ਲੋਕਾਂ ਨੇ ਕਦੋਂ ਇਹ ਸੋਚਣਾ ਸ਼ੁਰੂ ਕੀਤਾ ਕਿ ਉਨ੍ਹਾਂ ਦਾ ਸਿਰਫ਼ ਇੱਕ ਸਾਥੀ ਹੋਣਾ ਚਾਹੀਦਾ ਹੈ

    • ਲੇਖਕ, ਬੀਬੀਸੀ ਕ੍ਰਾਊਡਸਾਇੰਸ ਪ੍ਰੋਗਰਾਮ
    • ਰੋਲ, ਬੀਬੀਸੀ ਵਰਲਡ ਸਰਵਿਸ

ਅੱਜਕੱਲ੍ਹ ਅਣਗਿਣਤ ਡੇਟਿੰਗ ਐਪਜ਼ ਅਤੇ ਬਦਲਦੇ ਰਿਸ਼ਤਿਆਂ ਦੇ ਦਿਨਾਂ ਵਿੱਚ, ਇਹ ਸਵਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਰਚਾ ਵਿੱਚ ਹੈ ਕਿ ਕੀ ਮਨੁੱਖੀ ਜੀਵਨ ਕੁਦਰਤੀ ਤੌਰ 'ਤੇ ਇੱਕ-ਵਿਆਹ ਦੇ ਵਾਰਤਾਰੇ ਨਾਲ ਮੇਲ ਖਾਂਦਾ ਹੈ।

ਲੰਡਨ ਵਿੱਚ ਰਹਿਣ ਵਾਲੀ ਇੱਕ ਰੋਮਨ ਔਰਤ ਏਲੀਨਾ ਨੇ ਇੱਕ ਤੋਂ ਵੱਧ ਸਾਥੀਆਂ ਨਾਲ ਸਬੰਧ ਬਣਾਉਣ ਤੋਂ ਬਾਅਦ ਇਸ ਬਾਰੇ ਸੋਚਣਾ ਸ਼ੁਰੂ ਕੀਤਾ।

ਏਲੀਨਾ ਕਹਿੰਦੇ ਹਨ, "ਮੈਂ ਹਾਲ ਹੀ ਵਿੱਚ ਇੱਕ ਆਦਮੀ ਨੂੰ ਮਿਲੀ ਜਿਸਦੇ ਕਈ ਰਿਸ਼ਤੇ ਸਨ।"

"ਮੈਂ ਇੱਕ ਗੱਲ ਜਾਣਨਾ ਚਾਹੁੰਦੀ ਹਾਂ, ਅਸੀਂ ਸਿੰਗਲ-ਪਾਰਟਨਰ (ਜ਼ਿੰਦਗੀ ਭਰ ਲਈ ਇੱਕ ਸਾਥੀ) ਪਹੁੰਚ ਕਿਉਂ ਚੁਣੀ?"

ਮਨੁੱਖੀ ਵਿਕਾਸ ਨੂੰ ਸਮਝਣ ਦਾ ਇੱਕ ਤਰੀਕਾ ਉਨ੍ਹਾਂ ਜਾਨਵਰਾਂ ਦਾ ਅਧਿਐਨ ਕਰਨਾ ਹੈ ਜੋ ਮਨੁੱਖਾਂ ਨਾਲ ਬਹੁਤ ਮਿਲਦੇ-ਜੁਲਦੇ ਹਨ ਅਤੇ ਉਨ੍ਹਾਂ ਦੀਆਂ ਪ੍ਰਜਨਨ ਰਣਨੀਤੀਆਂ ਦਾ ਅਧਿਐਨ ਕਰਨਾ ਹੈ।

ਗੋਰਿੱਲਾ ਕਿਵੇਂ ਸੰਭੋਗ ਕਰਦੇ ਹਨ?

ਬ੍ਰਿਟੇਨ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਵਿਕਾਸਵਾਦੀ ਜੀਵ ਵਿਗਿਆਨੀ ਕਿੱਟ ਓਪੀ ਕਹਿੰਦੇ ਹਨ, "ਗੋਰਿਲਾ ਬਹੁ-ਪਤਨੀ ਪ੍ਰਜਾਤੀ ਹਨ।"

ਉਨ੍ਹਾਂ ਨੇ ਕਿਹਾ, "ਇੱਕ ਨਰ ਗੋਰਿਲਾ ਕਈ ਮਾਦਾਵਾਂ ਨਾਲ ਸੰਭੋਗ ਕਰਦਾ ਹੈ। ਬੱਚਿਆਂ ਦਾ ਪਿਤਾ ਇੱਕੋ ਹੁੰਦਾ ਹੈ ਅਤੇ ਮਾਵਾਂ ਵੱਖ-ਵੱਖ ਹੁੰਦੀਆਂ ਹਨ।"

ਓਪੀ ਨੇ ਕਿਹਾ ਕਿ ਪਰ ਇਹ ਕੋਈ ਚੰਗੀ ਗੱਲ ਨਹੀਂ ਹੈ ਅਤੇ ਇਸ ਨਾਲ ਬਾਲ ਹੱਤਿਆ ਵਰਗੇ ਮਾਮਲੇ ਸਾਹਮਣੇ ਆ ਸਕਦੇ ਹਨ।

ਡਾਕਟਰ ਓਪੀ ਨੇ ਸੁਝਾਅ ਦਿੱਤਾ, "ਨਰ ਗੋਰਿਲੇ ਉਨ੍ਹਾਂ ਬੱਚਿਆਂ ਨੂੰ ਮਾਰ ਦਿੰਦੇ ਹਨ ਜੋ ਉਨ੍ਹਾਂ ਦੇ ਨਹੀਂ ਹਨ। ਇਸ ਨਾਲ ਮਾਂ ਨੂੰ ਹੋਰ ਬੱਚੇ ਪੈਦਾ ਕਰਨੇ ਪੈਂਦੇ ਹਨ, ਜਿਸ ਤੋਂ ਬਾਅਦ ਨਰ ਗੋਰਿਲਾ ਉਸ ਨਾਲ ਸੰਭੋਗ ਕਰਦਾ ਹੈ। ਇਹ ਮਨੁੱਖਾਂ ਲਈ ਸਹੀ ਪ੍ਰਣਾਲੀ ਨਹੀਂ ਹੈ, ਜਿਸਦਾ ਅਸੀਂ ਪਾਲਣ ਕਰੀਏ।"

ਮਾਦਾ ਬੋਨੋਬੋਸ ਬਾਲ ਕਤਲ ਤੋਂ ਬਚਣ ਲਈ ਕਈ ਨਰਾਂ ਨਾਲ ਸੰਭੋਗ ਕਰਦੀਆਂ ਹਨ।

ਚਿੰਪੈਂਜ਼ੀ ਅਤੇ ਬੋਨੋਬੋ ਵਰਗੇ ਬਾਂਦਰ ਪ੍ਰਜਾਤੀ ਦੇ ਜੀਵਾਂ ਵਿੱਚ, ਮਾਦਾ ਕਈ ਨਰਾਂ ਨਾਲ ਸੰਭੋਗ ਕਰਦੇ ਹਨ, ਜੋ ਕਿ ਔਲਾਦ ਦੇ ਅਸਲੀ ਪਿਤਾ ਬਾਰੇ ਉਲਝਣ ਪੈਦਾ ਕਰਨ ਅਤੇ ਔਲਾਦ ਦੀ ਰੱਖਿਆ ਕਰਨ ਵਿੱਚ ਮਦਦ ਕਰਦੀਆਂ ਹਨ।

ਚਿੰਪੈਂਜ਼ੀ ਵੱਖਰੇ ਹੁੰਦੇ ਹਨ

ਚਿੰਪੈਂਜ਼ੀ ਅਤੇ ਬੋਨੋਬੋਸ ਵਰਗੇ ਜੀਵਾਂ ਵਿੱਚ, ਮਾਦਾਵਾਂ ਕਈ ਨਰਾਂ ਨਾਲ ਸੰਭੋਗ ਕਰਦੀਆਂ ਹਨ, ਜਿਸ ਨਾਲ ਔਲਾਦ ਦੇ ਅਸਲੀ ਪਿਤਾ ਨੂੰ ਆਕਰਸ਼ਿਤ ਕਰਨ ਅਤੇ ਔਲਾਦ ਦੀ ਰੱਖਿਆ ਕਰਨ ਵਿੱਚ ਮਦਦ ਮਿਲਦੀ ਹੈ।

ਆਦਿ ਮਨੁੱਖਾਂ ਨੇ ਵੀ ਇਹੋ ਜਿਹੇ ਸਬੰਧ ਬਣਾ ਕੇ ਰੱਖੇ ਹੋਏ ਸਨ, ਕਈ ਨਰ ਅਤੇ ਮਾਦਾ ਆਪਣੇ ਸਾਥੀਆਂ ਦੇ ਨਾਲ ਸਮੂਹਾਂ ਵਿੱਚ ਰਹਿੰਦੇ ਸਨ। ਪਰ, ਤਕਰੀਬਨ 2 ਕਰੋੜ ਸਾਲ ਪਹਿਲਾਂ, ਚੀਜ਼ਾਂ ਬਦਲ ਗਈਆਂ।

ਜੀਵ ਵਿਗਿਆਨੀ ਓਪੀ ਕਹਿੰਦੇ ਹਨ, "ਇਸ ਲਈ ਜਲਵਾਯੂ ਪਰਿਵਰਤਨ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ।"

ਡਾਕਟਰ ਓਪੀ ਨੇ ਕਿਹਾ, "ਅਫਰੀਕਾ ਵਿੱਚ, ਜਿੱਥੇ ਸਾਡੇ ਪੁਰਖੇ ਰਹਿੰਦੇ ਸਨ, ਉੱਥੇ ਜ਼ਮੀਨ ਸੁੱਕ ਗਈ ਅਤੇ ਜ਼ਿਆਦਾਤਰ ਖੇਤਰ ਸਵਾਨਾ (ਘਾਹ ਦਾ ਮੈਦਾਨ) ਬਣ ਗਿਆ।"

"ਲੋਕ ਸ਼ਿਕਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਸਮੂਹਾਂ ਵਿੱਚ ਰਹਿਣ ਲੱਗ ਪਏ। ਬੱਚਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਦੀ ਵੀ ਲੋੜ ਸੀ।"

ਡਾਕਟਰ ਓਪੀ ਕਹਿੰਦੇ ਹਨ, "ਔਰਤਾਂ ਨੂੰ ਬੱਚੇ ਦੀ ਪਰਵਰਿਸ਼ ਲਈ ਸਮੂਹ ਵਿੱਚ ਇੱਕ ਨਰ ਦੀ ਮਦਦ ਦੀ ਲੋੜ ਹੁੰਦੀ ਹੈ। ਇਸ ਲਈ, ਉਨ੍ਹਾਂ ਨੇ ਸਿਰਫ਼ ਮਰਦਾਂ ਲਈ ਵਿਆਹ ਪ੍ਰਣਾਲੀ ਚੁਣੀ ਹੈ।"

ਕੀ ਇੱਕ-ਵਿਆਹ ਸਭ ਤੋਂ ਵਧੀਆ ਹੈ?

ਡਾਕਟਰ ਓਪੀ ਦਾ ਮੰਨਣਾ ਹੈ ਕਿ ਮਨੁੱਖਾਂ ਨੇ ਇੱਕ-ਵਿਆਹ ਨੂੰ ਸਭ ਤੋਂ ਵਧੀਆ ਨੀਤੀ ਵਜੋਂ ਨਹੀਂ, ਸਗੋਂ ਜ਼ਰੂਰਤ ਕਰਕੇ ਚੁਣਿਆ ਹੈ।

"ਮਨੁੱਖੀ ਬੱਚਿਆਂ ਦੇ ਤੇਜ਼ ਦਿਮਾਗ ਅਤੇ ਹੌਲੀ ਵਿਕਾਸ ਦੇ ਕਾਰਨ ਉਨ੍ਹਾਂ ਨੂੰ ਮਾਪਿਆਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ ਅਤੇ ਇਸਦੇ ਲਈ ਇੱਕਲੀ ਮਾਂ ਹੀ ਕਾਫ਼ੀ ਨਹੀਂ ਹੁੰਦੀ।"

"ਇਸੇ ਕਾਰਨ ਆਦਿ ਮਨੁੱਖਾਂ ਨੇ ਇੱਕ-ਵਿਆਹ ਦੀ ਪ੍ਰਥਾ ਨੂੰ ਅਪਣਾਇਆ। ਪਰ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਇੱਕ ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਮੁਸ਼ਕਲ ਲੱਗਦਾ ਹੈ।"

ਉਹ ਕਹਿੰਦੇ ਹਨ, "ਕੁਝ ਪ੍ਰਜਾਤੀਆਂ ਜੀਵਨ ਭਰ ਇੱਕੋ ਸਾਥੀ ਨਾਲ ਰਹਿੰਦੀਆਂ ਹਨ ਅਤੇ ਧੋਖਾ ਨਹੀਂ ਦਿੰਦੀਆਂ, ਪਰ ਇਹ ਬਹੁਤ ਘੱਟ ਹੁੰਦਾ ਹੈ।"

ਡਾਕਟਰ ਓਪੀ ਦਾ ਮੰਨਣਾ ਹੈ, "ਗਿਬਨ ਇੱਕ-ਵਿਆਹ ਵਾਲੇ ਜਾਨਵਰ ਹਨ। ਪਰ ਉਹ ਜੋੜਿਆਂ ਵਿੱਚ ਰਹਿੰਦੇ ਹਨ ਅਤੇ ਦੂਜੇ ਜਾਨਵਰਾਂ ਤੋਂ ਦੂਰ ਰਹਿੰਦੇ ਹਨ। ਇਸ ਲਈ ਉਨ੍ਹਾਂ ਲਈ ਵਫ਼ਾਦਾਰ ਰਹਿਣਾ ਸੌਖਾ ਹੈ।"

ਓਪੀ ਕਹਿੰਦੇ ਹਨ, "ਪਰ ਮਨੁੱਖ ਵੱਡੇ ਸਮੂਹਾਂ ਵਿੱਚ ਰਹਿੰਦੇ ਹਨ। ਇਹ ਜਾਣਨਾ ਮੁਸ਼ਕਲ ਹੈ ਕਿ ਕੀ ਕੋਈ ਸਾਥੀ ਧੋਖਾ ਦੇ ਰਿਹਾ ਹੈ ਜਾਂ ਨਹੀਂ।"

"ਇੱਕ-ਵਿਆਹ ਇੱਕ ਕੁਦਰਤੀ ਜੀਵਨ ਸ਼ੈਲੀ ਨਹੀਂ ਹੈ ਸਗੋਂ ਬਚੇ ਰਹਿਣ ਦਾ ਬਦਲ ਹੈ। ਇਸ ਦੀਆਂ ਆਪਣੀਆਂ ਸਮੱਸਿਆਵਾਂ ਹਨ।"

ਜੋੜਿਆਂ ਵਿਚਕਾਰ ਕੈਮਿਸਟਰੀ

ਜਦੋਂ ਅਸੀਂ ਪਿਆਰ ਵਿੱਚ ਪੈਂਦੇ ਹਾਂ ਜਾਂ ਵਫ਼ਾਦਾਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਕੀ ਹੁੰਦਾ ਹੈ?

ਸਾਰਾ ਬਲੂਮੈਂਥਲ ਅਮਰੀਕਾ ਵਿੱਚ ਇੱਕ ਨਿਊਰੋਸਾਇੰਸ ਦੀ ਵਿਦਿਆਰਥਣ ਹੈ, ਜੋ ਪ੍ਰੇਅਰੀ ਵੋਲਸ (ਜੋੜਿਆਂ ਵਿੱਚ ਰਹਿਣ ਵਾਲੇ ਛੋਟੇ ਜਾਨਵਰ) ਦੇ ਵਿਵਹਾਰ ਸਬੰਧੀ ਅਧਿਐਨ ਕਰ ਰਹੀ ਹੈ।

ਪ੍ਰੇਅਰੀ ਵੋਲਜ਼ ਦੇ ਦਿਮਾਗ ਵਿੱਚ ਆਕਸੀਟੌਸਿਨ ਰੀਸੈਪਟਰਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਆਕਸਟੌਸਿਨ ਛੋਹ ਅਤੇ ਮਜ਼ਬੂਤ ਸੰਬੰਧ ਬਣਾਉਣ ਦੇ ਪਲਾਂ ਦੌਰਾਨ ਜਾਰੀ ਹੁੰਦਾ ਹੈ।

ਸਾਰਾਹ ਕਹਿੰਦੇ ਹਨ, "ਜੇ ਅਸੀਂ ਪ੍ਰੇਅਰੀ ਵੋਲਜ਼ ਵਿੱਚ ਆਕਸੀਟੌਸਿਨ ਨੂੰ ਰੋਕਦੇ ਹਾਂ, ਤਾਂ ਉਹ ਮਜ਼ਬੂਤ ਸੰਬੰਧ ਨਹੀਂ ਬਣਾ ਸਕਣਗੇ। ਉਹ ਆਪਣੇ ਸਾਥੀ ਨਾਲ ਘੱਟ ਸਮਾਂ ਬਿਤਾਉਣਗੇ।"

"ਮਨੁੱਖਾਂ ਵਿੱਚ ਵੀ ਆਕਸੀਟੌਸਿਨ ਹੁੰਦਾ ਹੈ, ਜੋ ਦੂਜਿਆਂ ਨਾਲ ਸੰਬੰਧ ਬਣਾਉਂਦੇ ਸਮੇਂ ਦਿਮਾਗ ਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ।"

ਉਹ ਦੱਸਦੇ ਹਨ, "ਇੱਕ ਹੋਰ ਹਾਰਮੋਨ, ਜਿਸਨੂੰ ਡੋਪਾਮਾਇਨ ਕਿਹਾ ਜਾਂਦਾ ਹੈ, ਕਿਸੇ ਵਿਅਕਤੀ ਨਾਲ ਬਣੇ ਰਹਿਣ ਦੀ ਥਾਂ ਨਵੀਨਤਾ ਦੀ ਇੱਛਾ ਨੂੰ ਪ੍ਰਭਾਵਿਤ ਕਰਦਾ ਹੈ।"

"ਜੋੜਿਆਂ ਵਿਚਕਾਰ ਸੰਬੰਧ ਬਣਾਉਣ ਦੀ ਪ੍ਰਕਿਰਿਆ ਦੌਰਾਨ ਡੋਪਾਮਾਇਨ ਦਾ ਪੱਧਰ ਉੱਚਾ ਹੁੰਦਾ ਹੈ। ਇਸ ਨਾਲ ਅਸੀਂ ਉਤਸ਼ਾਹਿਤ ਮਹਿਸੂਸ ਕਰਦੇ ਹਾਂ। ਇੱਕ ਵਾਰ ਰਿਸ਼ਤਾ ਬਣ ਜਾਣ ਤੋਂ ਬਾਅਦ, ਡੋਪਾਮਾਇਨ ਦਾ ਪੱਧਰ ਬਦਲ ਜਾਂਦਾ ਹੈ।"

ਕਈ ਪਤੀਆਂ ਵਾਲੀਆਂ ਔਰਤਾਂ

ਭਾਵੇਂ ਮਨੁੱਖ ਇੱਕ-ਵਿਆਹ ਵਾਲੇ ਪ੍ਰਾਣੀ ਵਜੋਂ ਵਿਕਸਤ ਹੋਏ ਹਨ, ਪਰ ਕਈ ਸਭਿਆਚਾਰਾਂ ਵਿੱਚ ਵੱਖ-ਵੱਖ ਕਿਸਮਾਂ ਦੇ ਰਿਸ਼ਤੇ ਹੁੰਦੇ ਹਨ।

ਸ਼ਿਕਾਗੋ ਦੇ ਇਲੀਨੋਇਸ ਯੂਨੀਵਰਸਿਟੀ ਦੇ ਮਾਨਵ-ਵਿਗਿਆਨੀ ਡਾਕਟਰ ਕੇਟੀ ਸਟਾਰਕਵੇਦਰ ਨੇ ਨੇਪਾਲ, ਤਿੱਬਤ, ਅਫ਼ਰੀਕਾ ਅਤੇ ਅਮਰੀਕਾ ਵਰਗੀਆਂ ਥਾਵਾਂ 'ਤੇ ਔਰਤਾਂ ਦੇ ਇੱਕ ਤੋਂ ਵੱਧ ਪਤੀ (ਬਹੁ-ਪਤੀ) ਹੋਣ ਦੀਆਂ 50 ਤੋਂ ਵੱਧ ਉਦਾਹਰਣਾਂ ਲੱਭੀਆਂ ਹਨ।

ਬਹੁ-ਪਤੀ, ਬਹੁ-ਪਤਨੀ (ਇੱਕ ਆਦਮੀ ਦੀਆਂ ਕਈ ਪਤਨੀਆਂ) ਨਾਲੋਂ ਬਹੁਤ ਘੱਟ ਹੈ। ਹਾਲਾਂਕਿ, ਕੇਟੀ ਕਹਿੰਦੇ ਹਨ ਕਿ ਬਹੁ-ਪਤੀ ਨੂੰ ਅਸੰਭਵ ਨਹੀਂ ਮੰਨਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਦਾ ਮੰਨਣਾ ਹੈ, "ਜੇਕਰ ਔਰਤਾਂ ਦੇ ਇੱਕ ਤੋਂ ਵੱਧ ਸਾਥੀ ਹਨ, ਤਾਂ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਸਹਾਇਤਾ ਦਿੱਤੀ ਜਾ ਸਕਦੀ ਹੈ।"

"ਜੇਕਰ ਪਤੀ ਦੀ ਮੌਤ ਹੋ ਜਾਂਦੀ ਹੈ ਜਾਂ ਲੰਬੇ ਸਮੇਂ ਲਈ ਉਹ ਘਰ ਤੋਂ ਦੂਰ ਰਹਿੰਦਾ ਹੈ, ਤਾਂ ਦੂਜਾ ਵਿਅਕਤੀ ਮਦਦ ਕਰ ਸਕਦਾ ਹੈ, ਜਿਵੇਂ ਕਿ ਕੁਝ ਉੱਤਰੀ ਅਮਰੀਕੀ ਸਮੂਹਾਂ ਵਿੱਚ ਹੁੰਦਾ ਹੈ।"

ਪਰ, ਇੱਕ ਤੋਂ ਵੱਧ ਸਾਥੀ ਹੋਣ ਨਾਲ ਵੀ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।

ਕੈਟੀ ਕਹਿੰਦੇ ਹਨ, "ਬਹੁ-ਸਾਥੀਆਂ ਨਾਲ ਰਹਿਣ ਲਈ ਭਾਵੇਂ ਉਹ ਔਰਤ ਹੋਵੇ ਜਾਂ ਮਰਦ, ਸਮੇਂ, ਭਾਵਨਾਵਾਂ ਅਤੇ ਪੈਸੇ ਦੇ ਨਿਵੇਸ਼ ਦੀ ਲੋੜ ਹੁੰਦੀ ਹੈ। ਇਹ ਨਾ ਸਿਰਫ਼ ਵਿੱਤੀ ਤੌਰ 'ਤੇ ਮੁਸ਼ਕਲ ਹੈ, ਸਗੋਂ ਭਾਵਨਾਤਮਕ ਤੌਰ 'ਤੇ ਵੀ ਮੁਸ਼ਕਲ ਹੈ।"

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਰਕੇ ਅੱਜ ਵੀ ਇੱਕ-ਵਿਆਹ ਦਾ ਸਭ ਤੋਂ ਸਾਧਾਰਨ ਰੂਪ ਹੈ।

ਇੱਕ ਤੋਂ ਵੱਧ ਵਿਅਕਤੀਆਂ ਨਾਲ ਸੰਭੋਗ ਕਰਨਾ

ਏਲੀਨਾ ਪਹਿਲਾਂ ਇੱਕ-ਵਿਆਹ ਵਾਲੇ ਰਿਸ਼ਤੇ ਵਿੱਚ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਇੱਕ ਤੋਂ ਵੱਧ ਵਿਅਕਤੀਆਂ ਨਾਲ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ ਈਰਖਾ ਵਰਗੀਆਂ ਭਾਵਨਾਵਾਂ ਦਾ ਅਨੁਭਵ ਕਰ ਰਹੇ ਹਨ ।

ਉਨ੍ਹਾਂ ਕਿਹਾ ਕਿ ਈਰਖਾ ਉਦੋਂ ਵਧਦੀ ਹੈ ਜਦੋਂ ਉਸਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਉਸ ਨਾਲ ਇਮਾਨਦਾਰ ਨਹੀਂ ਹੈ ਅਤੇ ਇਹ ਉਦੋਂ ਘੱਟ ਜਾਂਦੀ ਹੈ ਜਦੋਂ ਦੂਜੇ ਵਿਅਕਤੀ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਇਮਾਨਦਾਰ ਹਨ।

ਇਸ ਦੌਰਾਨ, ਏਲੀਨਾ ਦੇ ਸਾਥੀ ਦਾ ਮੰਨਣਾ ਹੈ ਕਿ ਕਈ ਤੰਦਰੁਸਤ ਸਬੰਧਾਂ ਨੂੰ ਬਣਾਈ ਰੱਖਣ ਲਈ ਬਹੁਤ ਸਾਰਾ ਸਮਾਂ ਅਤੇ ਭਾਵਨਾਤਮਕ ਤਾਕਤ ਦੀ ਲੋੜ ਹੁੰਦੀ ਹੈ। ਹਾਲਾਂਕਿ, ਉਹ ਦੋਵੇਂ ਇਸਨੂੰ ਸਾਰਥਕ ਸਮਝਦੇ ਹਨ।

ਏਲੀਨਾ ਕਹਿੰਦੇ ਹਨ, "ਇਸ 'ਚ ਕੋਈ ਨਿਰਧਾਰਤ ਨਿਯਮ ਨਹੀਂ ਹਨ। ਇਹ ਤੁਹਾਡੇ ਦੋਵਾਂ ਵਿਚਕਾਰ ਸੰਚਾਰ ਦੇ ਦਾਇਰੇ ਨੂੰ ਵਧਾਉਂਦਾ ਹੈ। ਇਹ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ।"

ਤਾਂ ਕੀ ਅਸੀਂ (ਮਨੁੱਖ) ਕੁਦਰਤੀ ਤੌਰ 'ਤੇ ਇੱਕ-ਵਿਆਹ ਕਰਨ ਵਾਲੇ ਹੀ ਹੁੰਦੇ ਹਾਂ? ਜਵਾਬ ਹਾਂ ਅਤੇ ਨਹੀਂ ਦੋਵੇਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)