ਜੇਕਰ ਬੱਚਿਆਂ ਨੂੰ ਮਾਸਾਹਾਰੀ ਖਾਣੇ ਤੋਂ ਦੂਰ ਰੱਖਿਆ ਤਾਂ ਸਿਹਤ ਨੂੰ ਇਹ ਖ਼ਤਰੇ ਹੋ ਸਕਦੇ ਹਨ

    • ਲੇਖਕ, ਜੈਸਮੀਨ ਫੋਕਸ ਸਕੇਲੀ
    • ਰੋਲ, ਬੀਬੀਸੀ ਪੱਤਰਕਾਰ

ਦੁਨੀਆਂ ਦੇ ਕਈ ਹਿੱਸਿਆਂ ਵਿੱਚ ਵੀਗਨ ਖਾਣ ਦਾ ਰੁਝਾਨ ਵਧ ਰਿਹਾ ਹੈ। ਹਾਲਾਂਕਿ ਇਸ ਬਾਰੇ ਅੰਕੜੇ ਸੀਮਤ ਹਨ, ਪਰ 2018 ਵਿੱਚ ਦੁਨੀਆਂ ਦੀ ਤਕਰੀਬਨ ਤਿੰਨ ਫੀਸਦੀ ਆਬਾਦੀ ਵੀਗਨ ਖਾਣਾ ਖਾ ਰਹੀ ਸੀ।

ਵੀਗਨ ਭੋਜਨ ਵਿੱਚ ਨਾਨ ਵੈੱਜ ਅਤੇ ਡੇਅਰੀ ਉਤਪਾਦ ਸਣੇ ਕੋਈ ਵੀ ਐਨੀਮਲ ਉਤਪਾਦ ਸ਼ਾਮਲ ਨਹੀਂ ਹੁੰਦਾ। ਸਿਰਫ਼ ਪੌਦਿਆਂ ਤੋਂ ਮਿਲਣ ਵਾਲੇ ਖਾਧ ਪਦਾਰਥਾਂ ਨੂੰ ਹੀ ਖਾਇਆ ਜਾਂਦਾ ਹੈ।

ਅਮਰੀਕਾ ਵਿੱਚ 2003 ਵਿੱਚ ਹੋਏ ਇੱਕ ਗੈਲਪ ਪੋਲ ਵਿੱਚ ਇੱਕ ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਵੀਗਨ ਡਾਈਟ ਲੈਂਦੇ ਹਨ।

ਹਾਲ ਹੀ ਵਿੱਚ 'ਦਿ ਵੀਗਨ ਸੁਸਾਇਟੀ' ਦੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੀ ਤਕਰੀਬਨ ਤਿੰਨ ਫੀਸਦੀ ਆਬਾਦੀ ਯਾਨੀ ਕਰੀਬ 20 ਲੱਖ ਲੋਕ ਪੂਰੀ ਤਰ੍ਹਾਂ ਵੀਗਨ ਖਾਣਾ ਖਾਂਦੇ ਹਨ।

ਵੀਗਨ ਭੋਜਨ ਦੇ ਫਾਇਦਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਪਹਿਲਾਂ ਤਾਂ ਇਹ ਕਿ ਇਸ ਵਿੱਚ ਮਾਸ ਅਤੇ ਡੇਅਰੀ ਉਤਪਾਦ ਦੀ ਵਰਤੋਂ ਨਹੀਂ ਹੁੰਦੀ, ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੰਨੇ ਜਾਂਦੇ ਹਨ।

ਦੂਜੇ ਪਾਸੇ ਪੌਦਿਆਂ ਤੋਂ ਮਿਲਣ ਵਾਲਾ ਭੋਜਨ ਜ਼ਿਆਦਾ ਟਿਕਾਊ ਮੰਨਿਆ ਜਾਂਦਾ ਹੈ।

ਸੰਤੁਲਿਤ ਅਤੇ ਵਿਭਿੰਨਤਾ ਭਰਪੂਰ ਵੀਗਨ ਭੋਜਨ ਸਿਹਤ ਲਈ ਫਾਇਦੇਮੰਦ ਹੈ, ਇਸ ਦੇ ਸਬੂਤ ਵੀ ਹਨ।

ਹਾਲਾਂਕਿ, ਕੁਝ ਮਾਮਲਿਆਂ ਵਿੱਚ ਬੱਚਿਆਂ ਵਿੱਚ ਗੰਭੀਰ ਕੁਪੋਸ਼ਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਵੀਗਨ ਡਾਈਟ ਬੱਚਿਆਂ ਲਈ ਠੀਕ ਨਹੀਂ ਹੈ।

ਪਰ ਇਸ ਬਾਰੇ ਮਾਹਰਾਂ ਦੀ ਰਾਇ ਵੰਡੀ ਹੋਈ ਹੈ ਕਿ ਵੀਗਨ ਡਾਈਟ ਨਾਲ ਨਵਜਾਤਾਂ ਨੂੰ ਨੁਕਸਾਨ ਪਹੁੰਚਦਾ ਹੈ।

ਅਮਰੀਕਾ ਅਤੇ ਬ੍ਰਿਟੇਨ ਦੇ ਅਧਿਕਾਰਕ ਪੋਸ਼ਣ ਸੰਗਠਨਾਂ ਦਾ ਕਹਿਣਾ ਹੈ ਕਿ ਸਹੀ ਤਰੀਕੇ ਨਾਲ ਪਾਲਣ ਕੀਤਾ ਜਾਵੇ ਤਾਂ ਇਹ ਨਵਜਾਤਾਂ ਅਤੇ ਬੱਚਿਆਂ ਲਈ ਸੁਰੱਖਿਅਤ ਹੋ ਸਕਦਾ ਹੈ, ਪਰ ਫਰਾਂਸ, ਬੈਲਜੀਅਮ ਅਤੇ ਪੋਲੈਂਡ ਵਿੱਚ ਸਿਹਤ ਅਧਿਕਾਰੀ ਇਸ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਰਹੇ ਹਨ।

ਅਫ਼ਸੋਸ ਹੈ ਕਿ ਅਜੇ ਤੱਕ ਬੱਚਿਆਂ ਦੀ ਸਿਹਤ 'ਤੇ ਵੀਗਨ ਡਾਈਟ ਦੇ ਅਸਰ 'ਤੇ ਸਬੰਧੀ ਰਿਸਰਚ ਬਹੁਤ ਘੱਟ ਹੋਈ ਹੈ। ਹਾਲਾਂਕਿ ਹੁਣ ਜੋ ਅਧਿਐਨ ਹੋ ਰਹੇ ਹਨ, ਉਹ ਇਸ ਬਾਰੇ ਨਵੀਂ ਜਾਣਕਾਰੀ ਦੇ ਰਹੇ ਹਨ।

ਆਖ਼ਰ ਵੀਗਨ ਭੋਜਨ ਲੈਣ ਵਾਲੇ ਕੀ ਨਹੀਂ ਖਾਂਦੇ ਹਨ।

ਦਰਅਸਲ, ਉਹ ਕੋਈ ਵੀ ਜਾਨਵਰ ਅਧਾਰਿਤ ਉਤਪਾਦ ਨਹੀਂ ਖਾਂਦੇ। ਉਹ ਮਾਸ, ਮੱਛੀ, ਦੁੱਧ ਅਤੇ ਆਂਡਿਆਂ ਤੋਂ ਪਰਹੇਜ਼ ਕਰਦੇ ਹਨ।

ਉਨ੍ਹਾਂ ਦੇ ਭੋਜਨ ਵਿੱਚ ਫਲ, ਫੁੱਲ, ਸਬਜ਼ੀਆਂ ਅਤੇ ਪੱਤੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਸਬਜ਼ੀਆਂ, ਫਲ, ਮੇਵੇ, ਬੀਜ, ਦਾਲਾਂ, ਬਰੈੱਡ, ਪਾਸਤਾ ਅਤੇ ਹਮਸ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਖੋਜ ਕੀ ਦੱਸਦੀ ਹੈ?

ਇੰਪੀਰੀਅਲ ਕਾਲਜ ਲੰਡਨ ਦੀ ਪੋਸ਼ਣ ਵਿਗਿਆਨੀ ਅਤੇ ਜੇਓਈ ਕੰਪਨੀ ਵਿੱਚ ਪ੍ਰਮੁੱਖ ਪੋਸ਼ਣ ਮਾਹਰ ਫੇਡੇਰਿਕਾ ਅਮਾਤੀ ਕਹਿੰਦੇ ਹਨ, ''ਸਾਨੂੰ ਇਸ ਭੋਜਨ ਦਾ ਸਭ ਤੋਂ ਵੱਡਾ ਲਾਭ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਦਿਖਿਆ ਹੈ। ਜੋ ਲੋਕ ਵੀਗਨ ਡਾਈਟ ਲੈਂਦੇ ਹਨ, ਉਨ੍ਹਾਂ ਦਾ ਐੱਲਡੀਐੱਲ ਕੋਲੇਸਟਰੋਲ (ਖ਼ਰਾਬ ਕੋਲੇਸਟਰੋਲ) ਘੱਟ ਹੁੰਦਾ ਹੈ।

''ਖੂਨ ਦੀਆਂ ਧਮਨੀਆਂ ਵਿੱਚ ਬਲਾਕੇਜ਼ ਘੱਟ ਹੁੰਦੇ ਹਨ ਅਤੇ ਹਾਰਟ ਅਟੈਕ ਅਤੇ ਸਟਰੋਕ ਦਾ ਜੋਖ਼ਿਮ ਘੱਟ ਹੁੰਦਾ ਹੈ। ਉਹ ਆਮ ਤੌਰ 'ਤੇ ਦੁਬਲੇ-ਪਤਲੇ ਹੁੰਦੇ ਹਨ। ਉਨ੍ਹਾਂ ਵਿੱਚ ਮੋਟਾਪਾ ਵਧਣ ਦਾ ਖ਼ਤਰਾ ਘੱਟ ਹੁੰਦਾ ਹੈ।''

ਵੀਗਨ ਭੋਜਨ ਮੈਟਾਬੋਲਿਕ ਬੀਮਾਰੀਆਂ ਜਿਵੇਂ ਟਾਇਪ 2 ਡਾਇਬਟੀਜ਼ ਅਤੇ ਕੁਝ ਕੈਂਸਰ ਜਿਵੇਂ ਕੋਲੋਰੇਕਟਲ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।

ਦਰਅਸਲ, ਪੌਦੇ ਫਾਇਬਰ ਨਾਲ ਭਰਪੂਰ ਹੁੰਦੇ ਹਨ। ਫਾਇਬਰ ਉਹ ਪੋਸ਼ਕ ਤੱਤ ਹੈ, ਜਿਸ ਦੀ ਘਾਟ 90 ਫੀਸਦੀ ਲੋਕਾਂ ਵਿੱਚ ਪਾਈ ਜਾਂਦੀ ਹੈ।

ਪੌਦਿਆਂ ਵਿੱਚ ਪੋਲੀਫੇਨੋਲ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਹਾਰਟ ਅਟੈਕ, ਸਟਰੋਕ ਅਤੇ ਡਾਇਬਟੀਜ਼ ਵਰਗੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ।

ਮੀਟ ਅਤੇ ਡੇਅਰੀ ਉਤਪਾਦ ਵਿੱਚ ਆਮ ਤੌਰ 'ਤੇ ਸੈਚੁਰੇਟੇਡ ਫੈਟ ਹੁੰਦਾ ਹੈ। ਇਨ੍ਹਾਂ ਨੂੰ ਜ਼ਿਆਦਾ ਖਾਣ ਨਾਲ ਸਰੀਰ ਵਿੱਚ ਖਰਾਬ ਕੋਲੇਸਟਰੋਲ ਵਧ ਸਕਦਾ ਹੈ। ਇਹ ਦਿਲ ਦੇ ਰੋਗ ਦਾ ਖਤਰਾ ਵਧਾਉਂਦਾ ਹੈ।

ਅਮਾਤੀ ਕਹਿੰਦੇ ਹਨ, ''ਭੋਜਨ ਦੇ ਮਾਮਲੇ ਵਿੱਚ ਇਹ ਦੇਖਣਾ ਜ਼ਰੂਰੀ ਹੈ ਕਿ ਉਹ ਸਾਡੇ ਸਰੀਰ ਨੂੰ ਕੀ ਦੇ ਰਿਹਾ ਹੈ ਅਤੇ ਕਿਸ ਤਰ੍ਹਾਂ ਦੇ ਰਿਹਾ ਹੈ।''

ਜੇਕਰ ਤੁਸੀਂ ਇੱਕ ਸਟੀਕ (ਬੀਫ ਦਾ ਟੁਕੜਾ) ਖਾ ਰਹੇ ਹੋ, ਤਾਂ ਤੁਹਾਨੂੰ ਉਸ ਨਾਲ ਪ੍ਰੋਟੀਨ, ਆਇਰਨ, ਜ਼ਿੰਕ ਅਤੇ ਕੁਝ ਮਾਇਕਰੋ ਨਿਊਟ੍ਰੀਐਂਟਸ ਮਿਲਦੇ ਹਨ। ਪਰ ਇਸ ਦੇ ਨਾਲ ਤੁਸੀਂ ਸੈਚੁਰੇਟੇਡ ਫੈਟ ਅਤੇ ਕਾਰਨੀਟਿਨ ਵਰਗੇ ਕੈਮੀਕਲ ਵੀ ਲੈ ਰਹੇ ਹੁੰਦੇ ਹੋ।

''ਇਸ ਤਰ੍ਹਾਂ ਦਾ ਭੋਜਨ ਤੁਹਾਡੀ ਐਨਰਜ਼ੀ ਵਧਾ ਸਕਦਾ ਹੈ, ਪਰ ਮੰਨਿਆ ਜਾਂਦਾ ਹੈ ਕਿ ਇਹ ਆਂਤੜੀਆਂ ਵਿੱਚ ਸੋਜ਼ ਵਧਾ ਸਕਦਾ ਹੈ।''

ਉਹ ਕਹਿੰਦੇ ਹਨ, ''ਪਰ ਜੇਕਰ ਤੁਸੀਂ ਅਡਾਮੇਮੇ (ਇੱਕ ਤਰ੍ਹਾਂ ਦਾ ਸੋਇਆਬੀਨ) ਖਾ ਰਹੇ ਹੋ ਤਾਂ ਇਸ ਵਿੱਚ ਭਰਪੂਰ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਫਾਇਬਰ, ਵਿਟਾਮਿਨ, ਖਣਿਜ ਅਤੇ ਪੋਲੋਫੇਨੋਲ ਵਰਗੇ ਸਿਹਤਵਰਧਕ ਕੰਪਾਉਂਡ ਵੀ ਹੁੰਦੇ ਹਨ।''

ਪਰ ਵੀਗਨ ਡਾਈਟ ਉਦੋਂ ਚੰਗੀ ਹੋ ਸਕਦੀ ਹੈ, ਜਦੋਂ ਇਹ ਸੰਤੁਲਿਤ ਹੋਵੇ।

ਭੋਜਨ ਲਈ ਪੌਦਿਆਂ 'ਤੇ ਬਹੁਤ ਜ਼ਿਆਦਾ ਨਿਰਭਰਤਾ ਨਾਲ ਤੁਹਾਡੇ ਸਰੀਰ ਵਿੱਚ ਕੁਝ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਇਹ ਪੋਸ਼ਕ ਤੱਤ ਸਿਰਫ਼ ਮਾਸ, ਮੱਛੀ, ਆਂਡੇ ਅਤੇ ਦੁੱਧ ਵਿੱਚ ਮਿਲਦੇ ਹਨ।

ਵਿਟਾਮਿਨ ਬੀ-12 ਦੀ ਘਾਟ

ਸਰੀਰ ਵਿੱਚ ਵਿਟਾਮਿਨ ਬੀ12 ਦੀ ਪੂਰਤੀ ਇੱਕ ਵੱਡੀ ਚੁਣੌਤੀ ਹੈ। ਇਹ ਇੱਕ ਮਾਇਕਰੋ ਨਿਊਟ੍ਰੀਐਂਟਸ ਹੈ ਜੋ ਸਿਰਫ਼ ਜਾਨਵਰਾਂ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਬਣਾਉਂਦੇ ਹਨ ਅਤੇ ਇਹ ਮਾਸ, ਮੱਛੀ, ਆਂਡੇ, ਡੇਅਰੀ ਉਤਪਾਦਾਂ ਆਦਿ ਵਿੱਚ ਪਾਇਆ ਜਾਂਦਾ ਹੈ।

ਇਸ ਦੇ ਵੀਗਨ ਸਰੋਤ ਹਨ-ਪੌਸ਼ਟਿਕ ਖਮੀਰ, ਮਾਰਮਾਈਟ, ਨੋਰੀ ਸੀਵੀਡ ਫੋਟਰੀਫਾਈਡ ਦੁੱਧ ਜਾਂ ਅਨਾਜ ਅਤੇ ਸਪਲੀਮੈਂਟਸ, ਪਰ ਵੀਗਨ ਭੋਜਨ ਕਰਨ ਵਾਲੇ ਬਹੁਤ ਸਾਰੇ ਲੋਕ ਸਪਲੀਮੈਂਟ ਨਹੀਂ ਲੈਂਦੇ। ਉਨ੍ਹਾਂ ਵਿੱਚ ਇਹ ਘਾਟ ਨਜ਼ਰ ਆਉਂਦੀ ਹੈ।

ਵਿਟਾਮਿਨ ਬੀ12 ਦਿਮਾਗ਼ ਵਿੱਚ ਨਾੜੀਆਂ ਲਈ ਜ਼ਰੂਰੀ ਹੁੰਦਾ ਹੈ ਅਤੇ ਸਿਹਤਮੰਦ ਲਾਲ ਖੂਨ ਦੇ ਸੈੱਲ ਬਣਾਉਣ ਵਿੱਚ ਵੀ ਮਦਦ ਕਰਦਾ ਹੈ।

ਬਾਲਗਾਂ ਵਿੱਚ ਇਸ ਦੀ ਘਾਟ ਦੇਰੀ ਨਾਲ ਸਾਹਮਣੇ ਆਉਂਦੀ ਹੈ ਕਿਉਂਕਿ ਉਨ੍ਹਾਂ ਦਾ ਸਰੀਰ ਇਸ ਨੂੰ ਸਟੋਰ ਕਰ ਸਕਦਾ ਹੈ, ਪਰ ਬੱਚਿਆਂ ਵਿੱਚ ਇਹ ਘਾਟ ਜਲਦੀ ਦਿਖ ਸਕਦੀ ਹੈ।

ਜਿਵੇਂ ਕੁਝ ਰਿਪੋਰਟਾਂ ਵਿੱਚ ਦੇਖਿਆ ਗਿਆ ਕਿ ਵੀਗਨ ਡਾਈਟ ਲੈਣ ਵਾਲੀਆਂ ਮਾਵਾਂ ਦੇ ਦੁੱਧ 'ਤੇ ਨਿਰਭਰ ਨਵਜਾਤਾਂ ਵਿੱਚ ਬੀ12 ਦੀ ਘਾਟ ਦੀ ਵਜ੍ਹਾ ਨਾਲ ਨਿਊਰੋਲੋਜੀਕਲ ਸਮੱਸਿਆਵਾਂ ਆਈਆਂ।

ਅਮਾਤੀ ਦੱਸਦੇ ਹਨ, ''ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਨਵੇਂ ਟਿਸ਼ੂ ਬਣ ਰਹੇ ਹੁੰਦੇ ਹਨ। ਤੁਹਾਡੇ ਸਾਹਮਣੇ ਉਨ੍ਹਾਂ ਦਾ ਸਰੀਰ ਬਣ ਰਿਹਾ ਹੁੰਦਾ ਹੈ।''

ਉਹ ਕਹਿੰਦੇ ਹਨ, ''ਜੇਕਰ ਬੱਚਿਆਂ ਦੇ ਸਰੀਰ ਵਧਣ ਦੇ ਇਸ ਅਹਿਮ ਦੌਰ ਵਿੱਚ ਉਨ੍ਹਾਂ ਨੂੰ ਬੀ12 ਵਰਗੇ ਪੋਸ਼ਕ ਤੱਤ ਨਾ ਮਿਲਣ, ਤਾਂ ਇਹ ਦਿਮਾਗੀ ਪ੍ਰਣਾਲੀ ਅਤੇ ਲਾਲ ਖੂਨ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਅਤੇ ਦਿਮਾਗ ਦੇ ਵਿਕਾਸ 'ਤੇ ਅਸਰ ਪੈ ਸਕਦਾ ਹੈ।''

ਓਮੇਗਾ-3 ਦੀ ਘਾਟ ਵੀ ਹੋ ਸਕਦੀ ਹੈ

ਵੀਗਨ ਡਾਈਟ ਲੈਣ ਵਾਲੇ ਬੱਚਿਆਂ ਵਿੱਚ ਓਮੇਗਾ-3 ਫੈਟੀ ਐਸਿਡ ਦੀ ਵੀ ਘਾਟ ਹੋ ਸਕਦੀ ਹੈ।

ਇਹ ਪੋਲੀ ਅਨਸੈਚੁਰੇਰੇਡ ਫੈਟ ਇੱਕ ਅਜਿਹੀ ਬਿਲਿਪਿਡ ਝਿੱਲੀ ਬਣਾਉਂਦਾ ਹੈ।

ਇਹ ਸਰੀਰ ਦੇ ਹਰ ਸੈੱਲ ਨੂੰ ਘੇਰ ਕੇ ਰੱਖਦਾ ਹੈ। ਦਿਮਾਗ ਦੇ ਕੰਮ ਕਰਨ ਲਈ ਇਹ ਬਹੁਤ ਜ਼ਰੂਰੀ ਹੈ।

ਓਮੇਗਾ-3 ਸਿਹਤ ਨੂੰ ਇਹ ਫਾਇਦਾ ਪਹੁੰਚਾਉਂਦੇ ਹਨ: ਪਰ ਈਪੀਏ (ਇਕੋਸਾਪੇਂਟੇਨੋਇਕ ਐਸਿਡ) ਅਤੇ ਡੀਐੱਚਏ (ਡੋਕੋਸਾਹੈਕਸੈਨੋਇਕ ਐਸਿਡ) ਸਿਰਫ਼ ਮੱਛੀ ਅਤੇ ਐਲਗੀ ਵਿੱਚ ਪਾਏ ਜਾਂਦੇ ਹਨ।

ਓਮੇਗਾ-3 ਦੀ ਇੱਕ ਕਿਸਮ, ਅਲਫਾ-ਲਿਨੋਲੇਨਿਕ ਐਸਿਡ (ਏਐੱਲਏ) ਚੀਆ ਸੀਡਜ਼ ਅਤੇ ਅਲਸੀ ਦੇ ਬੀਜਾਂ ਦੇ ਨਾਲ-ਨਾਲ ਪੱਤੇਦਾਰ ਹਰੀਆਂ ਸਬਜ਼ੀਆਂ ਵਿੱਚ ਪਾਈ ਜਾਂਦੀ ਹੈ।

ਹਾਲਾਂਕਿ ਏਐੱਲਏ ਸਿਹਤ ਲਈ ਓਨਾ ਫਾਇਦੇਮੰਦ ਨਹੀਂ ਹੈ, ਜਿੰਨੇ ਈਪੀਏ ਅਤੇ ਡੀਐੱਚਏ ਹਨ।

ਹੋਰ ਪੋਸ਼ਕ ਤੱਤ ਜਿਵੇਂ ਕੈਲਸ਼ੀਅਮ, ਵਿਟਾਮਿਨ ਡੀ ਅਤੇ ਆਇਓਡੀਨ ਵੀ ਪੌਦਿਆਂ ਵਿੱਚ ਮਿਲਦੇ ਹਨ, ਪਰ ਘੱਟ ਮਾਤਰਾ ਵਿੱਚ।

ਪੋਸ਼ਣ ਦੀ ਕਮੀ

ਵੀਗਨ ਭੋਜਨ ਲੈਣ ਵਾਲੇ ਬੱਚਿਆਂ ਵਿੱਚ ਪੋਸ਼ਣ ਦੇ ਕੁਝ ਅਲੱਗ ਅਲੱਗ, ਪਰ ਗੰਭੀਰ ਮਾਮਲੇ ਸਾਹਮਣੇ ਆਏ ਹਨ।

ਸਾਲ 2016 ਵਿੱਚ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਇੱਕ ਸਾਲ ਦੇ ਵੀਗਨ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਕਿਉਂਕਿ ਉਸ ਦੇ ਖੂਨ ਵਿੱਚ ਕੈਲਸ਼ੀਅਮ ਦਾ ਪੱਧਰ ਖ਼ਤਰਨਾਕ ਤੌਰ 'ਤੇ ਘੱਟ ਸੀ।

ਸਾਲ 2017 ਵਿੱਚ ਬੈਲਜੀਅਮ ਵਿੱਚ ਇੱਕ ਸੱਤ ਮਹੀਨੇ ਦੇ ਨਵਜਾਤ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਉਸ ਨੂੰ ਵੀਗਨ ਦੁੱਧ (ਜਵੀ, ਅਨਾਜ, ਚਾਵਲ, ਕਿਨੋਆ ਤੋਂ ਬਣਿਆ) ਪਿਲਾ ਰਹੇ ਸਨ।

ਵੀਗਨ ਲੋਕਾਂ ਲਈ ਇਹ ਚੰਗੀ ਗੱਲ ਹੈ ਕਿ ਇਨ੍ਹਾਂ ਨਿਊਟ੍ਰੀਐਂਟਸ ਦੀ ਘਾਟ ਸਪਲੀਮੈਂਟਸ ਅਤੇ ਫੋਰਟੀਫਾਈਡ ਅਨਾਜ ਅਤੇ ਦੁੱਧ ਨਾਲ ਪੂਰੀ ਕੀਤੀ ਜਾ ਸਕਦੀ ਹੈ।

ਯੂਨੀਵਰਸਿਟੀ ਕਾਲਜ ਲੰਡਨ ਦੀ ਕਲੀਨਿਕਲ ਡਾਇਟੀਸ਼ੀਅਨ ਅਤੇ ਆਨਰੇਰੀ ਰਿਸਰਚ ਫੈਲੋ ਮਾਲਗੋਰਟਜ਼ਾ ਡੇਸਮੰਡ ਕਹਿੰਦੇ ਹਨ, ''ਬੀ-12 ਦੀ ਘਾਟ ਨੂੰ ਅਸੀਂ ਪੂਰੀ ਤਰ੍ਹਾਂ ਸਪਲੀਮੈਂਟ ਤੋਂ ਪੂਰੀ ਕਰ ਸਕਦੇ ਹਾਂ। ਇਸ ਲਈ ਇਹ ਸਭ ਤੋਂ ਆਸਾਨ ਤਰੀਕਾ ਹੈ।''

ਪਰ ਆਇਰਨ ਅਤੇ ਜ਼ਿੰਕ ਵਰਗੇ ਹੋਰ ਪੋਸ਼ਕ ਤੱਤਾਂ 'ਤੇ ਜ਼ਿਆਦਾ ਧਿਆਨ ਜ਼ਰੂਰੀ ਹੈ।

ਇਹ ਤੱਤ ਹਰੀਆਂ ਸਬਜ਼ੀਆਂ ਵਿੱਚ ਹੁੰਦੇ ਹਨ, ਪਰ ਮਾਸ ਜਾਂ ਡੇਅਰੀ ਉਤਪਾਦਾਂ ਦੀ ਤੁਲਨਾ ਵਿੱਚ ਸਰੀਰ ਵਿੱਚ ਇਨ੍ਹਾਂ ਨੂੰ ਘੱਟ ਸੋਖਿਆ ਜਾਂਦਾ ਹੈ।

ਹਾਲਾਂਕਿ, ਇੱਕ ਬੱਚੇ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਸਪਲੀਮੈਂਟਸ ਅਤੇ ਯੋਜਨਾ ਬਣਾ ਕੇ ਤਿਆਰ ਕੀਤੇ ਗਏ ਭੋਜਨ ਵਿੱਚ ਮਿਲ ਜਾਣ, ਪਰ ਅਧਿਐਨ ਦੱਸਦੇ ਹਨ ਕਿ ਅਸਲ ਵਿੱਚ ਹਮੇਸ਼ਾ ਅਜਿਹਾ ਨਹੀਂ ਹੁੰਦਾ।

ਸਾਵਧਾਨੀ ਨਾਲ ਕਰਨੀ ਹੋਵੇਗੀ ਡਾਈਟ ਪਲਾਨਿੰਗ

2021 ਵਿੱਚ ਡੇਸਮੰਡ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਪੋਲੈਂਡ ਵਿੱਚ 187 ਬੱਚਿਆਂ 'ਤੇ ਇੱਕ ਅਧਿਐਨ ਕੀਤਾ। ਇਹ ਬੱਚੇ ਜਾਂ ਤਾਂ ਵੀਗਨ ਸਨ ਜਾਂ ਸ਼ਾਕਾਹਾਰੀ ਜਾਂ ਫਿਰ ਵੀਗਨ ਜਾਂ ਗੈਰ ਵੀਗਨ ਭੋਜਨ, ਦੋਵੇਂ ਲੈ ਰਹੇ ਸਨ।

ਦੋ-ਤਿਹਾਈ ਵੀਗਨ ਅਤੇ ਸ਼ਾਕਾਹਾਰੀ ਬੱਚਿਆਂ ਨੇ ਬੀ-12 ਸਪਲੀਮੈਂਟਸ ਲਏ ਸਨ, ਪਰ ਕੁਲ ਮਿਲਾ ਕੇ ਵੀਗਨ ਬੱਚਿਆਂ ਵਿੱਚ ਕੈਲਸ਼ੀਅਮ ਦਾ ਪੱਧਰ ਘੱਟ ਸੀ ਅਤੇ ਉਹ ਆਇਰਨ,ਵਿਟਾਮਿਨ ਡੀ ਅਤੇ ਬੀ-12 ਦੀ ਘਾਟ ਦੇ ਜੋਖ਼ਿਮ ਨਾਲ ਜੂਝ ਰਹੇ ਸਨ।

ਇਸ ਅਧਿਐਨ ਦੇ ਮੁਤਾਬਿਕ ਵੀਗਨ ਬੱਚਿਆਂ ਦੀ ਸਿਹਤ ਦੋਵੇਂ ਤਰ੍ਹਾਂ ਯਾਨੀ ਵੀਗਨ ਅਤੇ ਐਨੀਮਲ ਉਤਪਾਦ ਖਾਣ ਵਾਲੇ ਬੱਚਿਆਂ ਤੋਂ ਕੁਝ ਮਾਮਲਿਆਂ ਵਿੱਚ ਅਲੱਗ ਸੀ।

ਹਾਲਾਂਕਿ ਚੰਗੀ ਗੱਲ ਇਹ ਸੀ ਕਿ ਵੀਗਨ ਡਾਈਟ ਲੈਣ ਵਾਲੇ ਦੁਬਲੇ-ਪਤਲੇ ਸਨ ਅਤੇ ਉਨ੍ਹਾਂ ਵਿੱਚ ਕੋਲੇਸਟਰੋਲ ਦਾ ਪੱਧਰ ਘੱਟ ਸੀ। ਇਸ ਨਾਲ ਭਵਿੱਖ ਵਿੱਚ ਉਨ੍ਹਾਂ ਦੇ ਦਿਲ ਦੇ ਰੋਗਾਂ ਦੀ ਸੰਭਾਵਨਾ ਬਹੁਤ ਘੱਟ ਹੋ ਸਕਦੀ ਸੀ। ਉਨ੍ਹਾਂ ਦੇ ਸਰੀਰ ਵਿੱਚ ਸੋਜ਼ਿਸ਼ ਦੇ ਵੀ ਘੱਟ ਸੰਕੇਤ ਮਿਲੇ।

ਬੱਚਿਆਂ ਦੀ ਲੰਬਾਈ 'ਤੇ ਅਸਰ

ਅਧਿਐਨ ਦੇ ਮੁਤਾਬਿਕ ਵੀਗਨ ਡਾਈਟ ਲੈਣ ਵਾਲੇ ਬੱਚਿਆਂ ਦੀ ਐਨੀਮਲ ਉਤਪਾਦ ਲੈਣ ਵਾਲੇ ਬੱਚਿਆਂ ਤੋਂ ਲੰਬਾਈ ਘੱਟ ਦੇਖੀ ਗਈ।

ਵੀਗਨ ਡਾਈਟ ਲੈਣ ਵਾਲੇ ਬੱਚੇ ਉਨ੍ਹਾਂ ਤੋਂ ਤਿੰਨ ਤੋਂ ਚਾਰ ਸੈਂਟੀਮੀਟਰ ਛੋਟੇ ਪਾਏ ਗਏ। ਹਾਲਾਂਕਿ ਵੀਗਨ ਡਾਈਟ ਲੈਣ ਵਾਲੇ ਬੱਚਿਆਂ ਦੀ ਲੰਬਾਈ ਉਨ੍ਹਾਂ ਦੀ ਉਮਰ ਦੇ ਹਿਸਾਬ ਮੁਤਾਬਿਕ ਆਮ ਸੀ।

ਡੇਸਮੰਡ ਕਹਿੰਦੇ ਹਨ, ''ਉਹ (ਵੀਗਨ ਡਾਈਟ ਲੈਣ ਵਾਲੇ ਬੱਚੇ) ਕੱਦ ਵਿੱਚ ਥੋੜ੍ਹੇ ਛੋਟੇ ਅਤੇ ਵਜ਼ਨ ਵਿੱਚ ਹਲਕੇ ਹੋ ਸਕਦੇ ਹਨ। ਪਰ ਸਾਨੂੰ ਇਹ ਨਹੀਂ ਪਤਾ ਕਿ ਕੀ ਇਹ ਕਿਸ਼ੋਰ ਅਵਸਥਾ ਵਿੱਚ ਆਉਣ ਤੱਕ ਇਹ ਕੱਦ ਵਿੱਚ ਉਨ੍ਹਾਂ ਬੱਚਿਆਂ ਦੀ ਬਰਾਬਰੀ ਕਰ ਲੈਣਗੇ ਜਾਂ ਨਹੀਂ, ਜੋ ਐਨੀਮਲ ਉਤਪਾਦ ਲੈ ਰਹੇ ਸਨ।''

ਹਾਲਾਂਕਿ ਜ਼ਿਆਦਾ ਚਿੰਤਾ ਦੀ ਗੱਲ ਇਹ ਸੀ ਕਿ ਸ਼ਾਕਾਹਾਰੀ ਬੱਚਿਆਂ ਦੀਆਂ ਹੱਡੀਆਂ ਦੀ ਬੋਨ ਡੈਂਸਿਟੀ ਐਨੀਮਲ ਉਤਪਾਦ ਲੈਣ ਵਾਲੇ ਬੱਚਿਆਂ ਦੀ ਤੁਲਨਾ ਵਿੱਚ ਛੇ ਫੀਸਦੀ ਘੱਟ ਸੀ।

ਇਸ ਦਾ ਮਤਲਬ ਇਹ ਹੈ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਓਸਟਿਯੌਪੋਰੋਸਿਸ ਅਤੇ ਫਰੈਕਚਰ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ।

ਡੇਸਮੰਡ ਕਹਿੰਦੇ ਹਨ, ''ਸਾਡੇ ਕੋਲ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਸਮਾਂ ਬਹੁਤ ਸੀਮਤ ਹੁੰਦਾ ਹੈ। ਇਹ ਲਗਭਗ 25 ਤੋਂ 30 ਸਾਲ ਦੀ ਉਮਰ ਤੱਕ ਹੀ ਹੁੰਦਾ ਹੈ।

''ਇਸ ਤੋਂ ਬਾਅਦ ਸਾਡੀਆਂ ਹੱਡੀਆਂ ਵਿੱਚ ਮਿਨਰਲਜ਼ ਦੀ ਮਾਤਰਾ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ। ਜੇਕਰ ਤੁਹਾਡੀਆਂ ਹੱਡੀਆਂ ਵਿੱਚ 25 ਸਾਲ ਦੀ ਉਮਰ ਤੱਕ ਉਚਿਤ ਮਿਨਰਲ ਨਹੀਂ ਬਣੇ ਤਾਂ ਫਿਰ ਇਹ ਘੱਟ ਹੀ ਹੋਣ ਲੱਗਦੇ ਹਨ।''

ਵੀਗਨ ਡਾਈਟ ਲੈਣ ਵਾਲੇ ਬਾਲਗ ਲੋਕਾਂ 'ਤੇ ਹੋਈ ਰਿਸਰਚ ਦੇ ਮੁਤਾਬਿਕ ਉਨ੍ਹਾਂ ਦੀਆਂ ਹੱਡੀਆਂ ਵਿੱਚ ਵੀ ਐਨੀਮਲ ਉਤਪਾਦ ਲੈਣ ਵਾਲਿਆਂ ਦੀ ਤੁਲਨਾ ਵਿੱਚ ਮਿਨਰਲਜ਼ ਡੈਂਸਿਟੀ ਘੱਟ ਹੁੰਦੀ ਹੈ। ਜਿਸ ਨਾਲ ਉਨ੍ਹਾਂ ਵਿੱਚ ਫਰੈਕਚਰ ਦਾ ਖ਼ਤਰਾ ਵਧ ਜਾਂਦਾ ਹੈ।

ਹਾਲਾਂਕਿ, ਇਸ ਮਿਨਰਲ ਦੀ ਘਾਟ ਦੀ ਸਹੀ ਵਜ੍ਹਾ ਅਜੇ ਪੂਰੀ ਤਰ੍ਹਾਂ ਸਮਝ ਨਹੀਂ ਆ ਸਕੀ ਹੈ।

ਵਿਟਾਮਿਨ ਡੀ ਅਤੇ ਕੈਲਸ਼ੀਅਮ ਦੋਵੇਂ ਹੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਬਣਾਏ ਰੱਖਣ ਲਈ ਜ਼ਰੂਰੀ ਹਨ, ਪਰ ਡੇਸਮੰਡ ਦਾ ਕਹਿਣਾ ਹੈ ਕਿ 2021 ਦੇ ਉਨ੍ਹਾਂ ਦੇ ਅਧਿਐਨ ਵਿੱਚ ਵੀਗਨ ਬੱਚਿਆਂ ਵਿੱਚ ਕੈਲਸ਼ੀਅਮ ਦਾ ਸੇਵਨ ਦੂਜੇ ਬੱਚਿਆਂ ਦੀ ਤੁਲਨਾ ਵਿੱਚ ਘੱਟ ਸੀ, ਪਰ ਇਹ ਅੰਤਰ ਬਹੁਤ ਜ਼ਿਆਦਾ ਨਹੀਂ ਸੀ।

ਡੇਸਮੰਡ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਇਹ ਕਈ ਕਾਰਨਾਂ ਦਾ ਮੇਲ ਹੈ। ਇਹ ਸਿਰਫ਼ ਕੈਲਸ਼ੀਅਮ ਦੀ ਗੋਲੀ ਲੈਣ ਨਾਲ ਹੱਲ ਨਹੀਂ ਹੋਵੇਗਾ।''

''ਕਿਉਂਕਿ ਇਹ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ ਦੀ ਗੁਣਵੱਤਾ 'ਤੇ ਵੀ ਨਿਰਭਰ ਹੋ ਸਕਦਾ ਹੈ, ਜੋ ਪਸ਼ੂ ਪ੍ਰੋਟੀਨ ਦੀ ਤੁਲਨਾ ਵਿੱਚ ਬੱਚਿਆਂ ਦੇ ਵਿਕਾਸ ਨੂੰ ਘੱਟ ਰਫ਼ਤਾਰ ਨਾਲ ਵਧਾਉਂਦਾ ਹੈ।''

ਮੰਨਿਆ ਜਾਂਦਾ ਹੈ ਕਿ ਜ਼ਿਆਦਾ ਐਨੀਮਲ ਪ੍ਰੋਟੀਨ ਨਾਲ ਸਰੀਰ ਦਾ ਵਿਕਾਸ ਜ਼ਿਆਦਾ ਹੋ ਸਕਦਾ ਹੈ। ਬੱਚਿਆਂ ਦੇ ਵਿਕਾਸ ਲਈ ਸਰੀਰ ਦੇ ਅੰਦਰ ਜੋ ਰਿਸਾਅ ਹੁੰਦਾ ਹੈ, ਉਸ ਵਿੱਚ ਇਸ ਨਾਲ ਤੇਜ਼ੀ ਆ ਸਕਦੀ ਹੈ।

ਆਮ ਤੌਰ 'ਤੇ ਪ੍ਰੋਟੀਨ ਸਰੀਰ ਨੂੰ ਤੇਜ਼ੀ ਨਾਲ ਵਧਣ ਦੇ ਸੰਕੇਤ ਭੇਜਦੇ ਹਨ।

ਇਹ ਹੱਡੀਆਂ ਦੇ ਵਿਕਾਸ ਅਤੇ ਮੁਰੰਮਤ ਦੋਵਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਹਾਲਾਂਕਿ ਅਮਾਤੀ ਦੱਸਦੇ ਹਨ ਕਿ ਇਹ ਨਤੀਜੇ ਸਿਰਫ਼ ਇੱਕ ਸਟੱਡੀ ਤੋਂ ਲਏ ਗਏ ਹਨ।

ਇਸ ਲਈ ਬਚਪਨ ਵਿੱਚ ਵੀਗਨ ਡਾਈਟ ਅਤੇ ਹੱਡੀਆਂ ਦੀ ਡੈਂਸਿਟੀ ਦੇ ਵਿਚਕਾਰ ਕੋਈ ਪੱਕੀ ਕੜੀ ਅਜੇ ਸਾਬਤ ਨਹੀਂ ਹੋਈ ਹੈ।

ਯੋਜਨਾ ਬਣਾ ਕੇ ਤਿਆਰ ਕੀਤੀ ਗਈ ਵੀਗਨ ਡਾਈਟ ਕਿੰਨੀ ਸੁਰੱਖਿਅਤ

ਡੇਸਮੰਡ ਕਹਿੰਦੇ ਹਨ, ''ਮੈਂ ਤਾਂ ਕਹਾਂਗੀ ਕਿ ਅੱਜ ਦੀ ਤਰੀਕ ਵਿੱਚ ਸਾਡੇ ਕੋਲ ਜੋ ਜਾਣਕਾਰੀ ਹੈ, ਉਸ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਬਚਪਨ ਵਿੱਚ ਵੀਗਨ ਡਾਈਟ ਸੁਰੱਖਿਅਤ ਹੋ ਸਕਦੀ ਹੈ, ਪਰ ਇਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਤਿਆਰ ਕਰਨਾ ਹੋਵਗਾ।

ਇਸ ਵਿਚਾਰ ਨਾਲ ਟੌਮ ਸੈਂਡਰਸ ਵੀ ਸਹਿਮਤ ਹਨ ਜੋ ਕਿੰਗਜ਼ ਕਾਲਜ ਲੰਡਨ ਵਿੱਚ ਨਿਊਟ੍ਰੀਸ਼ਨ ਅਤੇ ਡਾਈਟੇਟਿਕਸ ਦੇ ਆਨਰੇਰੀ ਪ੍ਰੋਫੈਸਰ ਹਨ ਅਤੇ 1970 ਦੇ ਦਹਾਕੇ ਤੋਂ ਵੀਗਨ ਡਾਈਟ 'ਤੇ ਖੋਜ ਕਰ ਰਹੇ ਹਨ।

ਉਹ ਕਹਿੰਦੇ ਹਨ, ''ਅਸੀਂ ਸਾਲਾਂ ਪਹਿਲਾਂ ਇਹ ਦਿਖਾਇਆ ਸੀ ਕਿ ਬੱਚਿਆਂ ਨੂੰ ਵੀਗਨ ਡਾਈਟ 'ਤੇ ਪਾਲਿਆ ਜਾ ਸਕਦਾ ਹੈ, ਬਸ਼ਰਤੇ ਤੁਹਾਨੂੰ ਪਤਾ ਹੋਵੇ ਇਸ ਵਿੱਚ ਕੀ ਗਲਤੀਆਂ ਹੋ ਸਕਦੀਆਂ ਹਨ।

ਤਾਂ ਫਿਰ ਸਵਾਲ ਇਹ ਹੈ ਕਿ ਤੁਸੀਂ ਮਾਸ ਅਤੇ ਡੇਅਰੀ ਉਤਪਾਦ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿੱਚ ਕਿਵੇਂ ਹਾਸਲ ਕਰ ਸਕਦੇ ਹੋ, ਖ਼ਾਸ ਕਰ ਕੇ ਉਦੋਂ ਜਦੋਂ ਤੁਸੀਂ ਉਹ ਵੀਗਨ ਡਾਈਟ ਲੈ ਰਹੇ ਹੋ।

ਕੀ ਸਪਲੀਮੈਂਟ ਲੈਣਾ ਸਹੀ ਤਰੀਕਾ ਹੈ?

ਜਿੱਥੋਂ ਤੱਕ ਬੀ-12 ਦਾ ਸਵਾਲ ਹੈ ਤਾਂ ਕੁਝ ਖੋਜਾਂ ਦੱਸਦੀਆਂ ਹਨ ਕਿ ਇਸ ਦਾ ਸਭ ਤੋਂ ਚੰਗਾ ਤਰੀਕਾ ਸਪਲੀਮੈਂਟ ਲੈਣਾ ਹੈ। ਹਾਲਾਂਕਿ ਕੁਝ ਫੋਰਟੀਫਾਈਡ ਅਨਾਜ ਅਤੇ ਪੌਦਿਆਂ ਤੋਂ ਹਾਸਲ ਦੁੱਧ (ਜਿਵੇਂ ਸੋਇਆ ਜਾਂ ਬਦਾਮ ਦੁੱਧ) ਵਿੱਚ ਬੀ-12 ਮਿਲਾਇਆ ਜਾਂਦਾ ਹੈ।

ਇਸ ਤਰ੍ਹਾਂ ਦੇ ਦੁੱਧ ਅਤੇ ਦਹੀਂ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਵੀ ਮਿਲਾਇਆ ਜਾਂਦਾ ਹੈ।

ਅਮਾਤੀ ਇਹ ਵੀ ਕਹਿੰਦੇ ਹਨ ਕਿ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਧੁੱਪ ਵਿੱਚ ਬਾਹਰ ਜਾਣ ਅਤੇ ਦਿਨ ਵਿੱਚ ਜਦੋਂ ਅਲਟਰਾਵਾਇਲਟ ਕਿਰਨਾਂ ਦਾ ਪੱਧਰ ਘੱਟ ਹੋਵੇ ਤਾਂ ਚਮੜੀ 'ਤੇ ਸੂਰਜ ਪੈਣ ਦੇਣ ਤਾਂ ਕਿ ਸਰੀਰ ਖ਼ੁਦ ਵਿਟਾਮਿਨ ਡੀ ਬਣਾ ਸਕੇ।

ਆਇਰਨ ਦੇ ਚੰਗੇ ਵੀਗਨ ਸਰੋਤਾਂ ਵਿੱਚ ਦਾਲਾਂ, ਰਾਜਮਾ, ਛੋਲੇ ਅਤੇ ਦੂਜੇ ਬੀਨਜ਼ ਹੋ ਸਕਦੇ ਹਨ।

ਅਮਾਤੀ ਕਹਿੰਦੇ ਹਨ, ''ਸਰੀਰ ਵਿੱਚ ਆਇਰਨ ਦੇ ਰਿਸਾਅ ਵਿੱਚ ਥੋੜ੍ਹੀ ਮੁਸ਼ਕਿਲ ਹੋ ਸਕਦੀ ਹੈ, ਪਰ ਜੇਕਰ ਤੁਸੀਂ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਜਿਵੇਂ ਸ਼ਿਮਲਾ ਮਿਰਚ, ਟਮਾਟਰ ਅਤੇ ਖੱਟੇ ਫਲਾਂ ਵਾਲਾ ਖਾਣਾ ਖਾਂਦੇ ਹੋ ਤਾਂ ਇਹ ਠੀਕ ਹੋ ਸਕਦਾ ਹੈ।''

ਓਮੇਗਾ-3 ਫੈਟੀ ਐਸਿਡ ਲਈ ਅਲਸੀ ਦੇ ਬੀਜ, ਚੀਆ ਸੀਡਜ਼ ਅਤੇ ਅਖਰੋਟ ਏਐੱਲਏ ਦੇ ਚੰਗੇ ਸਰੋਤ ਹਨ। ਸ਼ਾਕਾਹਾਰੀ ਲੋਕ ਸਮੁੰਦਰੀ ਐਲਗੀ ਅਤੇ ਐਲਗੀ ਤੋਂ ਬਣੇ ਓਮੇਗਾ-3 ਸਪਲੀਮੈਂਟ ਲੈ ਕੇ ਏਪੀਏ ਅਤੇ ਡੀਐੱਚਏ (ਜੋ ਮੱਛੀ ਵਿੱਚ ਪਾਏ ਜਾਂਦੇ ਹਨ) ਦੀ ਘਾਟ ਨੂੰ ਪੂਰਾ ਕਰ ਸਕਦੇ ਹਨ।

ਅਲਟਰਾ ਪ੍ਰੋਸੈੱਸਡ ਵੀਗਨ ਡਾਈਟ ਤੋਂ ਬਚੋ

ਅਮਾਤੀ ਕਹਿੰਦੇ ਹਨ ਕਿ ਸਭ ਤੋਂ ਚੰਗਾ ਹੁੰਦਾ ਹੈ ਕਿ ਵੀਗਨ ਡਾਈਟ ਦੀ ਚੋਣ ਕਰਦੇ ਸਮੇਂ ਵਿਭਿੰਨਤਾ ਦਾ ਧਿਆਨ ਰੱਖੋ। ਸਿਰਫ਼ ਬਾਜ਼ਾਰ ਵਿੱਚ ਵਿਕਣ ਵਾਲੇ ਬਹੁਤ ਜ਼ਿਆਦਾ ਪ੍ਰੋਸੈੱਸਡ (ਜਿਵੇਂ ਪੈਕਡ ਚੀਜ਼, ਨਗੇਟਸ ਆਦਿ) 'ਤੇ ਨਿਰਭਰ ਨਾ ਰਹੋ।

ਉਹ ਕਹਿੰਦੇ ਹਨ, 'ਅਸੀਂ ਕੁਝ ਅਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਵੀਗਨ ਡਾਈਟ ਲੈ ਰਹੇ ਹਨ, ਪਰ ਉਹ ਸਿਰਫ਼ ਵੀਗਨ ਚੀਜ਼ ਅਤੇ ਵੀਗਨ ਚਿਕਨ ਨਗੇਟਸ ਵਰਗੀਆਂ ਚੀਜ਼ਾਂ ਖਰੀਦਦੇ ਹਨ। ਇਸ ਨਾਲ ਉਨ੍ਹਾਂ ਦੇ ਭੋਜਨ ਦੀ ਗੁਣਵੱਤਾ ਖਰਾਬ ਬਣੀ ਰਹਿੰਦੀ ਹੈ।''

ਉਹ ਕਹਿੰਦੇ ਹਨ, ''ਜੇਕਰ ਤੁਸੀਂ ਪੋਸ਼ਕ ਤੱਤਾਂ ਦੀ ਕਮੀ ਵਾਲਾ ਅਸੰਤੁਲਿਤ ਵੀਗਨ ਡਾਈਟ ਲੈ ਰਹੇ ਹੋ ਅਤੇ ਸਪਲੀਮੈਂਟਸ ਲੈ ਕੇ ਇਸ ਦੀ ਕਮੀ ਪੂਰੀ ਕਰਨਾ ਚਾਹੁੰਦੇ ਹਨ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਫਾਇਦਾ ਨਹੀਂ ਪਹੁੰਚੇਗਾ।''

ਖੋਜ ਜ਼ਰੂਰੀ ਹੈ

ਅੰਤ ਵਿੱਚ ਹਰ ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਮਾਤਾ-ਪਿਤਾ ਨੂੰ ਵਿਟਾਮਿਨ ਬੀ-12, ਵਿਟਾਮਿਨ ਡੀ, ਕੈਲਸ਼ੀਅਮ ਅਤੇ ਆਇਰਨ ਵਰਗੇ ਪੋਸ਼ਕ ਤੱਤਾਂ ਬਾਰੇ ਖੁਦ ਜਾਣਨਾ ਚਾਹੀਦਾ ਹੈ ਤਾਂ ਕਿ ਉਹ ਸਾਵਧਾਨੀ ਨਾਲ ਆਪਣੇ ਬੱਚਿਆਂ ਦੇ ਭੋਜਨ ਲਈ ਯੋਜਨਾਬੰਦੀ ਕਰ ਸਕਣ।

ਅਮਾਤੀ ਕਹਿੰਦੇ ਹਨ, ''ਇਸ ਲਈ ਮਾਤਾ-ਪਿਤਾ ਨੂੰ ਕਿਸੇ ਸਿਹਤ ਮਾਹਰ ਤੋਂ ਸਲਾਹ ਲੈਣੀ ਚਾਹੀਦੀ ਹੈ। ਖ਼ਾਸ ਕਰਕੇ ਬਾਲ ਪੋਸ਼ਣ ਮਾਹਰ ਰਜਿਸਟਰਡ ਨਿਊਟ੍ਰੀਸ਼ਨਿਸਟ ਨਾਲ। ਇਸ ਨਾਲ ਤੁਸੀਂ ਆਪਣੇ ਬੱਚੇ ਲਈ ਸਹੀ ਭੋਜਨ ਯੋਜਨਾ ਬਣਾ ਸਕੋਗੇ।''

ਉਹ ਕਹਿੰਦੇ ਹਨ, ''ਇਸ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਬੱਚਿਆਂ ਦੇ ਵਧਣ ਦੀ ਨਿਗਰਾਨੀ ਰੱਖੋ। ਜੇਕਰ ਉਨ੍ਹਾਂ ਦੇ ਵਧਣ ਵਿੱਚ ਦੇਰ ਹੋ ਰਹੀ ਹੈ ਤਾਂ ਸਮੇਂ ਸਮੇਂ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)