ਅਮਰੀਕਾ ਈਰਾਨ ਦੀ ਇਸ ਕ੍ਰਾਂਤੀ ਨਾਲ ਅਸਹਿਜ ਹੋਇਆ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਪੱਤਰਕਾਰ, ਬੀਬੀਸੀ

5 ਨਵੰਬਰ ਤੋਂ ਈਰਾਨ ਦੇ ਤੇਲ ਬਰਾਮਦ 'ਤੇ ਅਮਰੀਕੀ ਪਾਬੰਦੀ ਲਾਗੂ ਹੋ ਗਈ ਹੈ। ਅਮਰੀਕਾ ਇਸ ਸਾਲ ਦੀ ਸ਼ੁਰੂਆਤ ਵਿੱਚ ਈਰਾਨ ਸਣੇ ਛੇ ਦੇਸਾਂ ਵਿੱਚ ਹੋਏ ਪਰਮਾਣੂ ਸਮਝੌਤੇ ਤੋਂ ਬਾਹਰ ਨਿਕਲ ਆਇਆ ਸੀ।

ਉਸ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੂਐਨ ਮਹਾਸਭਾ ਦੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਦੁਨੀਆ ਦੇ ਸਾਰੇ ਦੇਸ ਈਰਾਨ ਨਾਲ ਸਬੰਧ ਤੋੜ ਦੇਣ।

ਹੁਣ ਅਮਰੀਕਾ ਨੇ ਸਾਰੇ ਦੇਸਾਂ 'ਤੇ ਈਰਾਨ ਨਾਲ ਸਬੰਧ ਤੋੜਨ ਦਾ ਦਬਾਅ ਤੇਜ਼ ਕਰ ਦਿੱਤਾ ਹੈ। ਅਮਰੀਕਾ ਨੂੰ ਇਹ ਉਮੀਦ ਹੈ ਕਿ ਇਸ ਦਬਾਅ ਦੇ ਕਾਰਨ ਈਰਾਨ ਪਰਮਾਣੂ ਸਮਝੌਤੇ 'ਤੇ ਮੁੜ ਤੋਂ ਗੱਲਬਾਤ ਕਰਨ ਲਈ ਤਿਆਰ ਹੋ ਜਾਵੇਗਾ।

ਰਾਸ਼ਟਰਪਤੀ ਟਰੰਪ ਦੀ ਇਹੀ ਮੰਗ ਹੈ ਕਿਉਂਕਿ 2015 ਵਿੱਚ ਬਰਾਕ ਓਬਾਮਾ ਦੇ ਦੌਰ ਵਿੱਚ ਹੋਏ ਪਰਮਾਣੂ ਸਮਝੌਤੇ ਤੋਂ ਉਹ ਖੁਸ਼ ਨਹੀਂ ਹਨ।

ਇਹ ਵੀ ਪੜ੍ਹੋ:

ਭਾਰਤ ਅਤੇ ਈਰਾਨ ਦੇ ਸਬੰਧ ਇਤਿਹਾਸਕ ਹਨ। ਭਾਰਤ ਈਰਾਨੀ ਤੇਲ ਦਾ ਚੀਨ ਤੋਂ ਬਾਅਦ ਸਭ ਤੋਂ ਵੱਡਾ ਖਰੀਦਦਾਰ ਹੈ।

ਈਰਾਨੀ ਤੇਲ ਭਾਰਤ ਦੇ ਵਿੱਤੀ ਵਿਕਾਸ ਲਈ ਕਾਫੀ ਜ਼ਰੂਰੀ ਹੈ। ਭਾਰਤ ਨੇ ਹੁਣ ਤੱਕ ਸੰਕੇਤ ਇਸ ਗੱਲ ਦੇ ਦਿੱਤੇ ਹਨ ਕਿ ਈਰਾਨ ਦੇ ਨਾਲ ਇਸ ਦੇ ਰਿਸ਼ਤੇ ਬਣੇ ਰਹਿਣਗੇ।

ਸਮਝੌਤੇ ਤੋਂ ਕਿਉਂ ਬਾਹਰ ਹੋਇਆ ਅਮਰੀਕਾ?

ਭਾਰਤ ਨੇ ਅਮਰੀਕਾ ਵੱਲੋਂ ਈਰਾਨ 'ਤੇ ਲਾਈਆਂ ਗਈਆਂ ਪਿਛਲੀਆਂ ਪਾਬੰਦੀਆਂ ਦੇ ਬਾਵਜੂਦ ਈਰਾਨ ਨਾਲ ਵਿੱਤੀ ਅਤੇ ਸਿਆਸੀ ਰਿਸ਼ਤੇ ਨਹੀਂ ਤੋੜੇ ਸਨ।

ਹੁਣ ਦੇਖਣਾ ਇਹ ਹੈ ਕਿ ਭਾਰਤ ਰਾਸ਼ਟਰਪਤੀ ਟਰੰਪ ਨੂੰ ਕਦੋਂ ਤੱਕ ਨਾਰਾਜ਼ ਰੱਖ ਸਕੇਗਾ।

ਪਰ ਸਵਾਲ ਇਹ ਹੈ ਕਿ ਰਾਸ਼ਟਰਪਤੀ ਓਬਾਮਾ ਦੇ ਦੌਰ ਵਿੱਚ ਕੀਤੇ ਗਏ ਸਮਝੌਤੇ ਤੋਂ ਅਸੰਤੁਸ਼ਟ ਰਾਸ਼ਟਰਪਤੀ ਟਰੰਪ ਇੱਕ ਪਾਸੜ ਬਾਹਰ ਕਿਉਂ ਹੋ ਗਏ, ਜਦੋਂ ਕਿ ਈਰਾਨ ਇਸ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ 'ਤੇ ਅਮਲ ਕਰ ਰਿਹਾ ਸੀ?

ਇਸ ਸਵਾਲ ਦਾ ਜਵਾਬ ਪਿਛਲੀ ਸਦੀ ਵਿੱਚ ਈਰਾਨ ਵਿੱਚ ਹੋਈਆਂ ਦੋ ਵੱਡੀਆਂ ਘਟਨਾਵਾਂ ਵਿੱਚ ਲੱਭਿਆ ਜਾ ਸਕਦਾ ਹੈ।

ਸਾਲ 1953 ਵਿੱਚ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਦੀਕ ਦਾ ਤਖਤਾ ਪਲਟਣ ਵਿੱਚ ਮਦਦ ਤੋਂ ਬਾਅਦ ਅਮਰੀਕਾ ਨੇ ਮੁਹੰਮਦ ਰਜ਼ਾ ਸ਼ਾਹ ਪਹਿਲਵੀ ਨੂੰ ਸੱਤਾ 'ਤੇ ਬਹਾਲ ਕਰ ਦਿੱਤਾ।

ਬਗਾਵਤ ਵਿੱਚ ਆਪਣੇ ਹੱਥ ਨੂੰ ਅਮਰੀਕਾ ਨੇ 2013 ਵਿੱਚ ਜਾ ਕੇ ਮਨਜ਼ੂਰ ਕੀਤਾ। ਈਰਾਨ ਦੇ ਪਹਿਲਵੀ ਸ਼ਾਹੀ ਪਰਿਵਾਰ ਦੇ ਦੌਰ ਵਿੱਚ ਅਮਰੀਕਾ ਦੇ ਨਾਲ ਡੂੰਘੇ ਸਬੰਧ ਸਨ।

ਈਰਾਨ ਵਿੱਚ ਤਖਤਾਪਲਟ ਵਿੱਚ ਅਮਰੀਕੀ ਹੱਥ

ਉਸ ਵੇਲੇ ਈਰਾਨੀ ਤੇਲ ਦਾ ਵਪਾਰ ਅਮਰੀਕੀ ਅਤੇ ਬਰਤਾਨਵੀ ਕੰਪਨੀਆਂ ਦੇ ਹੱਥ ਵਿੱਚ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੁਸੱਦੀਕ ਨੇ ਚੁਣੌਤੀ ਦਿੱਤੀ ਸੀ।

ਸ਼ਾਹੀ ਪਰਿਵਾਰ ਅਮਰੀਕਾ ਦੇ ਨਾਲ ਸੀ। ਇਸ ਲਈ ਅਮਰੀਕਾ ਅਤੇ ਸ਼ਾਹ ਦੋਵੇਂ ਆਮ ਲੋਕਾਂ ਵਿੱਚ ਕਾਫੀ ਬਦਨਾਮ ਸਨ। ਦੂਜੀ ਵੱਡੀ ਘਟਨਾ ਸੀ ਈਰਾਨਵਿੱਚ 1979 ਦੀ ਇਸਲਾਮਿਕ ਕ੍ਰਾਂਤੀ।

ਇਹ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਵੀ ਦੇ ਖਿਲਾਫ਼ ਬਗਾਵਤ ਸੀ ਉੰਨੀ ਹੀ ਅਮਰੀਕਾ ਦੇ ਖਿਲਾਫ਼ ਗੁੱਸੇ ਦਾ ਇਜ਼ਹਾਰ।

ਇਸ ਕ੍ਰਾਂਤੀ ਦੇ ਦੌਰਾਨ ਇਰਾਨੀ ਵਿਦਿਆਰਥੀਆਂ ਨੇ 444 ਦਿਨਾਂ ਤੱਕ 52 ਅਮਰੀਕੀ ਰਾਜਦੂਤਾਂ ਅਤੇ ਨਾਗਰਿਕਾਂ ਨੂੰ ਤੇਹਰਾਨ ਦੇ ਅਮਰੀਕੀ ਦੂਤਾਵਾਸ ਵਿੱਚ ਬੰਦੀ ਬਣਾ ਕੇ ਰੱਖਿਆ ਸੀ।

ਇਹੀ ਪੜ੍ਹੋ:

ਅਮਰੀਕਾ ਨੇ ਜਵਾਬ ਵਿੱਚ ਈਰਾਨ ਦੀ 12 ਅਰਬ ਡਾਲਰ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ। ਇਸ ਘਟਨਾ ਦੇ ਬਾਅਦ ਤੋਂ ਈਰਾਨ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਕਦੇ ਆਮ ਨਹੀਂ ਹੋ ਸਕੇ ਹਨ।

ਇਸਲਾਮੀ ਕ੍ਰਾਂਤੀ ਇੱਕ ਅਜਿਹੇ ਵੇਲੇ ਵਿੱਚ ਆਈ ਜਦੋਂ ਅਮਰੀਕਾ/ਪੱਛਮੀ ਦੇਸਾਂ ਅਤੇ ਸੋਵੀਅਤ ਯੂਨੀਅਨ ਵਿਚਾਲੇ ਦਹਾਕਿਆਂ ਤੋਂ ਚੱਲੀ ਆ ਰਹੀ ਕੋਲਡ ਵਾਰ ਦਾ ਅੰਤ ਨੇੜੇ ਸੀ।

ਦੁਨੀਆ ਵਿੱਚ ਸ਼ਾਂਤੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ।

ਜਦੋਂ ਸ਼ੁਰੂ ਹੋਈ ਇਰਾਨੀ ਕ੍ਰਾਂਤੀ

ਪੱਛਮੀ ਦੇਸਾਂ ਵਿੱਚ ਹਲਚਲ ਉਸ ਵੇਲੇ ਹੋਈ ਜਦੋਂ ਇਸਲਾਮੀ ਕ੍ਰਾਂਤੀ ਨੇ ਨਾ ਸਿਰਫ਼ ਈਰਾਨ ਵਿੱਚ ਮਜ਼ਬੂਤੀ ਫੜ੍ਹੀ ਸਗੋਂ ਕ੍ਰਾਂਤੀ ਦੇ ਰੂਹਾਨੀ ਆਗੂ ਅਯਾਤੁੱਲਾ ਖੁਮੈਨੀ ਨੇ ਇਸ ਕ੍ਰਾਂਤੀ ਨੂੰ ਦੁਨੀਆ ਦੇ ਦੂਜੇ ਦੇਸਾਂ ਵਿੱਚ ਬਰਾਮਦ ਕਰਨ ਦਾ ਵੀ ਐਲਾਨ ਕੀਤਾ।

ਇਸਲਾਮੀ ਹਕੂਮਤ ਦੇ ਸੰਵਿਧਾਨ ਦੇ ਆਰਟੀਕਲ 10 ਅਨੁਸਾਰ, "ਦੁਨੀਆ ਦੇ ਸਾਰੇ ਮੁਸਲਮਾਨ ਇੱਕ ਦੇਸ ਹਨ।" ਇੱਕ "ਉਮਾ" ਦੀ ਧਾਰਨਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਨੇ ਮੁਸਲਮਾਨ ਸਮਾਜ ਵਿੱਚ ਕਾਫੀ ਜੋਸ਼ ਪੈਦਾ ਕੀਤਾ।

ਦੇਖਦਿਆਂ-ਦੇਖਦਿਆਂ ਈਰਾਨ ਦੀ ਇਸਲਾਮੀ ਕ੍ਰਾਂਤੀ ਦਾ ਅਸਰ 49 ਮੁਸਲਮਾਨ ਦੇਸਾਂ ਵਿੱਚ ਮਹਿਸੂਸ ਕੀਤਾ ਜਾਣ ਲੱਗਾ। ਸੁੰਨੀ ਦੇਸ ਸਾਊਦੀ ਅਰਬ ਸ਼ੀਆ ਇਸਲਾਮ ਤੋਂ ਤੰਗ ਹੋ ਕੇ ਅਮਰੀਕਾ ਦੀ ਗੋਦੀ ਵਿੱਚ ਜਾ ਡਿੱਗਿਆ।"

10 ਸਾਲ ਬਾਅਦ ਇਸਲਾਮੀ ਕ੍ਰਾਂਤੀ ਦਾ ਅਸਰ ਦੁਨੀਆ ਭਰ ਵਿੱਚ ਉਸ ਵੇਲੇ ਮਹਿਸੂਸ ਕੀਤਾ ਗਿਆ ਜਦੋਂ ਇਮਾਮ ਖੁਮੈਨੀ ਨੇ "ਸੈਟੇਨਿਕ ਵਰਸੇਜ਼" ਨਾਮੀ ਨਾਵਲ ਦੇ ਲੇਖਕ ਸਲਮਾਨ ਰੁਸ਼ਦੀ ਨੂੰ ਜਾਨ ਤੋਂ ਮਾਰਨ ਦਾ ਫਤਵਾ ਜਾਰੀ ਕੀਤਾ।

ਭਾਰਤ ਸਮੇਤ ਕਈ ਦੇਸਾਂ ਨੇ ਕਿਤਾਬ ਉੱਤੇ ਪਾਬੰਦੀ ਲਗਾ ਦਿੱਤੀ। ਮੁਸਲਮਾਨ ਦੁਨੀਆ ਵਿੱਚ ਰੁਸ਼ਦੀ ਇੱਕ ਵਿਲੀਨ ਬਣ ਗਿਆ।

ਪੱਛਮੀ ਦੇਸਾਂ ਦੇ ਸਭ ਤੋਂ ਵੱਡੇ ਸਾਨੀ ਦੇ ਰੂਪ ਵਿੱਚ ਇਸਲਾਮਿਕ ਕ੍ਰਾਂਤੀ ਨੇ ਸੋਵੀਅਤ ਯੂਨੀਅਨ ਦੀ ਥਾਂ ਲੈ ਲਈ।

ਈਰਾਨ ਦੀ ਇਸਲਾਮੀ ਸਰਕਾਰ ਨੇ ਇਸਰਾਈਲ ਦੀ ਮਾਨਤਾ ਨੂੰ ਖਾਰਿਜ ਕਰ ਦਿੱਤਾ ਅਤੇ ਇਸ ਨੂੰ ਖਤਮ ਕਰਨਾ ਇਰਾਦਾ ਬਣਾਇਆ। ਅਮਰੀਕਾ ਇਸ ਤੋਂ ਕਾਫੀ ਪਰੇਸ਼ਾਨ ਹੋਇਆ।

ਅਮਰੀਕਾ ਅਤੇ ਪੱਛਮੀ ਦੇਸਾਂ ਨੇ 10 ਸਾਲ ਤੱਕ ਚੱਲਣ ਵਾਲੀ ਈਰਾਨ-ਇਰਾਕ ਜੰਗ ਵਿੱਚ ਖੁਲ੍ਹ ਕੇ ਸੱਦਾਮ ਹੁਸੈਨ ਦਾ ਸਾਥ ਦਿੱਤਾ, ਹਥਿਆਰ ਦਿੱਤੇ ਪਰ ਇਰਾਨ ਨੂੰ ਹਰਾ ਨਾ ਸਕੇ।

ਅਮਰੀਕਾ ਨੇ ਇਸ ਤੋਂ ਬਾਅਦ ਈਰਾਨ ਦੇ ਖਿਲਾਫ਼ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ।

ਪਰ ਨਹੀਂ ਟੁੱਟਿਆ ਰਾਨ

ਰਾਸ਼ਟਰਪਤੀ ਜੌਰਜ ਬੁਸ਼ ਨੇ ਈਰਾਨ ਨੂੰ ਇੱਕ ਸ਼ੈਤਾਨ ਦੇਸ ਕਿਹਾ ਅਤੇ ਇਸ ਦੇ ਖਿਲਾਫ਼ ਹਿਜ਼ਬੁਲਾਹ, ਇਸਲਾਮੀ ਜਹਾਦ ਅਤੇ ਹਮਾਸ ਨੂੰ ਫੰਡ ਦੇਣ ਦੇ ਇਲਜ਼ਾਮ ਲਾਏ।

ਈਰਾਨ ਨੇ ਜਦੋਂ ਪਰਮਾਣੂ ਹਥਿਆਰ ਬਣਾਉਣ ਦੀ ਤਿਆਰ ਸ਼ੁਰੂ ਕੀਤੀ ਤਾਂ ਇਸ ਦਾ ਪੱਛਮੀ ਦੇਸਾਂ ਵੱਲੋਂ ਈਰਾਨ ਦੇ ਖਿਲਾਫ਼ ਪਾਬੰਦੀਆਂ ਹੋਰ ਵੀ ਸਖਤ ਕਰ ਦਿੱਤੀਆਂ।

ਸਾਲਾਂ ਦੀਆਂ ਪਾਬੰਦੀਆਂ ਨੇ ਈਰਾਨ ਨੂੰ ਕਮਜ਼ੋਰ ਕਰ ਦਿੱਤਾ। ਇਹ ਵੱਡਾ ਵਿੱਤੀ ਨੁਕਸਾਨ ਹੋਇਆ ਅਤੇ ਕੌਮਾਂਤਰੀ ਪੱਧਰ 'ਤੇ ਈਰਾਨ ਨੂੰ ਅਲੱਗ-ਥਲਗ ਕਰ ਦਿੱਤਾ ਗਿਆ।

ਪਰ ਈਰਾਨ ਟੁੱਟਿਆ ਨਹੀਂ। ਹੌਲੀ-ਹੌਲੀ ਇਸ ਦੀ ਹਾਲਤ ਮਜ਼ਬੂਤ ਹੋਈ। ਭਾਰਤ, ਚੀਨ ਅਤੇ ਰੂਸ ਨੇ ਈਰਾਨ ਦੀ ਅਲਹਿਦਗੀ ਨੂੰ ਖਤਮ ਕਰਨ ਵਿੱਚ ਮਦਦ ਕੀਤੀ ਹੈ।

ਰਾਸ਼ਟਰਪਤੀ ਬਰਾਕ ਓਬਾਮਾ ਦੇ ਦੌਰ ਵਿੱਚ ਈਰਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਬਣਾਉਣ ਦੀ ਕੋਸ਼ਿਸ਼ ਨੂੰ ਰੋਕਣ ਦੇ ਬਦਲੇ ਇਸ 'ਤੇ ਲੱਗੀ ਪਾਬੰਦੀ ਉਠਾਉਣ ਦਾ ਸਮਝੌਤਾ ਹੋਇਆ।

ਕੀ ਯਮਨ ਬਣ ਜਾਵੇਗਾ ਈਰਾਨ?

ਪਰ ਡੌਨਾਲਡ ਟਰੰਪ ਜਦੋਂ 2016 ਵਿੱਚ ਚੁਣ ਕੇ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਗਲਤ ਹੈ। ਉਹ ਇੱਕ ਸਮਝੌਤਾ ਕਰਨਾ ਚਾਹੁੰਦੇ ਹਨ। ਈਰਾਨ ਇਸ ਲਈ ਤਿਆਰ ਨਹੀਂ ਹੈ।

ਅਮੀਰਕਾ ਨੇ ਸਮਝੌਤਾ ਰੱਦ ਕਰਦੇ ਹੋਏ ਈਰਾਨ 'ਤੇ ਇੱਕ ਵਾਰੀ ਫਿਰ ਤੋਂ ਪਾਬੰਦੀਆਂ ਲਾ ਦਿੱਤੀਆਂ ਹਨ।

ਯੂਰਪੀ ਸੰਘ, ਚੀਨ ਅਤੇ ਰੂਸ ਨੇ ਸਮਝੌਤੇ ਨੂੰ ਰੱਦ ਕਰਨ ਤੋਂ ਹੁਣ ਤੱਕ ਇਨਕਾਰ ਕੀਤਾ ਹੈ ਪਰ ਇਰਾਨ ਵਿੱਚ ਕੰਮ ਕਰਨ ਵਾਲੀਆਂ ਕਈ ਯੂਰਪੀ ਕੰਪਨੀਆਂ ਆਪਣੇ ਪ੍ਰੋਜੈਕਟਸ ਪੂਰੇ ਕਿਤੀ ਬਿਨਾਂ ਹੀ ਈਰਾਨ ਛੱਡ ਕੇ ਚਲੀਆਂ ਗਈਆਂ ਹਨ। ਭਾਰਤ ਦੀ ਰਿਲਾਇੰਸ ਕੰਪਨੀ ਨੇ ਵੀ ਇਰਾਨ ਤੋਂ ਤੇਲ ਖਰੀਦਣਾ ਫਿਲਹਾਲ ਬੰਦ ਕਰ ਦਿੱਤਾ ਹੈ।

ਈਰਾਨ ਦੀਆਂ ਮੁਸ਼ਕਿਲਾਂ ਵਧੀਆਂ ਹਨ। ਆਮ ਜਨਤਾ ਵਿੱਚ ਬੇਚੈਨੀ ਹੈ। ਬੇਰੁਜ਼ਗਾਰੀ ਵਧੀ ਹੈ। ਇਸਲਾਮੀ ਸ਼ਾਸਨ ਦੇ ਖਿਲਾਫ਼ ਮਾਹੌਲ ਵੀ ਬਣਿਆ ਹੈ ਪਰ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਈਰਾਨ ਟੁੱਟ ਜਾਵੇਗਾ।

ਇਹ ਵੀ ਪੜ੍ਹੋ:

ਈਰਾਨ 'ਤੇ ਡੂੰਘੀ ਨਜ਼ਰ ਰੱਖਣ ਵਾਲੇ ਮਾਹਿਰ ਕਹਿੰਦੇ ਹਨ ਕਿ ਇਰਾਨ ਵਿੱਚ ਇਰਾਕ, ਅਫਗਾਨਿਸਤਾਨ, ਯਮਨ, ਸੀਰੀਆ ਅਤੇ ਲੀਬੀਆ ਵਰਗੇ ਹਾਲਾਤ ਨਹੀਂ ਹੋਣਗੇ।

ਉਨ੍ਹਾਂ ਅਨੁਸਾਰ ਈਰਾਨ ਇਸ ਵਾਰੀ ਵੀ ਪਾਬੰਦੀਆਂ ਨਾਲ ਨਜਿੱਠਣ ਦੀ ਸ਼ਕਤੀ ਰੱਖਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)