You’re viewing a text-only version of this website that uses less data. View the main version of the website including all images and videos.
200 ਸਾਲ ਪੁਰਾਣੇ ਕੰਡੋਮ ਦੀ ਕਹਾਣੀ ਕੀ ਹੈ ਜਿਸ ਨੂੰ ਵੇਖਣ ਲਈ ਅਜਾਇਬ ਘਰ ਵਿੱਚ ਵੱਡੀ ਭੀੜ ਉਮੜੀ
- ਲੇਖਕ, ਬਾਰਬਰਾ ਟੈਸ਼ ਅਤੇ ਡਨਾਈ ਨੇਸਟਾ ਕੁਪੇਮਬਾ
- ਰੋਲ, ਬੀਬੀਸੀ ਨਿਊਜ਼
ਐਮਸਟਰਡਮ ਦੇ ਰਾਇਕਸ ਮਿਊਜ਼ੀਅਮ ਵਿੱਚ ਇੱਕ ਪ੍ਰਦਰਸ਼ਨੀ ਵਿੱਚ 200 ਸਾਲ ਪੁਰਾਣਾ ਕੰਡੋਮ ਰੱਖਿਆ ਗਿਆ ਹੈ। ਇਹ ਕੰਡੋਮ ਚੰਗੀ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ।
ਮੰਨਿਆ ਜਾਂਦਾ ਹੈ ਕਿ ਇਹ ਇੱਕ ਭੇਡ ਦੇ ਅਪੈਂਡਿਕਸ ਤੋਂ ਬਣਾਇਆ ਗਿਆ ਹੈ। ਇਸ ਉੱਤੇ ਇੱਕ ਨਨ ਅਤੇ ਤਿੰਨ ਪਾਦਰੀਆਂ ਦੀ ਤਸਵੀਰ ਬਣੀ ਹੋਈ ਹੈ।
ਇਹ ਦੁਰਲੱਭ ਕਲਾਕ੍ਰਿਤੀ 1830 ਦੀ ਹੈ ਅਤੇ ਅਜਾਇਬ ਘਰ ਨੇ ਇਸ ਨੂੰ ਪਿਛਲੇ ਸਾਲ ਇੱਕ ਨਿਲਾਮੀ ਵਿੱਚ ਖਰੀਦਿਆ ਸੀ।
ਇਹ ਕੰਡੋਮ 19ਵੀਂ ਸਦੀ ਵਿੱਚ ਵੇਸਵਾਗਮਨੀ ਅਤੇ ਸੈਕਸ਼ੂਐਲਿਟੀ ਸਬੰਧੀ ਇੱਕ ਪ੍ਰਦਰਸ਼ਨੀ ਦਾ ਹਿੱਸਾ ਹੈ।
ਇਸ ਪ੍ਰਦਰਸ਼ਨੀ ਵਿੱਚ ਪ੍ਰਿੰਟ, ਚਿੱਤਰ ਅਤੇ ਫੋਟੋਆਂ ਵੀ ਰੱਖੀਆਂ ਗਈਆਂ ਹਨ।
ਕਦੇ ਇਸਤੇਮਾਲ ਨਹੀਂ ਕੀਤਾ ਗਿਆ ਇਹ ਕੰਡੋਮ
ਰਾਇਕਸ ਮਿਊਜ਼ੀਅਮ ਦੀ ਕਿਊਰੇਟਰ ਜੋਇਸ ਜ਼ੇਲੇਨ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਇੱਕ ਸਹਿਯੋਗੀ ਨੇ ਪਹਿਲੀ ਵਾਰ ਨਿਲਾਮੀ ਵਿੱਚ ਕੰਡੋਮ ਦੇਖਿਆ, ਤਾਂ 'ਉਨ੍ਹਾਂ ਨੂੰ ਹਾਸਾ ਆ ਰਿਹਾ ਸੀ'।
ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਸਿਰਫ਼ ਉਨ੍ਹਾਂ ਲੋਕਾਂ ਨੇ ਹੀ ਇਸ ਦੇ ਲਈ ਬੋਲੀ ਲਗਾਈ ਸੀ।
ਇਸਨੂੰ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਇਸਦੀ ਅਲਟਰਾਵਾਇਲਟ ਰੋਸ਼ਨੀ ਹੇਠ ਜਾਂਚ ਕੀਤੀ ਅਤੇ ਪਾਇਆ ਕਿ ਇਸਦੀ ਵਰਤੋਂ ਨਹੀਂ ਕੀਤੀ ਗਈ ਸੀ।
ਜ਼ੇਲੇਨ ਨੇ ਕਿਹਾ, "ਇਹ ਬਹੁਤ ਚੰਗੀ ਹਾਲਤ ਵਿੱਚ ਸੀ।"
ਇਹ ਕੰਡੋਮ ਆਇਆ ਕਿੱਥੋਂ ਹੈ?
ਜ਼ੇਲੇਨ ਨੇ ਦੱਸਿਆ ਕਿ 'ਜਦੋਂ ਤੋਂ ਇਹ ਕੰਡੋਮ ਪ੍ਰਦਰਸ਼ਿਤ ਕੀਤਾ ਗਿਆ ਹੈ, ਉਦੋਂ ਤੋਂ ਅਜਾਇਬ ਘਰ ਲੋਕਾਂ ਨਾਲ ਭਰਿਆ ਹੋਇਆ ਹੈ। ਸਾਨੂੰ ਬਹੁਤ ਵਧੀਆ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ, ਨੌਜਵਾਨ ਅਤੇ ਬਜ਼ੁਰਗ ਦੋਵੇਂ ਹੀ ਇਸ ਵਿੱਚ ਦਿਲਚਸਪੀ ਲੈ ਰਹੇ ਹਨ।'
ਜ਼ੇਲੇਨ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਕੰਡੋਮ ਫਰਾਂਸ ਦੇ ਕਿਸੇ ਚਮਕ-ਦਮਕ ਭਰੇ ਵੇਸਵਾਗਮਨੀ ਦੇ ਕਿਸ ਅੱਡੇ ਦਾ ਇੱਕ ਲਗਜ਼ਰੀ 'ਯਾਦਗਾਰੀ ਚਿੰਨ੍ਹ' ਹੈ।
ਕਿਹਾ ਜਾ ਰਿਹਾ ਹੈ ਕਿ ਹੁਣ ਸਿਰਫ਼ ਦੋ ਚੀਜ਼ਾਂ ਹੀ ਅਜਿਹੀਆਂ ਬਚੀਆਂ ਹਨ।
ਅਜਾਇਬ ਘਰ ਨੇ ਕਿਹਾ ਹੈ ਕਿ ਇਹ ਅਸਾਧਾਰਨ ਚੀਜ਼ ਉਸ ਯੁੱਗ ਵਿੱਚ ਜਿਨਸੀ ਸਿਹਤ ਦੇ ਰੌਸ਼ਨ ਅਤੇ ਹਨ੍ਹੇਰੇ ਨਾਲ ਭਰੇ ਪੱਖ ਨੂੰ ਦਰਸਾਉਂਦੀ ਹੈ, ਜਦੋਂ ਜਿਨਸੀ ਅਨੰਦ ਦੀ ਤਲਾਸ਼ ਕਰਦੇ ਸਮੇਂ ਅਣਚਾਹੇ ਗਰਭ ਅਤੇ ਸਿਫਲਿਸ (ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀ) ਦਾ ਡਰ ਰਹਿੰਦਾ ਸੀ।
ਕੰਡੋਮ 'ਤੇ ਛਪੀ ਤਸਵੀਰ
ਇਸ ਕੰਡੋਮ 'ਤੇ ਜੋ ਤਸਵੀਰ ਛਪੀ ਹੈ, ਉਸ ਵਿੱਚ ਇੱਕ ਨਨ ਬੈਠੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀ ਡ੍ਰੈਸ ਖੁੱਲ੍ਹੀ ਹੋਈ ਹੈ। ਉਹ ਪਾਦਰੀਆਂ ਵੱਲ ਇਸ਼ਾਰਾ ਕਰ ਰਹੀ ਹੈ, ਅਤੇ ਤਿੰਨੇ ਪਾਦਰੀ ਹਮੇਸ਼ਾ ਵਾਂਗ ਉਸਦੇ ਸਾਹਮਣੇ ਖੜ੍ਹੇ ਹਨ।
ਇਸ ਕੰਡੋਮ 'ਤੇ ਲਿਖਿਆ ਹੈ, "ਵੋਯਲਾ ਮਾਨ ਚੋਇਸ", ਜਿਸਦਾ ਅਰਥ ਹੈ "ਇਹ ਮੇਰੀ ਮਰਜ਼ੀ ਹੈ"।
ਅਜਾਇਬ ਘਰ ਨੇ ਕਿਹਾ ਕਿ ਕੰਡੋਮ 'ਤੇ ਛਪੀ ਇਸ ਤਸਵੀਰ ਨੂੰ "ਬ੍ਰਹਮਚਾਰੀ ਅਤੇ ਇੱਕ ਯੂਨਾਨੀ ਪੁਰਾਣਿਕ ਕਥਾ 'ਤੇ ਪੈਰਿਸ ਦੇ ਫੈਸਲੇ ਦੀ ਪੈਰੋਡੀ" ਮੰਨਿਆ ਜਾ ਸਕਦਾ ਹੈ।
ਦਰਅਸਲ ਇਹ ਪੈਰਿਸ ਨਾਮ ਦੇ ਇੱਕ ਟਰੋਜਨ ਰਾਜਕੁਮਾਰ ਬਾਰੇ ਮਿੱਥਕ ਕਥਾ ਹੈ, ਜਿਸਨੇ ਇਹ ਫੈਸਲਾ ਕਰਨਾ ਸੀ ਕਿ ਐਫ੍ਰੋਡਾਈਟ, ਹੇਰਾ ਅਤੇ ਐਥੇਨਾ ਵਿੱਚੋਂ ਸਭ ਤੋਂ ਸੁੰਦਰ ਦੇਵੀ ਕੌਣ ਹੈ।
ਅਜਾਇਬ ਘਰ ਨੇ ਕਿਹਾ ਕਿ ਇਸਦੇ ਪ੍ਰਿੰਟ ਸੰਗ੍ਰਹਿ ਵਿੱਚ 750,000 ਪ੍ਰਿੰਟ, ਚਿੱਤਰ ਅਤੇ ਤਸਵੀਰਾਂ ਹਨ। ਪਰ ਕਿਸੇ ਕੰਡੋਮ 'ਤੇ ਪ੍ਰਿੰਟ ਦਾ ਇਹ ਪਹਿਲਾ ਸੰਗ੍ਰਹਿ ਹੈ।
ਜ਼ੇਲੇਨ ਨੇ ਕਿਹਾ, "ਅਸੀਂ ਕਹਿ ਸਕਦੇ ਹਾਂ ਕਿ ਸਾਡਾ ਹੀ ਇੱਕੋ-ਇੱਕ ਕਲਾ ਅਜਾਇਬ ਘਰ ਹੈ, ਜਿਸ ਵਿੱਚ ਇੱਕ ਪ੍ਰਿੰਟ ਕੀਤਾ ਕੰਡੋਮ ਹੈ।''
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੂਜੇ ਅਜਾਇਬ ਘਰਾਂ ਨੂੰ ਕਲਾਕ੍ਰਿਤੀ "ਉਧਾਰ ਦੇਣ ਲਈ ਤਿਆਰ" ਹੈ, ਪਰ ਕੰਡੋਮ ਬਹੁਤ ਨਾਜ਼ੁਕ ਸੀ। ਉਸਨੇ ਦੱਸਿਆ ਕਿ ਇਹ ਨਵੰਬਰ ਦੇ ਅੰਤ ਤੱਕ ਪ੍ਰਦਰਸ਼ਨੀ ਵਿੱਚ ਰਹੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ