You’re viewing a text-only version of this website that uses less data. View the main version of the website including all images and videos.
ਬਿੱਲੀ ਦੇ ਪਿਸ਼ਾਬ ਤੇ ਸੜੇ ਆਂਡਿਆਂ ਦੀ ਬਦਬੂ ਤੋਂ ਲੈ ਕੇ ਬਰੂਦ ਤੱਕ, ਪੁਲਾੜ ਦੀਆਂ ਸੁਗੰਧਾਂ ਬਾਰੇ ਜਾਣੋ
- ਲੇਖਕ, ਕੈਥਰੀਨ ਲੇਦਮ
- ਰੋਲ, ਬੀਬੀਸੀ ਨਿਊਜ਼
ਵਿਗਿਆਨੀ ਪੁਲਾੜ ਦੀਆਂ ਮਹਿਕਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਧਰਤੀ ਦੇ ਸਭ ਤੋਂ ਨੇੜਲੇ ਗੁਆਂਢੀਆਂ ਤੋਂ ਲੈ ਕੇ ਹਜ਼ਾਰਾਂ ਪ੍ਰਕਾਸ਼ ਸਾਲ ਦੂਰ ਦੇ ਗ੍ਰਹਿ ਵੀ ਉਨ੍ਹਾਂ ਦੇ ਅਧਿਐਨ ਵਿੱਚ ਸ਼ਾਮਲ ਹਨ। ਅਜਿਹਾ ਕਰਕੇ ਉਹ ਬ੍ਰਹਿਮੰਡ ਦੀ ਬਣਤਰ ਬਾਰੇ ਜਾਨਣਾ ਚਾਹੁੰਦੇ ਹਨ।
ਮਰੀਨਾ ਬਾਰਸਿਨੀਲਾ ਦਾ ਕਹਿਣਾ ਹੈ ਕਿ ਬ੍ਰਹਿਸਪਤੀ "ਇੱਕ ਨੱਕ ਸਾੜਨ ਵਾਲੇ ਬੰਬ ਵਰਗਾ ਹੈ।"
ਸੂਰਜ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ, ਬ੍ਰਹਿਸਪਤੀ ਨੂੰ ਬੱਦਲਾਂ ਦੀਆਂ ਕਈ ਪਰਤਾਂ ਨੇ ਢਕਿਆ ਹੋਇਆ ਹੈ।
ਉਹ ਦੱਸਦੇ ਹਨ ਕਿ ਹਰੇਕ ਪਰਤ ਦੀ ਰਸਾਇਣਕ ਬਣਤਰ ਵੱਖਰੀ ਹੈ। ਗੈਸ ਦਾ ਵਿਸ਼ਾਲ ਗੋਲਾ ਤੁਹਾਨੂੰ ਆਪਣੇ "ਜ਼ਹਿਰੀਲੇ ਮਾਰਜ਼ੀਪੇਨ ਬੱਦਲਾਂ" ਦੀ ਸੁਗੰਧ ਨਾਲ ਆਪਣੇ ਵੱਲ ਮੋਹਿਤ ਕਰ ਸਕਦਾ ਹੈ ਪਰ ਜਿੰਨਾ "ਤੁਸੀਂ ਅੰਦਰ ਵੱਲ ਜਾਓਗੇ ਇਹ ਬਦ ਤੋਂ ਬਦਤਰ ਹੀ ਹੁੰਦੀ ਜਾਵੇਗੀ"।
ਉਹ ਕਹਿੰਦੇ ਹਨ, "ਤੁਸੀਂ ਸ਼ਾਇਦ ਚਾਹੋਗੇ ਕਿ ਕਾਸ਼ ਤੁਸੀਂ ਉਸ ਬਿੰਦੂ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਜਿੱਥੇ ਦਬਾਅ ਹੀ ਤੁਹਾਨੂੰ ਕੁਚਲ ਕੇ ਮਾਰ ਦੇਵੇਗਾ।"
ਬਾਰਸਿਨੀਲਾ ਮੁਤਾਬਕ, "ਸਾਡਾ ਮੰਨਣਾ ਹੈ ਕਿ ਬੱਦਲਾਂ ਦੀ ਸਭ ਤੋਂ ਉਪਰਲੀ ਪਰਤ ਸ਼ਾਇਦ ਅਮੋਨੀਆ ਆਈਸ ਦੀ ਬਣੀ ਹੋਈ ਹੈ।"
ਉਹ ਇਸ ਦੀ ਮਹਿਕ ਨੂੰ ਬਿੱਲੀ ਦੇ ਪਿਸ਼ਾਬ ਨਾਲ ਜੋੜਦੇ ਹਨ। ਜਦੋਂ ਤੁਸੀਂ ਹੋਰ ਡੂੰਘਾ ਜਾਂਦੇ ਹੋ ਤਾਂ ਤੁਹਾਡੀ ਮੁਲਾਕਾਤ ਅਮੋਨੀਅਮ ਸਲਫੇਟ ਨਾਲ ਹੁੰਦੀ ਹੈ। ਇੱਥੇ ਤੁਹਾਨੂੰ ਅਮੋਨੀਆ ਅਤੇ ਸਲਫਰ ਇਕੱਠੇ ਮਿਲਦੇ ਹਨ- "ਇੱਕ ਅਜਿਹਾ ਮਿਸ਼ਰਣ ਜੋ ਨਰਕ ਵਿੱਚ ਬਣਦਾ ਹੈ"।
ਸਲਫਰ ਦੇ ਕੰਪਾਊਂਡ ਸੜ੍ਹ ਰਹੇ ਆਂਡਿਆਂ ਵਰਗੀ ਨੱਕ ਸਾੜ੍ਹਵੀਂ ਬਦਬੂ ਲਈ ਜ਼ਿੰਮੇਵਾਰ ਹਨ।
ਜੇ ਤੁਸੀਂ ਹੋਰ ਡੂੰਘੀ ਘੋਖ ਕਰ ਸਕੋਂ ਤਾਂ ਉਹ ਅੱਗੇ ਦੱਸਦੇ ਹਨ ਕਿ ਤੁਹਾਨੂੰ ਬ੍ਰਹਿਸਪਤੀ ਦੀਆਂ ਵਿਸ਼ੇਸ਼ ਧਾਰੀਆਂ ਅਤੇ ਘੁੰਮਣਘੇਰੀਆਂ ਮਿਲਦੀਆਂ ਹਨ।
"ਬ੍ਰਹਿਸਪਤੀ ਦੀਆਂ ਇਹ ਮੋਟੀਆਂ ਰੰਗਦਾਰ ਪੱਟੀਆਂ। ਸਾਨੂੰ ਲਗਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਰੰਗ ਅਮੋਨੀਆ ਅਤੇ ਫਾਸਫੋਰਸ ਦੇ ਬੱਦਲਾਂ ਤੋਂ ਬਣੇ ਹੋ ਸਕਦੇ ਹਨ।"
ਉੱਥੇ ਕੁਝ ਆਰਗੈਨਿਕ ਮੌਲੀਕਿਊਲ ਜਿਵੇਂ ਕਿ ਥੋਲਿਨਸ ਵੀ ਹੋ ਸਕਦੇ ਹਨ। ਇਹ ਪੇਚੀਦਾ ਆਰਗੈਨਿਕ ਮੌਲੀਕਿਊਲ ਗੈਸੋਲੀਨ ਨਾਲ ਸੰਬੰਧਿਤ ਹਨ। ਇਸ ਲਈ ਬਾਰਸਿਨੀਲਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਬ੍ਰਹਿਸਪਤੀ ਕੋਲ ਲੱਸਣ ਦੀ ਬਦਬੂ ਦੇ ਨਾਲ ਪੈਟਰੋਲੀਅਮ ਦੀ "ਥੰਦਿਆਈ" ਵੀ ਹੋਵੇ।
ਇਹ ਸੁੰਗਧੀਆਂ ਬ੍ਰਹਿਮੰਡ ਦੇ ਰਹੱਸਾਂ ਦੇ ਕੀ ਭੇਤ ਦਿੰਦੀਆਂ ਹਨ
ਬਾਰਸਿਨੀਲਾ ਇੱਕ ਪੁਲਾੜ ਵਿਗਿਆਨੀ, ਮਹਿਕ ਦੇ ਇੰਜੀਨੀਅਰ ਅਤੇ ਵੈਸਟਮਿਨਸਟਰ ਯੂਨੀਵਰਸਿਟੀ ਲੰਡਨ ਵਿੱਚ ਪੁਲਾੜ-ਜੀਵ-ਵਿਗਿਆਨ ਵਿੱਚ ਪੀਐੱਚਡੀ ਦੇ ਵਿਦਿਆਰਥੀ ਹਨ।
ਪੁਲਾੜ ਦੇ ਆਪਣੇ ਅਧਿਐਨ ਦੇ ਸ਼ੁਰੂਆਤੀ ਸਾਲਾਂ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਉਹ "ਪੁਲਾੜ ਦੀ ਮਹਿਕ ਕਿਸ ਤਰ੍ਹਾਂ ਦੀ ਹੋਵੇਗੀ?" ਬਾਰੇ ਸੋਚ ਕੇ ਹਮੇਸ਼ਾ ਹੈਰਾਨ ਹੁੰਦੇ ਸਨ। ਫਿਰ ਉਨ੍ਹਾਂ ਨੂੰ ਲੱਗਿਆ ਕਿ ਉਹ ਮੌਲੀਕਿਊਲ ਤਾਂ "ਮੇਰੇ ਕੋਲ ਪ੍ਰਯੋਗਸ਼ਾਲਾ ਵਿੱਚ ਵੀ ਹਨ ਅਤੇ ਮੈਂ ਆਪ ਵੀ ਜਾ ਕੇ ਤਿਆਰ ਕਰ ਸਕਦੀ ਹਾਂ।"
ਇਸ ਲਈ ਆਪਣੇ ਅਕਾਦਮਿਕ ਕੰਮ ਤੋਂ ਇਲਾਵਾ ਉਨ੍ਹਾਂ ਨੇ ਮੰਗਲ ਉੱਤੇ ਜ਼ਿੰਦਗੀ ਦੇ ਸੰਕੇਤ ਭਾਲਣੇ ਸ਼ੁਰੂ ਕੀਤ।
ਬਾਰਸਿਲੀਨਾ ਲੰਡਨ ਦੇ ਕੁਦਰਤੀ ਇਤਿਹਾਸ ਅਜਾਇਬ-ਘਰ ਦੀ ਤਾਜ਼ਾ ਪ੍ਰਦਰਸ਼ਨੀ ਪੁਲਾੜ: ਕੀ ਧਰਤੀ ਤੋਂ ਪਰ੍ਹੇ ਵੀ ਜ਼ਿੰਦਗੀ ਮੌਜੂਦ ਹੋ ਸਕਦੀ ਹੈ? ਉਹ ਪ੍ਰਯੋਗਸ਼ਾਲਾ ਵਿੱਚ ਬਾਹਰੀ ਪੁਲਾੜ ਦੀਆਂ ਮਹਿਕਾਂ ਦੀ ਪੁਨਰ ਸਿਰਜਣਾ ਕਰਨ ਵਿੱਚ ਰੁੱਝੇ ਰਹੇ ਹਨ।
ਉਹ ਕਹਿੰਦੇ ਹਨ, ਸੜੇ ਆਂਡਿਆਂ ਦੀ ਬਦਬੂ ਤੋਂ ਲੈ ਕੇ ਬਦਾਮਾਂ ਦੀ ਖੁਸ਼ਨੁਮਾ ਮਹਿਕ ਤੱਕ, ਪੁਲਾੜ ਹੈਰਾਨੀਜਨਕ ਰੂਪ ਵਿੱਚ ਮਹਿਕਾਂ ਤੇ ਬਦਬੂਆਂ ਨਾਲ ਭਰੀ ਥਾਂ ਹੈ।
ਧੁਮਕੇਤੂ, ਗ੍ਰਹਿ, ਚੰਦ ਅਤੇ ਗੈਸ ਦੇ ਬੱਦਲ ਸਭ ਦੇ ਆਪੋ-ਆਪਣੇ ਰੰਗ ਹਨ ਅਤੇ ਜੇ ਅਸੀਂ ਸੁੰਘ ਸਕੀਏ ਤਾਂ ਸਾਰਿਆਂ ਦੀ ਵਿਲੱਖਣ ਮਹਿਕ ਵੀ ਹੋਏਗੀ।ਪਰ ਇਹ ਸੁਗੰਧਾਂ ਬ੍ਰਹਿਮੰਡ ਦੇ ਰਹੱਸਾਂ ਦੇ ਕੀ ਭੇਤ ਦਿੰਦੀਆਂ ਹਨ?
ਇਸ ਤੋਂ ਪਹਿਲਾਂ ਕਿ ਅਸੀਂ ਬ੍ਰਹਿਮੰਡ ਦੀਆਂ ਸੁਗੰਧਾਂ ਦੀ ਪੜਚੋਲ ਵਿੱਚ ਅੱਗੇ ਵਧੀਏ, ਸ਼ਾਇਦ ਇਸ ਗੱਲ 'ਤੇ ਇੱਕ ਪਲ ਲਈ ਰੁਕਣਾ ਜ਼ਰੂਰੀ ਹੈ ਕਿ ਇਹ ਸੁਗੰਧਾਂ ਅਸਲ ਵਿੱਚ ਕੀ ਹਨ।
ਸੁੰਘਣ ਦੀ ਇੰਦਰੀ ਨੂੰ ਹਾਲਾਂਕਿ ਅਕਸਰ ਨਜ਼ਰਅੰਦਾਜ ਕੀਤਾ ਜਾਂਦਾ ਹੈ, ਨਿਸ਼ਚਿਤ ਹੀ ਸਭ ਤੋਂ ਪ੍ਰਾਚੀਨ ਇੰਦਰੀਆਂ ਵਿੱਚੋਂ ਇੱਕ ਹੈ। ਕੋਈ ਇਕਹਿਰੀ ਕੋਸ਼ਿਕਾ ਵਾਲਾ ਜੀਵ, ਮਿਸਾਲ ਵਜੋਂ ਬੈਕਟੀਰੀਅਮ ਜੋ ਲਗਭਗ 3.5 ਬਿਲੀਅਨ ਸਾਲ ਪਹਿਲਾਂ ਆਰਕੀਓਜ਼ੋਇਕ (ਪੁਰਾਤਨ ਜੀਵਨ) ਸਮੁੰਦਰਾਂ ਵਿੱਚ ਤੈਰਦੇ ਸਨ।
ਕਿਸੇ ਰਸਾਇਣ ਦੀ ਮੌਜੂਦਗੀ ਨੂੰ ਭਾਂਪ ਕੇ, ਜੋ ਕੋਈ ਸੁਆਦਲਾ ਪੋਸ਼ਕ ਵੀ ਹੋ ਸਕਦਾ ਹੈ ਤੇ ਕੋਈ ਸੰਭਾਵੀ ਖ਼ਤਰਾ ਵੀ, ਜਿਸ ਤੋਂ ਦੂਰ ਨੱਸਣਾ ਹੋਵੇ। ਇਸ ਬੈਕਟੀਰੀਅਮ ਦੀ ਪੂਛ ਕਿਸੇ ਪ੍ਰੋਪੈਲਰ ਵਾਂਗ ਕੰਮ ਕਰਦੀ ਹੋਵੇਗੀ। ਸਾਡੇ ਸਭ ਤੋਂ ਪਹਿਲੇ ਪੁਰਖਿਆਂ ਵਿੱਚ ਸੁੰਘਣ ਦੀ "ਇਹ ਸਭ ਤੋਂ ਮੁੱਢਲੀ ਇੰਦਰੀ" ਜੀਵਨ-ਮੌਤ ਦੇ ਫਰਕ ਦਾ ਸੀ।
ਸੁੰਘਣ ਦੀ ਇਹ ਇੰਦਰੀ ਸਾਡੇ ਆਲੇ-ਦੁਆਲੇ ਵਿੱਚ ਰਸਾਇਣਾਂ ਦਾ ਪਤਾ ਕਰ ਸਕਣ ਦੀ ਇਸ ਯੋਗਤਾ ਤੋਂ ਜ਼ਿਆਦਾ ਉਤਲੇ ਪੱਧਰ ਦੀ ਹੈ। ਸਾਡੀਆਂ ਨਾਸਾਂ ਵਿੱਚ ਵਿਸ਼ੇਸ਼ ਕਿਸਮ ਦੇ ਲੱਖਾਂ ਨਿਊਰੋਨਾਂ ਦੇ ਬਹੁਤ ਸੰਘਣੇ ਗੁੱਛੇ ਹਨ ਜੋ ਕਿ ਰਸਾਇਣ-ਫੜਨ ਵਾਲੇ ਮੌਲੀਕਿਊਲਾਂ ਵਿੱਚ ਜੜੇ ਹੋਏ ਹਨ। ਜਦੋਂ ਕੋਈ ਰਸਾਇਣ ਉਨ੍ਹਾਂ ਦੀ ਪਕੜ ਵਿੱਚ ਆਉਂਦਾ ਹੈ ਤਾਂ ਸਾਡੇ ਦਿਮਾਗ ਨੂੰ ਦੱਸਦੇ ਹਨ, ਜਿਸ ਦੀ ਫਿਰ ਕਿਸੇ ਵਿਸ਼ੇਸ਼ ਸੁਗੰਧੀ ਵਜੋਂ ਪਛਾਣ ਕਰ ਲਈ ਜਾਂਦੀ ਹੈ।
ਸੁੰਘਣ ਦੀ ਇਸ ਇੰਦਰੀ ਤੋਂ ਭਾਵ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਫੈਲੇ ਰਸਾਇਣਾਂ ਦਾ ਪਤਾ ਲਾ ਸਕਦੇ ਹਾਂ। ਸੁਗੰਧ ਸਾਡੀ ਸਿਰਫ ਭੋਜਨ ਦੀ ਪਛਾਣ ਕਰਨ ਜਾਂ ਵਾਤਾਵਰਣਿਕ ਸੰਕਟਾਂ ਨੂੰ ਪਛਾਨਣ ਵਿੱਚ ਹੀ ਮਦਦ ਨਹੀਂ ਕਰਦੀ ਸਗੋਂ ਇਹ ਸਾਡੀਆਂ ਯਾਦਾਂ ਵੀ ਤਾਜ਼ਾ ਕਰਦੀਆਂ ਹਨ ਅਤੇ ਸਮਾਜਿਕ ਸੰਵਾਦ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਲੱਖਾਂ ਸਾਲਾਂ ਦੇ ਵਿਕਾਸ ਤੋਂ ਬਾਅਦ ਸੁੰਘਣ ਦੀ ਯੋਗਤਾ ਸਾਡੀ ਭਾਵੁਕ ਤੰਦਰੁਸਤੀ ਨਾਲ ਵੀ ਜੁੜੀ ਹੈ।
ਪੁਲਾੜ ਵਿੱਚ ਲੰਬੇ, ਇਕੱਲੇਪਣ ਨਾਲ ਭਰੇ ਮਹੀਨਿਆਂ ਦੌਰਾਨ ਇਹ ਪੁਲਾੜ ਯਾਤਰੀਆਂ ਲਈ ਘਰ ਨਾਲ ਜੁੜਦੀ ਅਹਿਮ ਤਾਰ ਵੀ ਹੋ ਸਕਦੀ ਹੈ। ਪਰ ਪੁਲਾੜ ਸਟੇਸ਼ਨ ਵੀ ਸੁਗੰਧਾਂ ਦੇ ਮਾਮਲੇ ਵਿੱਚ ਇੱਕ ਅਜੀਬ ਥਾਂ ਹੋ ਸਕਦੀ ਹੈ।
ਹੈਲਨ ਸ਼ਰਮਨ ਯੂਕੇ ਦੇ ਪਹਿਲੇ ਪੁਲਾੜ ਯਾਤਰੀ ਦੱਸਦੇ ਹਨ, "ਅਲੇਕਸੀ ਲਿਨੋਵ (ਪੁਲਾੜ ਵਿੱਚ ਤੁਰਨ ਵਾਲੇ ਪਹਿਲੇ ਮਨੁੱਖ) ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਇੰਚਾਰਜ ਸਨ। ਇਹ ਸੰਨ 1991 ਸੀ ਅਤੇ ਯੂਕੇ ਦੇ ਪਹਿਲੇ ਪੁਲਾੜ ਯਾਤਰੀ ਹੈਲਨ ਸ਼ਰਮਨ ਸੋਵੀਅਤ ਸੰਘ ਦੇ ਪੁਲਾੜ ਸਟੇਸ਼ਨ ਉੱਤੇ ਅੱਠ ਦਿਨ ਬਿਤਾਉਣ ਦੀ ਤਿਆਰੀ ਕਰ ਰਹੇ ਸਨ।
ਲਾਂਚ ਤੋਂ ਬਿਲਕੁਲ ਪਹਿਲਾਂ ਲਿਨੋਵ ਨੇ "ਮੈਨੂੰ ਵਾਰਮਵੁੱਡ ਦੀ ਇੱਕ ਨਿੱਕੀ ਜਿਹੀ ਟਹਿਣੀ ਲੈ ਕੇ ਜਾਣ ਲਈ ਫੜਾਈ"। ਮੀਰ ਉੱਤੇ ਆਪਣੀ ਰਿਹਾਇਸ਼ ਦੌਰਾਨ ਸ਼ਰਮਨ ਨੇ ਇੱਕ ਮਿੱਠੀ ਜਿਹੀ ਸੁੰਗਧ ਲਈ ਇਸਦੀਆਂ ਪੱਤੀਆਂ ਨੂੰ ਰਗੜਨਾ ਸੀ, ਕਿਉਂਕਿ ਉਹ ਕਹਿੰਦੇ ਹਨ ਕਿ ਸੁੰਘ ਲੈਣ ਲਈ ਕੁਝ ਕੋਲ ਹੋਣਾ ਚੰਗੀ ਗੱਲ ਹੈ।"
ਮੀਰ ਪੁਲਾੜ ਸਟੇਸ਼ਨ ਉੱਤੇ ਸ਼ਰਮਨ ਦੱਸਦੇ ਹਨ, ਬਹੁਤ ਥੋੜ੍ਹੀ ਹੀ ਕੋਈ ਗੰਧ ਸੀ। ਮਾਈਕ੍ਰੋ-ਗਰੈਵਿਟੀ ਵਿੱਚ (ਗਰਮ ਹਵਾ ਉੱਪਰ ਨਹੀਂ ਉੱਠਦੀ) ਇਸ ਲਈ ਖਾਣੇ ਦੀ ਪਲੇਟ ਵਿੱਚੋਂ ਵੀ ਖੁਸ਼ਬੂ ਤੁਹਾਡੇ ਤੱਕ ਨਹੀਂ ਪਹੁੰਚਦੀ। ਮਹਿਕ ਨੂੰ ਮਾਨਣ ਦਾ ਇੱਕੋ-ਇੱਕ ਤਰੀਕਾ ਕਿਸੇ ਪੈਕਟ ਵਿੱਚ ਆਪਣੀ ਨੱਕ ਵਾੜ ਲੈਣਾ ਹੈ।
ਪਰ ਇੱਕ ਵਿਲੱਖਣ ਕਿਸਮ ਦੀ ਸੁਗੰਧ ਬਾਰੇ ਕਈ ਪੁਲਾੜ ਯਾਤਰੀਆਂ ਨੇ ਰਿਪੋਰਟ ਕੀਤਾ ਹੈ। ਇਸ ਨੇ "ਮੈਨੂੰ ਯਾਦ ਦਵਾਇਆ ਜਿਵੇਂ ਮੈਂ ਬੱਚੀ ਸੀ ਤੇ ਮੈਂ ਕਿਸੇ ਕਾਰ ਵਰਕਸ਼ਾਪ ਦੇ ਕੋਲੋਂ ਗੁਜ਼ਰਦੀ ਸੀ ਤਾਂ ਆਉਂਦੀ ਸੀ। ਮੈਨੂੰ ਵੈਲਡਿੰਗ ਦੀ ਮਹਿਕ ਆਉਂਦੀ ਸੀ, ਹਵਾ ਵਿੱਚ ਧਾਤ ਦੀ ਖੁਸ਼ਬੂ।"
ਇਸ ਮਿਸ਼ਨ ਦੌਰਾਨ ਸ਼ਰਮਨ ਪੁਲਾੜੀ ਜਹਾਜ਼ ਬਣਾਉਣ ਵਿੱਚ ਵਰਤੇ ਜਾ ਸਕਣ ਵਾਲੇ ਕਈ ਪਦਾਰਥਾਂ ਉੱਤੇ ਪ੍ਰਯੋਗ ਕਰ ਰਹੇ ਸਨ।
"ਮੇਰੇ ਕੋਲ ਕਈ ਸਾਰੀਆਂ ਪਤਲੀਆਂ ਫਿਲਮਾਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੇਰਾਮਿਕਸ ਸਨ। ਜੋ ਮੈਂ ਫਰੇਮ ਵਿੱਚ ਪਾ ਕੇ ਪੁਲਾੜ ਸਟੇਸ਼ਨ ਦੇ ਬਾਹਰ ਵਾਤਾਵਰਣ ਵਿੱਚ ਛੱਡਣੀਆਂ ਹੁੰਦੀਆਂ ਸਨ।"
ਪੁਲਾੜ ਸੰਸਾਰਾਂ ਅਤੇ ਸੁਗੰਧਾਂ ਨਾਲ ਭਰਭੂਰ
ਜਦੋਂ ਉਹ ਆਪਣੇ ਸੈਂਪਲ ਵਾਪਸ (ਏਅਰ ਲੌਕ ਦੇ ਅੰਦਰ) ਅੰਦਰ ਲੈ ਕੇ ਆਏ ਤਾਂ ਇੱਕ ਤੇਜ਼ ਮਹਿਕ ਆਈ, ਪੁਲਾੜ ਦੀ ਧਾਤ ਵਰਗੀ ਸੁੰਗਧ। ਇਹ ਮੇਰਾ ਪਸੰਦੀਦਾ ਪ੍ਰਯੋਗ ਸੀ ਕਿਉਂਕਿ ਇਸ ਵਿੱਚੋਂ ਮਹਿਕ ਆਉਂਦੀ ਸੀ।
ਹੋਰ ਪੁਲਾੜ ਯਾਤਰੀਆਂ ਨੇ ਸੜੇ ਹੋਏ ਮਾਸ, ਬਰੂਦ ਅਤੇ ਸੜੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਵਰਗੀ ਮਹਿਕ ਦਾ ਵਰਨਣ ਕੀਤਾ ਹੈ।
ਪਰ ਇਸ ਮਹਿਕ ਦੇ ਰਹੱਸ ਬਣੇ ਰਹਿਣ ਦੀ ਵਜ੍ਹਾ ਕੀ ਹੈ। ਇਸਦੀ ਇੱਕ ਸੰਭਾਵੀ ਵਿਆਖਿਆ ਇਹ ਹੈ ਕਿ ਇਹ ਆਕਸੀਕਰਨ (ਭਾਵ ਜਦੋਂ ਕੋਈ ਚੀਜ਼ ਆਕਸੀਜਨ ਪ੍ਰਾਪਤ ਕਰਦੀ ਹੈ (ਭਾਵੇਂ ਕਿ ਆਕਸੀਜਨ ਹਮੇਸ਼ਾ ਜ਼ਰੂਰੀ ਨਹੀਂ ਹੁੰਦੀ) ਜਾਂ ਇਲੈਕਟ੍ਰੌਨ ਗੁਆਉਂਦੀ ਹੈ।) ਦੀ ਪ੍ਰਕਿਰਿਆ ਕਰਕੇ ਹੁੰਦੀ ਹੈ।
ਸ਼ਰਮਨ ਕਹਿੰਦੇ ਹਨ, "ਪੁਲਾੜ ਸਟੇਸ਼ਨ ਦੇ ਬਿਲਕੁਲ ਬਾਹਰਲੇ ਚੁਗਿਰਦੇ ਦਾ ਵਾਤਾਵਰਣ, ਬਹੁਤ ਜ਼ਿਆਦਾ ਵੈਕਿਊਮ ਹੈ ਪਰ ਪੂਰੀ ਤਰ੍ਹਾਂ ਨਹੀਂ। ਬਚੇਖੁਚੇ ਐਟਮੌਸਫੀਅਰ ਵਿੱਚ ਸਾਡੇ ਕੋਲ ਐਟੋਮਿਕ ਆਕਸੀਜ਼ਨ ਹੁੰਦੀ ਹੈ।"
ਐਟੋਮਿਕ ਆਕਸੀਜ਼ਨ ਜਾਂ ਆਕਸੀਜ਼ਨ ਦੇ ਇਕਹਿਰੇ ਐਟਮ-ਪੁਲਾੜ ਯਾਤਰੀ ਦੇ ਪੁਲਾੜੀ-ਸੂਟਾਂ ਜਾਂ ਔਜ਼ਾਰਾਂ ਨੂੰ ਚਿੰਬੜ ਸਕਦੇ ਹਨ। ਪੁਲਾੜ ਸਟੇਸ਼ਨ ਵਿੱਚ ਵਾਪਸ ਅੰਦਰ ਆਉਣ ਉੱਤੇ ਇਹ ਇਕਹਿਰੇ ਐਟਮ ਅੰਦਰਲੀ ਆਕਸੀਜ਼ਨ (O2) ਨਾਲ ਮਿਲ ਕੇ ਓਜ਼ੋਨ (O3) ਬਣਾਉਂਦੇ ਹਨ। ਸ਼ਰਮਨ ਦੱਸਦੇ ਹਨ, "ਜਦੋਂ ਤੱਕ ਇਹ ਪ੍ਰਤੀਕਿਰਿਆ ਕਰਦੀ ਹੈ ਤੁਹਾਨੂੰ ਓਜ਼ੋਨ ਦੀ ਮਹਿਕ ਆਉਂਦੀ ਹੈ।" ਅਸੀਂ ਮਨੁੱਖ ਇੱਥੇ ਧਰਤੀ ਉੱਤੇ ਵੀ ਓਜ਼ੋਨ ਦੀ ਕੁਝ ਮਹਿਕ ਮਹਿਸੂਸ ਕਰ ਸਕਦੇ ਹਾਂ। ਕੀ ਤੁਸੀਂ ਕਦੇ ਬਿਜਲੀ ਡਿੱਗਣ ਤੋਂ ਤੁਰੰਤ ਮਗਰੋਂ ਹਵਾ ਵਿੱਚ ਸਥਿਰ ਬਿਜਲੀ ਦੀ ਧਾਤ ਵਰਗੀ ਮਹਿਕ ਮਹਿਸੂਸ ਕੀਤੀ ਹੈ? ਉਹੀ ਓਜ਼ੋਨ ਹੈ।
ਦੂਜੀ ਸੰਭਾਵਨਾ ਇਹ ਹੈ ਕਿ ਸ਼ਰਮਨ ਕਿਸੇ ਟੁੱਟ ਰਹੇ ਤਾਰੇ ਦੇ ਐਟਮ ਸਾਹ ਰਾਹੀਂ ਅੰਦਰ ਖਿੱਚ ਰਹੇ ਸਨ। ਜਦੋਂ ਕੋਈ ਤਾਰਾ ਟੁੱਟਦਾ ਹੈ ਤਾਂ, ਉਹ ਵੱਡੀ ਮਾਤਰਾ ਵਿੱਚ ਊਰਜਾ ਛੱਡਦਾ ਹੈ। ਇਸ ਪ੍ਰਕਿਰਿਆ ਦੌਰਾਨ ਤਾਰਾ ਪੋਲੀ-ਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨਸ (PAHs) ਪੈਦਾ ਕਰਦਾ ਹੈ। ਜੋ ਬ੍ਰਹਿਮੰਡ ਵਿੱਚ ਤੈਰਦੇ ਰਹਿੰਦੇ ਹਨ ਅਤੇ ਨਵੇਂ ਧੁਮਕੇਤੂਆਂ, ਗ੍ਰਹਿਆਂ ਅਤੇ ਤਾਰਿਆਂ ਦੇ ਨਿਰਮਾਣ ਵਿੱਚ ਸਹਾਈ ਹੁੰਦੇ ਹਨ।
ਧਰਤੀ ਉੱਤੇ PAHs ਪਥਰਾਟ ਬਾਲਣਾਂ ਵਿੱਚ ਮਿਲਦੇ ਹਨ, ਜਿਵੇਂ ਕੋਲਾ, ਕੱਚਾ ਤੇਲ ਅਤੇ ਪੈਟਰੋਲ, ਅਤੇ ਅਕਸਰ ਕੁਦਰਤੀ ਮਾਦੇ ਦੀ ਅਧੂਰੀ ਬਲਣ ਪ੍ਰਕਿਰਿਆ ਤੋਂ ਪੈਦਾ ਹੁੰਦੇ ਹਨ।
ਜੇ ਤੁਸੀਂ ਆਪਣਾ ਭੋਜਨ ਜਲਾਓਂ ਤਾਂ ਤੁਸੀਂ ਇਸੇ ਤਰ੍ਹਾਂ ਦੇ ਮੌਲੀਕਿਊਲ ਤਿਆਰ ਕਰ ਰਹੇ ਹੋ। ਜਦੋਂ ਤਾਰਾ ਟੁੱਟਦਾ ਹੈ, ਇਸ ਦੇ ਬਲਣ ਨਾਲ ਇਸੇ ਤਰ੍ਹਾਂ ਦੇ ਮੌਲੀਕਿਊਲ ਪੈਦਾ ਹੁੰਦੇ ਹਨ। ਫਿਰ ਉਹ ਸਦਾ ਲਈ ਪੁਲਾੜ ਵਿੱਚ ਤੈਰਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਕਈ ਕੰਪਾਊਂਡਾਂ ਦੀ ਘੋਲਕਾਂ ਵਰਗੀ ਜਾਂ ਨੈਫਥਲੀਨ (ਮੌਥ-ਬਾਲ) ਵਰਗੀ ਗੰਧ ਹੁੰਦੀ ਹੈ, ਜਦਕਿ ਦੂਜਿਆਂ ਤੋਂ ਪਲਾਸਟਿਕ ਜਾਂ ਬਿਟੂਮਿਨ ਦੇ ਸੜਨ ਵਰਗੀ ਮਹਿਕ ਆਉਂਦੀ ਹੈ।
ਪੁਲਾੜ ਤੋਂ ਡੇਟਾ ਬਹੁਤ ਸਾਰੇ ਰੂਪਾਂ ਵਿੱਚ ਧਰਤੀ ਉੱਤੇ ਪਹੁੰਚਦਾ ਹੈ। ਪੁਲਾੜ ਤੋਂ ਪਹਿਲੀ ਸਾਇੰਸ ਸੰਨ 1958 ਵਿੱਚ ਨਾਸਾ ਦੇ ਐਕਪਲੋਰਰ-1 ਨੇ ਅਵਾਜ਼ ਦੇ ਰੂਪ ਵਿੱਚ ਪਹੁੰਚਾਈ ਸੀ। ਫਿਰ ਸੰਨ 2022 ਵਿੱਚ ਨਾਸਾ ਦੇ ਹੀ ਜੇਮਜ਼ ਵੈੱਬ ਪੁਲਾੜੀ ਦੂਰਬੀਨ ਨੇ ਇੱਕ ਐਗਜ਼ੋ-ਪਲੈਨਟ (ਸਾਡੇ ਸੂਰਜ ਮੰਡਲ ਤੋਂ ਬਾਹਰ ਦਾ ਗ੍ਰਹਿ) ਦੇ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਦਾ ਸਭ ਤੋਂ ਪਹਿਲਾ ਕਸ਼ ਫੜਿਆ। ਇਹ ਗੈਸ ਦਾ ਇੱਕ ਵਿਸ਼ਾਲ ਗੁਬਾਰ ਡਬਲਿਊਏਐੱਸਪੀ-39ਬੀ ।
ਜੇਮਜ਼ ਵੈੱਬ ਪੁਲਾੜੀ ਦੂਰਬੀਨ ਨੇ ਅਸਲ ਵਿੱਚ ਸਾਹ ਵਾਂਗ ਕਾਰਬਨ ਡਾਈਆਕਸਾਈਡ ਨੂੰ ਨਹੀਂ ਸੁੰਘਿਆ ਸੀ। ਲੇਕਿਨ ਆਪਣੇ ਸੂਰਜ ਦੇ ਸਾਹਮਣਿਓਂ ਲੰਘਣ ਸਮੇਂ ਗ੍ਰਹਿ ਦੇ ਵਾਤਵਰਣ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਇਆ ਇਸਦਾ ਵਿਸ਼ਲੇਸ਼ ਕੀਤਾ ਸੀ। ਰੌਸ਼ਨੀ ਵਿੱਚ ਆਈ ਮਹੀਨ ਤਬਦੀਲੀ ਦਾ ਵਿਸ਼ਲੇਸ਼ਣ ਕਰਕੇ ਇਹ ਦੂਰਬੀਨ ਕਈ ਕਿਸਮ ਦੇ ਰਸਾਇਣਾਂ ਦੀ ਮੌਜੂਦਗੀ ਦਾ ਪਤਾ ਲਾ ਸਕਦੀ ਹੈ।
ਬਾਰਸਿਲੀਨਾ ਕਹਿੰਦੇ ਹਨ ਕਿ ਪੁਲਾੜ ਬਹੁਤ ਵਿਸ਼ਾਲ ਹੈ। ਇਹ ਸੰਸਾਰਾਂ ਅਤੇ ਸੁਗੰਧਾਂ ਨਾਲ ਭਰਭੂਰ ਹੈ। ਸ਼ਨਿੱਚਰ ਗ੍ਰਹਿ ਦੇ ਸਭ ਤੋਂ ਵੱਡੇ ਚੰਦ, ਟਾਈਟਨ ਦੇ ਵਾਤਾਵਰਣ ਦੇ ਰਸਾਇਣਿਕ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਇਹ ਬਦਾਮਾਂ ਦੀ ਮਹਿਕ, ਪੈਟਰੋਲ ਅਤੇ ਸੜਦੀ ਮੱਛੀ ਵਰਗੀ ਗੰਧ ਛੱਡਦਾ ਹੈ। ਜਦਕਿ ਹੋ ਸਕਦਾ ਹੈ ਸੜੇ ਹੋਏ ਆਂਡਿਆਂ ਦੀ "ਗੰਦੀ ਬਦਬੂ" ਕਾਰਨ ਤੁਹਾਡਾ ਐੱਚਡੀ 189733 ਬੀ ਉੱਤੇ ਜਾਣ ਨੂੰ ਚਿੱਤ ਹੀ ਨਾ ਕਰੇ। ਇਹ ਧਰਤੀ ਤੋਂ ਲਗਭਗ 64 ਪ੍ਰਕਾਸ਼ ਸਾਲ ਦੂਰ ਬੇਹੱਦ ਗਰਮ ਗੈਸ ਦਾ ਇੱਕ ਵਿਸ਼ਾਲ ਗੋਲਾ ਹੈ।
ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇੰਟਰ-ਸਟੈਲਰ ਗਰਦ ਦੇ ਬੱਦਲ, ਜੋ ਮਿਲਕੀ ਵੇ ਵਿੱਚ ਰਿੜਕੇ ਜਾਂਦੇ ਹਨ। ਬਾਰਸਿਲੀਨਾ ਮੁਤਾਬਕ ਉਨ੍ਹਾਂ ਵਿੱਚ "ਆਈਸਕ੍ਰੀਮ ਅਤੇ ਨੀ-ਬਕਲਿੰਗ ਅਮੋਨੀਆ" ਦੀ ਮਿਲੀ ਜੁਲੀ ਮਹਿਕ ਹੁੰਦੀ ਹੈ। ਇਸੇ ਦੌਰਾਨ ਸੈਜੀਟੇਰੀਅਸ ਬੀ2 ਜੋ ਕਿ ਸਾਡੀ ਅਕਾਸ਼ ਗੰਗਾ ਦੇ ਕੇਂਦਰ ਦੇ ਕੋਲ ਗੈਸ ਅਤੇ ਗਰਦ ਦਾ ਇੱਕ ਵਿਸ਼ਾਲ ਮੌਲੀਕਿਊਲਰ ਬੱਦਲ ਹੈ, ਵਿੱਚ ਤੁਹਾਨੂੰ "ਕੁਝ ਪ੍ਰੀ-ਬਾਇਓਟਿਕ ਮੌਲੀਕਿਊਲ ਮਿਲ ਸਕਦੇ ਹਨ, ਜੋ ਕਿ ਜ਼ਿੰਦਗੀ ਲਈ ਜ਼ਰੂਰੀ ਹਨ।" ਉਹ ਅੱਗੇ ਦੱਸਦੇ ਹਨ, "ਇੱਥੇ ਸਾਡੇ ਕੋਲ ਇਥੇਨੋਲ, ਮਿਥੇਨੋਲ, ਐਸੀਟੋਨ, ਹਾਈਡਰੋਜਨ ਸਲਫਾਈਡ ਅਤੇ ਇਥੇਲੀਨ ਗਲਾਈਕੋਲ ਵਰਗੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਚੀਜ਼ਾਂ ਨੂੰ ਜੰਮਣ ਤੋਂ ਰੋਕਣ ਲਈ ਕਰ ਸਕਦੇ ਹੋ।"
ਇਥਾਈਲ ਫਾਰਮੇਟ ਨੂੰ ਅਕਸਰ ਮਿਲਕੀ-ਵੇ ਦੇ ਕੇਂਦਰ ਨੂੰ ਰਸ-ਬੇਰੀਆਂ ਦੀ ਸੁੰਗਧ ਦੇਣ ਦਾ ਸਿਹਰਾ ਦਿੱਤਾ ਜਾਂਦਾ ਹੈ। ਲੇਕਿਨ ਬਾਰਸਿਨੀਲਾ ਮੁਤਾਬਕ ਇਹ ਪੂਰੀ ਤਰ੍ਹਾਂ ਸਟੀਕ ਨਹੀਂ ਹੈ। "ਇਹ ਬਹੁਤ ਸਾਰੇ ਮੌਲੀਕਿਊਲਾਂ ਵਿੱਚੋਂ ਇੱਕ ਮੌਲੀਕਿਊਲ ਹੈ, ਅਤੇ ਜੇ ਤੁਸੀਂ ਇੱਕਲੇ ਨੂੰ ਸੁੰਘੋਂ ਤਾਂ ਇਹ ਰਸ-ਬੇਰੀਆਂ ਵਰਗਾ ਨਹੀਂ ਹੈ"।
ਇਥਾਈਲ ਫਾਰਮੇਟ, ਉਹ ਸਮਝਾਉਂਦੇ ਹਨ ਕਿ ਕਈ ਫਲਾਂ ਵਿੱਚ ਪਾਇਆ ਜਾਂਦਾ ਹੈ। "ਇਹ ਰਸ-ਬੇਰੀਆਂ ਦੇ ਸੁਆਦ ਲਈ ਤਾਂ ਕੁਝ ਕੁ ਜ਼ਿੰਮੇਵਾਰ ਹੈ ਲੇਕਿਨ ਸੁਗੰਧ ਲਈ ਨਹੀਂ। ਲੇਕਿਨ ਉਹ ਕੁਝ ਹੋਰ ਫਲਾਂ ਦੇ ਸੁਆਦ ਲਈ ਵੀ ਜ਼ਿੰਮੇਵਾਰ ਹੈ। ਇਸ ਨੂੰ ਨੇਲ-ਵਾਰਨਿਸ਼, ਜਾਂ ਨੇਲ ਪਾਲਿਸ਼ ਹਟਾਉਣ ਵਾਲੇ ਨਾਲ ਜੋ ਕਿ ਇੱਕ ਕਿਸਮ ਦੀ ਸ਼ਰਾਬ ਲਗਭਗ ਰੰਮ ਵਰਗੀ ਮਹਿਕ ਦਿੰਦਾ ਹੈ, ਨਾਲ ਵੀ ਜੋੜਿਆ ਜਾਂਦਾ ਹੈ।"
ਜ਼ਿੰਦਗੀ ਦੀ ਮਹਿਕ
ਬਾਰਸਿਨੀਲਾ ਮੁਤਾਬਕ ਬ੍ਰਹਿਮੰਡ ਦੇ ਰਸਾਇਣਾਂ ਨੂੰ ਸੁੰਘ ਕੇ ਨਾ ਸਿਰਫ ਸਾਨੂੰ ਬ੍ਰਹਿਮੰਡ ਦੀ ਬਣਤਰ ਬਾਰੇ ਅਹਿਮ ਵੇਰਵੇ ਹਾਸਲ ਹੋ ਸਕਦੇ ਹਨ ਸਗੋਂ ਜ਼ਿੰਦਗੀ ਦੀ ਭਾਲ ਕਿੱਥੇ ਕੀਤੀ ਜਾਵੇ ਇਸ ਤੋਂ ਸਾਨੂੰ ਇਸ ਬਾਰੇ ਵੀ ਸੁਰਾਗ ਮਿਲ ਸਕਦੇ ਹਨ।
ਕਾਰਡਿਫ਼ ਯੂਨੀਵਰਸਿਟੀ ਵਿੱਚ ਪੁਲਾੜੀ-ਭੌਤਿਕ ਵਿਗਿਆਨੀ ਸੁਭਜੀਤ ਸਰਕਾਰ ਮੁਤਾਬਕ, "ਜੇ ਤੁਸੀਂ ਕਿਸੇ ਤਰ੍ਹਾਂ ਗ੍ਰਹਿ ਕੇ2-18ਬੀ ਉੱਤੇ ਕਿਸ਼ਤੀ ਚਲਾ ਸਕੋਂ ਜੇ ਉੱਥੇ ਕੋਈ ਮਹਾਂਸਾਗਰ ਹੋਵੇ ਅਤੇ ਤੁਸੀਂ ਆਪਣਾ ਪੁਲਾੜੀ ਸੂਟ ਲਾਹ ਸਕੋਂ ਤਾਂ ਇਸ ਵਿੱਚੋਂ ਸੜੀ ਹੋਈ ਪੱਤਾ ਗੋਭੀ ਵਰਗੀ ਮੁਸ਼ਕ ਆ ਸਕਦੀ ਹੈ।"
ਸਾਲ 2023 ਵਿੱਚ ਸਰਕਾਰ ਇੱਕ ਟੀਮ ਦੇ ਮੈਂਬਰ ਸਨ, ਜਿਸ ਨੇ ਜੇਮਜ਼ ਵੈਬ ਦੂਰਬੀਨ ਦੀ ਮਦਦ ਨਾਲ ਧਰਤੀ ਤੋਂ ਕੋਈ 120 ਪ੍ਰਕਾਸ਼ ਸਾਲ ਦੂਰ ਇੱਕ ਐਗਜ਼ੋ-ਪਲੈਨਿਟ ਕੇ2-18ਬੀ ਉੱਤੇ ਕੁਝ ਅਜਿਹਾ ਫੜਿਆ ਜਿਸ ਨੂੰ ਜ਼ਿੰਦਗੀ ਦੀ ਮਹਿਕ ਕਿਹਾ ਜਾ ਸਕਦਾ ਹੈ। ਦੂਰਬੀਨ ਨੂੰ ਡੀਮਿਥਾਇਲ ਸਲਫਾਈਡ (ਡੀਐੱਮਐੱਸ) ਦਾ ਬਿਲਕੁਲ ਥੋੜ੍ਹਾ ਜਿਹਾ ਸੰਕੇਤ ਮਿਲਿਆ। ਜਿਸ ਨੂੰ ਕਦੇ-ਕਦੇ ਸਮੁੰਦਰ ਦੀ ਮਹਿਕ ਦਾ ਮੁੱਖ ਤੱਤ ਕਿਹਾ ਜਾਂਦਾ ਹੈ।
ਸਰਕਾਰ ਦਾ ਕਹਿਣਾ ਹੈ, "ਕੇ2-18ਬੀ ਕਈ ਕਾਰਨਾਂ ਕਰਕੇ ਦਿਲਚਸਪ ਹੈ। ਇਹ ਐਗਜ਼ੋ-ਪਲੈਨਿਟਾਂ ਦੇ ਇੱਕ ਵੱਡੇ ਸਮੂਹ ਦਾ ਹਿੱਸਾ ਹੈ ਜਿਨ੍ਹਾਂ ਨੂੰ ਉਪ-ਨੈਪਚੂਨ ਕਿਹਾ ਜਾਂਦਾ ਹੈ" – ਧਰਤੀ ਨਾਲੋਂ ਵੱਡੇ ਪਰ ਨੈਪਚੂਨ ਤੋਂ ਛੋਟੇ, ਉਪ-ਨੈਪਚੂਨ ਅਕਾਸ਼ ਗੰਗਾ ਵਿੱਚ ਸਭ ਤੋਂ ਆਮ ਕਿਸਮ ਦੇ ਗ੍ਰਹਿ ਹਨ। ਆਪਣੀ ਬਹੁਲਤਾ ਦੇ ਬਾਵਜੂਦ, ਇਨ੍ਹਾਂ ਬਾਰੇ ਕਾਫ਼ੀ ਕੁਝ ਅਜੇ ਰਹੱਸ ਹੀ ਹੈ।
ਸਰਕਾਰ ਮੁਤਾਬਕ, "ਉਪ-ਨੈਪਚੂਨਾਂ ਬਾਰੇ ਵੱਡੇ ਸਵਾਲ ਹਨ। ਉਹ ਸਾਡੇ ਸੂਰਜ ਮੰਡਲ ਵਿੱਚ ਕਿਉਂ ਨਹੀਂ ਹੁੰਦੇ? ਉਹ ਕਿਸਦੇ ਬਣੇ ਹੋਏ ਹਨ?" ਸਰਕਾਰ ਮੁਤਾਬਕ ਉਨ੍ਹਾਂ ਨੂੰ ਸਮਝਣ ਦਾ ਇੱਕ ਢੰਗ ਉਨ੍ਹਾਂ ਦੇ ਵਾਤਾਵਰਣ ਰਾਹੀਂ ਹੈ। "ਇਸ ਲਈ ਕੇ2-18ਬੀ ਨੂੰ ਚੰਗਾ ਨਿਸ਼ਾਨਾ ਮੰਨਿਆ ਗਿਆ।"
ਕੇ2-18ਬੀ ਸਿਧਾਂਤਿਕ ਤੌਰ ਉੱਤੇ ਇੱਕ "ਹਾਈਸਿਨ" ਸੰਸਾਰ ਹੈ- ਮਹਾਂ ਸਾਗਰ ਨਾਲ ਕੱਜਿਆ ਐਗਜ਼ੋ-ਪਲੈਨਿਟ। ਸਾਲ 2015 ਵਿੱਚ ਸਰਕਾਰ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਕੇ2-18ਬੀ ਦੇ ਵਾਤਾਵਰਣ ਦਾ ਮੁੜ ਵਿਸ਼ਲੇਸ਼ਣ ਕੀਤਾ ਉਨ੍ਹਾਂ ਨੂੰ ਵਾਤਾਵਰਣ ਦੇ ਰਸਾਇਣਾਂ ਵਿੱਚ ਇੱਕ ਹੋਰ ਤਿੱਖੀ ਗੰਧ ਮਿਲੀ। ਜਿਸ ਬਾਰੇ ਜਿਥੋਂ ਤੱਕ ਅਸੀਂ ਜਾਣਦੇ ਹਾਂ ਜ਼ਿੰਦਗੀ ਤੋਂ ਪੈਦਾ ਹੁੰਦੀ ਹੈ,ਖ਼ਾਸ ਕਰਕੇ ਫੋਟੋ-ਪਲੈਂਕਟਨ ਅਤੇ ਹੋਰ ਜਲੀ ਜੀਵਾਂ ਦੁਆਰਾ।
ਖੋਜਕਾਰਾਂ ਮੁਤਾਬਕ ਕੇ2-18ਬੀ ਦੇ ਵਾਤਾਵਰਣ ਵਿੱਚ ਡੀਐੱਮਐੱਸ ਅਤੇ/ਜਾਂ ਡਿਮਿਥਾਈਲ ਡਾਈਸਲਫਾਈਡ ਹੋ ਸਕਦੇ ਹਨ। ਸਰਕਾਰ ਮੁਤਾਬਕ,"ਇਸ ਸਮੇਂ ਸਾਨੂੰ ਅਜਿਹੀਆਂ ਗੈਰ-ਜੀਵ-ਵਿਗਿਆਨਕ ਪ੍ਰਕਿਰਿਆਵਾਂ ਦੀ ਜਾਣਕਾਰੀ ਨਹੀਂ ਹੈ ਜੋ ਇਨ੍ਹਾਂ (ਰਸਾਇਣਾਂ) ਨੂੰ ਵੱਡੀ ਮਾਤਰਾ ਪੈਦਾ ਕਰ ਸਕਣ। ਧਰਤੀ ਉੱਤੇ ਤਾਂ ਇਹ ਬਹੁਤ ਸਾਫ਼ ਹੈ ਕਿ ਡੀਐੱਮਐੱਸ ਅਤੇ ਡੀਐੱਮਡੀਐੱਸ ਜੀਵਾਂ ਦੁਆਰਾ ਹੀ ਪੈਦਾ ਕੀਤੇ ਜਾਂਦੇ ਹਨ। ਇਸ ਨਜ਼ਰੀਏ ਤੋਂ ਵਿਸ਼ੇਸ਼ ਜੈਵ-ਦਸਤਖ਼ਤ ਮੌਜੂਦ ਹਨ।"
ਸਰਕਾਰ ਦਾ ਕਹਿਣਾ ਹੈ, ਧਰਤੀ ਦੇ ਵਾਤਾਵਰਣ ਤੋਂ 10,000 ਗੁਣਾਂ ਜ਼ਿਆਦਾ ਮਾਤਰਾ ਵਿੱਚ ਮਿਲਣ ਤੋਂ ਨਤੀਜੇ ਦਰਸਾਉਂਦੇ ਹਨ ਕਿ ਕੇ2-18ਬੀ ਉੱਤੇ "ਜੀਵਨ ਨਾਲ ਭਰਪੂਰ" ਕੋਈ ਮਹਾਂਸਾਗਰ ਹੋ ਸਕਦਾ ਹੈ। ਪਰ ਉਹ ਸਾਵਧਾਨ ਵੀ ਕਰਦੇ ਹਨ ਕਿ ਰਸਾਇਣ ਗੈਰ-ਜੀਵੰਤ ਸਰੋਤਾਂ ਤੋਂ ਪੈਦਾ ਹੋ ਰਹੇ ਹੋਣ। ਅਤੇ ਹੋਰ ਜਾਂਚ-ਪੜਤਾਲ ਦੀ ਲੋੜ ਹੈ। ਹਾਲਾਂਕਿ ਉਹ ਅੱਗੇ ਕਹਿੰਦੇ ਹਨ ਕਿ ਜੇ ਕੇ2-18ਬੀ ਉੱਤੇ ਇੱਕ ਰਹਿਣਯੋਗ ਮਹਾਂ-ਸਾਗਰੀ ਸੰਸਾਰ ਹੈ, "ਤਾਂ ਇਹ ਤਸਵੀਰ ਵਿੱਚ ਫਿੱਟ ਬੈਠਦਾ ਹੈ ਕਿਉਂਕਿ ਫਿਰ ਤੁਹਾਡੇ ਕੋਲ ਸਮੁੰਦਰੀ ਜੀਵਨ ਹੈ ਜੋ ਇਹ ਮੌਲੀਕਿਊਲ ਪੈਦਾ ਕਰਦਾ ਹੈ, ਜੋ ਕਿ ਧਰਤੀ ਉੱਤੇ ਸਮੁੰਦਰੀ ਜੀਵਨ ਨਾਲ ਸੰਬੰਧਿਤ ਹੈ।"
ਇਸ ਲਈ ਬ੍ਰਹਿਮੰਡ ਦੀ ਮਹਿਕ ਬਾਰੇ ਜਾਨਣ ਲਈ ਉੱਥੇ ਜਾਣਾ ਜ਼ਰੂਰੀ ਨਹੀਂ ਹੈ। ਬਹੁਤ ਸਾਰੀਆਂ ਸੁਗੰਧਾਂ ਤੋਂ ਅਸੀਂ ਜਾਣੂ ਹਾਂ ਅਤੇ ਧਰਤੀ ਉੱਤੇ ਹੀ ਮਿਲ ਜਾਂਦੀਆਂ ਹਨ। ਕੁਝ ਲੋਕਾਂ ਨੇ ਪੁਲਾੜ ਦੀ ਖੁਸ਼ਬੂ ਦੀ ਪੁਨਰ-ਸਿਰਜਣਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਜਿਨ੍ਹਾਂ ਵਿੱਚ ਬਾਰਸਿਨੀਲਾ ਵੀ ਸ਼ਾਮਲ ਹਨ।
ਜਦੋਂ ਮੈਂ ਆਪਣੀ ਨੱਕ ਕੁਦਰਤੀ ਇਤਿਹਾਸ ਅਜਾਇਬ-ਘਰ ਵਿੱਚ ਪ੍ਰਦਰਸ਼ਨੀ ਦੌਰਾਨ ਮਾਰਸ ਦੀ ਖੁਸ਼ਬੂ ਵਾਲੇ ਬਰਤਨ ਵਿੱਚ ਪਾਈ ਮੈਨੂੰ ਜੰਗਾਲ, ਗਰਦ ਅਤੇ ਸਿੱਲ੍ਹ ਵਰਗੀ ਮਹਿਕ ਆਈ। ਮਹਿਕ ਕੁਝ ਯਾਦ ਕਰਵਾਉਂਦੀ ਹੈ। ਕਿਸੇ ਗੈਰਜ ਦਾ ਪਿਛਲਾ ਖੂੰਜਾ, ਜਿੱਥੇ ਪੁਰਾਣੀਆਂ ਕਿਤਾਬਾਂ ਨਾਲ ਭਰੇ ਦੇ ਗੱਤੇ ਦੇ ਪੁਰਾਣੇ ਡੱਬਿਆਂ ਦਾ ਢੇਰ ਹੋਵੇ, ਅਤੇ ਕੁਝ ਪੀੜ੍ਹੀਆਂ ਪੁਰਾਣੇ ਲੱਕੜ ਦੇ ਫਰਨੀਚਰ ਦੀ ਮਹਿਕ। ਇੱਕ ਘਰੇਲੂ, ਬਚਪਨ ਵਾਲੀ ਮਹਿਕ।
ਪਰ ਸ਼ਾਇਦ ਖੁਸ਼ਬੂਆਂ ਦਾ ਸਭ ਤੋਂ ਮਹਾਨ ਖਜ਼ਾਨਾ ਤਾਂ ਬਹੁਤ ਦੂਰ ਪੁਲਾੜ ਵਿੱਚ ਪਿਆ ਹੈ, ਜੋ ਅਜੇ ਮਿਲਿਆ ਨਹੀਂ। ਸ਼ਰਮਨ ਕਹਿੰਦੇ ਹਨ, ਸਾਡੇ ਆਪਣੇ ਗ੍ਰਹਿ ਦੀ ਮਹਿਕ ਵਰਗਾ ਕੁਝ ਵੀ ਨਹੀਂ ਹੈ। ਉਹ ਦੱਸਦੇ ਹਨ ਉਹ ਪਲ ਜਦੋਂ 1991 ਵਿੱਚ ਘਰ ਵਾਪਸ ਆਏ, ਅਜੇ ਵੀ ਉਨ੍ਹਾਂ ਦੇ ਮਨ ਵਿੱਚ ਤਾਜ਼ਾ ਹੈ। "ਇਹ ਮਈ ਦਾ ਅਖੀਰ ਸੀ ਇਸ ਲਈ ਜਿਸ ਦਿਨ ਅਸੀਂ ਧਰਤੀ ਉੱਤੇ ਵਾਪਸ ਪਰਤੇ ਕੇਂਦਰੀ ਏਸ਼ੀਆ ਵਿੱਚ ਵੀ ਜ਼ਮੀਨ ਪੂਰੀ ਤਰ੍ਹਾਂ ਸੁੱਕੀ ਨਹੀਂ ਸੀ।"
ਉਤਰਦਿਆਂ ਹੀ ਪੁਲਾੜੀ- ਜਹਾਜ਼ ਕੁਝ ਉਛਲਿਆ, ਇਸ ਨੇ ਆਪਣੇ ਥੱਲੇ ਕੁਝ ਬੂਟਿਆਂ ਨੂੰ ਕੁਚਲਿਆ। ਸ਼ਰਮਨ ਯਾਦ ਕਰਕੇ ਦੱਸਦੇ ਹਨ, "ਅਸੀਂ ਵਾਰਮਵੁੱਡ ਦੀ ਜੰਗਲੀ ਬੂਟੀ ਉੱਤੇ ਕਜ਼ਾਕਿਸਤਾਨ ਵਿੱਚ ਉੱਤਰੇ ਸੀ। ਜਦੋਂ ਅਸੀਂ ਗੇਟ ਖੋਲ੍ਹਿਆ ਤਾਂ ਤਾਜ਼ੀ ਹਵਾ ਦਾ ਬੁੱਲ੍ਹਾ ਕਿਆ ਖੂਬ ਸੀ। ਇਸ ਦੀ ਖੁਸ਼ਬੂ ਬਹੁਤ ਸੋਹਣੀ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ