ਨਿਰਮਲਾ ਸੀਤਾਰਮਨ: ਰਫ਼ਾਲ ਸਮਝੌਤੇ ਵਿੱਚ ਕੋਈ ਵਿਚੋਲਾ ਨਹੀਂ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਬੀਸੀ ਨੂੰ ਦਿੱਤੇ ਇੱਕ ਖਾਸ ਇੰਟਰਵਿਊ ਵਿੱਚ ਵਿਵਾਦਤ ਰਫ਼ਾਲ ਲੜਾਕੂ ਜਹਾਜ਼ਾਂ ਦੇ ਸਮਝੌਤੇ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਸਮਝੌਤਾ ਭਾਰਤ ਅਤੇ ਫਰਾਂਸ ਦੀਆਂ ਸਰਕਾਰਾਂ ਵਿਚਾਲੇ ਹੋਇਆ ਜਿਸ ਵਿੱਚ, ਅਤੀਤ 'ਚ ਸਮਝੌਤਿਆਂ ਦੀ ਤਰ੍ਹਾਂ ਕੋਈ ਵਿਚੋਲਾ ਸ਼ਾਮਲ ਨਹੀਂ ਸੀ।

ਉਹ ਅੱਗੇ ਕਹਿੰਦੀ ਹੈ ਇਸ ਕਾਰਨ, ਉਨ੍ਹਾਂ ਦੀ ਸਰਕਾਰ ਦੀ ਆਲੋਚਨਾ ਕਰਨ ਦੀ ਥਾਂ ਇਸ ਉਪਲਬਧੀ ਲਈ ਸਰਕਾਰ ਦੀ ਤਾਰੀਫ਼ ਕਰਨੀ ਚਾਹੀਦੀ ਹੈ।

ਦੇਖੋ ਪੂਰਾ ਵੀਡੀਓ:

ਦੋ ਸਾਲ ਪਹਿਲਾਂ ਭਾਰਤ ਅਤੇ ਫਰਾਂਸ ਵਿਚਾਲੇ 36 ਲੜਾਕੂ ਜਹਾਜ਼ਾਂ ਦਾ ਸੌਦਾ ਹੋਇਆ ਸੀ। ਫਰਾਂਸ ਡਸੌ ਕੰਪਨੀ ਦੇ ਬਣਾਏ ਰਫ਼ਾਲ ਲੜਾਕੂ ਜਹਾਜ਼ਾਂ ਦੇ ਇਸ ਸੌਦੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਜਨਤਕ ਨਹੀਂ ਹੋਈਆਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੌਦੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ।

ਰਾਹੁਲ ਗਾਂਧੀ ਅਤੇ ਸੌਦੇ ਦੇ ਦੂਜੇ ਆਲੋਚਕਾਂ ਮੁਤਾਬਕ ਸੌਦੇ ਵਿੱਚ ਖਾਸ ਕਮੀਆਂ ਹਨ। ਪਹਿਲਾ ਇਹ ਕਿ ਲੜਾਕੂ ਜਹਾਜ਼ਾਂ ਦੀ ਕੀਮਤ ਯੂਪੀਏ ਸਰਕਾਰ ਵੇਲੇ ਤੈਅ ਕੀਤੀ ਗਈ ਕੀਮਤ ਤੋਂ ਬਹੁਤ ਜ਼ਿਆਦਾ ਹੈ।

ਦੂਜਾ ਇਹ ਕਿ ਭਾਰਤ ਦੇ ਉਦਯੋਗਪਤੀ ਅਨਿਲ ਅੰਬਾਨੀ ਦੀ ਨਵੀਂ-ਨਵੇਲੀ ਰੱਖਿਆ ਕੰਪਨੀ ਨਾਲ ਡਸੌ ਦੇ ਕਰਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੱਖਪਾਤ ਦੀ ਪਾਲਿਸੀ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਸਰਕਾਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀ ਹੈ ਅਤੇ ਵਿਰੋਧੀ ਧਿਰ ਇਸ ਉੱਤੇ ਰੋਜ਼ਾਨਾ ਸਵਾਲ ਕਰ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਚੁੱਕਦੇ ਹੋਏ ਆਲੋਚਕ ਸੁਪਰੀਮ ਕੋਰਟ ਗਏ ਜਿੱਥੇ ਸਰਕਾਰ ਤੋਂ ਕੁਝ ਮੁਸ਼ਕਿਲ ਸਵਾਲ ਕੀਤੇ ਗਏ।

ਵੀਰਵਾਰ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਕਈ ਸਵਾਲਾਂ ਦਾ ਜਵਾਬ ਦਿੱਤਾ:

ਬੀਬੀਸੀ: ਲੋਕ ਰਿਲਾਇੰਸ ਦਾ ਨਾਮ ਲੈ ਕੇ ਕਹਿ ਰਹੇ ਹਨ, ਇਹ ਪੱਖਪਾਤ ਹੈ

ਨਿਰਮਲਾ ਸੀਤਾਰਮਨ: ਅਧਿਕਾਰਕ ਤੌਰ 'ਤੇ ਕੁਝ ਕਹਿਣ ਲਈ ਮੇਰੇ ਕੋਲ ਅਧਿਕਾਰਕ ਦਸਤਾਵੇਜ਼ ਹੋਣੇ ਚਾਹੀਦੇ ਹਨ। ਜੇਕਰ ਮੀਡੀਆ ਜਾਂ ਵਿਰੋਧੀ ਧਿਰ ਕਹਿੰਦਾ ਹੈ ਕਿ ਮੈਂ ਦਬਾਅ 'ਚ ਹਾਂ ਤਾਂ ਸਿਰਫ਼ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਮੈਂ ਕੁਝ ਨਹੀਂ ਕਹਿ ਸਕਦੀ ਮੇਰੇ ਹੱਥ ਵਿੱਚ ਸਰਕਾਰੀ ਦਸਤਾਵੇਜ਼ ਹੋਣੇ ਚਾਹੀਦੇ ਹਨ।

ਬੀਬੀਸੀ: ਤੁਸੀਂ ਹਮੇਸ਼ਾ ਕਿਹਾ ਹੈ ਡਸੌ ਨੇ ਆਪਣੇ ਭਾਰਤੀ ਪਾਰਟਨਰ ਦਾ ਨਾਮ ਤੁਹਾਨੂੰ ਨਹੀਂ ਦਿੱਤਾ ਹੈ ਪਰ ਉਨ੍ਹਾਂ ਨੇ ਆਪਣੇ ਭਾਰਤੀ ਪਾਰਟਨਰ ਨਾਲ ਪ੍ਰੈੱਸ ਕਾਨਫਰੰਸ ਵੀ ਕੀਤੀ ਹੈ।

ਨਿਰਮਲਾ ਸੀਤਾਰਮਨ: ਮੈਂ ਮੀਡੀਆ ਰਿਪੋਰਟਾਂ ਦਾ ਜਵਾਬ ਨਹੀਂ ਦਿੰਦੀ

ਬੀਬੀਸੀ: ਇਹ ਸਿਰਫ਼ ਮੀਡੀਆ ਰਿਪੋਰਟਾਂ ਨਹੀਂ ਹਨ, ਡਸੌ ਨੇ 2016 ਵਿੱਚ ਇੱਕ ਈਵੈਂਟ ਕਰਕੇ ਇਹ ਦੱਸਿਆ ਸੀ

ਨਿਰਮਲਾ ਸੀਤਾਰਮਨ: ਕੀ ਇਹ ਰਫ਼ਾਲ ਸੌਦੇ ਵਿੱਚ ਆਫ਼ਸੈਟ ਜ਼ਿੰਮੇਵਾਰੀ ਨੂੰ ਪੂਰਾ ਕਰੇਗੀ? ਨਿਯਮ ਮੈਨੂੰ ਅਟਕਲਾਂ ਲਾਉਣ ਦੀ ਇਜਾਜ਼ਤ ਨਹੀਂ ਦਿੰਦੇ।

ਬੀਬੀਸੀ: ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਤਕਨੀਕੀ ਬਾਰੀਕੀਆਂ ਦਾ ਸਹਾਰਾ ਲੈ ਰਹੇ ਹੋ।

ਨਿਰਮਲਾ ਸੀਤਾਰਮਨ: ਤਕਨੀਕੀ ਬਾਰੀਕੀਆਂ ਦਾ ਸਹਾਰਾ ਲੈ ਰਹੀ ਹਾਂ? ਮੈਂ ਤੁਹਾਨੂੰ ਨਿਯਮ ਦੇ ਬਾਰੇ ਦੱਸ ਰਹੀ ਹਾਂ

ਜੇਕਰ ਡਸੌ ਕੰਪਨੀ ਸਰਕਾਰੀ ਤੌਰ 'ਤੇ ਇੰਡੀਅਨ ਪਾਰਟਨਰ ਦਾ ਨਾਮ ਦੱਸਦੀ ਹੈ ਤਾਂ ਉਸਦੇ ਬਾਅਦ ਮੈਂ ਕੁਝ ਜਵਾਬ ਦੇ ਸਕਦੀ ਹਾਂ।

ਬੀਬੀਸੀ: ਰਾਹੁਲ ਗਾਂਧੀ ਲੋਕਾਂ ਕੋਲ ਜਾ ਰਹੇ ਹਨ ਅਤੇ ਇਹ ਧਾਰਨਾ ਬਣਾ ਰਹੇ ਹਨ ਕਿ ਤੁਹਾਡੇ ਜਵਾਬ ਅਧੂਰੇ ਹਨ, ਠੋਸ ਨਹੀਂ।

ਨਿਰਮਲਾ ਸੀਤਾਰਮਨ: ਤੁਸੀਂ ਸਾਡੇ ਜਵਾਬ ਪੜ੍ਹੇ ਹਨ

ਬੀਬੀਸੀ: ਮੈਂ ਪੜ੍ਹੇ ਹਨ

ਨਿਰਮਲਾ ਸੀਤਾਰਮਨ: ਅਤੇ ਤੁਸੀਂ ਇਹ ਸੋਚਦੇ ਹੋ ਕਿ ਮੇਰੇ ਜਵਾਬ ਠੋਸ ਨਹੀਂ ਹਨ? ਜੇਕਰ ਠੋਸ ਨਹੀਂ ਹੈ ਤਾਂ ਦੱਸੋ ਕਿਹੜਾ ਜਵਾਬ ਠੋਸ ਨਹੀਂ ਹੈ। ਰਾਹੁਲ ਗਾਂਧੀ ਨੇ 5 ਵੱਖਰੀਆਂ ਥਾਵਾਂ 'ਤੇ ਲੜਾਕੂ ਜਹਾਜ਼ ਦੀਆਂ ਪੰਜ ਵੱਖਰੀਆਂ ਕੀਮਤਾਂ ਦੱਸੀਆਂ, ਤੁਸੀਂ ਕਿਸ ਨੂੰ ਸਹੀ ਮੰਨਦੇ ਹੋ।

ਬੀਬੀਸੀ: ਮੈਂ ਉਹ ਦੱਸ ਰਿਹਾ ਹਾਂ ਜਿਹੜਾ ਤੁਸੀਂ ਸੰਸਦ 'ਚ ਦੱਸਿਆ ਹੈ ਬੇਸਿਕ ਮਾਡਲ ਦੀ ਕੀਮਤ 670 ਕਰੋੜ ਰੁਪਏ।

ਨਿਰਮਲਾ ਸੀਤਾਰਮਨ: ਅਸੀਂ ਸੰਸਦ ਨੂੰ ਦਸੰਬਰ 2016 'ਚ ਜਿਹੜਾ ਆਧਾਰ ਮੁੱਲ ਦੱਸਿਆ ਸੀ ਉਸਦੀ ਤੁਲਨਾ ਉਸ ਨਾਲ ਕਰਨੀ ਚਾਹੀਦੀ ਹੈ ਜਿਹੜਾ ਉਨ੍ਹਾਂ ਦੇ ਦਾਅਵੇ ਦੇ ਹਿਸਾਬ ਨਾਲ ਉਨ੍ਹਾਂ ਨੇ ਤੈਅ ਕੀਤਾ ਸੀ।

ਬੀਬੀਸੀ: ਸਮਝੌਤੇ ਦੀ ਪੂਰੀ ਰਾਸ਼ੀ 59,000 ਕਰੋੜ ਰੁਪਏ ਜਾਂ 7.87 ਅਰਬ ਡਾਲਰ ਸੀ ਕੀ ਇਹ ਸਹੀ ਹੈ?

ਨਿਰਮਲਾ ਸੀਤਾਰਮਨ: ਮੈਂ ਤੁਹਾਨੂੰ ਕੀਮਤ ਦੱਸਣ ਵਾਲੀ ਨਹੀਂ ਹਾਂ। ਅਸੀਂ ਜਿਹੜੀ ਕੀਮਤ ਦੱਸਣੀ ਸੀ ਸੰਸਦ ਨੂੰ ਦੱਸ ਦਿੱਤੀ ਹੈ।

ਬੀਬੀਸੀ: ਪਰ ਉਹ ਤਾਂ ਆਧਾਰ ਕੀਮਤ ਸੀ

ਨਿਰਮਲਾ ਸੀਤਾਰਮਨ: ਬਿਲਕੁਲ, ਸੰਸਦ 'ਚ ਸਾਨੂੰ ਇਹੀ ਪੁੱਛਿਆ ਗਿਆ ਸੀ ਅਤੇ ਅਸੀਂ ਸੰਸਦ ਨੂੰ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)