You’re viewing a text-only version of this website that uses less data. View the main version of the website including all images and videos.
ਇੰਦਰਾ ਗਾਂਧੀ ਨੇ ਸੱਤਾ ਦੌਰਾਨ ਕਿਹੜੀਆਂ 5 ਗਲਤੀਆਂ ਕੀਤੀਆਂ - ਮਾਰਕ ਟਲੀ ਦਾ ਨਜ਼ਰੀਆ
- ਲੇਖਕ, ਮਾਰਕ ਟਲੀ
- ਰੋਲ, ਸੀਨੀਅਰ ਪੱਤਰਕਾਰ
ਸਾਗਰਿਕਾ ਦੀ ਲਿਖੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਜੀਵਨੀ ਦਾ ਸਿਰਲੇਖ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਵੱਧ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਦੱਸਦਾ ਹੈ।
ਜੇਕਰ ਅਜਿਹਾ ਹੀ ਹੈ ਤਾਂ ਜਦੋਂ ਵੀ ਇੰਦਰਾ ਗਾਂਧੀ ਨੂੰ ਸੱਤਾ ਮਿਲੀ ਤਾਂ ਉਨ੍ਹਾਂ ਨੇ ਉਸ ਨੂੰ ਹੱਥੋਂ ਕਿਉਂ ਜਾਣ ਦਿੱਤਾ।
ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗਲਤੀ ਇਹ ਸੀ ਕਿ ਉਹ ਇਸ ਗੱਲ ਨੂੰ ਨਹੀਂ ਸਮਝ ਸਕੀ ਸੀ ਕਿ ਸੱਤਾ ਹਾਸਿਲ ਕਰਨਾ ਇੱਕ ਗੱਲ ਹੈ ਅਤੇ ਇਸ ਦੀ ਤਾਕਤ ਦਾ ਇਸਤੇਮਾਲ ਕਰਨਾ ਦੂਜੀ ਗੱਲ।
ਇਹ ਵੀ ਪੜ੍ਹੋ :
ਹੋਰ ਤਾਕਤ ਹਾਸਲ ਕਰਨ ਦੀ ਚਾਹਤ
ਉਨ੍ਹਾਂ ਨੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਥਾਂ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੱਤਾ।
ਜੇਕਰ ਉਹ ਅਜਿਹਾ ਨਾ ਕਰਦੀ ਤਾਂ ਸੱਤਾ ਦਾ ਅਸਰਦਾਰ ਇਸਤੇਮਾਲ ਕਰਨ ਵਿੱਚ ਉਨ੍ਹਾਂ ਨੂੰ ਕਾਫ਼ੀ ਮਦਦ ਮਿਲਦੀ।
ਉਨ੍ਹਾਂ ਦੀ ਇੱਕ ਹੋਰ ਕਮਜ਼ੋਰੀ ਇਹ ਸੀ ਕਿ ਜਦੋਂ ਕਾਰਵਾਈ ਕਰਨ ਦੀ ਲੋੜ ਸੀ ਤਾਂ ਉਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਅਤੇ ਜਦੋਂ ਹਾਲਾਤ ਖ਼ਰਾਬ ਹੋਣ ਲੱਗੇ ਤਾਂ ਵਧੇਰੇ ਪ੍ਰਤੀਕਿਰਿਆਵਾਂ ਹੋਣ ਲੱਗੀਆਂ।
ਇਹ ਵੀ ਅਜੀਬ ਹੈ ਕਿ ਉਨ੍ਹਾਂ ਦੇ ਪਤਨ ਦੀ ਸ਼ੁਰੂਆਤ ਉਸੇ ਵੇਲੇ ਹੋਈ ਜਦੋਂ ਉਹ ਆਪਣੇ ਸੱਤਾ ਦੇ ਸਿਖਰ 'ਤੇ ਸੀ।
ਬੰਗਲਾਦੇਸ਼ ਯੁੱਧ 'ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਜਦ ਉਹ ਸਭ ਤੋਂ ਜ਼ਿਆਦਾ ਤਾਕਤਵਰ ਸੀ ਉਦੋਂ ਉਨ੍ਹਾਂ ਨੇ ਸੱਤਾ ਨੂੰ ਹੋਰ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ।
ਲੋੜ ਇਸ ਦੀ ਸੀ ਕਿ ਉਹ ਸੱਤਾ ਦੀ ਵਰਤੋਂ ਕਰਨ ਦੀ ਆਪਣੀ ਸਮਰਥਾ ਨੂੰ ਹੋਰ ਵਧਾਉਂਦੀ।
ਇਹ ਵੀ ਪੜ੍ਹੋ:
ਪਾਰਟੀ ਅਤੇ ਅਫ਼ਸਰਸ਼ਾਹੀ ਉਨ੍ਹਾਂ ਕੋਲ ਦੋ ਅਜਿਹੇ ਹਥਿਆਰ ਸਨ, ਜਿਨਾਂ ਦੀ ਮਦਦ ਨਾਲ ਉਹ ਆਪਣੀ ਸੱਤਾ ਚਲਾਉਂਦੀ ਸੀ। ਪਰ ਉਨ੍ਹਾਂ ਸਾਰੀ ਸ਼ਕਤੀ ਆਪਣੇ ਹੱਥਾਂ 'ਚ ਰੱਖੀ ਅਤੇ ਪਾਰਟੀ ਤੇ ਅਫ਼ਸਰਸ਼ਾਹੀ ਦੋਵਾਂ ਨੂੰ ਹੀ ਕਮਜ਼ੋਰ ਬਣਾ ਦਿੱਤਾ।
ਉਨ੍ਹਾਂ ਦੇ ਪਿਤਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਪਾਰਟੀ ਦੇ ਅੰਦਰ ਲੋਕਤੰਤਰ ਪ੍ਰਤੀ ਬਹੁਤ ਸਨਮਾਨ ਦਿਖਾਇਆ ਸੀ।
ਨਹਿਰੂ ਇਸ ਗੱਲ ਨੂੰ ਸਮਝਦੇ ਸਨ ਕਿ ਜੇਕਰ ਸੂਬਿਆਂ 'ਚ ਮਜ਼ਬੂਤ ਅਗਵਾਈ ਨਾ ਹੋਵੇ ਤਾਂ ਪਾਰਟੀ ਸੂਬਾ ਪੱਧਰ 'ਤੇ ਅਸਰਦਾਰ ਨਹੀਂ ਹੋ ਸਕੇਗੀ।
ਉਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੋਈ ਸੀ।
ਸੰਜੇ ਨੂੰ ਦਿੱਤਾ ਅਸੰਵਿਧਾਨਿਕ ਅਹੁਦਾ
ਪਰ ਇਸ ਤੋਂ ਉਲਟ ਇੰਦਰਾ ਗਾਂਧੀ ਮੁੱਖ ਮੰਤਰੀਆਂ ਲਈ ਕਿਸੇ ਵੀ ਤਰ੍ਹਾਂ ਦੀ ਅਜ਼ਾਦੀ ਨੂੰ ਆਪਣੀ ਸੱਤਾ ਲਈ ਖ਼ਤਰਾ ਸਮਝਦੀ ਸੀ।
ਸਥਿਤੀ ਉਦੋਂ ਬੇਹੱਦ ਖ਼ਰਾਬ ਹੋ ਗਈ, ਜਦ ਉਨ੍ਹਾਂ ਨੇ ਪਾਰਟੀ ਨੂੰ ਪਰਿਵਾਰਕ ਸੰਸਥਾ ਬਣਾਉਂਦੇ ਹੋਏ ਆਪਣੇ ਬੇਟੇ ਸੰਜੇ ਗਾਂਧੀ ਨੂੰ ਉਹ ਅਧਿਕਾਰ ਦੇ ਦਿੱਤੇ, ਜਿਨਾਂ ਦੀ ਪਾਰਟੀ ਦੇ ਸੰਵਿਧਾਨ ਮੁਤਾਬਕ ਕੋਈ ਥਾਂ ਨਹੀਂ ਸੀ।
ਇਸ ਦਾ ਨਤੀਜਾ ਇਹ ਹੋਇਆ ਕਿ 70ਵਿਆਂ 'ਚ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ 'ਚ ਜਦੋਂ ਉਨ੍ਹਾਂ ਦੀਆਂ ਨੀਤੀਆਂ ਖ਼ਿਲਾਫ਼ ਅੰਦੋਲਨ ਸ਼ੁਰੂ ਹੋਇਆ ਤਾਂ ਪਾਰਟੀ ਇਸ ਸਥਿਤੀ 'ਚ ਸੀ ਹੀ ਨਹੀਂ ਕਿ ਉਹ ਉਨ੍ਹਾਂ ਦਾ ਮੁਕਾਬਲਾ ਕਰ ਸਕਦੀ।
ਇਸ ਸੰਕਟ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੇ ਐਮਰਜੈਂਸੀ ਦਾ ਐਲਾਨ ਕਰਕੇ ਹੋਰ ਤਾਕਤ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ।
ਪਾਰਟੀ 'ਚ ਚਾਪਲੂਸੀ ਕਿਸ ਹੱਦ ਤੱਕ ਵੱਧ ਚੁੱਕੀ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਤਕਾਲੀ ਕਾਂਗਰਸੀ ਪ੍ਰਧਾਨ ਦੇਵਕਾਂਤ ਬਰੂਆ ਨੇ ਇਹ ਨਾਅਰਾ ਦੇ ਦਿੱਤਾ, "ਇੰਦਰਾ ਭਾਰਤ ਹੈ ਅਤੇ ਭਾਰਤ ਇੰਦਰਾ"।
ਪੁਲਿਸ ਸਣੇ ਅਫ਼ਸਰਸ਼ਾਹੀ ਨੂੰ ਆਪਣੀ ਭੂਮਿਕਾ ਨਿਭਾਉਣ ਲਈ ਅਸਰਦਾਰ ਢੰਗ ਨਾਲ ਕੁਝ ਖੁੱਲ੍ਹ ਦੀ ਲੋੜ ਹੁੰਦੀ ਹੈ ਅਤੇ ਨਾਲ ਇਹ ਖੁਲ੍ਹ ਨੇਮਾਂ ਮੁਤਾਬਕ ਚੱਲ ਸਕੇ, ਇਸ ਲਈ ਹੋਰ ਸੰਸਥਾਵਾਂ 'ਤੇ ਕੰਟਰੋਲ ਰੱਖਣ ਦੀ ਲੋੜ ਹੁੰਦੀ ਹੈ।
ਪਰ ਇੰਦਰਾ ਗਾਂਧੀ "ਇੱਕ ਜਵਾਬਦੇਹ ਸਿਵਲ ਸੇਵਾ" ਅਤੇ ਭਾਰਤੀ ਲੋਕਤੰਤਰ ਲਈ ਹੋਰ ਵੀ ਖ਼ਤਰਨਾਕ "ਜਵਾਬਦੇਹ ਨਿਆਂਪਾਲਿਕਾ" ਦੀ ਚਾਹਤ ਰੱਖਦੀ ਸੀ।
ਸਾਫ਼ ਹੈ ਕਿ ਉਹ ਚਾਹੁੰਦੀ ਸੀ ਕਿ ਅਫ਼ਸਰਸ਼ਾਹੀ ਅਤੇ ਨਿਆਂਪਾਲਿਕਾ ਉਨ੍ਹਾਂ ਨੂੰ ਜਵਾਬਦੇਹ ਰਹੇ ਨਾ ਕਿ ਸੰਵਿਧਾਨ ਦੇ ਪ੍ਰਤੀ ਜਿਵੇਂ ਕਿ ਹੋਣਾ ਚਾਹੀਦਾ ਸੀ।
ਇੰਦਰਾ ਦੇ ਕਮਜ਼ੋਰ ਅਫ਼ਸਰ
ਬੰਗਲਾਦੇਸ਼ ਯੁੱਧ ਤੋਂ ਬਾਅਦ ਕੁਝ ਦਿਨਾਂ ਤੱਕ ਇੰਦਰਾ ਗਾਂਧੀ ਬਦਕਿਸਮਤ ਵੀ ਸੀ। ਤੇਲ ਦੀਆਂ ਕੌਮਾਂਤਰੀ ਕੀਮਤਾਂ 'ਚ ਵਾਧਾ ਹੋਇਆ, ਜਿੰਨੇ ਵਪਾਰ ਸੰਤੁਲਨ ਨੂੰ ਵਿਗਾੜ ਦਿੱਤਾ।
ਇਸ ਦੇ ਨਾਲ ਹੀ ਮਾਨਸੂਨ ਦੀ ਅਸਫ਼ਲਤਾ ਨਾਲ ਕਿਸਾਨਾਂ 'ਤੇ ਮਾਰ ਪਈ ਅਤੇ ਖੇਤੀ 'ਤੇ ਵੀ ਇਸ ਨਾਲ ਅਸਰ ਪਿਆ। ਇਨ੍ਹਾਂ ਸਭ ਨੇ ਮਿਲ ਕੇ ਤਬਾਹੀ ਮਚਾ ਦਿੱਤੀ।
ਅਫ਼ਸਰਸ਼ਾਹੀ ਵੀ ਚਾਪਲੂਸੀ ਨਾਲ ਇਸ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਕਿ ਉਹ ਇਨ੍ਹਾਂ ਸਭ ਸਮੱਸਿਆਵਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਅਸਮਰਥ ਸੀ।
ਇਸ ਤੋਂ ਇਲਾਵਾ ਇਸੇ ਵੇਲੇ ਇੰਦਰਾ ਨੇ ਅਰਥ ਵਿਵਸਥਾ 'ਚ ਰਾਂਖਵੇਕਰਨ ਨੂੰ ਇਨਾਂ ਵਧਾਇਆ ਕਿ ਲਾਲਫ਼ੀਤਾਸ਼ਾਹੀ ਨੇ ਭਾਰਤ ਦੇ ਉਭਰਦੇ ਹੋਏ ਕਾਰੋਬਾਰ ਦਾ ਗਲਾ ਘੁੱਟ ਦਿੱਤਾ। ਬੈਂਕਾਂ ਦੇ ਰਾਸ਼ਟਰੀਕਰਨ ਨੇ ਉਨ੍ਹਾਂ ਤੋਂ ਵਪਾਰਕ ਘਰਾਣਿਆਂ ਦਾ ਕੰਟਰੋਲ ਹਟਾ ਦਿੱਤਾ।
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਜੇਕਰ ਇੰਦਰਾ ਗਾਂਧੀ ਨੇ ਇਸੇ ਵੇਲੇ ਬੈਂਕਿੰਗ 'ਚ ਸੁਧਾਰ ਕੀਤਾ ਹੁੰਦਾ ਤਾਂ ਬੈਂਕ ਵੀ ਕਰਜ਼ਦਾਤਾਵਾਂ ਦੇ ਚੁੰਗਲ 'ਚੋਂ ਕਿਸਾਨਾਂ ਨੂੰ ਬਚਾਉਣ ਦੇ ਇੰਦਰਾ ਗਾਂਧੀ ਦੇ ਉਦੇਸ਼ ਨੂੰ ਪੂਰਾ ਕਰਨ ਲਈ ਬਹੁਤ ਕੁਝ ਕਰ ਸਕਦੇ ਸਨ।
ਇੰਦਰਾ ਨੇ ਅਫ਼ਸਰਸ਼ਾਹੀ ਅਤੇ ਆਪਣੀ ਪਾਰਟੀ ਨੂੰ ਜੋ ਨੁਕਸਾਨ ਪਹੁੰਚਾਇਆ ਸੀ, ਉਸ ਨੇ ਐਮਰਜੈਂਸੀ ਦੌਰਾਨ ਉਨ੍ਹਾਂ ਦੇ ਪਤਨ 'ਚ ਯੋਗਦਾਨ ਦਿੱਤਾ।
ਅਫ਼ਸਰਸ਼ਾਹੀ ਦੀ ਕਮਜ਼ੋਰੀ ਦੇ ਕਾਰਨ ਪਰਿਵਾਰ ਨਿਯੋਜਨ ਅਤੇ ਝੁੱਗੀਆਂ ਨੂੰ ਸਾਫ਼ ਕਰਨ ਦੀਆਂ ਨੀਤੀਆਂ ਨੂੰ ਐਮਰਜੈਂਸੀ ਦੌਰਾਨ ਲਾਗੂ ਕਰਨ ਲਈ ਸਥਾਨਕ ਅਧਿਕਾਰੀ ਆਪਣੀ ਮਨ ਮਰਜ਼ੀ ਕਰਦੇ ਸਨ।
ਭਿੰਡਰਾਵਾਲੇ ਨੇ ਪੈਂਤਰਾ ਬਦਲ ਲਿਆ
ਪਾਰਟੀ 'ਚ ਚਾਪਲੂਸੀ ਦੀ ਕੋਈ ਸੀਮਾ ਨਹੀਂ ਸੀ ਅਤੇ ਆਲਾਕਮਾਨ ਨੂੰ ਜ਼ਮੀਨੀ ਹਕੀਕਤ ਦੱਸਣ ਦੀ ਕੋਈ ਵੀ ਹਿੰਮਤ ਨਹੀਂ ਕਰਦਾ ਸੀ।
ਐਮਰਜੈਂਸੀ ਤੋਂ ਬਾਅਦ 1977 ਦੀਆਂ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਦੁਬਾਰਾ ਸੱਤਾ ਹਾਸਿਲ ਕਰਨ ਲਈ ਇੰਦਰਾ ਸ਼ੇਰਨੀ ਵਾਂਗ ਲੜੀ ਅਤੇ 3 ਸਾਲ ਬਾਅਦ ਇਸ ਵਿੱਚ ਸਫਲਤਾ ਹਾਸਿਲ ਹੋਈ।
ਇਸ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦਾ ਸਾਰਾ ਧਿਆਨ ਤਾਕਤ ਹਾਸਿਲ ਕਰਨ 'ਤੇ ਕੇਂਦ੍ਰਿਤ ਸੀ।
ਉਸ ਵਾਰ ਪਹਿਲਾਂ ਉਨ੍ਹਾਂ ਨੇ ਪੰਜਾਬ 'ਚ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੱਤਾ 'ਚ ਕਾਬਜ਼ ਅਕਾਲੀ ਦਲ ਦਾ ਵਿਰੋਧ ਕਰਨ ਲਈ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਵਾਲੇ ਨੂੰ ਉਤਸ਼ਾਹਤ ਕੀਤਾ।
ਭਿੰਡਰਾਵਾਲੇ ਨੇ ਪੈਂਤਰਾ ਬਦਲਦੇ ਹੋਏ ਉਨ੍ਹਾਂ ਦੀ ਸੱਤਾ ਨੂੰ ਹੀ ਚੁਣੌਤੀ ਦੇ ਦਿੱਤੀ। ਇਸ ਦੇ ਸਿੱਟੇ ਵਜੋਂ ਸ੍ਰੀ ਦਰਬਾਰ ਸਾਹਿਬ 'ਚ ਆਪਰੇਸ਼ਨ ਬਲਿਊ ਸਟਾਰ ਹੋਇਆ ਅਤੇ ਫਿਰ ਇੰਦਰਾ ਦੀ ਹੱਤਿਆ ਹੋਈ।
ਜੇਕਰ ਇੰਦਰਾ ਗਾਂਧੀ ਇੱਕ ਕਠੋਰ ਫੈਸਲਾ ਲੈਣ ਲਈ ਤਿਆਰ ਸੀ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਕਬਜ਼ੇ 'ਚ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਲੇ 'ਚ ਤਬਦੀਲ ਕਰਨ ਤੋਂ ਪਹਿਲਾਂ ਹੀ ਭਿੰਡਰਾਵਾਲੇ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ।
ਪੰਜਾਬ ਸੰਕਟ ਦੌਰਾਨ ਹੀ ਉਨ੍ਹਾਂ ਨੇ ਕਸ਼ਮੀਰ ਦੀ ਫ਼ਾਰੁਕ ਅਬਦੁੱਲਾ ਸਰਕਾਰ ਨੂੰ ਵੀ ਅਸਥਿਰ ਕਰ ਦਿੱਤਾ। ਇਹ ਉਨ੍ਹਾਂ ਸਮੱਸਿਆਵਾਂ ਦੀ ਸ਼ੁਰੂਆਤ ਸੀ, ਜਿਸ ਨਾਲ ਕਸ਼ਮੀਰ ਅੱਜ ਵੀ ਜੂਝ ਰਿਹਾ ਹੈ।
ਇੰਦਰਾ ਨੇ ਬਹੁਤ ਨੁਕਸਾਨ ਪਹੁੰਚਾਇਆ
ਇੰਦਰਾ ਗਾਂਧੀ ਇੱਕ ਅਜੀਬ ਔਰਤ ਸੀ। ਇੱਕ ਪਾਸੇ ਇਹ ਅਜਿਹੀ ਹਿੰਮਤੀ ਸੀ, ਜਿਸ ਨੇ ਇਸ ਪੁਰਸ਼ ਪ੍ਰਧਾਨ ਸਮਾਜ 'ਚ ਦੁਨੀਆਂ ਵਿੱਚ ਜਿੰਦਾ ਰਹਿਣ ਲਈ ਇਕੱਲਿਆ ਲੜਾਈ ਲੜੀ।
ਪਰ ਨਾਲ ਹੀ ਉਹ ਹਰ ਸਮੇਂ ਖਤਰਿਆਂ ਨਾਲ ਲੜਨ ਵਾਲੀ ਇੱਕ ਅਸੁਰੱਖਿਅਤ ਔਰਤ ਵੀ ਸੀ, ਜੋ ਵੱਡੇ ਫੈਸਲੇ ਲੈਣ ਲਈ ਉਦੋਂ ਤੱਕ ਕੰਨੀ ਕਤਰਾਉਂਦੀ ਸੀ ਜਦੋਂ ਤੱਕ ਕਿ ਉਨ੍ਹਾਂ ਨੂੰ ਇਸ ਲਈ ਮਜਬੂਰ ਨਾ ਹੋਣਾ ਪੈ ਜਾਏ।
ਇਸ ਦੇ ਬਾਵਜੂਦ ਬੰਗਲਾਦੇਸ਼ ਯੁੱਧ ਦੌਰਾਨ ਉਹ ਅਮਰੀਕੀ ਧਮਕੀਆਂ ਅੱਗੇ ਨਹੀਂ ਝੁਕੀ ਅਤੇ ਕਾਰਵਾਈ ਕਰਨ ਤੋਂ ਮਨ੍ਹਾਂ ਕਰਦੀ ਰਹੀ ਅਤੇ ਉਦੋਂ ਤੱਕ ਪਾਕਿਸਤਾਨ 'ਤੇ ਦਬਾਅ ਬਣਾਉਂਦੀ ਰਹੀ ਜਦੋਂ ਤੱਕ ਪਾਕਿਸਤਾਨ ਨੇ ਖ਼ੁਦ ਪਹਿਲਾਂ ਹਮਲਾ ਨਹੀਂ ਕਰ ਦਿੱਤਾ।
ਪਰ ਇੰਦਰਾ ਗਾਂਧੀ ਨੇ ਸਭ ਤੋਂ ਜ਼ਿਆਦਾ ਭਾਰਤੀ ਸੰਸਥਾਵਾਂ ਅਤੇ ਕਾਂਗਰਸੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ, ਜਿਸ ਦਾ ਅਸਰ ਲੰਬੇ ਸਮੇਂ ਤੱਕ ਰਿਹਾ।
ਉਨ੍ਹਾਂ ਨੇ ਬੜੀ ਦੇਰ ਨਾਲ ਮੰਨਿਆ ਕਿ ਭਾਰਤੀ ਅਰਥ ਵਿਵਸਥਾ ਲਈ ਉਨ੍ਹਾਂ ਦੀਆਂ ਨੀਤੀਆਂ ਨੇ ਇਸ ਦੇ ਵਿਕਾਸ ਦੀਆਂ ਸਮਰਥਾਵਾਂ ਦਾ ਦਮਨ ਕੀਤਾ। ਪਰ ਉਨ੍ਹਾਂ ਦੇ ਵੇਲੇ ਹੀ ਹਰੀ ਕ੍ਰਾਂਤੀ ਹੋਈ।
"ਗਰੀਬੀ ਹਟਾਓ" ਦਾ ਨਾਅਰਾ
ਉਨ੍ਹਾਂ ਨੇ ਅਜ਼ਾਦ ਵਿਗਿਆਨਕ ਖੋਜ ਦੀਆਂ ਆਪਣੇ ਪਿਤਾ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਦੀ ਸਥਾਪਨਾ ਕੀਤੀ।
ਇੰਦਰਾ ਗਾਂਧੀ ਵਾਤਾਵਰਣ ਪ੍ਰੇਮੀ ਸੀ ਅਤੇ ਇਸੇ ਕਾਰਨ ਲੁਪਤ ਹੋਣ ਦੇ ਖਤਰੇ ਤੋਂ ਇਸ ਸ਼ਾਨਦਾਰ ਜਾਨਵਰ ਨੂੰ ਬਚਾਉਣ ਲਈ 'ਪ੍ਰੋਜੈਕਟ ਟਾਇਗਰ' ਦੀ ਸ਼ੁਰੂਆਤ ਕੀਤੀ।
ਸਟੋਕਹੋਮ 'ਚ ਸੰਯੁਕਤ ਰਾਸ਼ਟਰ ਵਾਤਾਵਰਣ ਸੰਮੇਲਨ 'ਚ ਆਪਣੇ ਪ੍ਰਸਿੱਧ ਭਾਸ਼ਣ 'ਚ ਇੰਦਰਾ ਹੀ ਅਜਿਹੀ ਪਹਿਲੀ ਸ਼ਖ਼ਸ ਸੀ, ਜਿੰਨਾਂ ਨੇ ਗ਼ਰੀਬੀ ਨਾਲ ਮੁਕਾਬਲਾ ਕਰਨ ਲਈ ਇਸ ਨੂੰ ਵਾਤਾਵਰਣ ਦੀ ਰੱਖਿਆ ਨਾਲ ਜੋੜਿਆ ਸੀ।
ਸ਼ਾਇਦ ਇਨ੍ਹਾਂ ਸਭ ਤੋਂ ਉੱਪਰ ਇੰਦਰਾ ਨੇ ਭਾਰਤ ਦੀ ਗ਼ਰੀਬੀ ਨੂੰ ਅਵਾਜ਼ ਦਿੱਤੀ। ਉਨ੍ਹਾਂ ਦੇ ਸਮਾਜਵਾਦ ਨੂੰ ਗਲਤ ਸਮਝਿਆ ਜਾ ਸਕਦਾ ਹੈ।
ਜਦੋਂ ਉਨ੍ਹਾਂ ਨੇ "ਗ਼ਰੀਬੀ ਹਟਾਓ" ਦਾ ਨਾਅਰਾ ਦਿੱਤਾ, ਤਾਂ ਗ਼ਰੀਬਾਂ ਨੇ ਕਦੀ ਉਨ੍ਹਾਂ 'ਤੇ ਸ਼ੱਕ ਨਹੀਂ ਕੀਤਾ ਕਿ ਉਹ ਇਸ ਦੇ ਇਰਾਦੇ ਨਹੀਂ ਰੱਖਦੀ ਸੀ।
ਜਿਸ ਨੂੰ ਵੀ ਇਸ 'ਤੇ ਸ਼ੱਕ ਹੈ ਉਹ 40 ਸਾਲ ਬਾਅਦ ਵੀ ਉਨ੍ਹਾਂ ਦੇ ਮਿਊਜ਼ੀਅਮ 'ਚ ਪਹੁੰਚਣ ਲਈ ਲੱਗੀਆਂ ਪਿੰਡ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਦੇਖ ਸਕਦੇ ਹਨ।