You’re viewing a text-only version of this website that uses less data. View the main version of the website including all images and videos.
ਤੁਹਾਨੂੰ ਪ੍ਰਤੀ ਦਿਨ ਕਿੰਨਾ ਭੋਜਨ ਖਾਣਾ ਚਾਹੀਦਾ ਹੈ? ਪੋਸ਼ਣ ਮਾਹਰ ਕੀ ਸਲਾਹ ਦਿੰਦੇ ਹਨ?
ਜਦੋਂ ਅਸੀਂ ਪਲੇਟਾਂ ਵਿੱਚ ਪਰੋਸੇ ਜਾਣ ਵਾਲੇ ਭੋਜਨ ਦੀ ਮਾਤਰਾ ਨੂੰ ਦੇਖਦੇ ਹਾਂ, ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਔਸਤ ਭੋਜਨ ਦਾ ਆਕਾਰ ਵੱਧ ਗਿਆ ਹੈ।
ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਮੋਟਾ-ਮੋਟਾ ਜਿਹਾ ਅੰਦਾਜ਼ਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਭੋਜਨ ਖਾਣਾ ਚਾਹੀਦਾ ਹੈ, ਪਰ ਕਈ ਕਾਰਕ ਇਸ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪਰੋਸਿਆ ਜਾਣ ਵਾਲਾ ਭੋਜਨ ਵੀ ਸ਼ਾਮਲ ਹੈ।
ਜਦੋਂ ਭੋਜਨ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਲੋਕਾਂ ਵਿੱਚ ਜ਼ਿਆਦਾ ਖਾਣ ਦੀ ਸਹਿਜ-ਪ੍ਰਵਿਰਤੀ ਨੂੰ ਵਿਗਿਆਨਕ ਤੌਰ 'ਤੇ 'ਪੋਰਸ਼ਨ ਸਾਈਜ਼ ਇਫ਼ੈਕਟ' ਮਤਲਬ 'ਭੋਜਨ ਦੇ ਆਕਾਰ ਦੇ ਪ੍ਰਭਾਵ' ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਪਿਛਲੇ ਕੁਝ ਸਾਲਾਂ ਵਿੱਚ ਇਸ ਉੱਤੇ ਕੇਂਦਰਿਤ ਕਈ ਅਧਿਐਨ ਕੀਤੇ ਗਏ ਹਨ।
ਖਾਣ-ਪੀਣ ਦੀਆਂ ਆਦਤਾਂ ਦੇ ਖ਼ਤਰੇ
ਲੀਡਜ਼ ਯੂਨੀਵਰਸਿਟੀ ਵਿੱਚ ਭੁੱਖ ਅਤੇ ਊਰਜਾ ਸੰਤੁਲਨ ਦੇ ਪ੍ਰੋਫੈਸਰ ਜੇਮਜ਼ ਸਟੱਬਸ ਦੱਸਦੇ ਹਨ, "ਜਦੋਂ ਲੋਕ ਆਪਣੀ ਲੋੜ ਤੋਂ ਵੱਧ ਭੋਜਨ ਖਾਂਦੇ ਹਨ, ਤਾਂ ਉਹਨਾਂ ਅੰਦਰ ਖਾਣ-ਪੀਣ ਦੀਆਂ ਗੈਰ-ਸਿਹਤਮੰਦ ਆਦਤਾਂ ਵਿਕਸਤ ਹੋਣ ਦਾ ਖ਼ਤਰਾ ਹੁੰਦਾ ਹੈ। ਖਾਸ ਤੌਰ 'ਤੇ, ਜ਼ਿਆਦਾ ਮਾਤਰਾ ਵਿੱਚ ਗੈਰ-ਸਿਹਤਮੰਦ ਭੋਜਨ ਖਾਣ ਦੇ ਹੋਰ ਵੀ ਮਾੜੇ ਨਤੀਜੇ ਹੋ ਸਕਦੇ ਹਨ।"
ਹਾਲਾਂਕਿ "ਭੋਜਨ ਦੇ ਆਕਾਰ ਦੇ ਪ੍ਰਭਾਵ" ਜਿਸ ਵਿੱਚ ਲੋਕ ਆਪਣੀ ਲੋੜ ਤੋਂ ਵੱਧ ਖਾਂਦੇ ਹਨ, ਦੇ ਕਾਰਨ ਕੀ ਹਨ, ਅਜੇ ਪੂਰੀ ਤਰ੍ਹਾਂ ਸਮਝੇ ਨਹੀਂ ਗਏ ਹਨ। ਪਰ ਕੁਝ ਕਾਰਨਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ। ਜਿਵੇਂ
- ਭੋਜਨ ਦੀ ਮਾਰਕੀਟਿੰਗ ਲਈ ਇਸ਼ਤਿਹਾਰ
- ਪੈਕਟਾਂ ਵਿੱਚ ਬੰਦ ਭੋਜਨਾਂ 'ਤੇ ਨਿਰਭਰਤਾ
- ਰੈਸਟੋਰੈਂਟ, ਜੋ ਆਫ਼ਰ ਉੱਤੇ ਜ਼ਿਆਦਾ ਭੋਜਨ ਦਿੰਦੇ ਹਨ
- ਵਧਾ ਚੜਾ ਕੇ ਲਿਖੀਆਂ ਪਕਵਾਨ ਬਣਾਉਣ ਦੀਆਂ ਵਿਧੀਆਂ
- ਵੱਡੀਆਂ ਪਲੇਟਾਂ ਦੀ ਵਰਤੋਂ
ਉਕਤ ਸਾਰੇ ਹਾਲਾਤ ਅਜਿਹੀਆਂ ਸਥਿਤੀਆਂ ਪੈਦਾ ਕਰਦੇ ਹਨ ਜਿੱਥੇ ਅਸੀਂ ਜ਼ਿਆਦਾ ਖਾਂਦੇ ਹਾਂ।
ਇੱਕ ਡਾਇਟੀਸ਼ੀਅਨ ਅਤੇ ਬ੍ਰਿਟਿਸ਼ ਡਾਇਟੇਟਿਕ ਐਸੋਸੀਏਸ਼ਨ (ਬੀਡੀਏ) ਦੇ ਬੁਲਾਰੇ ਕਲੇਅਰ ਥੋਰਨਟਨ-ਵੁੱਡ ਕਹਿੰਦੇ ਹਨ, "1970 ਦੇ ਦਹਾਕੇ ਵਿੱਚ, ਔਸਤਨ ਰਾਤ ਦੇ ਖਾਣੇ ਦੀ ਪਲੇਟ 22 ਸੈਂਟੀਮੀਟਰ ਦੀ ਹੁੰਦੀ ਸੀ। ਹੁਣ ਇਹ 28 ਸੈਂਟੀਮੀਟਰ ਹੈ। ਇਸ ਲਈ ਲਾਜ਼ਮੀ ਤੌਰ 'ਤੇ ਸਾਡੇ ਦੁਆਰਾ ਖਾਧੇ ਜਾਣ ਵਾਲੇ ਹਿੱਸੇ ਦੇ ਆਕਾਰ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਰੈਸਟੋਰੈਂਟ ਹਮੇਸ਼ਾ ਲੋੜ ਤੋਂ ਵੱਧ ਭੋਜਨ ਪਰੋਸਦੇ ਹਨ। ਇਸ ਨਾਲ ਲੋਕਾਂ ਵਿੱਚ ਭਰਮ ਪੈਦਾ ਹੁੰਦਾ ਹੈ ਕਿ ਕੀ ਉਨ੍ਹਾਂ ਨੂੰ ਘਰ ਵਿੱਚ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।"
ਸਾਨੂੰ 'ਆਮ ਤੌਰ 'ਤੇ ਕਿੰਨਾ ਭੋਜਨ ਖਾਣਾ ਚਾਹੀਦਾ ਹੈ?
ਸਾਨੂੰ 'ਆਮ ਤੌਰ 'ਤੇ' ਕਿੰਨੀ ਮਾਤਰਾ ਵਿੱਚ ਭੋਜਨ ਖਾਣਾ ਚਾਹੀਦਾ ਹੈ, ਇਸਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
ਪਰ ਭੋਜਨ ਦੇ ਹਿੱਸੇ ਦਾ ਆਕਾਰ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ। ਜਿਵੇਂ,
- ਉਮਰ
- ਲਿੰਗ
- ਉਚਾਈ ਅਤੇ ਭਾਰ
- ਕੋਈ ਗਤੀਵਿਧੀ ਕਰਨ ਦਾ ਪੱਧਰ
ਥੋਰਨਟਨ-ਵੁੱਡ ਦੱਸਦੇ ਹਨ, "ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇੱਕ ਦਿਨ ਵਿੱਚ ਕੀ ਖਾਂਦੇ ਹੋ ਅਤੇ ਕਿੰਨੀ ਵਾਰ ਖਾਂਦੇ ਹੋ।"
ਉਹ ਕਹਿੰਦੇ ਹਨ, "ਹਾਲਾਂਕਿ, ਸਾਨੂੰ ਕਿੰਨਾ ਭੋਜਨ ਖਾਣਾ ਚਾਹੀਦਾ ਹੈ ਇਹ ਸਮਝਣ ਦਾ ਇੱਕ ਸੌਖਾ ਤਰੀਕਾ ਹੈ, ਆਪਣੇ ਹੱਥਾਂ ਦੀ ਵਰਤੋਂ ਕਰਨਾ।"
- ਮਾਸ - ਤੁਹਾਡੀ ਹਥੇਲੀ ਦੇ ਆਕਾਰ ਦੇ ਬਰਾਬਰ
- ਚਿਕਨ/ਮੱਛੀ - ਤੁਹਾਡੇ ਹੱਥ ਦੇ ਆਕਾਰ ਦੇ ਬਰਾਬਰ
- ਸਬਜ਼ੀਆਂ - ਇੱਕ ਮੁੱਠੀ
- ਕਾਰਬੋਹਾਈਡਰੇਟ (ਆਲੂ, ਚੌਲ, ਪਾਸਤਾ, ਆਦਿ) - ਇੱਕ ਮੁੱਠੀ
- ਫਲ - ਇੱਕ ਮੁੱਠੀ
ਬੀਡੀਏ (ਬ੍ਰਿਟਿਸ਼ ਡਾਇਟੈਟਿਕ ਐਸੋਸੀਏਸ਼ਨ) ਨੇ ਇੱਕ ਵਿਸਤ੍ਰਿਤ ਪ੍ਰੋਟੋਕੋਲ ਵੀ ਬਣਾਇਆ ਹੈ, ਜਿਸ ਵਿੱਚ ਮੁੱਖ ਭੋਜਨ ਸਮੂਹਾਂ ਦੀ ਵੰਡ ਅਤੇ ਹਰੇਕ ਭੋਜਨ ਨੂੰ ਪਰੋਸਣ ਦੀ ਮਾਤਰਾ ਦੀ ਵਿਆਖਿਆ ਕੀਤੀ ਗਈ ਹੈ।
ਸਟੱਬਸ ਦੱਸਦੇ ਹਨ, "ਸਿਹਤਮੰਦ ਬਾਲਗਾਂ ਲਈ ਸਿਫ਼ਾਰਸ਼ ਕੀਤੀ ਭੋਜਨ ਮਾਤਰਾ, ਆਮ ਤੌਰ 'ਤੇ ਔਰਤਾਂ ਲਈ 2,000 ਕਿਲੋ ਕੈਲੋਰੀ ਪ੍ਰਤੀ ਦਿਨ ਅਤੇ ਮਰਦਾਂ ਲਈ 2,500 ਕਿਲੋ ਕੈਲੋਰੀ ਪ੍ਰਤੀ ਦਿਨ, ਦੀ ਰੋਜ਼ਾਨਾ ਕੈਲੋਰੀ ਦੀ ਲੋੜ 'ਤੇ ਅਧਾਰਤ ਹੁੰਦੀ ਹੈ।"
ਸਟੱਬਸ ਕਹਿੰਦੇ ਹਨ, "ਲੋਕ ਇੱਕ ਦੂਜੇ ਤੋਂ ਬਹੁਤ ਵੱਖਰੇ ਹੁੰਦੇ ਹਨ, ਇਸ ਲਈ ਔਸਤ ਮੁੱਲ ਕਈ ਵਾਰ ਗੁਮਰਾਹਕੁੰਨ ਹੋ ਸਕਦੇ ਹਨ ਕਿਉਂਕਿ ਹਰ ਕਿਸੇ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ। ਹਾਲਾਂਕਿ, ਇਹ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਲੋਕ ਲੋੜ ਤੋਂ ਵੱਧ ਭੋਜਨ ਖਾਂਦੇ ਹਨ ਤਾਂ ਇਸ ਨਾਲ ਊਰਜਾ ਦੀ ਖਪਤ, ਇੱਕ ਵਿਅਕਤੀ ਦੀ ਊਰਜਾ ਦੀ ਲੋੜ ਤੋਂ ਵੱਧ ਹੋ ਜਾਵੇਗੀ।"
ਸਹੀ ਮਾਤਰਾ ਵਿੱਚ ਭੋਜਨ ਖਾਣ ਦੇ ਸੌਖੇ ਤਰੀਕੇ
ਥੋਰਨਟਨ-ਵੁੱਡ ਦਾ ਕਹਿਣਾ ਹੈ, "ਬਹੁਤ ਸਾਰੇ ਲੋਕ ਇਹ ਨਹੀਂ ਸਮਝਦੇ ਕਿ ਹਰ ਇੱਕ ਨੂੰ ਇੱਕੋ ਜਿਹੇ ਭੋਜਨ ਦੀ ਲੋੜ ਨਹੀਂ ਹੁੰਦੀ।"
ਉਦਾਹਰਣ ਵਜੋਂ ਜੇਕਰ ਤੁਸੀਂ ਕਿਸੇ ਇੱਕ ਪਰਿਵਾਰ ਲਈ ਖਾਣਾ ਪਰੋਸ ਰਹੇ ਹੋ ਤਾਂ ਹਰੇਕ ਵਿਅਕਤੀ ਲਈ ਲੋੜੀਂਦੇ ਭੋਜਨ ਦੀ ਮਾਤਰਾ ਲੋੜ ਅਨੁਸਾਰ ਵਿਅਕਤੀਗਤ ਤੌਰ 'ਤੇ ਵੱਖ-ਵੱਖ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ।
ਮਾਪਣ ਵਾਲੇ ਚਮਚਿਆਂ ਦੀ ਵਰਤੋਂ ਕਰੋ
ਥੋਰਨਟਨ-ਵੁੱਡ ਕਹਿੰਦੇ ਹਨ, "ਚੌਲ ਅਤੇ ਪਾਸਤਾ ਵਰਗੇ ਕਾਰਬੋਹਾਈਡਰੇਟ ਅਕਸਰ ਵੱਡੇ ਹਿੱਸਿਆਂ ਵਿੱਚ ਪਰੋਸੇ ਜਾਂਦੇ ਹਨ। ਕਿਉਂਕਿ ਅਜਿਹੇ ਭੋਜਨ ਨੂੰ ਤੋਲਣ ਵਿੱਚ ਸਮਾਂ ਲੱਗ ਸਕਦਾ ਹੈ।"
"ਇੱਕ ਹੱਲ ਇਹ ਹੋ ਸਕਦਾ ਹੈ ਕਿ ਇੱਕ ਸਕੂਪ (ਕੜਛੀ) ਲੈਣ ਦੀ ਕੋਸ਼ਿਸ਼ ਕਰੋ, ਜੋ ਸਟੋਰਾਂ ਵਿੱਚ ਆਸਾਨੀ ਨਾਲ ਉਪਲਬਧ ਹੁੰਦਾ ਹੈ ਜਾਂ ਖਾਦ ਪਦਾਰਥ ਦੀ ਬਰਬਾਦੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਸੰਗਠਨਾਂ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ। ਜਾਂ, ਤੁਸੀਂ ਪਲਾਸਟਿਕ ਦੇ ਕੱਪ ਨਾਲ ਆਪਣਾ ਖੁਦ ਦਾ ਸਕੂਪ ਵੀ ਬਣਾ ਸਕਦੇ ਹੋ।"
"ਚਮਚੇ ਨਾਲ ਤੇਲ ਨੂੰ ਮਾਪਣਾ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਅਕਸਰ ਇਸਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ।"
ਸੰਤੁਲਨ ਸਹੀ ਰੱਖਣਾ
ਚੰਗਾ ਖਾਣਾ ਖਾਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਪਲੇਟ ਵਿੱਚ ਕਿੰਨਾ ਖਾਣਾ ਖਾਂਦੇ ਹੋ। ਤੁਸੀਂ ਜੋ ਖਾਣਾ ਖਾਂਦੇ ਹੋ ਉਸਦਾ ਇੱਕ ਗੱਲ ਉੱਤੇ ਬਹੁਤ ਅਸਰ ਪੈਂਦਾ ਹੈ ਕਿ ਤੁਸੀਂ ਖਾਣਾ ਖਾਣ ਤੋਂ ਬਾਅਦ ਸੰਤੁਸ਼ਟ ਮਹਿਸੂਸ ਕਰਦੇ ਹੋ ਜਾਂ ਨਹੀਂ।
ਥੋਰਨਟਨ-ਵੁੱਡ ਕਹਿੰਦੇ ਹਨ, "ਪ੍ਰੋਟੀਨ ਜਾਂ ਫਾਈਬਰ ਨਾਲ ਭਰਪੂਰ ਭੋਜਨ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਵਾਉਂਦੇ ਰਹਿਣਗੇ।"
"ਇਸ ਤੋਂ ਇਲਾਵਾ, ਤੁਸੀਂ ਉਹ ਭੋਜਨ ਖਾ ਸਕਦੇ ਹੋ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ। ਇਸਦੀ ਇੱਕ ਚੰਗੀ ਉਦਾਹਰਣ ਦਾਲਾਂ ਅਤੇ ਸਬਜ਼ੀਆਂ ਵਾਲਾ ਸੂਪ ਹੈ। ਇਸ ਤੋਂ ਤੁਹਾਨੂੰ ਪ੍ਰੋਟੀਨ, ਫਾਈਬਰ ਅਤੇ ਪਾਣੀ ਮਿਲੇਗਾ।"
ਥੋਰਨਟਨ-ਵੁੱਡ ਕਹਿੰਦੇ ਹਨ, "ਚਰਬੀ ਇੱਕ ਊਰਜਾ ਭਰਪੂਰ ਭੋਜਨ ਹੈ। ਕਿਉਂਕਿ ਇਸ ਵਿੱਚ ਸਾਰੇ ਮੈਕਰੋਨਿਊਟ੍ਰੀਐਂਟਸ (ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ) ਦੀ ਤੁਲਨਾ ਵਿੱਚ ਸਭ ਤੋਂ ਵੱਧ ਕੈਲੋਰੀ ਹੁੰਦੀ ਹੈ, ਇਸ ਲਈ ਇਹ ਸੰਤੁਸ਼ਟੀ ਨੂੰ ਵਧਾ ਸਕਦੀ ਹੈ ਅਤੇ ਭੁੱਖ ਨੂੰ ਘਟਾ ਸਕਦੀ ਹੈ। ਆਪਣੀ ਖੁਰਾਕ ਵਿੱਚ ਜੈਤੂਨ ਦਾ ਤੇਲ, ਰੇਪਸੀਡ ਤੇਲ, ਐਵਾਕਾਡੋ, ਤੇਲਯੁਕਤ ਮੱਛੀ (ਸੈਲਮਨ, ਟਰਾਊਟ, ਸਾਰਡੀਨ), ਗਿਰੀਆਂ ਅਤੇ ਬੀਜ ਵਰਗੇ ਵਿੱਚ ਥੋੜ੍ਹੀ ਜਿਹੀ ਚਰਬੀ ਨੂੰ ਸ਼ਾਮਲ ਕਰਨਾ ਵੀ ਮਦਦਗਾਰ ਹੋ ਸਕਦਾ ਹੈ।"
ਸਟੱਬਸ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨਾਂ (ਪੈਕਟਾਂ ਵਾਲਾ ਭੋਜਨ) ਤੋਂ ਬਚਣਾ ਵੀ ਮਹੱਤਵਪੂਰਨ ਹੈ।
ਉਹ ਕਹਿੰਦੇ ਹਨ, "ਕੁਝ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਵਿੱਚ ਪੌਸ਼ਟਿਕ ਤੱਤ ਘੱਟ ਹੁੰਦੇ ਹਨ ਪਰ ਉਹਨਾਂ ਵਿੱਚ ਊਰਜਾ ਬਹੁਤ ਹੁੰਦੀ ਹੈ। ਇਸਦਾ ਮਤਲਬ ਹੈ ਕਿ ਉਹਨਾਂ ਵਿੱਚ ਚਰਬੀ, ਖੰਡ ਅਤੇ ਨਮਕ ਅਤੇ ਐਡਿਟਿਵ ਜ਼ਿਆਦਾ ਹੋ ਸਕਦੇ ਹਨ। ਇਹਨਾਂ ਵਿੱਚੋਂ ਕੁਝ ਤੁਹਾਨੂੰ ਵਧੇਰੇ ਕੈਲੋਰੀ ਖਾਣ ਲਈ ਮਜਬੂਰ ਕਰ ਸਕਦੇ ਹਨ, ਜਿਸ ਨਾਲ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਹੋਰ ਖਾਣ ਦੀ ਲੋੜ ਹੈ।"
ਹਾਲਾਂਕਿ, ਸਟੱਬਸ ਨੇ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਆਪਣੇ ਪਸੰਦੀਦਾ 'ਭੋਜਨਾਂ' ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।
"ਭੋਜਨ ਖੁਸ਼ੀ, ਆਰਾਮ ਅਤੇ ਇਨਾਮ ਦਾ ਸਰੋਤ ਹੈ। ਇਸ ਲਈ ਸਾਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਇਨਕਾਰ ਕਰਨ ਦੀ ਲੋੜ ਨਹੀਂ ਹੈ।"
ਉਹ ਦੱਸਦੇ ਹਨ, "ਪਰ ਜੇ ਤੁਸੀਂ 80% ਸਿਹਤਮੰਦ, ਘੱਟ-ਕੈਲੋਰੀ ਵਾਲੇ ਪੌਸ਼ਟਿਕ ਭੋਜਨਾਂ 'ਤੇ ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਸੀਂ ਆਪਣੇ ਬਾਕੀ 20% ਭੋਜਨਾਂ ਵਿੱਚ ਆਪਣੇ ਮਨਪਸੰਦ, ਉੱਚ-ਕੈਲੋਰੀ ਵਾਲੇ ਭੋਜਨ ਸ਼ਾਮਲ ਕਰ ਸਕਦੇ ਹੋ।"
ਪਰ ਦੋਵਾਂ ਮਾਹਰਾਂ ਨੇ ਕਿਹਾ ਕਿ ਤੁਹਾਨੂੰ ਇਸ ਬਾਰੇ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਤੁਹਾਨੂੰ ਕਿੰਨਾ ਖਾਣਾ ਚਾਹੀਦਾ ਹੈ।
ਥੋਰਨਟਨ-ਵੁੱਡ ਕਹਿੰਦੇ ਹਨ, "ਇਹ ਸਭ ਸੰਤੁਲਨ ਬਾਰੇ ਹੈ।"
"ਬ੍ਰਿਟੇਨ ਵਿੱਚ, ਜ਼ਿਆਦਾ ਭੋਜਨ ਖਾਣ ਅਤੇ ਇਸ ਦੇ ਨਤੀਜੇ ਵਜੋਂ ਕਮਰ 'ਤੇ ਪੈਣ ਵਾਲੇ ਪ੍ਰਭਾਵ ਨਾਲ ਸਬੰਧਤ ਸਮੱਸਿਆਵਾਂ ਹਨ। ਇਸ ਦੇ ਨਾਲ ਹੀ, ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਦੇਖ ਰਹੇ ਹਾਂ ਜੋ ਖਾਣ ਸੰਬੰਧੀ ਵਿਕਾਰਾਂ ਵਿੱਚ ਉਲਝੇ ਹੋਏ ਹਨ।"
ਸਟੱਬਸ ਦੱਸਦੇ ਹਨ, "ਐਨੋਰੈਕਸੀਆ ਨਰਵੋਸਾ (ਗੰਭੀਰ ਮਾਨਸਿਕ ਸਥਿਤੀ) ਵਰਗੇ ਖਾਣ-ਪੀਣ ਦੇ ਵਿਕਾਰ ਵਾਲੇ ਲੋਕ ਅਕਸਰ ਹਿੱਸੇ ਦੇ ਆਕਾਰ ਬਾਰੇ ਬਹੁਤ ਸਖ਼ਤ ਹੁੰਦੇ ਹਨ। ਇਲਾਜ ਦੇ ਇੱਕ ਹਿੱਸੇ ਰੂਪ ਵਿੱਚ , ਉਹ ਹਿੱਸੇ ਦੇ ਆਕਾਰ ਬਾਰੇ ਆਪਣੇ ਡਰ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਖਾਸ ਤੌਰ 'ਤੇ ਸੱਚ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਆਪਣੇ ਆਪ ਨੂੰ ਪਰੋਸਣ ਲਈ ਕਾਫ਼ੀ ਸਿਹਤਮੰਦ ਨਹੀਂ ਮੰਨਿਆ ਜਾਂਦਾ।"
ਇਸ ਲਈ, ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਸਲ ਵਿੱਚ ਪੌਸ਼ਟਿਕ ਭੋਜਨ ਅਤੇ ਸਨੈਕਸ ਖਾ ਰਹੇ ਹੋ ਜੋ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ।
ਥੋਰਨਟਨ-ਵੁੱਡ ਨੇ ਕਿਹਾ, "ਰੰਗ-ਬਰੰਗੀਆਂ ਸਬਜ਼ੀਆਂ ਅਤੇ ਫਲਾਂ ਸਮੇਤ ਕਈ ਤਰ੍ਹਾਂ ਦੇ ਭੋਜਨ ਖਾਣ ਨੂੰ ਆਪਣਾ ਟੀਚਾ ਬਣਾਇਆ ਜਾਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ