ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਾ ਮੁੱਲ ਅਕਾਲੀ ਦਲ ਨੂੰ ਆਉਂਦੇ ਸਮੇਂ 'ਚ ਹੋਰ ਚੁਕਾਉਣਾ ਪਵੇਗਾ - ਨਜ਼ਰੀਆ

ਅਕਾਲੀ ਦਲ ਵਿੱਚ ਸੁਖਦੇਵ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਗੱਲ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਦੇ ਬਾਗੀ ਸੁਰਾਂ ਤੱਕ ਪਹੁੰਚ ਚੁੱਕੀ ਹੈ।

ਅਕਾਲੀ ਦਲ ਵੱਲੋਂ ਟਕਸਾਲੀ ਆਗੂਆਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬੋਲਣ ਅਤੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ।

ਪਾਰਟੀ ਵਿੱਚ ਖੜੇ ਹੋਏ ਸਿਆਸੀ ਸੰਕਟ ਨਾਲ ਨਜਿੱਠਣ ਲਈ ਸੁਖਬੀਰ ਬਾਦਲ ਹੱਥ ਪੱਲੇ ਮਾਰ ਰਹੇ ਹਨ।

ਅਕਾਲੀ ਦਲ ਦੇ ਇਸ ਸਿਆਸੀ ਸੰਕਟ ਬਾਰੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਸਿਆਸੀ ਮਾਹਿਰ ਪ੍ਰੋਫੈਸਰ ਜਗਰੂਪ ਸਿੰਘ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ, ਪ੍ਰੋ. ਜਗਰੂਪ ਦਾ ਇਸ ਪੂਰੇ ਮੁੱਦੇ ਬਾਰੇ ਨਜ਼ਰੀਆ

ਹਾਲ ਵਿੱਚ ਹੀ ਅਕਾਲੀ ਦਲ ਦੇ ਕੁਝ ਟਕਸਾਲੀ ਲੀਡਰਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਮੌਜੂਦਾ ਹਾਲਾਤ ਦੇ ਜ਼ਿੰਮੇਵਾਰ ਹਨ।

ਉਨ੍ਹਾਂ ਵੱਲੋਂ ਲਏ ਇਸ ਸਟੈਂਡ ਦੀਆਂ ਜੜ੍ਹਾਂ ਅਕਾਲੀ ਦਲ ਦੀ 2017 ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹੋਈ ਹਾਰ ਅਤੇ 2014 ਦੀਆਂ ਚੋਣਾਂ ਵਿੱਚ ਲੋਕਾਂ ਵੱਲੋਂ ਅਕਾਲੀ ਦਲ ਨੂੰ ਸਵੀਕਾਰ ਨਾ ਕਰਨ ਨਾਲ ਜੁੜੀਆਂ ਹੋਈਆਂ ਹਨ।

2017 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਕਰ ਸਕੀ ਅਤੇ ਉਸ ਤੋਂ ਬਾਅਦ ਹੋਏ ਵਰਤਾਰਿਆਂ ਤੋਂ ਲਗਦਾ ਹੈ ਕਿ ਪਾਰਟੀ ਦੇ ਸੀਨੀਅਰਾਂ ਲੀਡਰਾਂ ਨੂੰ ਆਪਣਾ ਕੋਈ ਭਵਿੱਖ ਦਿਖਾਈ ਨਹੀਂ ਦੇ ਰਿਹਾ ਹੈ।

2019 ਦੀਆਂ ਚੋਣਾਂ ਵਿੱਚ ਲਗਦਾ ਨਹੀਂ ਕਿ ਅਕਾਲੀ ਦਲ ਵੱਡੇ ਧੜੇ ਦੇ ਰੂਪ ਵਿੱਚ ਉਭਰ ਸਕੇਗਾ।

ਇਹ ਵੀ ਪੜ੍ਹੋ:

ਪਾਰਟੀ ਦੇ ਟਕਸਾਲੀ ਆਗੂਆਂ ਨੂੰ ਸ਼ਾਇਦ ਇਹ ਗੱਲ ਸਮਝ ਆ ਗਈ ਹੈ ਕਿ ਪਾਰਟੀ ਅੰਦਰ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ ਜਾਂ ਉਨ੍ਹਾਂ ਨੂੰ ਬਣਦਾ ਸਨਮਾਨ ਜਾਂ ਰੁਤਬਾ ਨਹੀਂ ਮਿਲ ਰਿਹਾ।

ਸ਼ਾਇਦ ਉਨ੍ਹਾਂ ਨੂੰ ਇਹ ਵੀ ਲਗਦਾ ਹੈ ਕਿ ਪਾਰਟੀ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾ ਰਿਹਾ।

ਇਹ ਵੀ ਹੋ ਸਕਦਾ ਹੈ ਕਿ ਲੀਡਰਾਂ ਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਪਾਰਟੀ ਪੁਰਾਣੀਆਂ ਰਵਾਇਤਾਂ ਦੇ ਹਿਸਾਬ ਨਾਲ ਨਹੀਂ ਚਲਾਈ ਦਾ ਰਹੀ ਹੈ।

ਇਸ ਕਰਕੇ ਲੋਕਾਂ ਦਾ ਵਿਸ਼ਵਾਸ ਪਾਰਟੀ ਤੋਂ ਹੌਲੀ-ਹੌਲੀ ਘੱਟ ਰਿਹਾ ਹੈ।

ਇਹ ਲੀਡਰ ਪੁਰਾਣੇ ਹਨ ਅਤੇ ਉਨ੍ਹਾਂ ਨੂੰ ਤਜ਼ਰਬਾ ਵੀ ਬਹੁਤ ਹੈ। ਇਹ ਲੀਡਰ ਇਤਿਹਾਸ ਬਾਰੇ ਵੀ ਜਾਣਦੇ ਹਨ ਅਤੇ ਨਿੱਜੀ ਤੌਰ 'ਤੇ ਵੀ ਪਾਰਟੀ ਦੇ ਕਰੀਬ ਰਹੇ ਹਨ। ਜਦੋਂ ਕੋਈ ਪਾਰਟੀ ਜਿੱਤਦੀ ਹੈ ਤਾਂ ਉਸ ਦਾ ਸਿਹਰਾ ਉਸ ਦੇ ਤਜ਼ਰਬੇਕਾਰ ਤੇ ਸੀਨੀਅਰਾਂ ਲੀਡਰਾਂ ਨੂੰ ਜਾਂਦਾ ਹੈ।

ਪਿਛਲੇ ਸਮੇਂ ਵਿੱਚ ਕਿਸਾਨਾਂ ਦੀ ਹਾਲਤ, ਮੁਲਾਜ਼ਮਾਂ ਦੀ ਹਾਲਤ, ਨਸ਼ੇ ਦਾ ਵਪਾਰ, ਸ਼ਰਾਬ ਅਤੇ ਰੇਤਾ-ਬਜਰੀ ਤੋਂ ਇਲਾਵਾ ਬਹੁਤ ਸਾਰੇ ਮੁੱਦੇ ਅਜਿਹੇ ਹਨ, ਜਿਸਦਾ ਜਨਤਾ ਵਿੱਚ ਗ਼ਲਤ ਸੰਦੇਸ਼ ਗਿਆ ਹੈ।

ਇਹ ਵੀ ਪੜ੍ਹੋ:

ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਬਰਗਾੜੀ ਵਰਗੇ ਮੁੱਦੇ 'ਤੇ ਇਨ੍ਹਾਂ ਆਗੂਆਂ ਨੂੰ ਨਹੀਂ ਪੁੱਛਿਆ ਗਿਆ।

ਪਾਰਟੀ ਦੀ ਤਾਕਤ ਵੀ ਇੱਕ ਬੰਦੇ ਦੇ ਹੱਥ ਹੈ, ਸਰਕਾਰ ਦੀ ਤਾਕਤ ਵੀ ਉਨ੍ਹਾਂ ਬੰਦਿਆਂ ਤੱਕ ਹੀ ਸੀਮਤ ਸੀ। ਉਸ ਸਮੇਂ ਸ਼ਾਇਦ ਉਹ ਇਸ ਕਰਕੇ ਨਾ ਬੋਲੇ ਹੋਣ ਕਿਉਂਕਿ ਜਿਹੜੀ ਸਰਕਾਰ ਸੱਤਾ ਵਿੱਚ ਹੁੰਦੀ ਹੈ ਕਿ ਉਸ ਕੋਲ ਦੂਜਿਆਂ ਨੂੰ ਚੁੱਪ ਕਰਵਾਉਣ ਲਈ ਬਹੁਤ ਸਾਰੇ 'ਹਥਿਆਰ' ਹੁੰਦੇ ਹਨ।

ਇਸ ਕਾਰਨ ਉਹ ਉਸ ਸਮੇਂ ਬੋਲ ਨਹੀਂ ਸਕੇ ਹੋਣ ਅਤੇ ਹੁਣ ਉਹ ਇਹ ਸੋਚਦੇ ਹਨ ਕਿ ਅਸੀਂ ਘੱਟੋ-ਘੱਟ ਇਹ ਤਾਂ ਕਹਿਣ ਵਾਲੇ ਬਣਾਂਗੇ ਕਿ ਅਸੀਂ ਇਹ ਮੁੱਦੇ ਚੁੱਕੇ ਸਨ।

ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾ

ਇਸ ਦੌਰ ਵਿੱਚ ਇਨ੍ਹਾਂ ਆਗੂਆਂ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਸੁਧਾਰ ਦੀ ਲਹਿਰ ਜਾਂ ਪਛਤਾਵੇ ਦੀ ਲਹਿਰ ਵਜੋਂ ਯਾਦ ਕੀਤਾ ਜਾਵੇਗਾ।

ਇਹ ਸਿਰਫ਼ ਅਕਾਲੀ ਦਲ ਦੀ ਗੱਲ ਨਹੀਂ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਢਾਂਚੇ ਨੂੰ ਖੁਰਾ ਲੱਗਾ ਹੈ।

ਪਿਛਲੇ ਸਮੇਂ ਦੌਰਾਨ ਇਹ ਵੀ ਸੁਣਨ 'ਚ ਆਇਆ ਸੀ ਕਿ ਅਕਾਲੀ ਆਗੂ ਪਿੰਡਾਂ ਵਿੱਚ ਖੁੱਲ੍ਹੇ ਤੌਰ 'ਤੇ ਨਹੀਂ ਵੜ੍ਹੇ ਕਿਉਂਕਿ ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ।

ਗੁੱਸੇ ਦਾ ਇੱਕ ਕਾਰਨ ਸ਼ਾਇਦ ਬੇਅਦਬੀ ਦਾ ਮੁੱਦਾ ਹੋ ਸਕਦਾ ਪਰ ਇੱਕ ਹੋਰ ਕਾਰਨ ਇਹ ਹੈ ਕਿ ਪਿਛਲੇ 10 ਸਾਲਾਂ 'ਚ ਜੋ ਹਾਲਾਤ ਬਣੇ ਹਨ, ਉਨ੍ਹਾਂ ਕਰਕੇ ਇਨ੍ਹਾਂ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਆਪਣੇ ਹਲਕੇ ਵਿੱਚ ਬਿਨਾਂ ਸੁਰੱਖਿਆ ਦੇ ਚਲੇ ਜਾਣ।

ਪੰਜਾਬ ਬਹੁਤ ਛੋਟਾ ਹੈ ਅਤੇ ਲੋਕਾਂ ਨੂੰ ਪਤਾ ਹੁੰਦਾ ਹੈ ਕਿਹੜਾ ਨੇਤਾ ਕੀ ਕਰ ਰਿਹਾ ਹੈ।

ਇਸ ਦੇ ਨਾਲ ਹੀ ਲੋਕਾਂ ਦੇ ਸਵਾਲ ਬਦਲ ਗਏ ਹਨ, ਨੌਜਵਾਨ ਪੀੜ੍ਹੀ ਅਜੇ ਵੀ ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੀ ਹੈ। ਨੌਜਵਾਨਾਂ ਦੇ ਮੁੱਦਿਆਂ ਤੋਂ ਮੁਨਕਰ ਹੋਣਾ ਵੀ ਇੱਕ ਕਾਰਨ ਹੋ ਸਕਦਾ ਹੈ।

ਅਕਾਲੀ ਦਲ ਤਾਂ ਮਰਜੀੜਿਆਂ ਦੀ ਪਾਰਟੀ ਸੀ, ਅਤੇ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਪਾਰਟੀ ਸੀ ਤੇ ਇਸ ਵਿੱਚ ਕਬਜ਼ੇ ਵਾਲੀ ਗੱਲ ਨਹੀਂ ਸੀ।

ਸਭ ਤੋਂ ਹੇਠਲੇ ਪੱਧਰ 'ਤੇ ਬਾਦਲ ਦੀ ਲੋਕਪ੍ਰਿਅਤਾ

ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਉਨ੍ਹਾਂ ਦੇ ਕਾਰਜਕਾਲ ਨੂੰ ਮੈਂ ਦੋ ਤਰ੍ਹਾਂ ਨਾਲ ਦੇਖਦਾ ਹਾਂ।

70 ਦੇ ਦਹਾਕੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ ਉਨ੍ਹਾਂ ਦਾ ਰੁਤਬਾ ਬੁਲੰਦੀਆਂ 'ਤੇ ਸੀ।

ਪਰ ਪਹਿਲੀ ਵਾਰ ਹੋਇਆ ਕਿ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਲੋਕਪ੍ਰਿਅਤਾ ਸਭ ਤੋਂ ਹੇਠਲੇ ਪੱਧਰ 'ਤੇ ਦੇਖਣ ਨੂੰ ਮਿਲੀ।

1997 ਤੋਂ ਲੈ ਕੇ 2014 ਤੱਕ ਸਿਆਸਤਦਾਨਾਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀ ਸਭ ਤੋਂ ਮੋਹਰੀ ਪਸੰਦ ਹੁੰਦੇ ਸਨ ਪਰ 2017 'ਚ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਪੱਧਰ ਬਹੁਤ ਹੇਠਾਂ ਆ ਗਿਆ ਅਤੇ ਉਸ ਦੇ ਕਾਰਨ ਵੀ ਇਹੀ ਹਨ ਜਿਹੜੇ ਇਨ੍ਹਾਂ ਦੀ ਹਾਰ ਦੇ ਹਨ।

ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਕਸਾਲੀ ਲੀਡਰਾਂ ਜਿਵੇਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਵੱਲੋਂ ਪਾਰਟੀ ਨੂੰ ਪਿਛਲੇ ਸਮੇਂ 'ਚ ਲਿਜਾਉਣ ਲਈ ਕੀਤੇ ਇਹ ਯਤਨ ਸਫ਼ਲ ਨਹੀਂ ਹੋਏ।

ਉਨ੍ਹਾਂ ਵੱਲੋਂ ਪਟਿਆਲਾ ਵਿੱਚ ਕੀਤੀ ਗਈ ਰੈਲੀ 'ਚ ਵੀ ਬਹੁਤੇ ਲੀਡਰ ਨਹੀਂ ਪਹੁੰਚੇ।

ਰਾਮ ਰਹੀਮ ਨੂੰ ਮਾਫ਼ੀ ਸਿਆਸੀ ਭੁੱਲ

ਜੇਕਰ ਧਾਰਮਿਕ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਮੈਂ 2007 ਤੋਂ ਸੂਬੇ ਦੀਆਂ ਸਾਰੀਆਂ ਚੋਣਾਂ ਨੂੰ ਬਹੁਤ ਨੇੜਿਓਂ ਦੇਖਿਆ ਹੈ ਪਰ ਲੋਕ ਬਹੁਤ ਘੱਟ ਧਾਰਮਿਕ ਮੁੱਦਿਆਂ ਦੀ ਗੱਲ ਕਰਦੇ ਹਨ।

ਲੋਕ ਅਜੇ ਵੀ ਆਰਥਿਕ, ਵਿਕਾਸ, ਰੁਜ਼ਗਾਰ, ਕਾਨੂੰਨ-ਪ੍ਰਬੰਧ ਅਤੇ ਸਿਸਟਮ ਦੀ ਗੱਲ ਕਰਦੇ ਹਨ ਪਰ ਬੇਅਦਬੀ ਦਾ ਮੁੱਦਾ ਕਦੇ ਵੀ ਸਿਆਸਤ ਦਾ ਐਨਾ ਵੱਡਾ ਹਿੱਸਾ ਨਹੀਂ ਬਣਿਆ।

ਪਿਛਲੇ 20 ਸਾਲਾਂ ਵਿੱਚ ਧਾਰਮਿਕ ਮੁੱਦਾ ਕਦੇ ਵੀ ਸਿਆਸਤ ਦਾ ਹਿੱਸਾ ਨਹੀਂ ਬਣਿਆ ਤੇ ਸ਼ਾਇਦ ਅੱਗੇ ਵੀ ਨਹੀਂ ਬਣੇਗਾ।

ਪਰ ਇਸ ਨਾਲ ਸੱਤਾਧਾਰੀ ਪਾਰਟੀ ਨੂੰ ਵੀ ਇੱਕ ਮੌਕਾ ਜ਼ਰੂਰ ਮਿਲ ਗਿਆ ਹੈ। ਸੱਤਾਧਾਰੀ ਪਾਰਟੀ ਨੂੰ ਇਹ ਲਗਦਾ ਹੈ ਕਿ ਇਹੀ ਇੱਕ ਮੁੱਦਾ ਹੈ ਜਿਸ ਨਾਲ ਉਹ ਅਕਾਲੀ ਦਲ ਦਾ ਉਤਸ਼ਾਹ ਘਟਾ ਸਕਦੇ ਹਨ ਜਾਂ ਉਨ੍ਹਾਂ ਨੂੰ ਪਿੱਛੇ ਧੱਕ ਸਕਦੇ ਹਨ।

ਇਹ ਵੀ ਪੜ੍ਹੋ:

ਪਰ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਮੁੱਦਾ ਅਕਾਲੀ ਦਲ ਦੀ ਇੱਕ ਵੱਡੀ ਸਿਆਸੀ ਭੁੱਲ ਸੀ ਹੋ ਸਕਦਾ ਹੈ ਇਸਦਾ ਮੁੱਲ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਉਤਾਰਨਾ ਪਵੇ।

ਇਸ ਮੁੱਦੇ 'ਤੇ ਅਕਾਲੀ ਦਲ ਦੇ ਵੱਖਰੇ-ਵੱਖਰੇ ਬਿਆਨਾਂ ਨੂੰ ਲੋਕਾਂ ਨੇ ਬਹੁਤਾ ਸਵੀਕਾਰ ਨਹੀਂ ਕੀਤਾ। ਇਹ ਮੁੱਦਾ ਇਸ ਵੇਲੇ ਅਕਾਲੀ ਦਲ ਦੇ ਗਲੇ ਦਾ ਫਾਹਾ ਬਣਿਆ ਹੋਇਆ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)