ਨਿਊ ਕੈਲੇਡੋਨੀਆ ਵਾਸੀਆਂ ਨੇ ਰਾਇਸ਼ੁਮਾਰੀ ’ਚ ਦਿੱਤੀ ਫਰਾਂਸ ਨਾਲ ਰਹਿਣ ਨੂੰ ਤਰਜੀਹ

ਦੱਖਣ-ਪੱਛਮੀਂ ਪ੍ਰਸ਼ਾਂਤ ਮਹਾਂਸਾਗਰ ਵਿੱਚ ਫਰਾਂਸ ਦੇ ਕਬਜ਼ੇ ਵਾਲੇ ਇਲਾਕੇ ਨਿਊ ਕੈਲੇਡੋਨੀਆ ਵਿੱਚ ਹੋਈ ਰਾਇਸ਼ੁਮਾਰੀ ਦੇ ਨਤੀਜਿਆਂ ਮੁਤਾਬਕ ਉੱਥੋਂ ਦੇ ਲੋਕ ਫਰਾਂਸ ਨਾਲ ਹੀ ਰਹਿਣਾ ਚਾਹੁੰਦੇ ਹਨ।

ਉੱਥੇ ਰਾਇਸ਼ੁਮਾਰੀ ਦਾ ਉਦੇਸ਼ ਇਹ ਪਤਾ ਕਰਨਾ ਸੀ ਕਿ ਲੋਕ ਫਰਾਂਸ ਤੋਂ ਆਜ਼ਾਦੀ ਚਾਹੁੰਦੇ ਹਨ ਜਾਂ ਉਸਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ।

ਨਤੀਜਿਆਂ ਮੁਤਾਬਿਕ 56.4 ਫੀਸਦ ਲੋਕਾਂ ਨੇ ਫਰਾਂਸ ਨਾਲ ਰਹਿਣ ਦਾ ਫੈਸਲਾ ਕੀਤਾ ਅਤੇ 43.6 ਫੀਸਦ ਲੋਕਾਂ ਨੇ ਆਜ਼ਾਦੀ ਦੇ ਪੱਖ ਵਿੱਚ ਵੋਟ ਪਾਈ।

ਇਸ ਰਾਇਸ਼ੁਮਾਰੀ ਲਈ ਵੋਟਿੰਗ ਨਿਊ ਕੈਲੇਡੋਨੀਆ ਦੀ ਰਾਜਧਾਨੀ ਵਿੱਚ ਫਰਾਂਸ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਮੁਕੰਮਲ ਹੋਈ।

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਇਸ ਨੂੰ ਫਰਾਂਸ ਦੀ ਕੂਟਨਿਤਿਕ ਜਿੱਤ ਦੱਸਿਆ ਹੈ।

ਇਹ ਵੀ ਪੜ੍ਹੋ

ਕੁਦਰਤੀ ਸਾਧਨਾਂ ਨਾਲ ਭਰਪੂਰ ਖਿੱਤਾ

ਬਿਜਲੀ ਦੇ ਉਪਕਰਣਾਂ ਵਿੱਚ ਵਰਤਿਆ ਜਾਂਦਾ ਨਿਕਲ ਇਸ ਇਲਾਕੇ ਵਿੱਚ ਭਰਪੂਰ ਮਾਤਰਾ ਵਿੱਚ ਮਿਲਦਾ ਹੈ।

ਇਹ ਇਲਾਕਾ ਫਰਾਂਸ ਲਈ ਸਿਆਸੀ ਅਤੇ ਕੂਟਨਿਤਿਕ ਪੱਖੋਂ ਵੀ ਕਾਫ਼ੀ ਅਹਿਮ ਹੈ।

ਇਸ ਇਲਾਕੇ ਦੇ ਮੂਲ ਨਿਵਾਸੀ ਕਨਕ ਲੋਕ ਹਨ ਜੋ ਫਰਾਂਸ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ।

ਵੱਖਵਾਦੀ ਕਨਕ ਆਗੂਆਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇੱਕ ਸ਼ਾਂਤੀ ਸਮਝੌਤਾ ਹੋਇਆ ਜਿਸ ਵਿੱਚ ਇੱਕ ਰਾਇਸ਼ੁਮਾਰੀ ਬਾਰੇ ਸਹਿਮਤੀ ਬਣਾਈ ਗਈ।

ਇਹ ਵੀ ਪੜ੍ਹੋ

ਨਿਊ ਕੈਲੇਡੋਨੀਆ ਦੀ ਰਾਜਧਾਨੀ ਨੋਮਿਆ ਤੋਂ ਬੀਬੀਸੀ ਪੱਤਰਕਾਰ ਪ੍ਰਿਅੰਕਾ ਸ਼੍ਰੀਨਿਵਾਸਨ ਨੇ ਦੱਸਿਆ-

"ਆਜ਼ਾਦੀ ਹਮਾਇਤੀ ਬਹੁਤ ਸਾਰੇ ਲੋਕ ਜਿਨ੍ਹਾਂ ਵਿੱਚੋਂ ਬਹੁਗਿਣਤੀ ਮੂਲ ਨਿਵਾਸੀ ਕਨਕ ਲੋਕਾਂ ਦੀ ਹੈ। ਇਹ ਲੋਕ ਦੇਸ ਦੀ ਸੱਤਾ ਆਪਣੇ ਹੱਥਾਂ ਵਿੱਚ ਲੈ ਕੇ ਇਸ ਨੂੰ ਚਲਾਉਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਇੱਥੇ ਫਰਾਂਸ ਦਾ ਕਬਜ਼ਾ ਰਹੇ। ਦੂਸਰੇ ਪਾਸੇ ਫਰਾਂਸ ਦੇ ਹਮਾਇਤੀਆਂ ਨੂੰ ਆਰਥਿਕਤਾ ਸੁਰੱਖਿਆ ਸਮੇਤ ਬਹੁਤ ਸਾਰੀਆਂ ਚਿੰਤਾਵਾਂ ਹਨ। ਫਰਾਂਸ ਇਸ ਨੂੰ ਸਾਲਾਨਾ ਡੇਢ ਅਰਬ ਯੂਰੋ ਭੇਜਦਾ ਹੈ।"

ਨਿਊ ਕੈਲੇਡੋਨੀਆ ਬਾਰੇ ਕੁਝ ਤੱਥ

  • ਨਿਊ ਕੈਲੇਡੋਨੀਆ ਦਾ ਰਾਜ ਪ੍ਰਮੁੱਖ ਫਰਾਂਸ ਦਾ ਰਾਸ਼ਟਰਪਤੀ ਹੁੰਦਾ ਹੈ।
  • 1777 ਵਿੱਚ ਬਰਤਾਨਵੀ ਜਹਾਜ਼ਰਾਨ ਜੇਮਜ਼ ਕੁੱਕ ਨੇ ਇਸ ਨੂੰ ਤਲਾਸ਼ਿਆ ਅਤੇ ਇਸ ਨੂੰ ਅਜੋਕਾ ਨਾਮ ਦਿੱਤਾ।
  • ਫਰਾਂਸ ਨੇ ਇਸ ਉੱਪਰ 1853 ਵਿੱਚ ਕਬਜ਼ਾ ਕੀਤਾ ਅਤੇ ਕਿਸੇ ਸਮੇਂ ਇਸ ਨੂੰ ਕਾਲੇ ਪਾਣੀ ਦੀ ਸਜ਼ਾ ਦੇਣ ਲਈ ਇੱਕ ਬਸਤੀ ਵਜੋਂ ਵਰਤਿਆ।
  • ਇੱਥੇ ਬਹੁਗਿਣਤੀ ਵਸੋਂ ਕਨਕ ਲੋਕਾਂ (45 ਫੀਸਦੀ) ਦੀ ਹੈ ਜਦਕਿ ਯੂਰਪੀ ਲੋਕ ਲਗਪਗ ਇੱਕ ਤਿਹਾਈ ਹਨ।
  • 1878 ਵਿੱਚ ਕਨਕ ਲੋਕਾਂ ਨੇ ਆਜ਼ਾਦੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।
  • 1980 ਵਿੱਚ ਵੱਖਵਾਦੀ ਕਨਕ ਲੋਕਾਂ ਅਤੇ ਫਰਾਂਸੀਸੀ ਫੌਜਾਂ ਦਰਮਿਆਨ ਟਕਰਾਅ ਹੋਏ।
  • ਇਸ ਸੰਘਰਸ਼ ਦਾ ਸਿਖਰ ਉਹ ਸੀ ਜਦੋਂ ਕਨਕਾਂ ਨੇ ਚਾਰ ਫਰਾਂਸੀਸੀ ਅਧਿਕਾਰੀਆਂ ਨੂੰ ਮਾਰ ਦਿੱਤਾ ਅਤੇ 23 ਨੂੰ ਬੰਦੀ ਬਣਾ ਲਿਆ।
  • ਫਰਾਂਸ ਦੇ ਮੋੜਵੇਂ ਹਮਲੇ ਵਿੱਚ 19 ਕਨਕਾਂ ਅਤੇ ਦੋ ਸਿਪਾਹੀਆਂ ਦੀ ਮੌਤ ਹੋਈ।
  • 1998 ਵਿੱਚ ਦੋਵੇਂ ਧਿਰਾਂ ਇਸ ਖੂਨ-ਖਰਾਬੇ ਨੂੰ ਬੰਦ ਕਰਨ ਅਤੇ ਇੱਕ ਰਾਇਸ਼ੁਮਾਰੀ ਲਈ ਸਹਿਮਤ ਹੋਈਆਂ। ਜੋ ਕਿ 2018 ਦੇ ਅੰਤ ਤੱਕ ਕਰਵਾਈ ਜਾਣੀ ਸੀ।
  • ਇੱਥੋਂ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਖਿੱਤੇ ਵਿੱਚ ਸਭ ਤੋਂ ਵਧੇਰੇ ਹੈ।
  • ਅਜਿਹੀ ਇੱਕ ਹੋਰ ਰਾਇਸ਼ੁਮਾਰੀ 2022 ਵਿੱਚ ਵੀ ਕਰਵਾਈ ਜਾ ਸਕਦੀ ਹੈ।
  • ਸਾਲ 1977 ਵਿੱਚ ਡਿਜੀਬੋਟੀ ਅਤੇ 1980 ਵਿੱਚ ਵਨਾਟੂ ਦੇ ਫਰਾਂਸ ਤੋਂ ਆਜ਼ਾਦ ਹੋਣ ਮਗਰੋਂ, ਆਜ਼ਾਦ ਹੋਣ ਵਾਲਾ ਨਿਊ ਕੈਲੇਡੋਨੀਆ ਪਹਿਲਾ ਦੇਸ ਹੋਵੇਗਾ।
  • ਨਿਊ ਕੈਲੇਡੋਨੀਆ ਦੇ ਫਰਾਂਸੀਸੀ ਸੰਸਦ ਵਿੱਚ ਦੋ ਡਿਪਟੀ ਅਤੇ ਦੋ ਸੰਸਦ ਮੈਂਬਰ ਹਨ।
  • ਇਸ ਦੀ ਆਪਣੀ ਵੀ ਇੱਕ ਕਾਂਗਰਸ (ਸੰਸਦ) ਹੈ ਜਿਸ ਕੋਲ ਪੁਲਿਸ, ਸਿੱਖਿਆ ਅਤੇ ਸਥਾਨਕ ਕਾਨੂੰਨ ਸੰਬੰਧੀ ਨੀਤੀਗਤ ਸ਼ਕਤੀਆਂ ਹਨ।

ਇਹ ਵੀ ਪੜ੍ਹੋ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)