You’re viewing a text-only version of this website that uses less data. View the main version of the website including all images and videos.
ਕੈਨੇਡਾ ਦਾ ਪਹਿਲਾ ਸਿੱਖ ਫੌਜੀ ਬੁੱਕਣ ਸਿੰਘ ਜਿਸ ਨੂੰ ਇੱਕ ਸਦੀ ਬਾਅਦ ਮਿਲਿਆ ਸ਼ਾਨਦਾਰ ਸਨਮਾਨ
- ਲੇਖਕ, ਮੋਹਸਿਨ ਅੱਬਾਸ
- ਰੋਲ, ਕੈਨੇਡਾ ਤੋਂ ਬੀਬੀਸੀ ਪੰਜਾਬੀ ਲਈ
ਕੁਝ ਸਾਲ ਪਹਿਲਾਂ ਕੈਨੇਡਾ ਦੇ ਇਤਿਹਾਸਤਕਾਰ ਸੰਦੀਪ ਸਿੰਘ ਬਰਾੜ ਨੂੰ ਇੰਗਲੈਂਡ ਦੀ ਇੱਕ ਦੁਕਾਨ 'ਤੇ ਬੁੱਕਨ ਸਿੰਘ ਦਾ ਮੈਡਲ ਮਿਲਿਆ।
ਸੰਦੀਪ ਨੂੰ ਪਤਾ ਲਗਿਆ ਕਿ ਬੁੱਕਣ ਸਿੰਘ ਇੱਕ ਕੈਨੇਡੀਅਨ ਫੌਜੀ ਹੈ ਜਿਸ ਨੇ ਪਹਿਲੀ ਵਿਸ਼ਵ ਜੰਗ ਵਿੱਚ ਹਿੱਸਾ ਲਿਆ ਸੀ।
ਉਸ ਮੈਡਲ ਜ਼ਰੀਏ ਕਰੀਬ 100 ਸਾਲ ਪਹਿਲਾਂ ਕੈਨੇਡਾ ਆਏ ਸਿੱਖਾਂ ਵਿੱਚੋਂ ਇੱਕ ਸਿੱਖ ਬੁੱਕਣ ਸਿੰਘ ਬਾਰੇ ਪਤਾ ਲੱਗਿਆ।
ਕੈਨੇਡਾ ਵਿੱਚ ਹਰ ਸਾਲ ਸਿੱਖ ਯਾਦਗਾਰੀ ਦਿਹਾੜਾ ਮਨਾਇਆ ਜਾਂਦਾ ਹੈ।
ਇਸ ਮੌਕੇ ਇਹ ਯਾਦਗਾਰੀ ਦਿਹਾੜਾ ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਿਸਤਾਨ ਵਿੱਚ ਕੈਨੇਡੀਅਨ ਸਿੱਖ ਫੌਜੀ ਬੁੱਕਣ ਸਿੰਘ ਦੀ ਕਬਰ 'ਤੇ ਮਨਾਇਆ ਗਿਆ।
ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਅਤੇ ਕੈਨੇਡੀਅਨ ਫੌਜੀ ਮੌਜੂਦ ਰਹੇ। ਇਸ ਮੌਕੇ ਅਰਦਾਸ ਕੀਤੀ ਗਈ ਅਤੇ ਹੋਰ ਸੱਭਿਆਚਾਰਕ ਸਮਾਗਮ ਹੋਏ ਜਿਸ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ:
ਕੌਣ ਸਨ ਬੁੱਕਣ ਸਿੰਘ?
- ਬੁੱਕਣ ਸਿੰਘ 1907 ਵਿੱਚ ਪੰਜਾਬ ਦੇ ਹੁਸ਼ਿਆਰਪੁਰ ਦੇ ਮਹਿਲਪੁਰ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪਹੁੰਚੇ । ਕੁਝ ਸਾਲ ਬਾਅਦ ਬੁੱਕਨ ਸਿੰਘ ਟੋਰੰਟੋ ਆ ਗਏ।
- 1915 'ਚ ਉਹ ਕੈਨੇਡੀਅਨ ਐੱਕਸਪੇਡੀਸ਼ਨਰੀ ਫੋਰਸ 'ਚ ਸ਼ਾਮਿਲ ਹੋਏ। ਬੁੱਕਣ ਸਿੰਘ ਨੂੰ ਕੈਨੇਡਾ ਦੀ ਫੌਜ ਵਿੱਚ ਸ਼ਾਮਿਲ ਹੋਏ ਪਹਿਲੇ ਸਿੱਖ ਵਜੋਂ ਮੰਨਿਆ ਜਾਂਦਾ ਹੈ।
- ਕੈਨੇਡਾ ਵੱਲੋਂ ਪਹਿਲੀ ਵਿਸ਼ਵ ਜੰਗ ਵਿੱਚ 9 ਸਿੱਖਾਂ ਨੇ ਹਿੱਸਾ ਲਿਆ ਸੀ। ਬੁੱਕਣ ਸਿੰਘ ਪਹਿਲੀ ਵਿਸ਼ਵ ਜੰਗ ਵਿੱਚ ਦੋ ਵਾਰ ਫਰਾਂਸ ਤੇ ਬੈਲਜੀਅਮ ਵਿੱਚ ਜ਼ਖਮੀ ਹੋਏ ਸਨ।
- ਇੰਗਲੈਂਡ ਵਿੱਚ ਜ਼ਖਮਾਂ ਤੋਂ ਉਭਰਨ ਵੇਲੇ ਬੁੱਕਣ ਸਿੰਘ ਨੂੰ ਟੀਬੀ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਆਖਰੀ ਦਿਨ ਓਨਟੈਰੀਓ ਦੇ ਮਿਲਟਰੀ ਹਸਪਤਾਲ ਵਿੱਚ ਬਿਤਾਏ ਸਨ। 1919 ਵਿੱਚ ਬੁੱਕਣ ਸਿੰਘ ਦਾ ਦੇਹਾਂਤ ਹੋ ਗਿਆ ਸੀ।
ਖ਼ਬਰ ਦਾ ਵੀਡੀਓ ਵੀ ਦੇਖ ਸਕਦੇ ਹੋ
ਕਿਵੇਂ ਹੋਈ ਬੁੱਕਣ ਸਿੰਘ ਦੀ ਕਬਰ ਦੀ ਖੋਜ?
ਕੈਨੇਡਾ ਦੇ ਇਤਿਹਾਸਕਾਰ ਸੰਦੀਪ ਸਿੰਘ ਆਪਣੀ ਰਿਸਰਚ ਦੌਰਾਨ ਬੁੱਕਣ ਸਿੰਘ ਦੀ ਕਬਰ ਤੱਕ ਪਹੁੰਚੇ।
ਉਨ੍ਹਾਂ ਦੱਸਿਆ, "ਇੰਗਲੈਂਡ ਵਿੱਚ ਬੁੱਕਣ ਸਿੰਘ ਦਾ ਮੈਡਲ ਮਿਲਣ ਤੋਂ ਬਾਅਦ ਮੈਂ ਉਨ੍ਹਾਂ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ। ਮੈਨੂੰ ਮਾਊਂਟ ਹੋਪ ਕਬਰਿਸਤਾਨ ਦਾ ਨਕਸ਼ਾ ਮਿਲਿਆ।''
"ਮੈਨੂੰ ਦੱਸਿਆ ਗਿਆ ਕਿ ਇੱਥੇ ਸਿੱਖ ਫੌਜੀਆਂ ਦੀਆਂ ਕਬਰਾਂ ਹਨ। ਮੈਂ ਤੇ ਮੇਰਾ ਬੇਟਾ ਅਰਜਨ ਸਿੰਘ ਕਬਰਸਤਾਨ ਵਿੱਚ ਗਏ।''
ਉਨ੍ਹਾਂ ਮੁਤਾਬਕ, "ਅਚਾਨਕ ਮੇਰੇ ਬੇਟੇ ਨੇ ਮੈਨੂੰ ਆਵਾਜ਼ ਮਾਰੀ ਤੇ ਕਿਹਾ ਕਿ ਬੁੱਕਨ ਸਿੰਘ ਦੀ ਕਬਰ ਮਿਲ ਗਈ। ਮੈਂ ਆਪਣੇ ਬੱਚੇ ਨੂੰ ਕਿਹਾ ਕਿ 100 ਸਾਲਾਂ ਵਿੱਚ ਤੂੰ ਪਹਿਲਾ ਸਿੱਖ ਹੈ ਜੋ ਇਸ ਫੌਜੀ ਦੀ ਕਬਰ 'ਤੇ ਪਹੁੰਚਿਆ ਹੈ। ਇਹ ਮੇਰੇ ਲਈ ਇੱਕ ਬੇਹੱਦ ਜਜ਼ਬਾਤੀ ਪਲ਼ ਸੀ।''
ਸਮਾਗਮ ਵਿੱਚ ਪਹੁੰਚੇ ਕੈਨੇਡਾ ਦੀ ਸੰਸਦ ਮੈਂਬਰ ਬਰਦੀਸ਼ ਚੱਘਰ ਨੇ ਕਿਹਾ ਕਿ ਬੁੱਕਨ ਸਿੰਘ ਕੇਵਲ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਕਰ ਰਹੇ ਜਿਨ੍ਹਾਂ ਨੇ ਪਹਿਲਾਂ ਫੌਜ ਵਿੱਚ ਸੇਵਾਵਾਂ ਦਿੱਤੀਆਂ ਸਗੋਂ ਉਹ ਮੌਜੂਦਾ ਸਿੱਖਾਂ ਦੀ ਵੀ ਨੁਮਾਇੰਦਗੀ ਕਰ ਰਹੇ ਹਨ।
ਇਹ ਵੀ ਪੜ੍ਹੋ:
ਚੱਘਰ ਨੇ ਕਿਹਾ, "ਸਮਾਗਮ ਤੋਂ ਪਹਿਲਾਂ ਮੈਨੂੰ ਕਾਲ ਆਇਆ ਤੇ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਇੱਥੇ ਇੱਕ ਸਿੱਖ ਫੌਜੀ ਦੀ ਕਬਰ ਹੈ। ਤਾਂ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਸਾਡੇ ਵੱਲ ਤਾਂ ਸਸਕਾਰ ਕੀਤਾ ਜਾਂਦਾ ਹੈ। ਪਰ ਜਦੋਂ ਰਿਸਰਚ ਹੋਈ ਅਤੇ ਮੈਂ ਕਬਰ 'ਤੇ ਸਿੰਘ ਲਿਖਿਆ ਦੇਖਿਆ ਤਾਂ ਮੈਨੂੰ ਬੁੱਕਣ ਸਿੰਘ ਬਾਰੇ ਪਤਾ ਲਗਿਆ।''
ਉਨ੍ਹਾਂ ਕਿਹਾ, "ਬੁੱਕਣ ਸਿੰਘ ਬਾਰੇ ਜਾਣਨ ਤੋਂ ਬਾਅਦ ਇਹ ਮਹਿਸੂਸ ਹੋਇਆ ਕਿ ਪੰਜਾਬੀ ਲੋਕ ਕੈਨੇਡਾ ਦੀ ਧਰਤੀ 'ਤੇ ਕਾਫੀ ਚਿਰ ਤੋਂ ਆ ਰਹੇ ਹਨ। ਕਿਉਂਕਿ ਬੁੱਕਣ ਸਿੰਘ ਤੇ ਹੋਰ ਫੌਜੀਆਂ ਨੇ ਤਾਂ 100 ਸਾਲ ਪਹਿਲਾਂ ਜੰਗ ਲੜੀ ਸੀ ਤਾਂ ਜੋ ਸਾਡੀ ਆਜ਼ਾਦੀ ਕਾਇਮ ਰਹਿ ਸਕੇ।''
ਇਹ ਵੀਡੀਓ ਵੀ ਜ਼ਰੂਰ ਦੇਖੋ