ਜੇ ਪਤਨੀ ਤਲਾਕ ਨਾ ਚਾਹੇ ਤਾਂ ਪਤੀ ਕੋਲ ਕੀ ਹਨ ਬਦਲ

ਰਾਸ਼ਟਰੀ ਜਨਤਾ ਦਲ ਦੇ ਲੀਡਰ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਮੁੰਡੇ ਤੇਜ ਪ੍ਰਤਾਪ ਯਾਦਵ ਦਾ ਛੇ ਮਹੀਨੇ ਪਹਿਲਾਂ ਹੀ ਧੂਮਧਾਮ ਨਾਲ ਵਿਆਹ ਹੋਇਆ ਸੀ। ਇਸ ਹਾਈ ਪ੍ਰੋਫਾਈਲ ਵਿਆਹ ਵਿੱਚ ਵੱਡੇ ਲੀਡਰ ਸ਼ਾਮਲ ਹੋਏ ਸਨ ਅਤੇ ਇਹ ਵਿਆਹ ਮੀਡੀਆ ਵਿੱਚ ਵੀ ਛਾਹਿਆ ਰਿਹਾ ਸੀ।

12 ਮਈ 2018 ਨੂੰ ਹੋਏ ਇਸ ਵਿਆਹ ਦੀਆਂ ਗੱਲਾਂ ਅਜੇ ਵੀ ਹੋ ਰਹੀਆਂ ਹਨ ਪਰ ਇਸ ਵਾਰ ਚਰਚਾ ਦਾ ਕਾਰਨ ਹੈ ਤੇਜ ਪ੍ਰਤਾਪ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਵਿਚਾਲੇ ਟਕਰਾਅ।

ਦੋਹਾਂ ਵਿਚਾਲਾ ਟਕਰਾਅ ਤੇਜ ਪ੍ਰਤਾਪ ਦੇ ਆਪਣੀ ਪਤਨੀ ਤੋਂ ਤਲਾਕ ਚਾਹੁਣ ਦੀ ਗੱਲ ਜਨਤਕ ਹੋਣ ਨਾਲ ਸਾਹਮਣੇ ਆਇਆ।

ਤੇਜ ਪ੍ਰਤਾਪ ਨੇ 2 ਨਵੰਬਰ ਨੂੰ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਾਖ਼ਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਲਾਕ ਚਾਹੁੰਦੇ ਹਨ ਪਰ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਨਹੀਂ। ਉਨ੍ਹਾਂ ਦਾ ਪਰਿਵਾਰ ਐਸ਼ਵਰਿਆ ਵੱਲ ਹੈ।

ਹੁਣ 29 ਨਵੰਬਰ ਨੂੰ ਇਸ ਮਾਮਲੇ 'ਤੇ ਸੁਣਵਾਈ ਹੋਵੇਗੀ।

ਐਸ਼ਵਰਿਆ ਰਾਏ ਦੀ ਇਸ ਮਾਮਲੇ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਨ੍ਹਾਂ ਨੇ ਅਜੇ ਤੱਕ ਤਲਾਕ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ:-

ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਪਤੀ ਜਾਂ ਪਤਨੀ ਦੋਵਾਂ ਵਿੱਚੋਂ ਕੋਈ ਇੱਕ ਤਲਾਕ ਚਾਹੁੰਦਾ ਹੈ। ਅਜਿਹੇ ਵਿੱਚ ਦੂਜੇ ਸਾਥੀ ਕੋਲ ਕੀ ਬਦਲ ਹੁੰਦਾ ਹੈ। ਤਲਾਕ ਲੈਣ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ।

ਤਲਾਕ ਦੀ ਪ੍ਰਤੀਕਿਰਿਆ

ਸੁਪਰੀਮ ਕੋਰਟ ਵਿੱਚ ਫੈਮਿਲੀ ਵਕੀਲ ਪ੍ਰਾਚੀ ਸਿੰਘ ਦੱਸਦੀ ਹੈ ਕਿ ਤਲਾਕ ਨਾਲ ਜੁੜੇ ਸਾਰੇ ਮਾਮਲੇ ਫੈਮਿਲੀ ਕੋਰਟ ਵਿੱਚ ਆਉਂਦੇ ਹਨ। ਜੇਕਰ ਮੁਕੱਦਮੇ ਵਿਚਾਲੇ ਕੋਈ ਅਪਰਾਧਿਕ ਇਲਜ਼ਾਮ ਲਗਦਾ ਹੈ ਜਿਵੇਂ ਦਹੇਜ, ਘਰੇਲੂ ਹਿੰਸਾ ਆਦਿ ਉਦੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਹੁੰਦੀ ਹੈ।

ਤਲਾਕ ਦੋ ਤਰ੍ਹਾਂ ਲਿਆ ਜਾਂਦਾ ਹੈ ਇੱਕ ਸਹਿਮਤੀ ਨਾਲ ਅਤੇ ਦੂਜਾ ਇੱਕ ਪੱਖੀ ਤਰੀਕੇ ਨਾਲ। ਹਿੰਦੂ ਵਿਆਹ ਕਾਨੂੰਨ ਦੀ ਧਾਰਾ 13ਏ ਤਹਿਤ ਪਤੀ ਜਾਂ ਪਤਨੀ ਵਿੱਚੋਂ ਕੋਈ ਇੱਕ ਤਲਾਕ ਮੰਗ ਸਕਦਾ ਹੈ ਅਤੇ 13ਬੀ ਤਹਿਤ ਸਹਿਮਤੀ ਨਾਲ ਤਲਾਕ ਹੁੰਦਾ ਹੈ।

ਤਲਾਕ ਦੇ ਆਧਾਰ

ਵਿਆਹੋਂ ਬਾਹਰਲੇ ਸੰਬੰਧ-ਵਿਆਹ ਤੋਂ ਬਾਹਰ ਕਿਸੇ ਨਾਲ ਸਰੀਰਕ ਸਬੰਧ ਬਣਾਉਣ ਨੂੰ ਵਿਭਚਾਰ ਮੰਨਿਆ ਜਾਂਦਾ ਹੈ। ਵਿਭਚਾਰ ਪਹਿਲਾਂ ਜੁਰਮ ਸੀ ਪਰ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇਸ ਨੂੰ ਜੁਰਮ ਦੀ ਸ਼੍ਰੇਣੀ ਤੋਂ ਬਾਹਰ ਕੱਢ ਦਿੱਤਾ ਗਿਆ। ਪਰ, ਇਸਦੇ ਆਧਾਰ 'ਤੇ ਤਲਾਕ ਲਿਆ ਜਾ ਸਕਦਾ ਹੈ।

ਜੁਲਮ ਢਾਹੁਣਾ- ਇਸ ਵਿੱਚ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਦਰਿੰਦਗੀ ਆਉਂਦੀ ਹੈ। ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣਾ ਵੀ ਇਸੇ ਦਾ ਹਿੱਸਾ ਹੈ। ਮਾਨਸਿਕ ਪ੍ਰਤਾੜਨਾ ਸਿਰਫ਼ ਇੱਕ ਘਟਨਾ ਦੇ ਆਧਾਰ 'ਤੇ ਤੈਅ ਨਹੀਂ ਹੁੰਦੀ ਸਗੋਂ ਘਟਨਾਵਾਂ ਦੇ ਪੈਮਾਨੇ 'ਤੇ ਆਧਾਰਿਤ ਹੁੰਦੀ ਹੈ। ਇਸ ਵਿੱਚ ਲਗਾਤਾਰ ਮਾੜਾ ਵਿਹਾਰ, ਦਹੇਜ ਲਈ ਪ੍ਰੇਸ਼ਾਨ ਕਰਨਾ ਅਤੇ ਸਰੀਰਕ ਪੱਖੋਂ ਤੰਗ ਕਰਨਾ ਆਦਿ ਆਉਂਦਾ ਹੈ।

ਤਿਆਗ- ਜੇਕਰ ਪਤੀ ਜਾਂ ਪਤਨੀ ਦੋਵਾਂ ਵਿੱਚੋਂ ਕੋਈ ਇੱਕ ਵੀ ਘੱਟੋ ਘੱਟ ਦੋ ਸਾਲ ਤੱਕ ਆਪਣੀ ਸਾਥੀ ਤੋਂ ਵੱਖ ਰਹਿੰਦਾ ਹੈ ਤਾਂ ਤਿਆਗ ਦੇ ਆਧਾਰ 'ਤੇ ਤਲਾਕ ਦੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ।

ਮਾਨਸਿਕ ਪ੍ਰੇਸ਼ਾਨੀ- ਜੇਕਰ ਕਿਸੇ ਦਾ ਸਾਥੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਇਸ ਕਾਰਨ ਦੋਵੇਂ ਦੇ ਇਕੱਠੇ ਰਹਿਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤਾਂ ਇਸ ਆਧਾਰ 'ਤੇ ਤਲਾਕ ਮੰਗ ਸਕਦੇ ਹਨ।

ਬੀਮਾਰੀ- ਜੇਕਰ ਪਤੀ ਜਾਂ ਪਤਨੀ ਨੂੰ ਅਜਿਹੀ ਬਿਮਾਰੀ ਹੈ ਜਿਸ ਕਾਰਨ ਇਨਫੈਕਸ਼ਨ ਫੈਲ ਸਕਦੀ ਹੈ ਜਿਵੇਂ ਐਚਆਈਵੀ/ਏਡਜ਼, ਆਦਿ। ਇਸ ਆਧਾਰ 'ਤੇ ਤਲਾਕ ਮੰਗ ਸਕਦੇ ਹਨ।

ਧਰਮ ਬਦਲਨਾ-ਜੇਕਰ ਪਤੀ ਜਾਂ ਪਤਨੀ ਵਿੱਚੋਂ ਕੋਈ ਧਰਮ ਪਰਿਵਰਤਨ ਕਰ ਲੈਂਦਾ ਹੈ ਤਾਂ ਵੀ ਤਲਾਕ ਮੰਗਿਆ ਜਾ ਸਕਦਾ ਹੈ।

ਲੰਬੀ ਗੁਮਸ਼ੁਦਗੀ- ਪਤੀ ਜਾਂ ਪਤਨੀ ਦੇ ਜਿਉਂਦੇ ਹੋਣ ਦੀ ਜਾਣਕਾਰੀ ਨਹੀਂ ਹੈ ਅਤੇ ਉਸਦੀ ਮ੍ਰਿਤਕ ਦੇਹ ਨਹੀਂ ਮਿਲੀ। ਕਾਨੂੰਨ ਕਹਿੰਦਾ ਹੈ ਜੇਕਰ 7 ਸਾਲ ਤੱਕ ਇੱਕ ਸ਼ਖ਼ਸ ਨੂੰ ਜ਼ਿੰਦਾ ਦੇਖਿਆ ਜਾਂ ਸੁਣਿਆ ਨਾ ਜਾਵੇ ਤਾਂ ਉਹ ਮਨ੍ਰਿਤਕ ਮੰਨਿਆ ਜਾਂਦਾ ਹੈ। ਇਸ ਆਧਾਰ 'ਤੇ ਤਾਲਾਕ ਦੀ ਅਰਜ਼ੀ ਦਾਖ਼ਲ ਕਰ ਸਕਦੇ ਹਨ।

ਸੰਨਿਆਸ-ਜੇਕਰ ਪਤੀ ਜਾਂ ਪਤਨੀ ਵਿੱਚੋਂ ਕੋਈ ਇੱਕ ਵਿਆਹੁਤਾ ਜ਼ਿੰਦਗੀ ਛੱਡ ਕੇ ਸੰਨਿਆਸ ਲੈਂਦਾ ਹੈ ਤਾਂ ਤਾਲਾਕ ਮੰਗ ਸਕਦੇ ਹਨ।

ਇੱਕ ਪਾਸੜ ਤਲਾਕ

ਜਦੋਂ ਪਤੀ ਜਾਂ ਪਤਨੀ ਵਿੱਚੋਂ ਕੋਈ ਇੱਕ ਰਾਜ਼ੀ ਹੋਵੇ ਅਤੇ ਦੂਸਰਾ ਸਹਿਮਤ ਨਾ ਹੋਵੇ। ਉਸ ਹਾਲਤ ਵਿੱਚ ਦੂਸਰੀ ਧਿਰ ਕੋਲ ਕੀ ਵਿਕਲਪ ਬਚਦੇ ਹਨ ਅਤੇ ਇਸ ਵਿੱਚ ਪਰਿਵਾਰ ਦੀ ਕੀ ਭੂਮਿਕਾ ਹੁੰਦੀ ਹੈ?

  • ਅਜਿਹੀ ਹਾਲਤ ਵਿੱਚ ਪਤੀ ਜਾਂ ਪਤਨੀ ਪਰਿਵਾਰਕ ਅਦਾਲਤ ਵਿੱਚ ਜਾ ਕੇ ਤਲਾਕ ਲਈ ਅਰਜ਼ੀ ਦੇ ਸਕਦੇ ਹਨ। ਇਸ ਦੇ ਨਾਲ ਹੀ ਉਹ ਸਾਰੇ ਸਬੰਧਿਤ ਗਵਾਹ ਅਤੇ ਕਾਗਜ਼ਾਤ ਵੀ ਜਮਾਂ ਕਰਵਾਉਂਦੇ ਹਨ।
  • ਇਸ ਮਗਰੋਂ ਅਦਾਲਤ ਦੂਸਰੇ ਪੱਖ ਨੂੰ ਨੋਟਿਸ ਭੇਜ ਕੇ ਆਪਣੀ ਸਥਿਤੀ ਸਪਸ਼ਟ ਕਰਨ ਦਾ ਮੌਕਾ ਦਿੰਦੀ ਹੈ।
  • ਹੁਣ ਕਿਉਂਕਿ ਇਹ ਇੱਕ ਪਾਸੜ ਮੰਗ ਹੈ ਅਤੇ ਦੂਸਰੀ ਧਿਰ ਤਲਾਕ ਨਹੀਂ ਚਾਹੁੰਦੀ ਤਾਂ ਅਰਜ਼ੀ ਦੇਣ ਵਾਲੇ ਨੂੰ ਆਪਣੇ ਪੱਖ ਵਿੱਚ ਸਬੂਤ ਪੇਸ਼ ਕਰਨੇ ਪੈਂਦੇ ਹਨ।
  • ਤੇਜ ਪ੍ਰਤਾਪ ਯਾਦਵ ਦੇ ਮਾਮਲੇ ਵਿੱਚ ਹੀ ਅਜਿਹਾ ਹੀ ਹੋਵੇਗਾ। ਉਨ੍ਹਾਂ ਦੀ ਪਤਨੀ ਜਾਂ ਤਾਂ ਤਲਾਕ ਦੀ ਹਾਮੀ ਭਰੇਗੀ ਜਾਂ ਵਿਰੋਧ ਕਰੇਗੀ।
  • ਇਸ ਤੋਂ ਬਾਅਦ ਦੂਸਰੀ ਧਿਰ ਵੀ ਆਪਣੇ ਪੱਖ ਵਿੱਚ ਸਬੂਤ ਪੇਸ਼ ਕਰਦਾ ਹੈ। ਉਹ ਦਸਦੀ ਹੈ ਕਿ ਲਾਏ ਗਏ ਇਲਜ਼ਾਮ ਗਲਤ ਹਨ।
  • ਇੱਕ ਧਿਰ ਜੇ ਅਦਾਲਤ ਵਿੱਚ ਹਾਜ਼ਰ ਨਾ ਹੋਵੇ ਤਾਂ ਦੂਸਰੀ ਦੇ ਪੱਖ ਵਿੱਚ ਫੈਸਲਾ ਸੁਣਾ ਦਿੱਤਾ ਜਾਂਦਾ ਹੈ।
  • ਜੇ ਦੋਵੇਂ ਧਿਰ ਅਦਾਲਤ ਵਿੱਚ ਪਹੁੰਚ ਜਾਣ ਤਾਂ ਆਪਸੀ ਸਹਿਮਤੀ ਨਾਲ ਤਲਾਕ ਜਾਂ ਇਕੱਠੇ ਰਹਿਣ ਦਾ ਫੈਸਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿੱਚ ਅਦਾਲਤ ਦਾ ਫੈਸਲਾ ਹੀ ਆਖ਼ਰੀ ਹੁੰਦਾ ਹੈ।
  • ਇਸ ਵਿਚਕਾਰ ਜੇ ਕੋਈ ਘਰੇਲੂ ਹਿੰਸਾ, ਦਹੇਜ ਜਾਂ ਕੋਈ ਹੋਰ ਇਲਜ਼ਾਮ ਹੋਣ ਤਾਂ ਅਦਾਲਤ ਜਾਂਚ ਦੇ ਹੁਕਮ ਦੇ ਸਕਦੀ ਹੈ।
  • ਅਜਿਹੀ ਹਾਲਤ ਵਿੱਚ ਫੈਸਲਾ ਮਹੀਨਿਆਂ ਤੋਂ ਲੈ ਕੇ ਸਾਲਾਂ ਤੱਕ ਲਮਕ ਸਕਦਾ ਹੈ।

ਵਕੀਲ ਮੁਰਾਰੀ ਤਿਵਾਰੀ ਦਸਦੇ ਹਨ ਕਿ ਤਲਾਕ ਬਿਲਕੁਲ ਹੀ ਨਿੱਜੀ ਵਿਸ਼ਾ ਹੈ। ਇਸ ਵਿੱਚ ਪਰਿਵਾਰ ਦਾ ਦਖ਼ਲ ਨਹੀਂ ਹੁੰਦਾ।

ਪਰਿਵਾਰ ਤਲਾਕ ਚਾਹੁੰਦਾ ਹੈ ਜਾਂ ਨਹੀਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤਲਾਕ ਦੀ ਪ੍ਰਕਿਰਿਆ ਦੌਰਾਨ ਪਤਨੀ ਗੁਜ਼ਾਰਾ ਭੱਤਾ ਮੰਗ ਸਕਦੀ ਹੈ। ਹਾਂ, ਜੇ ਪਤਨੀ ਕਮਾ ਸਕਦੀ ਹੈ ਜਾਂ ਪਤੀ ਤੋਂ ਵਧੇਰੇ ਕਮਾ ਰਹੀ ਹੈ ਫਿਰ ਉਹ ਇਸ ਦੀ ਹੱਕਦਾਰ ਨਹੀਂ ਹੈ।

ਤੇਜ ਪ੍ਰਤਾਪ ਦੀ ਪਤਨੀ ਵੀ ਗੁਜ਼ਾਰਾ ਭੱਤਾ ਮੰਗ ਸਕਦੀ ਹੈ। ਜੇ ਇਸ ਬਾਰੇ ਸਹਿਮਤੀ ਨਹੀਂ ਬਣਦੀ ਤਾਂ ਵੱਖਰਾ ਕੇਸ ਚੱਲੇਗਾ।

ਸਹਿਮਤੀ ਨਾਲ ਤਲਾਕ

ਵਕੀਲ ਪ੍ਰਾਚੀ ਸਿੰਘ ਦਸਦੇ ਹਨ ਕਿ ਇੱਕ ਪੱਖੀ ਤਲਾਕ ਦੇ ਮੁਕਾਬਲੇ ਇਹ ਸੌਖਾ ਢੰਗ ਹੈ। ਇਸ ਵਿੱਚ ਸਮੇਂ ਦੀ ਬਚਤ ਹੁੰਦੀ ਹੈ। ਹਾਲਾਂਕਿ, ਇਸ ਵਿੱਚ ਜ਼ਰੂਰੀ ਹੈ ਕਿ ਪਤੀ-ਪਤਨੀ ਘੱਟੋ-ਘੱਟ ਇੱਕ ਸਾਲ ਤੋਂ ਵੱਖਰੇ-ਵੱਖਰੇ ਰਹਿ ਰਹੇ ਹੋਣ।

ਇਸ ਨਾਲ ਜੁੜੀ ਪ੍ਰਕਿਰਿਆ ਬਾਰੇ ਉਨ੍ਹਾਂ ਦੱਸਿਆ:

  • ਸਹਿਮਤੀ ਨਾਲ ਤਲਾਕ ਲਈ ਦੋਵੇਂ ਪੱਖ ਤਲਾਕ ਲਈ ਅਦਾਲਤ ਵਿੱਚ ਸਹਿਮਤੀ ਪੱਤਰ ਨਾਲ ਅਰਜ਼ੀ ਦਿੰਦੇ ਹਨ।
  • ਅਜਿਹੇ ਕੇਸਾਂ ਵਿੱਚ ਸਬੂਤਾਂ ਦੀ ਲੋੜ ਨਹੀਂ ਹੁੰਦੀ।
  • ਅਰਜੀ ਦੋ ਪੱਧਰਾਂ 'ਤੇ ਦਾਖ਼ਲ ਕੀਤੀ ਜਾ ਸਕਦੀ ਹੈ। ਪਹਿਲੀ ਵਿੱਚ ਅਦਾਲਤ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਛੇ ਮਹੀਨੇ ਦਾ ਸਮਾਂ ਦਿੰਦੀ ਹੈ ਤਾਂ ਕਿ ਉਹ ਤਲਾਕ ਬਾਰੇ ਆਖਰੀ ਵਿਚਾਰ ਕਰ ਸਕਣ।
  • ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ 6 ਮਹੀਨੇ ਦੀ ਮਿਆਦ ਤੋਂ ਵੀ ਛੋਟ ਦੇ ਦਿੱਤੀ ਗਈ ਹੈ। ਹਾਲਾਂਕਿ ਇਸ ਲਈ ਠੋਸ ਵਜ੍ਹਾ ਅਦਾਲਤ ਦੇ ਸਾਹਮਣੇ ਰੱਖਣਾ ਜਰੂਰੀ ਹੈ। ਜਿਵੇਂ ਜਾਨ ਨੂੰ ਖ਼ਤਰਾ ਹੋਣਾ, ਕਈ ਸਾਲਾਂ ਤੱਕ ਦੂਰ ਰਹਿਣਾ ਅਤੇ ਪੜ੍ਹਨ ਜਾਂ ਨੌਕਰੀ ਲਈ ਜਾਣਾ।
  • ਛੇ ਮਹੀਨਿਆਂ ਬਾਅਦ ਦੋਵੇਂ ਧਿਰਾਂ ਮੁੜ ਅਰਜੀ ਦਾਖਲ ਕਰਦੇ ਹਨ।
  • ਜੇ ਦੋਵੇਂ ਕੋਈ ਵੀ ਫੈਸਲਾ ਕਰਨ ਉਨ੍ਹਾਂ ਦੇ ਬਿਆਨ ਦਰਜ ਕਰਕੇ ਅਦਾਲਤ ਆਖਰੀ ਫੈਸਲਾ ਸੁਣਾ ਦਿੰਦੀ ਹੈ।
  • ਸਹਿਮਤੀ ਨਾਲ ਤਲਾਕ ਲਈ ਪਤੀ-ਪਤਨੀ ਦਾ ਤਿੰਨ ਗੱਲਾਂ 'ਤੇ ਸਹਿਮਤ ਹੋਣਾ ਜਰੂਰੀ ਹੈ। ਗੁਜ਼ਾਰਾ ਭੱਤਾ, ਬੱਚਿਆਂ ਦੀ ਕਸਟਡੀ ਅਤੇ ਜਾਇਦਾਦ ਦੀ ਵੰਡ। ਸਹਿਮਤੀ ਨਾ ਹੋਵੇ ਤਾਂ ਅਦਾਲਤ ਆਪਣਾ ਫੈਸਲਾ ਦਿੰਦੀ ਹੈ।

ਇਹ ਵੀ ਪੜ੍ਹੋ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)