇ ਮਸੂੜਿਆਂ ਦੀ ਲਾਈਨ ਵੱਲ ਉੱਪਰ ਵੱਲ ਬੁਰਸ਼ ਕਰੋ। ਇਹ ਮਸੂੜਿਆਂ ਦੀ ਲਾਈਨ ਦੇ ਹੇਠਾਂ ਲੁਕੇ ਹੋਏ ਬੈਕਟੀਰੀਆ ਨੂੰ ਹਟਾਉਣ ਵਿੱਚ ਮਦਦ ਕਰੇਗਾ।

ਸਹੀ ਸਮੇਂ 'ਤੇ ਬੁਰਸ਼ ਕਰੋ

ਸਾਡੇ ਵਿੱਚੋਂ ਬਹੁਤਿਆਂ ਨੂੰ ਸਿਖਾਇਆ ਗਿਆ ਹੋਵੇਗਾ ਕਿ ਖਾਣੇ ਤੋਂ ਬਾਅਦ ਆਪਣੇ ਦੰਦ ਬੁਰਸ਼ ਕਰਨਾ ਸਹੀ ਕੰਮ ਹੈ। ਪਰ ਦੁਬਾਰਾ ਸੋਚੋ।

ਡਾ. ਸ਼ਰਮਾ ਕਹਿੰਦੇ ਹਨ, "ਤੁਹਾਨੂੰ ਬ੍ਰੇਕਫਾਸਟ ਤੋਂ ਪਹਿਲਾਂ ਬੁਰਸ਼ ਕਰਨਾ ਚਾਹੀਦਾ ਹੈ, ਪਰ ਕੁਝ ਤੇਜ਼ਾਬੀ ਖਾਣ ਤੋਂ ਬਾਅਦ ਤੁਸੀਂ ਬੁਰਸ਼ ਨਬੀਂ ਕਰਨਾ ਚਾਹੋਗੇ, ਇਸ ਦਾ ਤੁਹਾਡੇ ਦੰਦ ਦੀ ਬਾਹਰੀ ਅਤੇ ਅੰਦਰੂਨੀ ਪਰਤ ਉੱਤੇ ਅਸਰ ਪਵੇਗਾ।"

ਡਾ. ਸ਼ਰਮਾ ਕਹਿੰਦੇ ਹਨ ਕਿ ਜੇਕਰ ਤੁਸੀਂ ਬ੍ਰੇਕਫਾਸਟ ਤੋਂ ਬਾਅਦ ਬਰਸ਼ ਕਰਨ ਨੂੰ ਤਰਜੀਹ ਦਿੰਦੇ ਹੋ ਤਾਂ ਤੁਹਾਨੂੰ ਬ੍ਰੇਕਫਾਸਟ ਅਤੇ ਬੁਰਸ਼ ਵਿੱਚ ਕੁਝ ਸਮਾਂ ਰੱਖ ਲੈਣਾ ਚਾਹੀਦਾ ਹੈ।

ਹਾਲਾਂਕਿ ਦਿਨ ਵਿੱਚ 2 ਵਾਰੀ ਬੁਰਸ਼ ਕਰਨਾ ਚੰਗਾ ਮੰਨਿਆ ਜਾਂਦਾ ਹੈ ਪਰ ਕਈਆਂ ਲਈ ਦਿਨ ਵਿੱਚ ਇੱਕ ਵਾਰ ਬੁਰਸ਼ ਕਰਨਾ ਕਾਫੀ ਹੋ ਸਕਦਾ ਹੈ।

ਜਦੋਂ ਤੁਸੀਂ ਸੌਂਦੇ ਹੋ ਤਾਂ ਸਲਾਈਵਾ ਦਾ ਪ੍ਰਵਾਹ ਘੱਟ ਜਾਂਦਾ ਹੈ ਅਤੇ ਇਸ ਨਾਲ ਬੈਕਟੀਰੀਆ ਰਾਤ ਵੇਲੇ ਤੁਹਾਡੇ ਦੰਦਾਂ ਨੂੰ ਵੱਧ ਨੁਕਸਾਨ ਪਹੁੰਚਾ ਸਕਦਾ ਹੈ।

ਜੇਕਰ ਤੁਸੀਂ ਇੱਕ ਵਾਰ ਹੀ ਬੁਰਸ਼ ਕਰਨਾ ਚਾਹੁੰਦੇ ਹੋ ਤਾਂ ਰਾਤ ਵੇਲੇ ਕਰਨਾ ਸਭ ਤੋਂ ਬਿਹਤਰ ਹੋਵੇਗਾ।

ਸਹੀ ਬੁਰਸ਼ ਦੀ ਚੋਣ ਕਰੋ

ਮੱਧਮ ਰੂਪ ਵਿੱਚ ਸਖ਼ਤ ਬੁਰਸ਼ ਦੀ ਵਰਤੋਂ ਕਰੋ।

ਮਹਿੰਗੀ ਟੁੱਥਪੇਸਟ ਵਰਤਣ ਦੀ ਲੋੜ ਨਹੀਂ ਹੈ। ਡਾ. ਸ਼ਰਮਾ ਕਹਿੰਦੇ ਹਨ ਕਿ ਜੇਕਰ ਇਸ ਵਿੱਚ ਫਲੂਰੋਇਡ ਹੈ ਤਾਂ ਠੀਕ ਹੈ।

ਇਸ ਖਣਿਜ ਨਾਲ ਦੰਦ ਦੀ ਬਾਹਰੀ ਪਰਤ (ਇਨੈਮਲ) ਹੋਰ ਮਜ਼ਬੂਤ ਹੁੰਦੀ ਹੈ ਅਤੇ ਇਸ ਦਾ ਨਿਘਾਰ ਰੁਕਦਾ ਹੈ।

ਜੇਕਰ ਤੁਹਾਨੂੰ ਮਸੂੜਿਆਂ ਨਾਲ ਸਬੰਧਤ ਬਿਮਾਰੀ ਦੇ ਲੱਛਣ ਲੱਗਦੇ ਹਨ ਤਾਂ ਮਾਊਥਵਾਸ਼ ਦੀ ਵਰਤੋਂ ਕਰ ਸਕਦੇ ਹੋ, ਇਸ ਨਾਲ ਪਲਾਕ ਅਤੇ ਬੈਕਟੀਰੀਆ ਘਟਦਾ ਹੈ। ਪਰ ਮਾਊਥਵਾਸ਼ ਨੂੰ ਬੁਰਸ਼ ਕਰਨ ਤੋਂ ਬਾਅਦ ਨਹੀਂ ਵਰਤਣਾ ਚਾਹੀਦਾ ਨਹੀਂ ਤਾਂ ਇਸ ਨਾਲ ਫਲੂਰਾਇਡ ਨਿਕਲ ਸਕਦਾ ਹੈ।

ਮਸੂੜਿਆਂ ਦੀਆਂ ਗੰਭੀਰ ਬਿਮਾਰੀਆਂ ਦੀ ਪਛਾਣ

ਜੇਕਰ ਮਸੂੜਿਆਂ ਦਾ ਖੁਰਨਾ ਅੱਗੇ ਵੱਧਦਾ ਹੈ ਤਾਂ ਤੁਸੀਂ ਦੇਖੋਗੇ ਕਿ ਦੰਦਾਂ ਵਿਚਾਲੇ ਜਗ੍ਹਾ ਬਣਦੀ ਰਹਿੰਦੀ ਹੈ ਅਤੇ ਦੰਦਾਂ ਨੂੰ ਫੜ ਕੇ ਰੱਖਣ ਵਾਲੀ ਹੱਡੀ ਖੁਰਨ ਲੱਗਦੀ ਹੈ ਅਤੇ ਦੰਦ ਢਿੱਲ੍ਹੇ ਹੋ ਸਕਦੇ ਹਨ।

ਜੇਕਰ ਇਸ ਸਥਿਤੀ ਨੂੰ ਕਾਬੂ ਕੀਤਾ ਜਾਵੇ ਤਾਂ ਹੱਡੀਆਂ ਦਾ ਖੁਰਨਾ ਇੱਕ ਅਜਿਹੇ ਪੱਧਰ ਤੱਕ ਪਹੁੰਚ ਸਕਦਾ ਹੈ ਅਤੇ ਦੰਦ ਡਿੱਗ ਸਕਦੇ ਹਨ। ਤੁਸੀਂ ਬਦਬੂਦਾਰ ਸਾਹਾਂ ਦੀ ਦਿੱਕਤ ਦਾ ਸਾਹਮਣਾ ਕਰ ਸਕਦੇ ਹੋ।

ਜੇਕਰ ਤੁਸੀਂ ਅਜਿਹੇ ਲੱਛਣ ਦੇਖਦੇ ਹੋ ਤਾਂ ਉਸੇ ਵੇਲੇ ਆਪਣੇ ਡੈਂਟਿਸਟ ਕੋਲ ਜਾਓ।

ਚੰਗੀ ਮਾਤਰਾ ਵਿੱਚ ਪਾਣੀ ਪੀਓ ਕਿਉਂਕਿ ਜਦੋਂ ਤੁਹਾਡਾ ਮੂੰਹ ਸੁੱਕਾ ਹੋਵੇ ਤਾਂ ਬੈਕਟੀਰੀਆ ਵੱਧ ਸਕਦਾ ਹੈ।

ਆਪਣੀ ਜੀਭ ਦੀ ਸਫਾਈ ਕਰੋ, ਇਸ ਨਾਲ ਬੈਕਟੀਰੀਆ, ਖਾਣੇ ਦਾ ਬਚਿਆ ਹੋਇਆ ਹਿੱਸਾ ਅਤੇ ਡੈੱਡ ਸੈਲਜ਼ ਹਟ ਜਾਂਦੇ ਹਨ ਜਿਸ ਨਾਲ ਬਦਬੂਦਾਰ ਸਾਹਾਂ ਦੀ ਦਿੱਕਤ ਹੋ ਸਕਦੀ ਹੈ।

ਜੇਕਰ ਤੁਸੀਂ ਆਪਣੇ ਸਾਹਾਂ ਦੀ ਤਾਜ਼ਗੀ ਬਾਰੇ ਸਪੱਸ਼ਟ ਨਹੀਂ ਹੋ ਤਾਂ ਤੁਸੀਂ ਆਪਣੇ ਕਿਸੇ ਦੋਸਤ ਜਾਂ ਪਰਿਵਾਰ ਕੋਲੋਂ ਇਸ ਨੂੰ ਚੈੱਕ ਕਰਵਾ ਸਕਦੇ ਹੋ। ਪਰ ਧਿਆਨ ਰੱਖੋ ਕੇ ਤੁਸੀਂ ਇਹ ਕਿਸ ਨੂੰ ਪੁੱਛੋਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)