ਕੈਟੇਲੋਨੀਆ: ਖ਼ੁਦਮੁਖ਼ਤਿਆਰੀ ਤੋਂ ਅਜ਼ਾਦੀ ਤੱਕ ਦੇ 5 ਤੱਥ

ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਖੋਏ ਨੇ ਕੈਟੇਲੋਨੀਆ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਰਖੋਏ ਨੇ ਕੈਟੇਲੋਨੀਆ ਦੇ ਲੀਡਰ ਕਾਰਲਸ ਪੁਆਇਦੇਮੋਂਟ ਤੇ ਉਨ੍ਹਾਂ ਦੀ ਕੈਬਿਨੇਟ ਨੂੰ ਬਰਖ਼ਾਸਤ ਕਰ ਦਿੱਤਾ ਹੈ।

ਕੈਟੇਲੋਨੀਆ ਵਿੱਚ 21 ਦਸੰਬਰ ਨੂੰ ਮੁੜ ਤੋਂ ਚੋਣਾਂ ਹੋਣਗੀਆਂ।

ਕੀ ਹੈ ਕੈਟੇਲੋਨੀਆ ਅਤੇ ਕਿਵੇਂ ਚੱਲਦੀ ਹੈ ਸਰਕਾਰ

ਸਪੇਨ ਨੂੰ 17 ਖੇਤਰਾਂ ਵਿੱਚ ਵੰਡਿਆ ਗਿਆ ਹੈ, ਜਿੱਥੇ ਸਭ ਖੇਤਰ ਆਪਣੀ ਹਕੂਮਤ ਆਪ ਚਲਾਉਂਦੇ ਹਨ।

ਕੈਟੇਲੋਨੀਆ ਦੇਸ਼ ਦੇ ਉੱਤਰ ਪੂਰਬੀ ਹਿੱਸੇ ਵਿੱਚ ਹੈ, ਜਿੱਥੇ ਵੱਡੇ ਪੱਧਰ 'ਤੇ ਖ਼ੁਦਮੁਖ਼ਤਿਆਰੀ ਹੈ।

ਇੱਥੇ ਆਪਣੀ ਸੰਸਦ, ਆਪਣੀ ਸਰਕਾਰ ਤੇ ਆਪਣਾ ਹੀ ਰਾਸ਼ਟਰਪਤੀ ਹੈ। ਪੁਲਿਸ ਅਤੇ ਮੀਡੀਆ ਵੀ ਇਨ੍ਹਾਂ ਦੀ ਆਪਣੀ ਹੀ ਹੈ।

ਕੈਟੇਲੋਨੀਆ ਕੋਲ ਸੱਭਿਆਚਾਰ ਅਤੇ ਵਾਤਾਵਰਣ ਸੰਚਾਰ, ਟਰਾਂਸਪੋਰਟ, ਵਪਾਰ ਅਤੇ ਜਨਤਕ ਸੁਰੱਖਿਆ ਵਰਗੇ ਖੇਤਰਾਂ ਦੀਆਂ ਸ਼ਕਤੀਆਂ ਹਨ।

ਕਾਰਲਸ ਪੁਆਇਦੇਮੋਂਟ ਨੇ ਜਨਵਰੀ 2016 ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਹ ਕੈਟਲੈਨ ਸਰਕਾਰ ਚਲਾ ਰਹੇ ਸਨ।

ਉਨ੍ਹਾਂ ਦੇ 12 ਮੰਤਰੀ ਹਨ ਜਿਨ੍ਹਾਂ ਵਿਚ ਸਿੱਖਿਆ, ਸਿਹਤ, ਸੱਭਿਆਚਾਰ, ਘਰੇਲੂ ਮਾਮਲੇ ਅਤੇ ਭਲਾਈ ਵਿਭਾਗ ਸ਼ਾਮਲ ਸਨ।

ਕੈਟਲੈਨ ਸਰਕਾਰ ਦੇ 28,677 ਸਰਕਾਰੀ ਕਰਮਚਾਰੀ ਸਨ।

ਸ਼ੁੱਕਰਵਾਰ ਨੂੰ ਮਤਾ ਹੋਇਆ ਸੀ ਪਾਸ

ਕੈਟਲੈਨ ਸੰਸਦ ਵਿੱਚ ਵਿਰੋਧੀ ਧਿਰ, ਜੋ ਸਪੇਨ ਤੋਂ ਵੱਖ ਹੋਣ ਦੇ ਖਿਲਾਫ਼ ਹੈ, ਨੇ ਕਾਰਵਾਈ ਦਾ ਬਾਈਕਾਟ ਕੀਤਾ ਪਰ ਮਤੇ ਦੇ ਹੱਕ ਵਿੱਚ 70 ਅਤੇ ਵਿਰੋਧ ਵਿੱਚ 10 ਵੋਟਾਂ ਪਈਆਂ।

ਇਸ ਤੋਂ ਪਹਿਲਾਂ ਅਜ਼ਾਦੀ ਦੀ ਮੰਗ ਰੱਦ ਕਰਦਿਆਂ ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਖੋਏ ਨੇ ਕੈਟਲੋਨੀਆ ਦਾ ਸ਼ਾਸਨ ਸਪੇਨ ਸਰਕਾਰ ਤਹਿਤ ਲੈਣ ਲਈ ਸੀਨੇਟ ਮੈਂਬਰਾਂ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਸੀ।

ਇਸ ਉੱਤੇ ਮੋਹਰ ਲਾਉਂਦਿਆਂ ਸਪੇਨ ਦੀ ਸੰਸਦ ਨੇ ਕੈਟਲੈਨ ਦੀ ਖ਼ੁਦਮੁਖ਼ਤਿਆਰੀ ਖ਼ਤਮ ਕਰਨ ਦਾ ਮਤਾ ਪਾਸ ਕਰਕੇ ਕੈਟੇਲੋਨੀਆ ਨੂੰ ਸਿੱਧਾ ਆਪਣੇ ਸ਼ਾਸਨ ਹੇਠ ਲੈਣ ਦਾ ਐਲਾਨ ਕਰ ਦਿੱਤਾ।

ਇਹ ਮਤਾ ਪਾਸ ਹੋਣ ਨਾਲ ਸਪੇਨ ਨੇ ਕੈਟਲੈਨ ਆਗੂ ਕਾਰਲਸ ਪੁਆਇਦੇਮੋਂਟ, ਉਨ੍ਹਾਂ ਦੇ ਉਪ-ਰਾਸ਼ਟਰਪਤੀ ਤੇ ਸਾਰੇ ਖੇਤਰੀ ਆਗੂਆਂ ਨੂੰ ਹਟਾ ਦਿੱਤਾ ਹੈ।

ਕਦੋਂ ਤੋਂ ਉੱਠੀ ਅਜ਼ਾਦੀ ਦੀ ਮੰਗ

ਕੈਟੇਲੋਨੀਆ ਨੂੰ ਵੱਖਰਾ ਦੇਸ਼ ਬਣਾਉਣ ਕਈ 1 ਅਕਤੂਬਰ ਨੂੰ ਰਾਏਸ਼ੁਮਾਰੀ ਹੋਈ ਸੀ। ਜਿਸ ਨੂੰ ਸਪੇਨ ਦੀ ਸੰਵਿਧਾਨ ਅਦਾਲਤ ਨੇ ਗ਼ੈਰ ਕਾਨੂੰਨੀ ਕਰਾਰ ਦਿੱਤਾ ਸੀ।

ਕੈਟੇਲੋਨੀਆ ਦੇ ਅਧਿਕਾਰੀਆਂ ਮੁਤਾਬਕ ਇਸ ਰਾਏਸ਼ੁਮਾਰੀ 'ਚ 43 ਫ਼ੀਸਦੀ ਵੋਟ ਦਰਜ ਕੀਤੇ ਗਏ ਸਨ।

90 ਫ਼ੀਸਦੀ ਵੋਟ ਕੈਟਲੋਨੀਆ ਦੀ ਅਜ਼ਾਦੀ ਦੇ ਹੱਕ 'ਚ ਪਏ ਸਨ। ਵੋਟਿੰਗ ਦੌਰਾਨ ਝੜਪ ਵੀ ਹੋਈ ਸੀ ਜਿਸ ਵਿੱਚ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।

ਸਪੇਨ ਨੇ ਕੈਟੇਲੋਨੀਆ ਨੂੰ ਦਿੱਤਾ ਸੀ 5 ਦਿਨਾਂ ਦਾ ਸਮਾਂ

ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਖੋਏ ਨੇ ਕੈਟੇਲੋਨੀਆ ਪ੍ਰਸ਼ਾਸਨ ਨੂੰ ਪੰਜ ਦਿਨਾਂ ਦਾ ਸਮਾਂ ਦਿੱਤਾ ਸੀ ਕਿ ਉਹ ਰਸਮੀ ਤੌਰ 'ਤੇ ਇਹ ਦੱਸੇ ਕੀ ਕੈਟੇਲੋਨੀਆ ਨੂੰ ਸਪੇਨ ਤੋਂ ਵੱਖ ਇੱਕ ਅਜ਼ਾਦ ਮੁਲਕ ਐਲਾਨ ਦਿੱਤਾ ਗਿਆ ਹੈ।

ਜਵਾਬ ਵਜੋਂ ਅਜ਼ਾਦ ਦੇਸ਼ ਐਲਾਨੇ ਜਾਣ ਦੀ ਪੁਸ਼ਟੀ ਕਰਨ ਲਈ 26 ਅਕਤੂਬਰ ਤੱਕ ਅਲਟੀਮੇਟਮ ਦਿੱਤਾ ਗਿਆ ਸੀ।

ਕੈਟੇਲੋਨੀਆ ਦੇ ਆਗੂਆਂ ਨੇ ਅਜਿਹਾ ਨਹੀਂ ਕੀਤਾ, ਜਿਸ ਕਾਰਨ ਸਪੇਨ ਨੇ ਸੰਵਿਧਾਨ ਤਹਿਤ ਕੈਟੇਲੋਨੀਆ ਨੂੰ ਸਿੱਧੇ ਆਪਣੇ ਸ਼ਾਸਨ ਹੇਠ ਲੈ ਲਿਆ ਹੈ।

ਸਪੇਨ ਰਾਏਸ਼ੁਮਾਰੀ ਦਾ ਵਿਰੋਧੀ ਕਿਉਂ ਸੀ

  • 2014 ਵਿੱਚ ਅਹੁਦਾ ਛੱਡਣ ਸਮੇਂ ਤੱਤਕਾਲੀ ਪ੍ਰਧਾਨ ਮੰਤਰੀ ਮਾਰੀਆਨੋ ਰਖੋਏ ਨੇ ਕੈਟੇਲੋਨੀਆ ਲਈ ਰਾਏਸ਼ੁਮਾਰੀ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਕਨੂੰਨੀ ਮਾਨਤਾ ਦੇਣ ਲਈ ਮੁਲਕ ਵਿੱਚ ਸਹਿਮਤੀ ਨਹੀਂ ਬਣ ਸਕੀ ਸੀ।
  • ਸਪੇਨ ਦੀ ਕੇਂਦਰ ਸਰਕਾਰ ਇਸ ਨੂੰ ਇੱਕ ਪਾਸੜ ਰਾਏਸ਼ੁਮਾਰੀ ਮੰਨ ਰਹੀ ਸੀ।
  • ਲੋਕਾਂ ਵਿੱਚ ਸਹਿਮਤੀ ਨਾ ਹੋਣ ਕਾਰਨ ਰਾਏਸ਼ੁਮਾਰੀ ਕਾਰਨ ਦੇਸ਼ ਵਿੱਚ ਅਮਨ-ਕਨੂੰਨ ਦੀ ਸਥਿਤੀ ਖ਼ਰਾਬ ਹੋਈ।
  • ਕੈਟੇਲੋਨੀਆ ਸਪੇਨ ਦੀ ਵਿਕਾਸ ਦਰ ਦਾ 19 ਫ਼ੀਸਦੀ ਅਤੇ ਵਿਦੇਸ਼ੀ ਨਿਵੇਸ਼ ਦਾ 20 ਫ਼ੀਸਦੀ ਤੋਂ ਵੱਧ ਹਿੱਸਾ ਰੱਖਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)