ਕੀ ਨੀਂਦ ਦੌਰਾਨ ਵੀਰਜ ਡਿਸਚਾਰਜ ਹੋਣਾ ਮਰਦਾਂ ਦੀ ਜਣਨ ਸ਼ਕਤੀ ਘੱਟ ਕਰ ਦਿੰਦਾ ਹੈ? ਵਿਗਿਆਨ ਇਸ ਬਾਰੇ ਕੀ ਕਹਿੰਦਾ ਹੈ

    • ਲੇਖਕ, ਏ ਨੰਦਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਸੌਂਦੇ ਸਮੇਂ ਵੀਰਜ ਨਿਕਲਣ ਨੂੰ ਸੁਪਨਦੋਸ਼ ਵੀ ਕਿਹਾ ਜਾਂਦਾ ਹੈ।

ਬਹੁਤ ਸਾਰੇ ਮਰਦਾਂ ਵਿੱਚ ਇਹ ਮਿੱਥ ਪਾਈ ਜਾਂਦੀ ਹੈ ਕਿ ਨੀਂਦ ਦੌਰਾਨ ਵੀਰਜ ਨਿਕਲਣਾ ਬਾਂਝਪਨ ਦਾ ਪਹਿਲਾ ਸੰਕੇਤ ਹੋ ਸਕਦਾ ਹੈ ਜਾਂ ਇਹ ਸ਼ੁਕਰਾਣੂਆਂ ਦੀ ਘੱਟ ਗਿਣਤੀ ਦਾ ਸੰਕੇਤ ਹੋ ਸਕਦਾ ਹੈ।

ਹਾਲਾਂਕਿ, ਡਾਕਟਰਾਂ ਦਾ ਮੰਨਣਾ ਹੈ ਕਿ ਨੀਂਦ ਦੌਰਾਨ ਵੀਰਜ ਨਿਕਲਣਾ ਇੱਕ ਆਮ ਘਟਨਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਅਲੜ੍ਹ ਮੁੰਡੇ ਜਵਾਨੀ ਵਿੱਚ ਪਹੁੰਚਦੇ ਹਨ, ਉਨ੍ਹਾਂ ਦੇ ਟੈਸਟੋਸਟ੍ਰੋਨ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਨੀਂਦ ਵਿੱਚ ਵਿਘਨ ਪੈ ਸਕਦਾ ਹੈ।

ਜਾਣਦੇ ਹਾਂ ਇਸ ਵਿਸ਼ੇ ਬਾਰੇ ਵਿਗਿਆਨ ਅਤੇ ਖੋਜ ਕੀ ਪੱਖ ਰੱਖਦੇ ਹਨ।

ਜਿਨਸੀ ਸੁਪਨੇ

ਹਾਂਗ ਕਾਂਗ ਦੀ ਸ਼ੂ ਯੇਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ 'ਸੈਕਸ ਡ੍ਰੀਮਜ਼, ਵੈੱਟ ਡ੍ਰੀਮਜ਼ ਐਂਡ ਨਾਕਟਰਨਲ ਐਮੀਸ਼ਨ' ਸਿਰਲੇਖ ਵਾਲੇ ਇੱਕ ਅਧਿਐਨ ਵਿੱਚ ਜਾਂਚ ਕੀਤੀ ਕਿ ਸੈਕਸ ਬਾਰੇ ਸੁਪਨੇ ਕਿਉਂ ਆਉਂਦੇ ਹਨ।

ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲੇ 80 ਫ਼ੀਸਦ ਲੋਕਾਂ ਨੇ ਕਿਹਾ ਕਿ ਸੌਂਦੇ ਸਮੇਂ ਜਿਨਸੀ ਸੁਪਨੇ ਦੇਖਣ ਨਾਲ ਉਨ੍ਹਾਂ ਨੇ ਵੀਰਜ ਡਿਸਚਾਰਜ ਮਹਿਸੂਸ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਸਕੂਲ ਜਾਣ ਵਾਲੇ ਜਾਂ ਕਾਲਜ ਜਾਣ ਵਾਲੇ ਮੁੰਡਿਆਂ ਨੂੰ ਅਕਸਰ ਅਜਿਹੇ ਸੁਪਨੇ ਆ ਸਕਦੇ ਹਨ। ਹਾਲਾਂਕਿ, ਇਸ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਸਾਲ ਵਿੱਚ ਔਸਤਨ 9 ਵਾਰ ਅਜਿਹੇ ਸੁਪਨੇ ਆਉਂਦੇ ਹਨ।

ਇੱਕ ਆਮ ਧਾਰਨਾ ਹੈ ਕਿ ਤੁਹਾਡੇ ਸੁਪਨੇ ਕਿਸ ਤਰ੍ਹਾਂ ਦੇ ਹੁੰਦੇ ਹਨ, ਇਹ ਤੁਹਾਡੇ ਰੋਜ਼ ਦੇ ਵਿਚਾਰਾਂ ਅਤੇ ਤੁਹਾਡੀਆਂ ਇੱਛਾਵਾਂ 'ਤੇ ਨਿਰਧਾਰਤ ਹੁੰਦਾ ਹੈ। ਪਰ ਇਹ ਅਧਿਐਨ ਇਸ ਮੱਤ ਨੂੰ ਚੁਣੌਤੀ ਦਿੰਦਾ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਸੈਕਸ ਮਨੁੱਖੀ ਜੀਵਨ ਦਾ ਇੱਕ ਅਹਿਮ ਹਿੱਸਾ ਹੈ, ਪਰ ਸੈਕਸ ਨਾਲ ਸਬੰਧਤ ਸੁਪਨੇ ਆਮ ਨਹੀਂ ਹਨ।

ਸੈਕਸੋਲੋਜਿਸਟ ਡਾਕਟਰ ਕਾਮਰਾਜ ਕਹਿੰਦੇ ਹਨ, "ਪੁਰਸ਼ ਸਰੀਰ ਕੁਦਰਤੀ ਤੌਰ 'ਤੇ ਲਗਾਤਾਰ ਸ਼ੁਕਰਾਣੂ ਪੈਦਾ ਕਰਦਾ ਹੈ। ਜੇਕਰ ਜਿਨਸੀ ਸੰਬੰਧਾਂ ਜਾਂ ਹੱਥਰਸੀ ਰਾਹੀਂ ਵੀਰਜ ਡਿਸਚਾਰਜ ਨਾ ਹੋਵੇ ਤਾਂ, ਸਰੀਰ ਵਿੱਚ ਸਟੋਰ ਕੀਤਾ ਸ਼ੁਕਰਾਣੂ ਨੀਂਦ ਦੌਰਾਨ ਆਪਣੇ ਆਪ ਹੀ ਨਿਕਲ ਜਾਂਦਾ ਹੈ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ।"

ਡਾਕਟਰ ਭੂਪਤੀ ਜੌਨ ਕਹਿੰਦੇ ਹਨ, "ਜਿਵੇਂ ਔਰਤਾਂ ਨੂੰ ਮਾਹਵਾਰੀ ਆਉਂਦੀ ਹੈ, ਉਸੇ ਤਰ੍ਹਾਂ ਮਰਦਾਂ ਦਾ ਵੀ ਵੀਰਜ ਨਿਕਲਦਾ ਹੈ। ਪਰ ਸਮੇਂ ਦੇ ਨਾਲ ਫ਼ੈਲੀਆਂ ਧਾਰਨਾਵਾਂ ਦੇ ਕਾਰਨ, ਵੀਰਜ ਅਤੇ ਮਰਦ ਸ਼ਕਤੀ ਨੂੰ ਆਪਸ ਵਿੱਚ ਜੋੜ ਕੇ ਦੇਖਿਆ ਜਾਣ ਲੱਗਿਆ ਹੈ ਅਤੇ ਇਸ ਕਾਰਨ ਬਹੁਤ ਸਾਰੀਆਂ ਅਫਵਾਹਾਂ ਵੀ ਫ਼ੈਲੀਆਂ ਹਨ।"

ਕੀ ਮਰਦਾਂ ਨੂੰ ਬਾਂਝਪਨ ਹੋ ਸਕਦਾ ਹੈ?

ਚੀਨ ਦੇ ਟੋਂਗਜੀ ਮੈਡੀਕਲ ਕਾਲਜ ਦੇ ਖੋਜਕਰਤਾਵਾਂ ਨੇ ਯੂਐੱਸ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਅਧਿਐਨ ਦਾ ਹਵਾਲਾ ਦਿੰਦੇ ਹਨ ਜਿਸ ਵਿੱਚ ਇਡੀਓਪੈਥਿਕ ਈਜੇਕੁਲੇਟਰੀ ਡਿਸਫੰਕਸ਼ਨ ਵਾਲੇ ਮਰਦਾਂ ਦੇ ਵੀਰਜ ਦੇ ਨਮੂਨਿਆਂ ਦੀ ਤੁਲਨਾ ਸਿਹਤਮੰਦ ਮਰਦਾਂ ਦੇ ਵੀਰਜ ਦੇ ਨਮੂਨਿਆਂ ਨਾਲ ਕੀਤੀ ਗਈ ਹੈ।

ਇਡੀਓਪੈਥਿਕ ਐਨੀਜੇਕੁਲੇਸ਼ਨ ਦਾ ਮਤਲਬ ਹੈ ਕਿ ਇੱਕ ਆਦਮੀ ਨੂੰ ਵੀਰਜ ਨਿਕਾਸ ਵਿੱਚ ਮੁਸ਼ਕਲ ਆਉਂਦੀ ਹੈ ਪਰ ਮੈਡੀਕਲ ਜਾਂਚ ਦੌਰਾਨ ਕੋਈ ਮਨੋਵਿਗਿਆਨਕ ਜਾਂ ਸਰੀਰਕ ਕਾਰਨ ਸਾਹਮਣੇ ਨਹੀਂ ਆਉਂਦਾ ਹੈ।

ਅਧਿਐਨ ਵਿੱਚ ਸਾਹਮਣੇ ਆਇਆ ਕਿ ਇਡੀਓਪੈਥਿਕ ਐਨਜਾਈਕੁਲੇਸ਼ਨ 72 ਫ਼ੀਸਦ ਮਰਦਾਂ ਵਿੱਚ ਬਾਂਝਪਨ ਦਾ ਕਾਰਨ ਬਣਦਾ ਹੈ। ਇਡੀਓਪੈਥਿਕ ਐਨਜਾਈਕੁਲੇਸ਼ਨ ਵਾਲੇ ਮਰਦਾਂ ਨੂੰ ਜਿਨਸੀ ਸੰਬੰਧਾਂ ਦੌਰਾਨ ਜਾਂ ਜਿਨਸੀ ਉਤੇਜਨਾ ਦੌਰਾਨ ਵੀਰਜ ਨਿਕਾਸ ਵਿੱਚ ਮੁਸ਼ਕਲ ਆਉਂਦੀ ਹੈ। ਹਾਲਾਂਕਿ, ਉਹ ਸੌਂਦੇ ਸਮੇਂ ਸੈਕਸ ਬਾਰੇ ਸੁਪਨੇ ਅਨੁਭਵ ਕਰ ਸਕਦੇ ਹਨ।

ਇਸ ਖੋਜ ਲਈ, ਨੀਂਦ ਦੌਰਾਨ ਡਿਸਚਾਰਜ ਹੋ ਜਾਣ ਵਾਲੇ ਜਾਂ ਇਡੀਓਪੈਥਿਕ ਐਨੀਜੇਕੁਲੇਸ਼ਨ ਵਾਲੇ 91 ਪੁਰਸ਼ਾਂ ਦੇ ਵੀਰਜ ਦਾ ਅਧਿਐਨ ਕੀਤਾ ਗਿਆ ਸੀ।

ਅਧਿਐਨ ਵਿੱਚ ਸਾਹਮਣੇ ਆਇਆ ਕਿ ਨੀਂਦ ਦੌਰਾਨ ਡਿਸਚਾਰਜ ਵਿੱਚ ਪਾਏ ਜਾਣ ਵਾਲੇ ਸ਼ੁਕਰਾਣੂ ਹੋਰ ਪ੍ਰਕਿਰਿਆਵਾਂ ਤੋਂ ਪ੍ਰਾਪਤ ਸ਼ੁਕਰਾਣੂਆਂ ਨਾਲੋਂ 30.6 ਫ਼ੀਸਦ ਜ਼ਿਆਦਾ ਗਤੀਸ਼ੀਲ ਅਤੇ ਆਕਾਰ ਵਿੱਚ 61.4 ਫ਼ੀਸਦ ਵੱਡੇ ਸਨ।

ਇਸ ਅਧਿਐਨ ਵਿੱਚ ਪਾਇਆ ਗਿਆ ਕਿ ਇਡੀਓਪੈਥਿਕ ਐਨੀਜੇਕੁਲੇਸ਼ਨ ਵਾਲੇ ਮਰਦਾਂ ਵਿੱਚ ਸਿਹਤਮੰਦ ਸ਼ੁਕਰਾਣੂ ਹੁੰਦੇ ਹਨ ਅਤੇ ਉਹ ਨੀਂਦ ਦੌਰਾਨ ਕੁਦਰਤੀ ਤੌਰ 'ਤੇ ਨਿਕਲਦੇ ਹਨ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਉਂਕਿ ਨੀਂਦ ਦੌਰਾਨ ਵੀਰਜ ਡਿਸਚਾਰਜ ਦਾ ਸਮਾਂ ਨਿਸ਼ਚਿਤ ਨਹੀਂ ਹੈ, ਇਸ ਲਈ ਇਸ ਪ੍ਰਯੋਗ ਵਿੱਚ ਹਿੱਸਾ ਲੈਣ ਵਾਲੇ ਮਰਦਾਂ ਨੂੰ ਤਿੰਨ ਮਹੀਨਿਆਂ ਤੱਕ ਕੰਡੋਮ ਪਹਿਨ ਕੇ ਸੌਣ ਲਈ ਕਿਹਾ ਗਿਆ ਸੀ।

ਅਮੈਰੀਕਨ ਕਾਲਜ ਆਫ਼ ਔਬਸਟੇਟ੍ਰੀਸ਼ੀਅਨਜ਼ ਐਂਡ ਗਾਇਨੀਕੋਲੋਜਿਸਟਸ ਵੱਲੋਂ ਆਨਲਾਈਨ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਮਨੋਵਿਗਿਆਨਕ ਇਰੈਕਟਾਈਲ ਡਿਸਫੰਕਸ਼ਨ ਵਾਲੇ ਮਰਦਾਂ ਦੇ ਵੀਰਜ ਦੀ ਜਾਂਚ ਕੀਤੀ ਗਈ।

ਨੀਂਦ ਦੌਰਾਨ ਨਿਕਲਣ ਵਾਲੇ ਵੀਰਜ ਦੀ ਗੁਣਵੱਤਾ ਵੱਖ-ਵੱਖ ਹੋ ਸਕਦੀ ਹੈ। ਇਹ ਅਧਿਐਨ ਸੁਝਾਅ ਦਿੰਦਾ ਹੈ ਕਿ ਇਸ ਵੀਰਜ ਨੂੰ ਨਕਲੀ ਗਰਭ ਅਵਸਥਾ ਦੇ ਇਲਾਜਾਂ ਵਿੱਚ ਵਰਤਿਆ ਜਾ ਸਕਦਾ ਹੈ, ਜਿਸ ਨਾਲ ਇਲੈਕਟ੍ਰੋਈਜੇਕੁਲੇਸ਼ਨ ਜਾਂ ਅੰਡਕੋਸ਼ ਤੋਂ ਸਿੱਧੇ ਸ਼ੁਕਰਾਣੂ ਕੱਢਣ ਦੀ ਦਰਦਨਾਕ ਪ੍ਰਕਿਰਿਆ ਤੋਂ ਬਚਿਆ ਜਾ ਸਕਦਾ ਹੈ।

ਡਾਕਟਰ ਕਾਮਰਾਜ ਕਹਿੰਦੇ ਹਨ, "12 ਸਾਲ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਇਰੈਕਟਾਈਲ ਡਿਸਫੰਕਸ਼ਨ ਤੋਂ ਪੀੜਤ ਹੋ ਸਕਦਾ ਹੈ। ਇਹ ਕਹਿਣਾ ਗ਼ੈਰ-ਵਿਗਿਆਨਕ ਹੈ ਕਿ ਇਰੈਕਟਾਈਲ ਡਿਸਫੰਕਸ਼ਨ ਮਰਦਾਂ ਵਿੱਚ ਬਾਂਝਪਨ ਜਾਂ ਘੱਟ ਸ਼ੁਕ੍ਰਾਣੂਆਂ ਦੀ ਗਿਣਤੀ ਦਾ ਕਾਰਨ ਬਣਦਾ ਹੈ।"

"ਵੀਰਜ ਡਿਸਚਾਰਜ ਤੋਂ ਬਾਅਦ, ਸਰੀਰ ਨਵੇਂ ਸ਼ੁਕਰਾਣੂ ਪੈਦਾ ਕਰਦਾ ਹੈ। ਨੀਂਦ ਦੌਰਾਨ ਡਿਸਚਾਰਜ ਜਾਂ ਹੱਥਰਸੀ ਕਰਨ ਨਾਲ ਉਨ੍ਹਾਂ ਦੀ ਪ੍ਰਜਨਨ ਸ਼ਕਤੀ 'ਤੇ ਕੋਈ ਅਸਰ ਨਹੀਂ ਪੈਂਦਾ।"

ਸੈਕਸ ਸਬੰਧੀ ਸੁਪਨੇ ਕਿਉਂ ਆਉਂਦੇ ਹਨ?

ਡਾਕਟਰ ਭੂਪਤੀ ਜੌਨ ਕਹਿੰਦੇ ਹਨ, "ਇੱਕ ਵਿਅਕਤੀ ਦੇ ਸਰੀਰ ਵਿੱਚ ਪੈਦਾ ਹੋਣ ਵਾਲੇ ਸ਼ੁਕਰਾਣੂ ਇੱਕ ਹਿੱਸੇ ਵਿੱਚ ਸਟੋਰ ਹੋ ਜਾਂਦੇ ਹਨ ਜਿਸਨੂੰ ਸੈਮੀਨਲ ਵੇਸਿਕਲ ਕਿਹਾ ਜਾਂਦਾ ਹੈ। ਸ਼ੁਕਰਾਣੂ ਉਤਪਾਦਨ ਦੀ ਦਰ ਵਿਅਕਤੀ ਤੋਂ ਵਿਅਕਤੀ ਵੱਖ-ਵੱਖ ਹੁੰਦੀ ਹੈ। ਜਿਵੇਂ ਪਾਣੀ ਦੀ ਟੈਂਕੀ ਭਰਨ 'ਤੇ ਪਾਣੀ ਬਾਹਰ ਆਉਂਦਾ ਹੈ, ਉਸੇ ਤਰ੍ਹਾਂ ਵੀਰਜ ਡਿਸਚਾਰਜ ਵੀ ਹੁੰਦਾ ਹੈ।"

ਡਾਕਟਰ ਕਾਮਰਾਜ ਕਹਿੰਦੇ ਹਨ ਕਿ ਸੈਕਸ ਸਬੰਧੀ ਸੁਪਨਿਆਂ ਦਾ ਮਤਲਬ ਇਹ ਨਹੀਂ ਕਿ ਕਿਸੇ ਵਿਅਕਤੀ ਨੂੰ ਕੋਈ ਬਿਮਾਰੀ ਹੈ।

ਉਹ ਅੱਗੇ ਕਹਿੰਦੇ ਹਨ, "ਇਸ ਵਿਸ਼ੇ 'ਤੇ ਬਹੁਤ ਸਾਰੇ ਅਧਿਐਨ ਕੀਤੇ ਗਏ ਹਨ, ਪਰ ਸੈਕਸ ਸਬੰਧੀ ਸੁਪਨੇ ਆਉਣ ਦੇ ਕਾਰਨਾਂ ਬਾਰੇ ਅਜੇ ਸਮਝ ਨਹੀਂ ਆ ਸਕਿਆ।"

"ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਕਿਸੇ ਵਿਅਕਤੀ ਨੂੰ ਸੈਕਸ ਦਾ ਸੁਪਨਾ ਆਉਂਦਾ ਹੈ ਜਾਂ ਅਚਾਨਕ ਸਰੀਰਕ ਉਤੇਜਨਾ ਆਉਂਦੀ ਹੈ। ਸੁਪਨੇ ਦੇਖਣ ਨਾਲ ਆਦਮੀ ਦੀ ਸਰੀਰਕ ਤਾਕਤ ਘੱਟ ਜਾਂਦੀ ਹੈ।"

"ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਸੁਪਨੇ ਉਨ੍ਹਾਂ ਲੋਕਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਜਾਂ ਸੈਕਸ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ।"

ਕਾਮਰਾਜ ਕਹਿੰਦੇ ਹਨ, "ਹੱਥਰਸੀ ਜਾਂ ਸੁਪਨਦੋਸ਼ ਕਾਰਨ ਵੀਰਜ ਨਿਕਲਦਾ ਹੈ ਅਤੇ ਇਹ ਅਸਲ ਵਿੱਚ ਇੱਕ ਸੰਕੇਤ ਹੈ ਜੋ ਤੁਹਾਡੇ ਸਰੀਰ ਦੀ ਤੰਦਰੁਸਤੀ ਨੂੰ ਦਰਸਾਉਂਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)