You’re viewing a text-only version of this website that uses less data. View the main version of the website including all images and videos.
ਕਿਡਨੀ ਦਾਨ ਕਰਨ ਦੀ ਇੱਛਾ ਜ਼ਰੂਰ ਪੂਰੀ ਕਰੋ, ਪਰ ਇਹ ਵੀ ਜਾਣੋ
ਜੰਮੂ ਦੇ ਉਧਮਪੁਰ 'ਚ ਰਹਿਣ ਵਾਲੀ ਮਨਜੋਤ ਕੌਰ ਦਾ ਦਾਅਵਾ ਹੈ ਕਿ ਉਹ ਆਪਣੀ ਦੋਸਤ ਸਮਰੀਨਾ ਅਖ਼ਤਰ ਨੂੰ ਆਪਣੀ ਕਿਡਨੀ ਦਾਨ ਕਰਨਾ ਚਾਹੁੰਦੀ ਹੈ ਪਰ ਉਸ ਦਾ ਪਰਿਵਾਰ ਉਸ ਨੂੰ ਰੋਕ ਰਿਹਾ ਹੈ।
ਮਨਜੋਤ ਦਾ ਇਹ ਬਿਆਨ ਦਿ ਟੇਲੀਗ੍ਰਾਫ ਵਿੱਚ ਛਪਿਆ ਹੈ। 22 ਸਾਲਾ ਸਮਰੀਨਾ ਅਖ਼ਤਰ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੀ ਹੈ।
ਮਨਜੋਤ ਦੇ ਪਰਿਵਾਰ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਹਸਪਤਾਲ ਨੇ ਇਹ ਮਾਮਲਾ ਇੱਕ ਕਮੇਟੀ ਨੂੰ ਰੈਫ਼ਰ ਕਰ ਦਿੱਤਾ ਹੈ।
ਭਾਰਤ ਵਿੱਚ ਅੰਗ ਦਾਨ ਸੰਬੰਧੀ ਕਾਨੂੰਨ
ਅੰਗਦਾਨ ਕਰਨ ਸੰਬੰਧੀ ਭਾਰਤ ਵਿੱਚ ਇੱਕ ਕਾਨੂੰਨ ਵੀ ਬਣਿਆ ਹੋਇਆ ਹੈ। ਭਾਰਤ ਵਿੱਚ ਅੰਗ ਦਾਨ ਨਾਲ ਜੁੜਿਆ ਕਾਨੂੰਨ, ਟਰਾਂਸਪਲਾਂਟੇਸ਼ਨ ਆਫ ਹਿਊਮਨ ਔਰਗਨਜ਼ ਐਕਟ ਸਾਲ 1994 ਵਿੱਚ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ-
ਭਾਰਤ ਵਿੱਚ ਮਨੁੱਖੀ ਸਰੀਰ ਵਿੱਚੋਂ ਅੰਗਾਂ ਦਾ ਕੱਢਿਆ ਜਾਣਾ, ਉਨ੍ਹਾਂ ਦੀ ਸੰਭਾਲ, ਉਨ੍ਹਾਂ ਨੂੰ ਕਿਸੇ ਲੋੜਵੰਦ ਮਰੀਜ਼ ਦੇ ਸਰੀਰ ਵਿੱਚ ਲਾਉਣ ਅਤੇ ਮਨੁੱਖੀ ਅੰਗਾਂ ਦੇ ਵਪਾਰ ਨੂੰ ਰੋਕਣ ਨਾਲ ਜੁੜੇ ਸਾਰੇ ਮਸਲੇ ਇਸੇ ਕਾਨੂੰਨ ਦੀਆਂ ਹਦਾਇਤਾਂ ਅਨੁਸਾਰ ਹੀ ਨਜਿੱਠੇ ਜਾਂਦੇ ਹਨ।
ਭਾਰਤੀ ਸੰਵਿਧਾਨ ਮੁਤਾਬਕ ਜਨਤਾ ਦੀ ਸਿਹਤ ਦਾ ਜਿੰਮਾ ਸੂਬਿਆਂ ਨੂੰ ਸੌਂਪਿਆ ਗਿਆ ਹੈ ਪਰ ਇਹ ਕਾਨੂੰਨ ਭਾਰਤ ਦੀ ਸੰਸਦ ਵੱਲੋਂ ਬਣਾਇਆ ਗਿਆ ਹੈ।
ਇਸ ਕਾਨੂੰਨ ਤਹਿਤ ਡਾਕਟਰਾਂ ਦੇ ਕਮੇਟੀ ਵੱਲੋਂ ਕਿਸੇ ਮਰੀਜ਼ ਨੂੰ ਦਿਮਾਗੀ ਤੌਰ 'ਤੇ ਮਰਿਆ ਐਲਾਨ ਦਿੱਤੇ ਜਾਣ ਮਗਰੋਂ ਉਸ ਵਿਅਕਤੀ ਵਿੱਚੋਂ ਗੁਰਦਿਆਂ ਸਮੇਤ ਹੋਰ ਵੀ ਕਈ ਅੰਗਾਂ ਨੂੰ ਕਿਸੇ ਹੋਰ ਮਰੀਜ਼ ਵਿੱਚ ਲਾਇਆ ਜਾ ਸਕਦਾ ਹੈ ਪਰ ਇਸ ਲਈ ਮ੍ਰਿਤਕ ਦੇ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੈ।
ਅੰਗ ਦਾਨ ਨਾਲ ਜੁੜੀਆਂ ਵੱਖੋ-ਵੱਖ ਪ੍ਰਕਿਰਿਆਵਾਂ ਬਾਰੇ 21 ਕਿਸਮ ਦੇ ਫਾਰਮ ਹਨ ਜੋ ਭਰਨੇ ਪੈਂਦੇ ਹਨ। ਇਹ ਫਾਰਮ ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਔਰਗਾਨਾਈਜ਼ੇਸ਼ਨ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਅੰਗ ਦਾਨ ਕੌਣ ਕਰ ਸਕਦਾ ਹੈ?
ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਨੈਫਰੋਲਾਜੀ ਡਿਪਾਰਟਮੈਂਟ ਦੇ ਡਾ. ਡੀਐਸ ਰਾਣਾ ਮੁਤਾਬਕ ਕਿਡਨੀ ਟਰਾਂਸਪਲਾਂਟ ਦੀ ਪ੍ਰਕਿਰਿਆ ਲਈ ਅਜਿਹੇ ਵਿਅਕਤੀ ਦਾ ਹੋਣਾ ਲਾਜ਼ਮੀ ਹੈ, ਜਿਸ ਦੀਆਂ ਦੋਵੇਂ ਕਿਡਨੀਆਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣ।
ਉਨ੍ਹਾਂ ਨੇ ਦੱਸਿਆ, "ਆਮ ਤੌਰ 'ਤੇ ਕਿਡਨੀ ਦਾਨ ਕਰਨ ਵਾਲਾ ਵਿਅਕਤੀ ਜਾਣ-ਪਛਾਣ ਦਾ ਹੁੰਦਾ ਹੈ ਪਰ ਅਜਿਹਾ ਜ਼ਰੂਰੀ ਵੀ ਨਹੀਂ ਹੈ। ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਜੇ ਬੰਦਾ ਜਿਓਂਦਾ ਹੈ ਤਾਂ ਉਹ ਆਪਣੀ ਇੱਛਾ ਨਾਲ ਅੰਗ ਦਾਨ ਕਰ ਰਿਹਾ ਹੋਵੇ।"
ਕਿਡਨੀ ਟਰਾਂਸਪਲਾਂਟ 'ਚ ਖ਼ੂਨ ਅਤੇ ਬਲੱਡ ਦਾ ਕੀ ਮਹੱਤਵ ਹੈ ਇਸ ਬਾਰੇ ਡਾ. ਰਾਣਾ ਨੇ ਦੱਸਿਆ, "ਮਰੀਜ਼ ਅਤੇ ਦਾਨੀ ਦਾ ਬਲੱਡ ਗਰੁੱਪ ਇੱਕ ਹੋਵੇ ਤਾਂ ਬਿਹਤਰ ਹੈ।"
"ਜਾਂ ਫਿਰ ਦਾਨ ਕਰਨ ਵਾਲੇ ਵਿਅਕਤੀ ਦਾ ਬਲੱਡ ਗਰੁੱਪ ਓ ਹੋਣਾ ਚਾਹੀਦਾ ਹੈ, ਜਿਸ ਨੂੰ ਯੂਨੀਵਰਸਲ ਦਾਨੀ ਬਲੱਡ ਗਰੁੱਪ ਕਿਹਾ ਜਾਂਦਾ ਹੈ। ਹਾਲਾਂਕਿ, ਦੋਵਾਂ ਦਾ ਬਲੱਡ ਗਰੁੱਪ ਮੈਚ ਨਾ ਹੋਣ 'ਤੇ ਵੀ ਕਿਡਨੀ ਟਰਾਂਸਪਲਾਂਟ ਹੋ ਸਕਦਾ ਹੈ।"
ਇਲਾਜ ਦੇ ਮੰਤਵ ਲਈ ਦੋ ਵਿਅਕਤੀਆਂ ਵਿੱਚੋਂ ਅੰਗ ਲਏ ਜਾ ਸਕਦੇ ਹਨ:
ਜੀਵਤ ਅੰਗ ਦਾਨੀ: 18 ਸਾਲ ਤੋਂ ਵੱਡੀ ਉਮਰ ਦਾ ਕੋਈ ਵਿਅਕਤੀ, ਜੋ ਆਪਣੀ ਇੱਛਾ ਨਾਲ ਆਪਣੇ ਜਿਉਂਦੇ-ਜੀਅ ਜਾਂ ਮੌਤ ਤੋਂ ਬਾਅਦ ਅੰਗ ਦਾਨ ਕਰਨਾ ਚਾਹੁੰਦਾ ਹੋਵੇ।
ਬਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ ਦੀ ਵੈਬਸਾਈਟ ਮੁਤਾਬਕ ਗੁਰਦਾ ਦਾਨ ਕਰਨ ਵਾਲੇ ਦੀ ਹੇਠ ਲਿਖੇ ਪੱਖਾਂ ਤੋਂ ਜਾਂਚ ਜ਼ਰੂਰੀ ਹੈ:
- ਦਾਨੀ ਆਪ੍ਰੇਸ਼ਨ ਦੇ ਅਸਰ ਝੱਲ ਸਕਦਾ ਹੋਵੇ।
- ਟ੍ਰਾਂਸਪਲਾਂਟ ਤੋਂ ਬਾਅਦ ਉਸ ਦੇ ਸਫ਼ਲ ਹੋਣ ਦੀ ਸੰਭਾਵਨਾ ਵੀ ਵਧੀਆ ਹੋਣੀ ਚਾਹੀਦੀ ਹੈ।
- ਜੇ ਪਹਿਲਾਂ ਕੋਈ ਇਨਫੈਕਸ਼ਨ ਆਦਿ ਹੋਵੇ ਤਾਂ ਉਸ ਦਾ ਇਲਾਜ ਕਰਾ ਲੈਣਾ ਚਾਹੀਦਾ ਹੈ।
- ਗੁਰਦੇ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਦਾ ਗੁਰਦਾ ਬਦਲਿਆ ਜਾ ਸਕਦਾ ਹੈ।
ਅਮਰੀਕਾ ਵਿੱਚ ਹੋਏ ਇੱਕ ਅਧਿਐਨ ਮੁਤਾਬਕ ਉੱਥੇ ਕੁਲ ਅੰਗ ਦਾਨੀਆਂ ਵਿਚੋਂ 60 ਫੀਸਦੀ ਔਰਤਾਂ ਹੁੰਦੀਆਂ ਹਨ। ਜਿਸ ਦੇ ਕਈ ਕਾਰਨ ਹਨ।
ਮ੍ਰਿਤ ਅੰਗ ਦਾਨੀ: ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਮਰਹੂਮ ਦੇ ਅੰਗ ਕੱਢੇ ਜਾ ਸਕਦੇ ਹਨ। ਮਰਹੂਮ ਦੇ ਨਾਬਲਾਗ ਹੋਣ 'ਤੇ ਮਾਂ-ਬਾਪ ਵਿਚੋਂ ਕਿਸੇ ਇੱਕ ਦੀ ਲਿਖਤੀ ਸਹਿਮਤੀ ਲੈਣੀ ਜਰੂਰੀ ਹੈ। ਮਰਹੂਮ ਦਾ ਅੰਗ ਲਿਆ ਜਾ ਸਕਦਾ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਮੌਤ ਸਮੇਂ ਡਾਕਟਰੀ ਜਾਂਚ ਰਾਹੀਂ ਕੀਤਾ ਜਾਂਦਾ ਹੈ।
ਕਿਹੜੇ-ਕਿਹੜੇ ਅੰਗ ਦਾਨ ਕੀਤੇ ਜਾ ਸਕਦੇ ਹਨ?
ਕਿਸੇ ਮਨੁੱਖ ਦੇ ਗੁਰਦੇ, ਜਿਗਰ, ਪੈਂਕਰੀਆਜ਼, ਦਿਲ, ਫੇਫੜੇ ਅਤੇ ਆਂਦਰਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਇਲਾਵਾ ਮਨੁੱਖੀ ਸਰੀਰ ਦੇ ਕੁਝ ਟਿਸ਼ੂ ਵੀ ਦਾਨ ਕੀਤੇ ਜਾ ਸਕਦੇ ਹਨ ਜਿਵੇਂ ਅੱਖਾਂ ਦਾ ਕੋਰਨੀਆ, ਧਮਣੀਆਂ।
ਇਹ ਵੀ ਪੜ੍ਹੋ-
ਕਿਡਨੀ ਲੈਣ ਵਾਲੇ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ:
ਗੁਰਦਾ ਬਦਲਣ ਦੇ ਕਈ ਖ਼ਤਰੇ ਹੋ ਸਕਦੇ ਹਨ ਜਿਵੇਂ ਅਪ੍ਰੇਸ਼ਨ ਵਾਲੀ ਥਾਂ ਖੂਨ ਜੰਮ ਜਾਣਾ। ਲੰਬੇ ਸਮੇਂ ਵਿੱਚ ਸ਼ੂਗਰ ਕਾਰਨ ਵੀ ਗੰਭੀਰ ਇਨਫੈਕਸ਼ਨ ਹੋ ਸਕਦਾ ਹੈ। ਇਨ੍ਹਾਂ ਖ਼ਤਰਿਆਂ ਤੋਂ ਬਚਣ ਲਈ ਸਮੇਂ-ਸਮੇਂ 'ਤੇ ਡਾਕਟਰੀ ਜਾਂਚ ਬਹੁਤ ਜ਼ਰੂਰੀ ਹੈ।
ਬਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ ਦੀ ਵੈਬਸਾਈਟ ਮੁਤਾਬਕ ਗੁਰਦਾ ਲੈਣ ਵਾਲੇ ਨੂੰ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
- ਜੇ ਸਿਗਰਟਨੋਸ਼ੀ ਕਰਦਾ ਹੋਵੇ ਤਾਂ ਛੱਡ ਦੇਵੇ।
- ਸਿਹਤਮੰਦ ਖੁਰਾਕ ਖਾਵੇ।
- ਜੇ ਮੋਟਾਪਾ ਹੋਵੇ ਜਾਂ ਭਾਰ ਲੋੜ ਤੋਂ ਵਧੇਰੇ ਹੋਵੇ ਤਾਂ ਭਾਰ ਘਟਾ ਲਵੇ।
- ਕਿਸੇ ਵੀ ਕਿਸਮ ਦੀ ਇਨਫੈਕਸ਼ਨ ਤੋਂ ਬਚੇ ਅਤੇ ਜੇ ਕੋਈ ਵੀ ਲੱਛਣ ਸਾਹਮਣੇ ਆਵੇ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਅੰਗ ਦਾਨ ਦੇ ਇੱਛੁਕ ਵਿਅਕਤੀ ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਔਰਗਾਨਾਈਜ਼ੇਸ਼ਨ ਵੱਲੋਂ ਅੰਗ ਦਾਨ ਲਈ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਇਸ ਲਈ ਫਾਰਮ ਭਰ ਸਕਦਾ ਹੈ।
ਇਹ ਫ਼ਾਰਮ ਨੈਸ਼ਨਲ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਔਰਗਾਨਾਈਜ਼ੇਸ਼ਨ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
ਦਾਨ ਕਰਨ ਦਾ ਇੱਛੁਕ ਵਿਅਕਤੀ ਆਪਣੇ ਜੀਵਨ ਵਿੱਚ ਕਿਸੇ ਵੀ ਸਮੇਂ, ਅੰਗ ਦਾਨ ਤੋਂ ਇਨਕਾਰ ਕਰ ਸਕਦਾ ਹੈ।