ਨਵਾਂ ਅਕਾਲੀ ਦਲ ਸਰਮਾਏਦਾਰਾਂ ਦਾ ਨਹੀਂ ਆਮ ਲੋਕਾਂ ਦਾ ਹੋਵੇਗਾ - ਰਣਜੀਤ ਸਿੰਘ ਬ੍ਰਹਮਪੁਰਾ

ਮਾਝੇ ਦੇ ਬਾਗ਼ੀ ਟਕਸਾਲੀ ਅਕਾਲੀ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਨਵੇਂ ਅਕਾਲੀ ਦਲ ਦੇ ਗਠਨ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਇਸ ਲਈ ਸਾਰਿਆਂ ਨੂੰ ਸੱਦਾ ਦਿੰਦੇ ਹਨ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 14 ਦਸੰਬਰ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਅਤੇ ਬਾਕੀ ਸਾਰੀ ਜਾਣਕਾਰੀ ਉਸ ਦਿਨ ਹੀ ਸਾਂਝੀ ਕੀਤੀ ਜਾਵੇਗੀ।

ਦਰਅਸਲ ਇਨ੍ਹਾਂ ਬਾਗ਼ੀ ਟਕਸਾਲੀ ਅਕਾਲੀ ਆਗੂਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਅਤੇ ਬਾਦਲ ਬਿਕਰਮ ਸਿੰਘ ਮਜੀਠੀਆ ਦੀ ਆਲੋਚਨਾ ਕਰਨ 'ਤੇ ਪਿਛਲੇ ਮਹੀਨੇ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-

ਉਸ ਦੌਰਾਨ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸੀ, ''ਕੋਰ ਕਮੇਟੀ ਵਿੱਚ ਲੀਡਰ ਸਾਹਿਬਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਖੁੱਲ੍ਹ ਕੇ ਚਰਚਾ ਹੋਈ।''

"ਭਰੇ ਮਨ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ, ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਗਿਆ।''

ਇਹ ਵੀ ਪੜ੍ਹੋ-

ਖਹਿਰ ਤੇ ਬੈਂਸ ਬ੍ਰਦਰਜ਼ ਨੂੰ ਵੀ ਸੱਦਾ

ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, "ਖਹਿਰਾ ਅਤੇ ਬੈਂਸ ਬ੍ਰਦਰਜ਼ ਨੂੰ ਸੱਦੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ 1920 ਵਾਲਾ ਸੰਵਿਧਾਨ ਹੀ ਰਹੇਗਾ ਅਤੇ ਜਿਨ੍ਹਾਂ ਦੀ ਵੀ ਵਿਚਾਰਧਾਰਾ ਇਸ ਸੰਵਿਧਾਨ ਨਾਲ ਮਿਲਦੀ ਹੈ, ਉਹ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ।"

ਬ੍ਰਹਮਪੁਰਾ ਨੇ ਕਿਹਾ ਕਿ ਉਹ ਇਸ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਨਾਲ ਚੱਲਣ ਦਾ ਸੱਦਾ ਦੇਣਗੇ।

ਇਸ ਦੇ ਨਾਲ ਬ੍ਰਹਮਪੁਰਾ ਨੇ ਬਰਗਾੜੀ ਮੋਰਚਾ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਲਈ ਕਿਹਾ ਕਿ ਉਹ ਉਨ੍ਹਾਂ ਦੇ ਕਾਜ ਨਾਲ ਸਹਿਮਤ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਵੀ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ।

'ਫੈਡਰਲ ਸਿਸਟਮ 'ਤੇ ਆਧਾਰਿਤ'

ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਨੇ ਮੌਜੂਦਾ ਅਕਾਲੀ ਆਗੂਆਂ ਦੀ ਸ਼ਮੂਲੀਅਤ ਦਾ ਵੀ ਦਾਅਵਾ ਕੀਤਾ ਅਤੇ ਕਿਹਾ ਕਿ ਇਸ ਦਾ ਆਧਾਰ ਫੈਡਰਲ ਸਿਸਟਮ ਹੋਵੇਗਾ।

ਸੇਖੋਂ ਨੇ ਕਿਹਾ, "ਬੁਨਿਆਦੀ ਧਾਰਨਾ 1920 ਵਾਲੀ ਰਹੇਗੀ ਪਰ ਅਜੋਕੇ ਸਮੇਂ ਨੂੰ ਧਿਆਨ 'ਚ ਰੱਖ ਕੇ ਇਸ ਦਾ ਗਠਨ ਹੋਵੇਗਾ। ਪੰਜਾਬ ਦੀ ਬਿਹਤਰੀ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਭ ਨੂੰ ਸੱਦਾ ਹੈ।"

ਉਨ੍ਹਾਂ ਨੇ ਕਿਹਾ, "ਮੌਜੂਦਾ ਸ਼੍ਰੋਮਣੀ ਅਕਾਲੀ ਦਲ ਸਰਮਾਏਦਾਰਾਂ ਦੀ ਜਥੇਬੰਦੀ ਬਣ ਕੇ ਰਹਿ ਗਈ ਹੈ ਤੇ ਅਸੀਂ ਗਰੀਬਾਂ ਨਾਲ ਖੜ੍ਹੇ ਹੋਣ ਵਾਲਾ ਅਕਾਲੀ ਦਲ ਬਣਾਉਣਾ ਚਾਹੁੰਦੇ ਹਾਂ।"

ਇਸ ਮੌਕੇ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਅਜਿਹੇ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਜੋ ਕਿਸੇ ਇੱਕ ਪਰਿਵਾਰ ਦਾ ਅਕਾਲੀ ਦਲ ਨਾ ਹੋਵੇ ਤੇ ਜਿਸ ਦਾ ਲੋਕ ਨਿੱਘ ਮਾਣ ਸਕਣ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)