'84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

'1984 ਵਿੱਚ ਮੈਂ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਅਮਰੀਕਾ ਦੇ ਦੌਰੇ 'ਤੇ ਸੀ। 31 ਅਕਤੂਬਰ ਨੂੰ ਮੈ ਹੋਟਲ ਦੇ ਕਮਰੇ 'ਚ ਸੀ। ਅਚਾਨਕ ਮੈਨੂੰ ਖ਼ਬਰ ਮਿਲੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਅੰਗ ਰੱਖਿਅਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਹੱਤਿਆ ਕਰਨ ਵਾਲੇ ਅੰਗ ਰੱਖਿਅਕ ਸਿੱਖ ਸਨ'।

ਉਸੇ ਵੇਲੇ ਮੈਂ ਆਪਣੇ ਪਿਤਾ ਜੀ ਨੂੰ ਫ਼ੋਨ ਕਰ ਕੇ ਚੌਕਸ ਰਹਿਣ ਲਈ ਆਖਿਆ ਕਿਉਂਕਿ ਮੈ ਆਉਣ ਵਾਲੇ ਖ਼ਤਰੇ ਨੂੰ ਭਾਂਪ ਗਿਆ ਸੀ। ਮੇਰੇ ਪਿਤਾ ਜੀ ਨੇ ਮੇਰੀ ਗੱਲ ਉੱਤੇ ਜ਼ਿਆਦਾ ਗੌਰ ਨਾ ਕਰਦਿਆਂ ਇਸਨੂੰ ਇੱਕ ਆਮ ਘਟਨਾ ਹੀ ਸਮਝਿਆ।

1 ਨਵੰਬਰ 1984 ਨੂੰ 400 ਬੰਦਿਆਂ ਦੀ ਭੀੜ ਨੇ ਮੇਰੇ ਉੱਤਮ ਨਗਰ ਸਥਿਤ ਘਰ ਅਤੇ ਫ਼ੈਕਟਰੀ ਉੱਤੇ ਧਾਵਾ ਬੋਲ ਦਿੱਤਾ ਅਤੇ ਉਸਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਸਭ ਕੁੱਝ ਸੜ ਕੇ ਸੁਆਹ ਹੋ ਗਿਆ ਅਤੇ ਮੇਰਾ ਪਰਿਵਾਰ ਅਰਸ਼ ਤੋਂ ਫ਼ਰਸ਼ 'ਤੇ ਪਹੁੰਚ ਗਿਆ। ਭੀੜ ਨੇ ਮੈਨੂੰ ਵੀ ਲੱਭਿਆ ਪਰ ਵਿਦੇਸ਼ ਹੋਣ ਕਾਰਨ ਮੇਰੀ ਜਾਨ ਬਚ ਗਈ। ਪਰਿਵਾਰ ਨੇ ਮੈਨੂੰ ਵਾਪਸ ਨਾ ਪਰਤਣ ਲਈ ਕਿਹਾ।

ਸਫ਼ੇਦ ਦਸਤਾਰ ਦਾ ਰਾਜ

ਆਖ਼ਰਕਾਰ ਨਵੰਬਰ 1984 ਵਿਚ ਜਦੋਂ ਮੈ ਅਮਰੀਕਾ ਤੋਂ ਦੇਸ਼ ਪਰਤਿਆ ਤਾਂ ਸਿੱਧਾ ਫ਼ੈਕਟਰੀ ਪਹੁੰਚਿਆ। ਤਬਾਹੀ ਤੋਂ ਇਲਾਵਾ ਉੱਥੇ ਕੁੱਝ ਵੀ ਨਹੀਂ ਸੀ। ਜਿੱਥੇ ਕਰੀਬ 600 ਕਾਰੀਗਰ ਦਿਨ ਰਾਤ ਕੰਮ ਕਰਦੇ ਸਨ , ਚਹਿਲ ਪਹਿਲ ਰਹਿੰਦੀ ਸੀ ਉੱਥੇ ਹੁਣ ਸੰਨਾਟਾ ਪਸਰਿਆ ਹੋਇਆ ਸੀ। ਫ਼ੈਕਟਰੀ ਦੀ ਛੱਤ ਡਿੱਗ ਚੁੱਕੀ ਸੀ।

ਤਬਾਹੀ ਦਾ ਇਹ ਦ੍ਰਿਸ਼ ਦੇਖ ਕੇ ਮੇਰਾ ਗੁੱਸਾ ਆਪੇ ਤੋਂ ਬਾਹਰ ਹੋ ਰਿਹਾ ਸੀ। ਮੇਰੇ ਪਿਤਾ ਨੇ ਮੈਨੂੰ ਸੰਭਾਲਿਆ ਅਤੇ ਕੋਈ ਵੀ ਗੈਰਕਨੂੰਨੀ ਹਰਕਤ ਨਾ ਕਰਨ ਦੀ ਕਸਮ ਦਿੱਤੀ।

ਇਹ ਵੀ ਪੜ੍ਹੋ:

ਪਿਤਾ ਜੀ ਨੇ ਮੇਰੀ ਰੋਦ ਕਾਰਨ ਮੇਰੇ ਚ ਆਈ ਨਾਂਹਪੱਖੀ ਸੋਚ ਨੂੰ ਹਾਂਪੱਖੀ ਊਰਜਾ ਵਿੱਚ ਬਦਲਿਆ ਅਤੇ ਫਿਰ ਤੋਂ ਜ਼ਿੰਦਗੀ ਸ਼ੁਰੂ ਕੀਤੀ। ਅਸਮਾਨ ਥੱਲ੍ਹੇ ਸੜ੍ਹਕ 'ਚ ਇੱਕ ਕੁਰਸੀ ਅਤੇ ਮੇਜ਼ ਉੱਤੇ ਮੁੜ ਤੋਂ ਕੰਮ ਸ਼ੁਰੂ ਕੀਤਾ।

ਚਾਰ ਸਾਲ ਦੀ ਦਿਨ ਰਾਤ ਮਿਹਨਤ ਤੋਂ ਬਾਅਦ ਪਰਿਵਾਰ ਦੀ ਮਦਦ ਨਾਲ ਮੈਂ ਦੋਬਾਰਾ ਆਪਣੀ ਫ਼ੈਕਟਰੀ ਨੂੰ ਖੜ੍ਹਾ ਕਰ ਦਿੱਤਾ।

1984 ਵਿਚ ਵਿਚ ਪਾਲੀ ਦੀ ਉਮਰ ਕਰੀਬ 33 ਸਾਲ ਸੀ। ਆਮ ਨੌਜਵਾਨਾਂ ਵਾਂਗ ਉਹ ਬਹੁਤ ਸ਼ੌਕੀਨ ਸੀ। ਵੱਖ ਵੱਖ ਰੰਗਾਂ ਦੀਆਂ ਦਸਤਾਰਾਂ ਪਾਲੀ ਦੇ ਸਿਰ ਦਾ ਤਾਜ ਸਨ।

ਪਰ 1984 ਦੀ ਘਟਨਾ ਨੇ ਪਾਲੀ ਦੀ ਜ਼ਿੰਦਗੀ ਬੇਰੰਗ ਕਰ ਦਿੱਤੀ। ਗੁੱਸੇ ਉੱਤੇ ਕਾਬੂ ਪਾਉਣ ਲਈ ਪਾਲੀ ਨੇ ਸਫ਼ੇਦ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ।

ਨਹੀਂ ਮਿਲਿਆ ਕੋਈ ਮੁਆਵਜ਼ਾ

1984 ਦੀ ਤਬਾਹੀ ਨੂੰ ਪਾਲੀ ਜਦੋਂ ਵੀ ਯਾਦ ਕਰਦਾ ਹੈ ਤਾਂ ਉਸ ਦੇ ਪੁਰਾਣੇ ਜ਼ਖਮ ਹਰੇ ਹੋ ਜਾਂਦੇ ਹਨ। ਪਾਲੀ ਮੁਤਾਬਕ ਉਸ ਨੇ ਪੂਰੀ ਫ਼ੈਕਟਰੀ ਦਾ ਬੀਮਾ ਕਰਵਾਇਆ ਸੀ ਪਰ ਦੰਗਿਆਂ ਦੌਰਾਨ ਹੋਏ ਨੁਕਸਾਨ ਦਾ ਵੇਰਵਾ ਦਰਜ ਨਹੀਂ ਸੀ ਇਸ ਕਰਕੇ ਉਸਨੂੰ ਕੰਪਨੀ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ।

ਪਾਲੀ ਮੁਤਾਬਕ ਸਰਕਾਰ ਨੇ ਡੇਢ ਕਰੋੜ ਦੇ ਨੁਕਸਾਨ ਦੇ ਬਦਲੇ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ। ਜਿਸ ਦੇ ਖ਼ਿਲਾਫ਼ ਪਾਲੀ ਹੁਣ ਤੱਕ ਲੜਾਈ ਲੜ ਰਿਹਾ ਹੈ।

23 ਨੰਬਰ ਮਾਰੂਤੀ ਦੀ ਯਾਦ

ਪਾਲੀ ਦੱਸਦਾ ਹੈ ਕਿ 1984 ਵਿਚ ਉਸ ਨੇ ਨਵੀਂ ਮਾਰੂਤੀ ਕਾਰ ਲਈ ਸੀ ਅਤੇ ਉਸ ਦਾ ਨੰਬਰ 23 ਸੀ। ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਹੀ ਕਾਰ ਮੈਨੂੰ ਮਿਲ ਗਈ।

ਮੈਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਮੱਥਾ ਟੇਕ ਕੇ ਉਸ ਨੂੰ ਘਰ ਅੱਗੇ ਖੜ੍ਹਾ ਕਰ ਕੇ ਚਲਾ ਗਿਆ। ਭੀੜ ਨੇ ਉਸ ਕਾਰ ਨੂੰ ਵੀ ਅੱਗ ਲੱਗਾ ਦਿੱਤੀ। ਅੱਜ ਮੇਰੇ ਕੋਲ ਭਾਵੇਂ ਮਹਿੰਗੀ ਤੋਂ ਮਹਿੰਗੀ ਕਾਰ ਹੈ ਪਰ ਮਾਰੂਤੀ ਦੀ ਯਾਦ ਅੱਜ ਵੀ ਆਉਂਦੀ ਹੈ।

40 ਦੇਸ਼ਾਂ ਤੱਕ ਫੈਲਿਆ ਕਾਰੋਬਾਰ

ਪਾਲੀ ਦਾ ਕੱਪੜਿਆ ਦਾ ਕਾਰੋਬਾਰੀ ਹੈ। ਉੱਤਮ ਨਗਰ ਨੂੰ ਪਾਲੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਨਰਿੰਦਰਪਾਲ ਸਿੰਘ ਪਾਲੀ ਦੱਸਦਾ ਕਿ ਉਸ ਦਾ ਕਾਰੋਬਾਰ 40 ਦੇਸ਼ਾਂ ਤੱਕ ਫੈਲਿਆ ਹੋਇਆ ਅਤੇ ਜੇਕਰ ਛੋਟੇ ਛੋਟੇ ਆਈਲੈਂਡ ਨੂੰ ਜੋੜ ਲਿਆ ਜਾਵੇ ਤਾਂ ਇਹ ਗਿਣਤੀ ਜ਼ਿਆਦਾ ਹੈ।

ਪਾਲੀ ਦੱਸਦਾ ਹੈ ਕਿ 100 ਕਰੋੜ ਤੋਂ ਜ਼ਿਆਦਾ ਰੁਪਏ ਦਾ ਉਹ ਸਾਲਾਨਾ ਕਾਰੋਬਾਰ ਕਰਦਾ ਹੈ। ਪਾਲੀ ਦੀ ਫ਼ੈਕਟਰੀ ਵਿਚ ਹਰ ਧਰਮ ਦੇ ਲੋਕ ਕੰਮ ਕਰਦੇ ਹਨ।

( ਇਹ ਕਹਾਣੀ ਮੂਲ ਤੌਰ 'ਤੇ 2017 ਵਿੱਚ ਛਾਪੀ ਗਈ ਸੀ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)