ਟੈਸਟ ਟਿਊਬ ਬੇਬੀ ਤੋਂ ਬਾਅਦ ਹੁਣ 'ਟੈਸਟ ਟਿਊਬ ਰੁੱਖ' ਵੀ

    • ਲੇਖਕ, ਹੈਲੇਨ ਬ੍ਰਿਗਸ
    • ਰੋਲ, ਬੀਬੀਸੀ ਨਿਊਜ਼

ਰੁੱਖਾਂ ਦੀਆਂ ਨਸਲਾਂ ਧਰਤੀ ਤੋਂ ਰਿਕਾਰਡ ਗਤੀ ਨਾਲ ਖ਼ਤਮ ਹੋ ਰਹੀਆਂ ਹਨ ਅਤੇ ਪੰਜਾਂ ਵਿਚੋਂ ਇੱਕ ਰੁੱਖ 'ਤੇ ਖਾਤਮੇ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਨ੍ਹਾਂ ਰੁੱਖਾਂ ਨੂੰ ਖਾਤਮੇ ਦੀ ਕਗਾਰ ਤੋਂ ਵਾਪਸ ਲਿਆਉਣ ਲਈ ਪ੍ਰਯੋਗਸ਼ਾਲਾ ਵਿੱਚ ਟੈਸਟ ਟਿਊਬ ਦੀ ਮਦਦ ਲਈ ਜਾ ਰਹੀ ਹੈ। ਬਿਲਕੁਲ ਉਹੀ ਤਕਨੀਕ ਜਿਹੜੀ ਟੈਸਟ ਟਿਊਬ ਬੇਬੀ ਲਈ ਵਰਤੀ ਜਾਂਦੀ ਹੈ।

ਸ਼ੁਰੂਆਤੀ ਤੌਰ ਤੇ ਵਿਗਿਆਨੀਆਂ ਨੇ ਓਕ ਦੇ ਪੌਦੇ ਉਗਾਏ ਹਨ। ਇਹ ਜੰਗਲੀ ਰੁੱਖਾਂ ਦੇ ਬੀਜਾਂ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।

ਬਰਤਾਨੀਆ ਦੇ ਵੈਸਟ ਸਸੈਕਸ ਦੇ ਵੇਕਹਰਸਟ ਦੇ ਕਿਊਜ਼ ਮਿਲੇਨੀਅਮ ਬੀਜ ਬੈਂਕ ਦੇ ਡਾ. ਜੋਹਨ ਡਿਕੀ ਮੁਤਾਬਕ, "ਇਹ ਜੰਗਲਾਂ ਵਿੱਚ ਲੁਪਤ ਹੋ ਰਹੇ ਰੁੱਖ਼ਾਂ ਦਾ ਜੀਵਨ ਬੀਮਾ ਹੈ।"

ਇਹ ਵੀ ਪੜ੍ਹੋ:

"ਕਿਸੇ ਰੁੱਖ ਵਿੱਚ ਇਨ ਸੀਟੂ ਸੁਰੱਖਿਆ ਹਮੇਸ਼ਾ ਸਭ ਤੋਂ ਵਧੀਆ ਹੁੰਦੀ ਹੈ। ਉੱਥੇ ਵਿਕਾਸ ਹਮੇਸ਼ਾ ਹੋ ਸਕਦਾ ਹੈ। ਸਿਸਟਮ ਦੇ ਫੇਲ੍ਹ ਹੇ ਜਾਣ ਦੀ ਸਥਿਤੀ ਵਿੱਚ ਇਹ ਇੱਕ ਕਿਫਾਇਤੀ ਬੈਕ-ਅੱਪ ਹੈ।"

ਇਨ ਸੀਟੂ ਸੁਰੱਖਿਆ ਤੋਂ ਭਾਵ ਹੈ ਕਿਸੇ ਪ੍ਰਜਾਤੀ ਨੂੰ ਉਸ ਦੇ ਮੂਲ ਇਲਾਕੇ ਵਿੱਚ ਹੀ ਬਚਾਉਣ ਦੀ ਕੋਸ਼ਿਸ਼ ਕਰਨਾ। ਜਦਕਿ ਐਕਸ ਸੀਟੂ ਵਿੱਚ ਖਤਰੇ ਵਾਲੀ ਪ੍ਰਜਾਤੀ ਨੂੰ ਉਸਦੇ ਮੂਲ ਨਿਵਾਸ ਵਿੱਚੋਂ ਕੱਢ ਲਿਆ ਜਾਂਦਾ ਹੈ ਅਤੇ ਸੁਰੱਖਿਅਤ ਹਾਲਤ ਵਿੱਚ ਉਸ ਦੀ ਗਿਣਤੀ ਵਧਾਈ ਜਾਂਦੀ ਹੈ।

ਮਿਸਾਲ ਵਜੋਂ ਸ਼ੇਰਾਂ ਨੂੰ ਜੰਗਲ ਵਿੱਚ ਬਚੇ ਰਹਿਣ ਲਈ ਜੰਗਲ ਦਾ ਕੁਝ ਹਿੱਸਾ ਰੱਖ ਬਣਾ ਦੇਣਾ ਇਨ ਸੀਟੂ ਹੈ ਅਤੇ ਸ਼ੇਰਾਂ ਨੂੰ ਚਿੜੀਆ ਘਰਾਂ ਵਿੱਚ ਲਿਆ ਕੇ ਉਨ੍ਹਾਂ ਦੀ ਗਿਣਤੀ ਵਧਾਉਣਾ ਐਕਸ ਸੀਟੂ ਹੈ।

ਰੁੱਖਾਂ ਦੇ ਮਾਮਲੇ ਵਿੱਚ ਐਕਸ ਸੀਟੂ ਤਰੀਕੇ ਵਿੱਚ ਰੁੱਖਾਂ ਦੇ ਬੀਜਾਂ ਨੂੰ ਅਜਿਹੀ ਥਾ ਰੱਖਿਆ ਜਾਂਦਾ ਹੈ ਜੋ ਨਾ ਤਾਂ ਜੰਗ ਵਿੱਚ ਤਬਾਹ ਹੋਵੇ ਅਤੇ ਨਾ ਉੱਥੇ ਹੜ੍ਹਾਂ ਦਾ ਅਸਰ ਹੋਵੇ ਅਤੇ ਨਾਹੀ ਕਿਸੇ ਕਿਸਮ ਦੀਆਂ ਵਿਕਿਰਨਾਂ ਦਾ ਅਸਰ ਹੀ ਉਨ੍ਹਾਂ ਤੱਕ ਪਹੁੰਚ ਸਕੇ।

ਵਿਗਿਆਨੀਆਂ ਦਾ ਮਕਸਦ ਹੈ ਕਿ 2020 ਤੱਕ ਰੁੱਖਾਂ ਦੀਆਂ ਖ਼ਤਰੇ ਵਿੱਚ ਪਈਆਂ ਪ੍ਰਜਾਤੀਆਂ ਵਿੱਚੋਂ 75 ਫੀਸਦੀ ਨੂੰ ਸੁਰੱਖਿਅਤ ਕਰ ਲੈਣ ਪਰ ਨਵੇਂ ਅਨੁਮਾਨਾਂ ਮੁਤਾਬਕ ਇਹ ਉਦੇਸ਼ ਹਾਸਲ ਕਰਨਾ ਸੰਭਵ ਨਹੀਂ ਰਿਹਾ।

ਨੈਚਰ ਪਲਾਂਟਸ ਰਸਾਲੇ ਵਿੱਚ ਛਪੇ ਮਾਡਲ ਮੁਤਾਬਕ 36 ਫੀਸਦੀ ਰੁੱਖਾਂ ਦੀਆਂ ਪ੍ਰਜਾਤੀਆਂ ਨੂੰ ਖ਼ਾਤਮੇ ਦਾ ਗੰਭੀਰ ਖ਼ਤਰਾ ਹੈ ਜਿਸ ਵਿੱਚ ਧਰਤੀ ਦੇ ਕੁੱਲ ਰੁੱਖਾਂ ਦੀਆ ਪ੍ਰਜਾਤੀਆਂ ਵਿੱਚੋ 33 ਫੀਸਦੀ ਅਤੇ 10 ਫੀਸਦੀ ਜੜੀਆਂ-ਬੂਟੀਆਂ ਸ਼ਾਮਲ ਹਨ।

ਮਿਲੇਨੀਅਮ ਬੀਜ ਬੈਂਕ ਦੇ ਹੀ ਡੈਨੀਅਲ ਬਾਲਿਸਟਰਸ ਮੁਤਾਬਕ, "ਪੌਦਿਆਂ ਦੀਆਂ ਸਾਰੀਆਂ ਪ੍ਰਜਾਤੀਆਂ ਨੂੰ ਬੀਜ ਬੈਂਕ ਵਿੱਚ ਨਹੀਂ ਸਾਂਭਿਆ ਜਾ ਸਕਦਾ। ਮਿਸਾਲ ਵਜੋਂ ਓਕ ਦੇ ਰੁੱਖ ਦੇ ਬੀਜਾਂ ਨੂੰ ਸੁਕਾਇਆ ਨਹੀਂ ਜਾ ਸਕਦਾ ਜੇ ਸੁਕਾਵਾਂਗੇ ਤਾਂ ਉਹ ਮਰ ਜਾਣਗੇ।"

ਵਿਗਿਆਨੀ ਕੋਸ਼ਿਸ਼ ਕਰ ਰਹੇ ਹਨ ਕਿ ਇਨ੍ਹਾਂ ਪ੍ਰਜਾਤੀਆਂ ਦੇ ਬੀਜਾਂ ਨੂੰ ਬੇਹੱਦ ਠੰਡੇ ਤਾਪਮਾਨ ਵਿੱਚ ਰੱਖ ਕੇ ਬਚਾਇਆ ਜਾ ਸਕੇ। ਬੇਹੱਦ ਠੰਢ ਵਿੱਚ ਇਨ੍ਹਾਂ ਦੇ ਬੀਜਾਂ ਦੇ ਜੀਵਤ ਸੈਲ ਸੌਂ ਜਾਂਦੇ ਹਨ।

ਇਸ ਤਰੀਕੇ ਨਾਲ ਕਾਫ਼ੀ, ਚਾਕਲੇਟ ਅਤੇ ਐਵੇਕਾਡੋ ਵਾਂਗ ਹੀ ਓਕ ਵਰਗੇ ਰਵਾਇਤੀ ਰੁੱਖਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਧੀ ਨੂੰ Cryopreservation ਕਿਹਾ ਜਾਂਦਾ ਹੈ।

ਇਸ ਵਿੱਚ ਰੁੱਖ ਦੇ ਭਰੂਣ ਨੂੰ ਬੀਜ ਤੋਂ ਵੱਖ ਕਰਕੇ ਤਰਲ ਨਾਈਟਰੋਜਨ ਦੇ ਘੋਲ ਵਿੱਚ ਬੇਹੱਦ ਠੰਢੇ ਤਾਪਮਾਨ ਵਿੱਚ ਰੱਖਿਆ ਜਾਂਦਾ ਹੈ।

ਇਸ ਵਿਧੀ ਨਾਲ ਰੁੱਖਾਂ ਨੂੰ ਭਵਿੱਖ ਵਿੱਚ ਵਿਕਸਿਤ ਕਰਨ ਲਈ ਸਾਂਭਿਆ ਜਾ ਸਕੇਗਾ।

ਪਰ ਇਹ ਤਕਨੀਕ ਕਾਫ਼ੀ ਨਿਵੇਸ਼ ਮੰਗਦੀ ਹੈ ਅਤੇ ਇਸ ਦੀ ਵਰਤੋਂ ਰਵਾਇਤੀ ਤਰੀਕਿਆਂ ਦੇ ਨਾਲ ਹੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਮਿਲੇਨੀਅਮ ਬੀਜ ਬੈਂਕ ਕੋਲ ਇਸ ਸਮੇਂ 40000 ਪੌਦਿਆਂ ਦੀਆਂ ਪ੍ਰਜਾਤੀਆਂ ਹਨ ਜਿਨ੍ਹਾਂ ਨੂੰ 20 ਡਿਗਰੀ ਤਾਪਮਾਨ 'ਤੇ ਰੱਖਿਆ ਗਿਆ ਹੈ।

ਆਉਣ ਵਾਲੇ ਸਮੇਂ ਵਿੱਚ ਤਨਜ਼ਾਨੀਆ ਤੋਂ ਵੀ ਖ਼ਤਰੇ ਵਾਲੇ ਰੁੱਖਾਂ ਦੀਆਂ ਪ੍ਰਜਾਤੀਆਂ ਦੇ ਕਹਿ ਲਵੋ ਭਰੂਣ ਇੱਥੇ ਸਾਂਭੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਬਚਾਈਆਂ ਜਾ ਰਹੀਆਂ ਪ੍ਰਜਾਤੀਆਂ, ਖੁਰਾਕ, ਈਂਧਣ ਜਾਂ ਦਵਾਈਆਂ ਵਜੋਂ ਮੁੱਲਵਾਨ ਹੋ ਸਕਦੀਆਂ ਹਨ।

ਜੈਨਿਟ ਟੈਰੀ, ਤਨਜ਼ਾਨੀਆ ਤੋਂ ਇਨ੍ਹਾਂ ਦੀ ਢੋਆ-ਢੁਆਈ ਦੇਖਦੀ ਹੈ।

ਟੈਰੀ ਨੇ ਦੱਸਿਆ, "ਇਹ ਸਾਡੇ ਬਦਲਦੇ ਵਾਤਾਵਰਨ ਲਈ ਬਹੁਤ ਅਹਿਮ ਹਨ। ਇਸ ਲਈ ਇਨ੍ਹਾਂ ਦੇ ਜਾਣ ਤੋਂ ਪਹਿਲਾਂ ਅਸੀਂ ਇਨ੍ਹਾਂ ਨੂੰ ਇਕਠੇ ਕਰਕੇ ਸਾਂਭ ਰਹੇ ਹਾਂ। ਫੇਰ ਅਸੀਂ ਇਨ੍ਹਾਂ ਨੂੰ ਕਿਸੇ ਵੀ ਢੁਕਵੇਂ ਮਕਸਦ ਲਈ ਵਰਤ ਸਕਦੇ ਹਾਂ।"

ਇਹ ਤਰੀਕਾ ਮਦਦਗਾਰ ਸਾਬਤ ਹੋ ਰਿਹਾ ਹੈ।

ਮੇਰੀ ਮੁਲਾਕਾਤ ਕੰਜ਼ਰਵੇਸ਼ਨ ਮੈਨੇਜਰ ਪਾਰਕਿੰਸਨ ਨਾਲ ਹੋਈ।

ਬਰਤਾਨੀਆ ਵਿੱਚ ਚਾਰਾਗਾਹਾਂ ਨੂੰ ਖ਼ਤਰਾ ਹੈ। ਬੀਜ ਬੈਂਕਾਂ ਵਿੱਚ ਰੱਖੇ ਸਥਾਨਕ ਪ੍ਰਜਾਤੀਆਂ ਦੇ ਬੀਜਾਂ ਨੂੰ ਇਨ੍ਹਾਂ ਖ਼ਤਮ ਹੋ ਰਹੀਆਂ ਚਾਰਾਗਾਹਾਂ ਦੀ ਜੈਵ ਭਿੰਨਤਾ ਨੂੰ ਬਹਾਲ ਕਰਨ ਲਈ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੈਂਕ, ਇੱਕ ਬੈਂਕ ਖਾਤੇ ਵਾਂਗ ਹੀ ਹੈ ਜਿੱਥੇ ਤੁਸੀਂ ਜਮਾਂ ਵੀ ਕਰਵਾ ਸਕਦੇ ਹੋ ਅਤੇ ਲੋੜ ਪੈਣ 'ਤੇ ਕਢਾ ਵੀ ਸਕਦੇ ਹੋ।

ਉਨ੍ਹਾਂ ਕਿਹਾ, "ਹਾਲਾਂਕਿ ਇੱਥੇ ਬੀਜਾਂ ਨੂੰ ਭਵਿੱਖ ਲਈ ਸਾਂਭਿਆ ਜਾਂਦਾ ਹੈ ਪਰ ਕੋਈ ਬੀਜ ਮਿੱਟੀ ਵਿੱਚ ਹੀ ਉੱਗੇ ਤਾਂ ਵਧੀਆ ਹੈ, ਅਸੀਂ ਵੀ ਇਹੀ ਕਰਨਾ ਚਾਹਾਂਗੇ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)