ਖਾਣੇ ਨੂੰ ਦੁਬਾਰਾ ਗਰਮ ਕਰਨ ਦਾ ਸਹੀ ਤਰੀਕਾ ਕੀ ਹੈ, ਫ਼ਰਿੱਜ ਵਿੱਚ ਰੱਖੇ ਭੋਜਨ ਨੂੰ ਖਾਣ ਤੋਂ ਪਹਿਲਾਂ ਕਿਹੜੀਆਂ ਸਾਵਧਾਨੀਆਂ ਜ਼ਰੂਰੀ ਹਨ

    • ਲੇਖਕ, ਨੈਜ਼ਾਨਿਨ ਮੋਤਾਮੇਦੀ
    • ਰੋਲ, ਬੀਬੀਸੀ ਪੱਤਰਕਾਰ

ਭੋਜਨ ਨੂੰ ਦੁਬਾਰਾ ਗਰਮ ਕਰਨ ਨਾਲ ਕਈ ਅਣਦੇਖੇ ਸਿਹਤ ਜੋਖਮ ਜੁੜੇ ਹੋ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਅਣਜਾਣੇ ਵਿੱਚ ਸਹੇੜ ਲੈਂਦੇ ਹਾਂ।

ਸਹੀ ਢੰਗ ਤਰੀਕਿਆਂ ਦੀ ਪਾਲਣਾ ਕਰਨ ਨਾਲ ਤੁਹਾਡੇ ਭੋਜਨ ਨੂੰ ਸੁਰੱਖਿਅਤ ਰੱਖਣ ਅਤੇ ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਜਾਣਦੇ ਹਾਂ ਭੋਜਨ ਨੂੰ ਮੁੜ ਗਰਮ ਕਰਨ ਦਾ ਅਤੇ ਸੁਰੱਖਿਅਤ ਰਹਿਣ ਦਾ ਤਰੀਕਾ ਕੀ ਹੈ।

ਭੋਜਨ ਗਰਮ ਕਰਨ ਲੱਗਿਆਂ ਇਹ ਗਲਤੀਆਂ ਨਾ ਕਰੋ

ਭੋਜਨ ਨੂੰ ਜ਼ਿਆਦਾ ਦੇਰ ਤੱਕ ਬਾਹਰ ਨਾ ਰੱਖੋ।

ਕਮਰੇ ਦੇ ਤਾਪਮਾਨ 'ਤੇ ਦੋ ਤੋਂ ਚਾਰ ਘੰਟਿਆਂ ਤੋਂ ਵੱਧ ਸਮੇਂ ਲਈ ਭੋਜਨ ਬਾਹਰ ਨਾ ਛੱਡੋ।

ਪੱਕੇ ਹੋਏ ਚੌਲ ਤਾਂ ਇੱਕ ਘੰਟੇ ਤੋਂ ਵੱਧ ਸਮਾਂ ਬਾਹਰ ਰੱਖਣੇ ਹੀ ਨਹੀਂ ਚਾਹੀਦੇ, ਕਿਉਂਕਿ ਇਨ੍ਹਾਂ ਵਿੱਚ ਬੈਸੀਲਸ ਸੇਰੀਅਸ ਬੀਜਾਣੂ ਤੇਜ਼ੀ ਨਾਲ ਵਧਦੇ ਹਨ।

ਬਾਹਰ ਨਾਲ ਲੈ ਕੇ ਜਾਣ ਵਾਲੇ ਚੌਲਾਂ ਨੂੰ ਦੁਬਾਰਾ ਗਰਮ ਨਾ ਕਰੋ

ਟੇਕਅਵੇ ਚੌਲ, ਯਾਨੀ ਜੇ ਤੁਸੀਂ ਪੱਕੇ ਹੋਏ ਚੌਲ ਆਪਣੇ ਨਾਲ ਕਿਤੇ ਲੈ ਕੇ ਜਾਣੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਗਰਮ ਨਾ ਕਰੋ।

ਇਸੇ ਤਰ੍ਹਾਂ ਅਕਸਰ ਰੈਸਟੋਰੈਂਟਾਂ ਜਾਂ ਢਾਬਿਆਂ ਵਿੱਚ ਪਹਿਲਾਂ ਭੋਜਨ ਪਕਾ ਕੇ ਰੱਖਿਆ ਜਾਂਦਾ ਹੈ ਅਤੇ ਪਰੋਸਨ ਜਾਂ ਵੇਚਣ ਤੋਂ ਪਹਿਲਾਂ ਦੁਬਾਰਾ ਗਰਮ ਕੀਤਾ ਜਾਂਦਾ ਹੈ, ਇਸਨੂੰ ਦੁਬਾਰਾ ਗਰਮ ਕਰਨਾ ਜੋਖਮ ਭਰਿਆ ਬਣਾਉਂਦਾ ਹੈ। ਇਸਨੂੰ ਖਰੀਦਣ ਜਾਂ ਖਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਖਾ ਲੈਣਾ ਸਭ ਤੋਂ ਵਧੀਆ ਹੈ।

ਘਰ ਵਿੱਚ ਪਕਾਏ ਹੋਏ ਖਾਣੇ ਨੂੰ ਜ਼ਿਆਦਾ ਦੇਰ ਤੱਕ ਫਰਿੱਜ ਵਿੱਚ ਨਾ ਰੱਖੋ।

ਬਚਿਆ ਹੋਇਆ ਖਾਣਾ 24-48 ਘੰਟਿਆਂ ਦੇ ਅੰਦਰ-ਅੰਦਰ ਖਾ ਲਓ ਜਾਂ ਜੇਕਰ ਤੁਸੀਂ ਜਲਦੀ ਖਾਣ ਦੀ ਯੋਜਨਾ ਨਹੀਂ ਬਣਾਉਂਦੇ ਤਾਂ ਉਨ੍ਹਾਂ ਨੂੰ ਫਰਿਜ਼ ਵਿੱਚ ਰੱਖ ਦਿਓ।

ਚਿਕਨ ਨੂੰ ਗਰਮ ਪਾਣੀ ਨਾਲ ਡਿਫ੍ਰੋਸਟ ਨਾ ਕਰੋ

ਚਿਕਨ ਨੂੰ ਗਰਮ ਪਾਣੀ ਨਾਲ ਡਿਫ੍ਰੋਸਟ ਨਹੀਂ ਕਰਨਾ ਚਾਹੀਦਾ। ਇਸ ਨਾਲ ਮਾਸ ਸਹੀ ਤਰੀਕੇ ਨਾਲ ਨਹੀਂ ਪਿਘਲਦਾ, ਜਿੱਥੇ ਮਾਸ ਦੇ ਕੁਝ ਹਿੱਸੇ ਪੂਰੀ ਤਰ੍ਹਾਂ ਡਿਫ੍ਰੌਸਟ ਹੋਣ ਤੋਂ ਪਹਿਲਾਂ 'ਖ਼ਰਾਬ ਹੋ ਜਾਂਦੇ ਹਨ'।

ਚਿਕਨ ਨੂੰ ਹਮੇਸ਼ਾ ਫਰਿੱਜ ਵਿੱਚ ਡਿਫ੍ਰੋਸਟ ਕਰੋ ਅਤੇ ਇਸਨੂੰ ਚੰਗੀ ਤਰ੍ਹਾਂ ਪਕਾਓ।

ਪੋਲਟਰੀ ਵਿੱਚ ਕੈਂਪੀਲੋਬੈਕਟਰ ਬੈਕਟੀਰੀਆ ਪੇਟ ਦੀਆਂ ਗੰਭੀਰ ਸਮੱਸਿਆਵਾਂ, ਉਲਟੀਆਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਤੱਕ ਦਾ ਕਾਰਨ ਬਣ ਸਕਦਾ ਹੈ।

ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਭੋਜਨ ਨੂੰ ਦੁਬਾਰਾ ਗਰਮ ਕਰਨ ਤੋਂ ਪਹਿਲਾਂ ਹਮੇਸ਼ਾ ਫਰਿੱਜ ਵਿੱਚ ਰੱਖੋ।

ਖੋਜ ਦਰਸਾਉਂਦੀ ਹੈ ਕਿ ਭੋਜਨ ਨੂੰ ਫਰਿੱਜ ਵਿੱਚ (5° ਸੈਲਸੀਅਸ ਜਾਂ ਇਸ ਤੋਂ ਘੱਟ ਤਾਪਮਾਨ 'ਤੇ) ਰੱਖਣ ਨਾਲ ਨੁਕਸਾਨਦੇਹ ਰੋਗਾਣੂਆਂ ਦਾ ਵਾਧਾ ਸੀਮਤ ਹੁੰਦਾ ਹੈ।

ਆਪਣੇ ਭੋਜਨ ਨੂੰ ਫਰਿੱਜ ਵਿੱਚ ਰੱਖਣ ਤੋਂ ਪਹਿਲਾਂ ਠੰਢਾ ਕਰੋ, ਕਦੇ ਗ਼ਰਮ ਭੋਜਨ ਫਰਿੱਜ ਵਿੱਚ ਨਾ ਰੱਖੋ।

ਗਰਮ ਭੋਜਨ ਸਿੱਧਾ ਫਰਿੱਜ ਵਿੱਚ ਪਾਉਣ ਨਾਲ ਤੁਹਾਡੇ ਫਰਿੱਜ ਦਾ ਤਾਪਮਾਨ ਵੱਧ ਸਕਦਾ ਹੈ, ਜਿਸ ਨਾਲ ਦੂਜੇ ਭੋਜਨ ਖਰਾਬ ਹੋ ਸਕਦੇ ਹਨ ਅਤੇ ਬੈਕਟੀਰੀਆ ਵਧਣ ਲੱਗ ਸਕਦੇ ਹਨ।

ਆਪਣੇ ਭੋਜਨ ਨੂੰ ਕਮਰੇ ਦੇ ਤਾਪਮਾਨ 'ਤੇ ਠੰਢਾ ਹੋਣ ਦਿਓ ਅਤੇ ਠੰਢਾ ਹੁੰਦੇ ਹੀ ਇਸਨੂੰ ਫਰਿੱਜ ਵਿੱਚ ਰੱਖੋ।

ਗਰਮ ਮੌਸਮ ਵਿੱਚ, ਭੋਜਨ ਜਿੰਨਾ ਘੱਟ ਸਮਾਂ ਬਾਹਰ ਬਿਤਾਇਆ ਜਾਵੇਗਾ, ਓਨਾ ਹੀ ਸੁਰੱਖਿਅਤ ਹੋਵੇਗਾ।

ਖੁਰਾਕ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝੋ

8 ਡਿਗਰੀ ਸੈਲਸੀਅਸ ਅਤੇ 63 ਡਿਗਰੀ ਸੈਲਸੀਅਸ ਦੇ ਵਿਚਕਾਰ, ਬੈਕਟੀਰੀਆ ਤੇਜ਼ੀ ਨਾਲ ਵੱਧ ਸਕਦੇ ਹਨ। ਆਪਣੇ ਫਰਿੱਜ ਨੂੰ 5 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ 'ਤੇ ਰੱਖਣ ਨਾਲ ਭੋਜਨ ਦੇ ਜ਼ਹਿਰ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ, ਜਦੋਂ ਕਿ -18 ਡਿਗਰੀ ਸੈਲਸੀਅਸ 'ਤੇ ਭੋਜਨ ਨੂੰ ਫ੍ਰੀਜ਼ ਕਰਨ ਨਾਲ ਬੈਕਟੀਰੀਆ ਦੀ ਗਤੀਵਿਧੀ ਰੁਕ ਜਾਂਦੀ ਹੈ।

ਹਾਲਾਂਕਿ, ਬੈਕਟੀਰੀਆ ਠੰਢ ਦੌਰਾਨ ਮਰਦੇ ਨਹੀਂ, ਉਹ ਭੋਜਨ ਦੇ ਡਿਫ੍ਰੌਸਟ ਹੋਣ ਤੋਂ ਬਾਅਦ ਮੁੜ ਸੁਰਜੀਤ ਹੋ ਸਕਦੇ ਹਨ।

ਠੰਢੇ ਹੋਏ ਭੋਜਨ ਨੂੰ ਬਾਅਦ ਵਿੱਚ ਡੀਫ੍ਰੌਸਟ ਕਰਨ ਲਈ ਫ੍ਰੀਜ਼ਰ ਵਿੱਚ ਰੱਖੋ

ਤੁਸੀਂ ਭੋਜਨ ਨੂੰ ਇਸਦੀ ਵਰਤੋਂ ਦੀ ਮਿਤੀ ਤੱਕ ਫ੍ਰੀਜ਼ ਕਰ ਸਕਦੇ ਹੋ, ਜਿਸ ਵਿੱਚ ਬਰੈੱਡ ਵਰਗੇ ਉਤਪਾਦ ਵੀ ਸ਼ਾਮਲ ਹਨ, ਜੋ ਚੰਗੀ ਤਰ੍ਹਾਂ ਡਿਫ੍ਰੌਸਟ ਹੁੰਦੇ ਹਨ ਅਤੇ ਫ੍ਰੀਜ਼ਰ ਵਿੱਚ ਲੰਬੇ ਸਮੇਂ ਤੱਕ ਰਹਿੰਦੇ ਹਨ।

ਜੰਮੇ ਹੋਏ ਭੋਜਨ ਨੂੰ ਦੁਬਾਰਾ ਗਰਮ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਡੀਫ੍ਰੌਸਟ ਕਰੋ।

ਜੋ ਵੀ ਚੀਜ਼ ਹੈ ਉਸ ਦੇ ਆਧਾਰ 'ਤੇ, ਭੋਜਨ ਨੂੰ 24 ਘੰਟਿਆਂ ਤੱਕ ਫਰਿੱਜ ਵਿੱਚ ਡੀਫ੍ਰੌਸਟ ਕਰੋ।

ਜ਼ਿਆਦਾ ਜਾਂ ਵੱਡੇ ਭੋਜਨ ਜਿਵੇਂ ਕਿ ਪੂਰਾ ਚਿਕਨ ਜ਼ਿਆਦਾ ਸਮਾਂ ਲੈਂਦਾ ਹੈ, ਜਦੋਂ ਕਿ ਛੋਟੇ ਭੋਜਨ ਤੇਜ਼ੀ ਨਾਲ ਡਿਫ੍ਰੌਸਟ ਹੁੰਦੇ ਹਨ।

ਕੁਝ ਭੋਜਨਾਂ ਨੂੰ ਮਾਈਕ੍ਰੋਵੇਵ ਵਿੱਚ ਡੀਫ੍ਰੋਸਟ ਕੀਤਾ ਜਾ ਸਕਦਾ ਹੈ, ਪਰ ਬਿਹਤਰ ਇਹ ਹੀ ਹੈ ਜੋ ਵੀ ਇੰਸਟਰਕਸ਼ਨਜ਼ ਮੈਨਿਉਅਲ ਉੱਥੇ ਹਿਦਾਇਤਾਂ ਲਿਖੀਆਂ ਹਨ ਉਸ ਮੁਤਾਬਕ ਹੀ ਭੋਜਨ ਗ਼ਰਮ ਕਰੋ।

ਨਿਰਮਾਤਾ ਦੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਸਭ ਤੋਂ ਵਧੀਆ ਹੈ।

ਫਰਿੱਜ ਵਿੱਚ ਡੀਫ੍ਰੌਸਟਿੰਗ ਕਰਨ ਨਾਲ ਭੋਜਣ ਖ਼ਰਾਬ ਹੋਣ ਦੇ ਖ਼ਤਰੇ ਤੋਂ ਬਚ ਜਾਂਦਾ ਹੈ।

ਖਾਣਾ ਪਕਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਖਾਣਾ ਪੂਰੀ ਤਰ੍ਹਾਂ ਪਿਘਲ ਗਿਆ ਹੈ

ਅੰਸ਼ਕ ਤੌਰ 'ਤੇ ਡਿਫ੍ਰੋਸਟ ਕੀਤੇ ਤੇ ਸਹੀ ਤਰੀਕੇ ਨਾਲ ਨਾ ਪਕਾਏ ਭੋਜਨ ਵਿੱਚ ਨੁਕਸਾਨਦੇਹ ਬੈਕਟੀਰੀਆ ਜਿਉਂਦੇ ਰਹਿ ਸਕਦੇ ਹਨ।

24 ਘੰਟਿਆਂ ਦੇ ਅੰਦਰ-ਅੰਦਰ ਬਚੇ ਹੋਏ ਚੌਲਾਂ ਨੂੰ ਦੁਬਾਰਾ ਗਰਮ ਕਰੋ ਅਤੇ ਖਾਓ।

ਚੌਲਾਂ ਵਿੱਚ ਬੈਸੀਲਸ ਸੀਰੀਅਸ ਸਪੋਰਸ ਹੋ ਸਕਦੇ ਹਨ ਜੋ ਪਕਾਉਣ ਤੱਕ ਬਚੇ ਰਹਿ ਜਾਂਦੇ ਹਨ।

ਚੌਲਾਂ ਨੂੰ ਤੁਰੰਤ ਠੰਢਾ ਕਰਨ ਅਤੇ ਫ਼ਰਿੱਜ ਵਿੱਚ ਰੱਖਣ ਨਾਲ ਜੋਖਮ ਘੱਟ ਜਾਂਦਾ ਹੈ, ਪਰ ਦੁਬਾਰਾ ਗਰਮ ਸਿਰਫ਼ ਇੱਕ ਵਾਰ ਹੀ ਕੀਤਾ ਜਾਣਾ ਚਾਹੀਦਾ ਹੈ।

ਪੱਕੇ ਹੋਏ ਚੌਲਾਂ ਨੂੰ ਠੰਢਾ ਕਰਨ ਨਾਲ ਬੀਜਾਣੂਆਂ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ।

ਕਮਜ਼ੋਰ ਲੋਕਾਂ ਲਈ ਭੋਜਨ ਦੁਬਾਰਾ ਗਰਮ ਕਰਦੇ ਸਮੇਂ ਵਧੇਰੇ ਸਾਵਧਾਨ ਰਹੋ

ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ, ਅੰਡਰਲਾਈਂਗ ਬਿਮਾਰੀਆਂ, ਗਰਭਵਤੀ ਔਰਤਾਂ, ਛੋਟੇ ਬੱਚੇ ਅਤੇ ਵੱਡੀ ਉਮਰ ਦੇ ਬਾਲਗਾਂ ਨੂੰ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ।

ਭੋਜਨ ਨੂੰ ਉਦੋਂ ਤੱਕ ਦੁਬਾਰਾ ਗਰਮ ਕਰੋ ਜਦੋਂ ਤੱਕ ਇਹ ਸਾਰਾ ਗਰਮ ਨਾ ਹੋ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)