ਕੈਨੇਡਾ ਦੇ ਐਮਪੀ ਰਾਜ ਗਰੇਵਾਲ ਨੂੰ ਕਿੱਥੋਂ ਪਈ ਜੂਆ ਖੇਡਣ ਦੀ ਆਦਤ

ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਜਨਕਤ ਤੌਰ 'ਤੇ ਮੰਨਿਆ ਹੈ ਕਿ ਉਨ੍ਹਾਂ ਨੂੰ ਜੂਏ ਦੀ ਆਦਤ ਪੈ ਗਈ ਸੀ ਜਿਸ ਦੇ ਇਲਾਜ ਲਈ ਉਹ ਸਿਆਸਤ ਤੋਂ ਕੁਝ ਵਕਤ ਲਈ ਦੂਰ ਹੋਏ ਹਨ।

ਪਹਿਲਾਂ ਉਨ੍ਹਾਂ ਨੇ ਆਪਣੀ ਸੀਟ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਸੀ ਪਰ ਹੁਣ ਉਹ ਉਸ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ।

ਰਾਜ ਗਰੇਵਾਲ ਕੈਨੇਡਾ ਦੇ ਬ੍ਰੈਂਪਟਨ ਪੂਰਬੀ ਤੋਂ ਐੱਮਪੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੁੱਪੀ ਕਾਰਨ ਕਈ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ ਜਿਸ ਲਈ ਉਨ੍ਹਾਂ ਨੂੰ ਸਾਹਮਣੇ ਆਉਣ ਪਿਆ।

ਰਾਜ ਗਰੇਵਾਲ ਨੇ ਵੀਡੀਓ ਮੈਸੇਜ ਰਾਹੀਂ ਆਪਣਾ ਪੱਖ ਰੱਖਿਆ।

ਕੀਤਾ ਸੀ ਅਸਤੀਫੇ ਦਾ ਐਲਾਨ

23 ਨਵੰਬਰ ਨੂੰ ਰਾਜ ਗਰੇਵਾਲ ਨੇ ਫੇਸਬੁੱਕ 'ਤੇ ਲਿਖਿਆ ਸੀ, "ਮੈਂ ਚੀਫ ਸਰਕਾਰੀ ਵ੍ਹਿਪ ਨੂੰ ਦੱਸ ਦਿੱਤਾ ਹੈ ਕਿ ਮੈਂ ਬ੍ਰੈਂਪਟਨ ਈਸਟ ਦੀ ਐਮਪੀ ਦੀ ਸੀਟ ਤੋਂ ਅਸਤੀਫਾ ਦੇ ਰਹਿ ਹਾਂ। ਮੈਂ ਇਹ ਅਸਤੀਫਾ ਨਿੱਜੀ ਅਤੇ ਮੈਡੀਕਲ ਕਾਰਨਾਂ ਕਰਕੇ ਦੇ ਰਹੇ ਹਾਂ। ਮੈਨੂੰ ਆਪਣੀ ਸਿਹਤ ਅਤੇ ਪਰਿਵਾਰ ਵੱਲ ਧਿਆਨ ਦੇਣ ਦੀ ਲੋੜ ਹੈ।''

ਇਸ ਤੋਂ ਬਾਅਦ 24 ਨਵੰਬਰ ਨੂੰ ਰਾਜ ਗਰੇਵਾਲ ਨੇ ਇੱਕ ਬਿਆਨ ਜਾਰੀ ਕਰਕੇ ਮੰਨਿਆ ਕਿ ਉਨ੍ਹਾਂ ਨੂੰ ਜੂਏ ਦੀ ਆਦਤ ਪੈ ਗਈ ਹੈ ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਥੋੜ੍ਹਾ ਵਕਤ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।

ਇਸ ਤੋਂ ਬਾਅਦ 1 ਦਸੰਬਰ ਨੂੰ ਜਾਰੀ ਬਿਆਨ ਵਿੱਚ ਰਾਜ ਗਰੇਵਾਲ ਨੇ ਆਪਣੀ ਆਦਤ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਆਪਣੇ ਤੇ ਪਰਿਵਾਰ 'ਤੇ ਲੱਗੇ ਬੇਨਿਯਮੀਆਂ ਦੇ ਇਲਜ਼ਾਮਾਂ ਦਾ ਸਪਸ਼ਟੀਕਰਨ ਵੀ ਦਿੱਤਾ।

ਰਾਜ ਗਰੇਵਾਲ ਐਮਪੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਤੋਂ ਪਿੱਛੇ ਹਟ ਗਏ।

ਉਨ੍ਹਾਂ ਕਿਹਾ, ''ਜ਼ਿਆਦਾ ਜਜ਼ਬਾਤੀ ਤੇ ਨਿਰਾਸ਼ ਹੋਣ ਕਾਰਨ ਮੈਂ ਗਲਤ ਸਲਾਹ ਮੰਨ ਕਿ ਫੇਸਬੁੱਕ ਤੇ ਬਿਆਨ ਜਾਰੀ ਕਰ ਦਿੱਤਾ ਕਿ ਮੈਂ ਆਪਣੀ ਸੀਟ ਛੱਡ ਰਿਹਾ ਹਾਂ। ਮੈਨੂੰ ਪਤਾ ਹੈ ਕਿ ਕੁਝ ਲੋਕ ਸੋਚ ਰਹੇ ਹੋਣਗੇ ਮੇਰਾ ਅਸਤੀਫਾ ਦੇਣਾ ਸਹੀ ਸੀ।''

ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਕਸ ਤੋਂ ਤਾਂ ਅਸਤੀਫਾ ਦੇ ਰਹੇ ਹਨ ਪਰ ਆਪਣੇ ਸਿਆਸੀ ਭਵਿੱਖ ਬਾਰੇ ਨਵੇਂ ਸਾਲ ਵਿੱਚ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਫੈਸਲਾ ਲੈਣਗੇ।

ਇਹ ਹੈ ਰਾਜ ਗਰੇਵਾਲ ਵੱਲੋਂ ਜਾਰੀ ਆਖਰੀ ਬਿਆਨ ਦੇ ਕੁਝ ਅੰਸ਼।

3 ਸਾਲਾਂ 'ਚ ਮੈਂ ਲੱਖਾਂ ਡਾਲਰਾਂ ਕਰਜ਼ ਚੜ੍ਹਾ ਲਿਆ

ਮੈਂ ਮਜ਼ੇ ਲਈ ਯੂਨੀਵਰਸਿਟੀ ਵਿੱਚ ਜੁਆ ਖੇਡਣਾ ਸ਼ੁਰੂ ਕੀਤਾ ਸੀ। ਮੈਨੂੰ ਉਮੀਦ ਨਹੀਂ ਸੀ ਕਿ ਇਸ ਦਾ ਮੇਰੀ ਸਿਹਤ 'ਤੇ ਮਾੜਾ ਅਸਰ ਪੈ ਜਾਵੇਗਾ ਅਤੇ ਮੈਨੂੰ ਇਸ ਦੀ ਬੁਰੀ ਆਦਤ ਪੈ ਜਾਵੇਗੀ। ਪਰ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ।

ਹੁਣ ਮੈਂ ਇਸ ਨੂੰ ਮੰਨਦਾ ਹਾਂ ਅਤੇ ਇਸ ਦੀ ਜ਼ਿੰਮਵਾਰੀ ਲੈਂਦਾ ਹੈ।

ਓਟਾਵਾ ਵਿੱਚ ਐੱਮਪੀ ਦੇ ਕਾਰਜਾਕਲ ਦੌਰਾਨ ਮੈਂ ਜਿਸ ਹੋਟਲ ਵਿੱਚ ਰੁਕਿਆ ਸੀ ਉਹ ਕੈਸੀਨੋ ਦੇ ਨੇੜੇ ਸੀ।

ਇਹ ਵੀ ਪੜ੍ਹੋ-

2016 ਦੀ ਸ਼ੁਰੂਆਤ ਮੈਂ ਜੂਆ ਖੇਡਣਾ ਸ਼ੁਰੂ ਕੀਤਾ ਅਤੇ ਜਲਦ ਹੀ ਮੈਂ ਉਸ ਵਿੱਚ ਵੱਡੀ ਰਕਮ ਲਗਾਉਣ ਲੱਗਿਆ।

15 ਤੋਂ 30 ਮਿੰਟ ਦੌਰਾਨ ਮੈਂ ਜਾਂ ਤਾਂ ਕਾਫੀ ਪੈਸਾ ਜਿੱਤਦਾ ਸੀ ਜੋ ਮੈਨੂੰ ਹੋਰ ਖੇਡਣ ਲਈ ਉਤਸ਼ਾਹਤ ਕਰਦਾ ਸੀ ਜਾਂ ਮੈਂ ਇੰਨਾ ਜ਼ਿਆਦਾ ਹਾਰ ਜਾਂਦਾ ਸੀ ਕਿ ਮੈਂ ਨਿਰਾਸ਼ਾ ਵੱਲ ਚੱਲਿਆ ਜਾਂਦਾ ਸੀ।

ਤਿੰਨ ਸਾਲਾਂ ਦੌਰਾਨ ਮੇਰੇ 'ਤੇ ਲੱਖਾਂ ਡਾਲਰਾਂ ਦਾ ਕਰਜ਼ ਚੜ੍ਹ ਗਿਆ। ਹੋਰ ਜੂਏ ਦੇ ਆਦੀ ਲੋਕਾਂ ਵਾਂਗ ਮੈਂ ਪਰਿਵਾਰ ਤੇ ਦੋਸਤਾਂ ਤੋਂ ਪੈਸੇ ਮੰਗਣ ਲੱਗਿਆ।

ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਹਰ ਕਰਜ਼ ਦੀ ਅਦਾਇਗੀ ਚੈਕ ਨਾਲ ਲਈ ਅਤੇ ਕੀਤੀ। ਮੈਂ ਆਪਣੇ ਪਰਿਵਾਰ 'ਤੇ ਪਏ ਵਿੱਤੀ ਭਾਰ ਕਰਕੇ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ।

ਮੈਂ ਜਾਣਦਾ ਹਾਂ ਮੇਰੇ ਕਾਰਨ ਸਾਰੇ ਸਦਮੇ ਵਿੱਚ ਹਨ ਕਿ ਆਖਿਰ ਇੱਕ ਪੜ੍ਹਿਆ-ਲਿਖਿਆ ਵਿਅਕਤੀ ਕਿਵੇਂ ਅਜਿਹਾ ਗ਼ਲਤ ਕੰਮ ਕਰ ਸਕਦਾ ਹੈ। ਪਰ ਇਹ ਸੱਚ ਹੈ ਕਿ ਮੈਨੂੰ ਜੂਆ ਖੇਡਣ ਦੀ ਮਾਨਸਿਕ ਬਿਮਾਰੀ ਹੈ।

ਇਹ ਵੀ ਪੜ੍ਹੋ-

ਮੇਰਾ ਮੰਨਣਾ ਸੀ ਕਿ ਇੱਕ ਜਿੱਤ ਨਾਲ ਮੇਰੀ ਇਹ ਬਿਮਾਰੀ ਦੂਰ ਹੋ ਜਾਵੇਗੀ। ਮੇਰੇ ਕੋਲ ਸ਼ਬਦ ਨਹੀਂ ਹਨ ਕਿ ਇਸ ਆਦਤ ਨਾਲ ਮੇਰੇ ਪਰਿਵਾਰ ਤੇ ਦੋਸਤਾਂ ਨੂੰ ਕਿੰਨੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।

ਆਪਣੀ ਆਦਤ ਬਾਰੇ ਮੰਨਣਾ ਆਸਾਨ ਨਹੀਂ ਹੁੰਦਾ ਖ਼ਾਸਕਰ ਜਦੋਂ ਤੁਸੀਂ ਇੱਕ ਜਾਣੀ-ਪਛਾਣੀ ਹਸਤੀ ਹੋਵੋ ਇਸ ਲਈ ਮੈਂ ਸਾਰਿਆਂ ਤੋਂ ਇਹ ਆਦਤ ਲੁਕਾਈ।

ਸਭ ਕੁਝ ਖਾਮੋਸ਼ੀ ਨਾਲ ਬਰਦਾਸ਼ਤ ਕੀਤਾ

9 ਨਵੰਬਰ ਨੂੰ ਮੈਂ ਆਪਣੇ ਪਰਿਵਾਰ ਨੂੰ ਆਪਣੀ ਜੂਏ ਦੀ ਆਦਤ ਬਾਰੇ ਦੱਸਿਆ। ਉਨ੍ਹਾਂ ਦੀ ਹਿੰਮਤ ਤੇ ਪਿਆਰ ਕਾਰਨ ਹੀ ਮੈਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੂੰ ਆਪਣੀ ਜੂਏ ਦੀ ਸਮੱਸਿਆ ਬਾਰੇ ਦੱਸਿਆ।

ਮੇਰੇ ਪਾਪ ਬੇਇਮਾਨੀ ਜਾਂ ਭ੍ਰਿਸ਼ਟਾਚਾਰ ਕਾਰਨ ਨਹੀਂ ਹਨ। ਇਸ ਦਾ ਕਾਰਨ ਮਨੁੱਖੀ ਕਮਜ਼ੋਰੀ ਹੈ।

ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਹਮਾਇਤੀਆਂ ਤੋਂ ਮੁਆਫੀ ਮੰਗਦਾ ਹਾਂ ਕਿ ਮੈਂ ਉਨ੍ਹਾਂ ਨੂੰ ਨਿਰਾਸ਼ ਕੀਤਾ। ਮੈਂ ਪ੍ਰਧਾਨ ਮੰਤਰੀ ਤੋਂ ਵੀ ਮੁਆਫੀ ਮੰਗਦਾ ਹਾਂ ਕਿਉਂਕਿ ਮੇਰੇ ਕਾਰਨ ਉਨ੍ਹਾਂ ਦਾ ਧਿਆਨ ਕੈਨੇਡਾ ਦੇ ਲੋਕਾਂ ਲਈ ਹੋ ਰਹੇ ਕੰਮਾਂ ਤੋਂ ਹਟਿਆ।

ਸਿਆਸੀ ਭਵਿੱਖ ਬਾਰੇ ਫ਼ੈਸਲਾ ਨਵੇਂ ਸਾਲ ਦੀ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ

ਇਸ ਤੋਂ ਬਾਅਦ ਰਾਜ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਗਲਤ ਸਲਾਹ ਮੰਨ ਕੇ ਕੀਤੀ ਸੀ ਪਰ ਅਜੇ ਉਨ੍ਹਾਂ ਦੇ ਹਲਕੇ ਦੇ ਕਈ ਕੰਮ ਬਾਕੀ ਹਨ ਜੋ ਉਹ ਪੂਰਾ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ, "ਆਪਣੇ ਪਰਿਵਾਰ ਨਾਲ ਵਕਤ ਗੁਜ਼ਾਰਨ, ਇਲਾਜ ਲੈਣਾ ਅਤੇ ਅਣਗਿਣਤ ਸੰਦੇਸ਼ਾਂ ਦੇ ਸਮਰਥਨ ਤੋਂ ਬਾਅਦ, ਖ਼ਾਸ ਕਰਕੇ ਮਾਨਸਿਕ ਸਿਹਤ ਨਾਲ ਪੀੜਤ ਤੇ ਮੇਰੇ ਸਹਿਯੋਗੀਆਂ ਕੋਲੋਂ ਸੰਦੇਸ਼ ਮਿਲਣ ਤੋਂ ਬਾਅਦ ਮੈਂ ਫ਼ੈਸਲਾ ਲਿਆ ਕਿ ਮੈਂ ਪਾਰਟੀ ਦੀ ਕੌਕਸ ਨੂੰ ਛੱਡਾਂਗਾ।''

"ਮੈਂ ਇਹ ਫ਼ੈਸਲਾ ਸੋਚ ਸਮਝ ਕੇ ਲਿਆ ਹੈ। ਮੈਂ ਸ਼ਰਮਿੰਦਗੀ ਸਹਿਣ ਲਈ ਤਿਆਰ ਹਾਂ।''

"ਮੈਂ ਆਪਣੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਨਵੇਂ ਸਾਲ ਦੀ ਸੰਸਦ ਸ਼ੁਰੂ ਹੋਣ ਤੋਂ ਪਹਿਲਾਂ ਲਵਾਂਗਾ। ਇਸ ਵੇਲੇ ਮੈਂ ਬ੍ਰੈਮਟਨ ਈਸਟ ਦੇ ਲੋਕਾਂ ਨੂੰ ਸੰਜਮ, ਮਾਰਗਦਰਸ਼ਨ ਅਤੇ ਪ੍ਰਾਰਥਨਾ ਕਰਨ ਲਈ ਕਹਾਂਗਾ।''

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)