ਸਿੱਧੂ, ਕੈਪਟਨ ਨੂੰ ਆਗੂ ਨਹੀਂ ਮੰਨਦਾ ਤਾਂ ਦੇਵੇ ਅਸਤੀਫ਼ਾ - ਤ੍ਰਿਪਤ ਰਾਜਿੰਦਰ ਬਾਜਵਾ

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਕੈਪਟਨ ਨੂੰ ਆਪਣਾ ਆਗੂ ਹੀ ਨਹੀਂ ਮੰਨਦਾ ਤਾਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਬਾਜਵਾ ਨੇ ਕਿਹਾ, 'ਇਹ ਸਿਆਸੀ ਬਿਆਨ ਨਹੀਂ ਬਲਕਿ ਮੈਂ ਉਸਨੂੰ ਸਲ੍ਹਾਹ ਦੇ ਰਿਹਾ ਹਾਂ ਕਿ ਹੌਲੀ ਚੱਲ, ਜੇ ਉਹ ਕੈਪਟਨ ਸਾਹਬ ਨੂੰ ਲੀਡਰ ਹੀ ਨਹੀਂ ਮੰਨਦਾ ਤਾਂ ਲੋੜ ਕੀ ਹੈ ਵਿਚ ਰਹਿਣ ਦੀ'।

ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਗੇ ਕਿਹਾ, 'ਉਸ ਦੇ ਸ਼ਬਦਾ ਵਿਚ ਬੇਇੱਜ਼ਤੀ ਹੈ, ਕੌਣ ਕੈਪਟਨ, ਕਿਹੜਾ ਕੈਪਟਨ , ਮੈਂ ਤਾਂ ਉਸ ਨੂੰ ਇਹੀ ਕਿਹਾ ਹੈ ਕਿ ਵੀਰ ਜਾਂ ਤਾਂ ਪੰਜਾਬ ਵਿਚ ਕੈਪਟਨ ਨੂੰ ਆਪਣਾ ਆਗੂ ਮੰਨ ਜਾਂ ਫਿਰ ਅਹੁਦਾ ਛੱਡ ਕੇ ਲਾਂਭੇ ਹੋ ਜਾ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਕੈਪਟਨ ਨੂੰ ਆਪਣਾ ਆਗੂ ਹੀ ਨਹੀਂ ਮੰਨਦਾ ਤਾਂ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਨਵਜੋਤ ਸਿੰਘ ਸਿੱਧੂ ਅਸਲ ਵਿਚ ਸਿਆਸਤ ਦੀ ਮਰਿਯਾਦਾ ਨਹੀਂ ਸਮਝਦੇ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੱਧੂ ਖ਼ਿਲਾਫ਼ ਕਾਰਵਾਈ ਨਹੀਂ ਕਰਦੇ ਤਾਂ ਲੋਕਾਂ ਵਿਚ ਇਹ ਪ੍ਰਭਾਵ ਜਾਵੇਗਾ ਕਿ ਸਿੱਧੂ ਤਾਕਤਵਰ ਨੇ ਅਤੇ ਕੈਪਟਨ ਕਮਜ਼ੋਰ ਪੈ ਗਏ ਹਨ। ਇਸ ਲਈ ਪਾਰਟੀ ਨੂੰ ਇਸ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।

ਸਿੱਧੂ ਨੇ ਕੀ ਕਿਹਾ ਸੀ

“ਮੇਰੇ ਕੈਪਟਨ ਰਾਹੁਲ ਗਾਂਧੀ ਹਨ, ਉਨ੍ਹਾਂ ਨੇ ਹੀ ਤਾਂ ਭੇਜਿਆ ਹੈ ਹਰ ਥਾਂ। ਕੀ ਗੱਲ ਕਰ ਰਹੇ ਹੋ ਯਾਰ ਕਿਹੜੇ ਕੈਪਟਨ ਦੀ ਗੱਲ ਕਰ ਰਹੇ ਹੋ, ਅੱਛਾ-ਅੱਛਾ ਕੈਪਟਨ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਸਾਹਬ ਹਨ। ਕੈਪਟਨ ਅਮਰਿੰਦਰ ਮੇਰੇ ਬੌਸ ਨੇ ਅਤੇ ਰਾਹੁਲ ਗਾਂਧੀ ਕੈਪਟਨ”

ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਹੈਦਰਾਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਇਸ ਸ਼ਬਦ ਕਹੇ ਸਨ।

ਪੱਤਰਕਾਰਾਂ ਨੇ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਜਾਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗੱਲ ਨਾ ਮੰਨਣ ਉੱਤੇ ਸਵਾਲ ਪੁੱਛਿਆ ਸੀ।

ਨਵਜੋਤ ਸਿੱਧੂ ਦੀ ਸਫ਼ਾਈ

'ਮੇਰੇ ਕੈਪਟਨ ਰਾਹੁਲ ਗਾਂਧੀ ਹਨ ਅਤੇ ਉਨ੍ਹਾਂ ਨੇ ਹੀ ਮੈਨੂੰ ਪਾਕਿਸਤਾਨ ਭੇਜਿਆ ਸੀ', ਆਪਣੇ ਇਸ ਬਿਆਨ ਤੋਂ ਕੁਝ ਦੇਰ ਬਾਅਦ ਦੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀ ਯੂ ਟਰਨ ਮਾਰਿਆ ਹੈ

ਹੈਦਰਾਬਾਦ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭਾਵੇਂ ਸਿੱਧੂ ਨੇ ਆਪਣੇ ਸੁਭਾਅ ਮੁਤਾਬਕ ਕੈਪਟਨ ਦਾ ਮਜ਼ਾਕ ਉਡਾਉਣ ਲਈ ਰਾਹੁਲ ਗਾਂਧੀ ਦਾ ਸਹਾਰਾ ਲੈ ਲਿਆ, ਪਰ ਕੁਝ ਹੀ ਸਮੇਂ ਬਾਅਦ ਉਨ੍ਹਾਂ ਆਪਣੀ ਇਸ ਗਲਤੀ ਨੂੰ ਸੁਧਾਰਦਿਆਂ ਟਵੀਟ ਰਾਹੀ ਸਪੱਸਟੀਕਰਨ ਦਿੱਤਾ।

ਸਿੱਧੂ ਨੇ ਆਪਣੇ ਟਵੀਟ ਵਿਚ ਕਿਹ ,' ਰਾਹੁਲ ਗਾਂਧੀ ਨੇ ਕਦੇ ਵੀ ਮੈਨੂੰ ਪਾਕਿਸਤਾਨ ਜਾਣ ਲਈ ਨਹੀਂ ਕਿਹਾ, ਪੂਰੀ ਦੁਨੀਆਂ ਜਾਣਦੀ ਹੈ ਕਿ ਮੈਂ ਉੱਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿੱਜੀ ਸੱਦੇ ਉੱਤੇ ਗਿਆ ਸੀ।'

ਕੈਪਟਨ-ਸਿੱਧੂ ਦੀਆਂ ਵੱਖੋ-ਵੱਖਰੀਆਂ ਸੁਰਾਂ

ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਲਾਹੌਰ ਪਹੁੰਚੇ ਸਨ। ਸਿੱਧੂ ਨੇ ਕਿਹਾ ਕਿ ਧਰਮ ਜੋੜਦਾ ਹੈ, ਕਦੇ ਤੋੜਦਾ ਨਹੀਂ , ਧਰਮ ਨੂੰ ਸਿਆਸੀ ਚਸ਼ਮਿਆਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਨਾ ਹੀ ਅੱਤਵਾਦ ਨਾਲ ਜੋੜਨਾ ਚਾਹੀਦਾ ਹੈ।

ਜਦਕਿ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ''ਇੱਕ ਫੌਜੀ ਹੋਣ ਦੇ ਨਾਤੇ ਮੈਂ ਬੇਕਸੂਰ ਭਾਰਤੀਆਂ ਦੀਆਂ ਹੁੰਦੀਆਂ ਮੌਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅਜਿਹੇ ਹਾਲਾਤ ਵਿੱਚ ਮੈਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਜਾਣਾ ਸਹੀ ਨਹੀਂ ਸਮਝਿਆ।'' ਕੈਪਟਨ ਨੇ ਕਿਹਾ ਸੀ ਕਿ ਉਨ੍ਹਾਂ ਸਿੱਧੂ ਨੂੰ ਪਾਕਿਸਤਾਨ ਨਾ ਜਾਣ ਲਈ ਕਿਹਾ ਸੀ ਪਰ ਉਹ ਸਰਕਾਰੀ ਨਹੀਂ ਨਿੱਜੀ ਦੌਰੇ ਉੱਤੇ ਗਏ ਹਨ।

ਸਿੱਧੂ ਅਤੇ ਕੈਪਟਨ ਦੀਆਂ ਵੱਖੋ-ਵੱਖ ਸੁਰਾਂ ਬਾਰੇ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ, ‘ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਉਹ ਪਾਕਿਸਤਾਨ ਇਸ ਲਈ ਨਹੀਂ ਗਏ ਕਿ ਪਾਕਿਸਤਾਨ ਹਿੰਸਾ ਨੂੰ ਸਰਪ੍ਰਸਤੀ ਦੇ ਰਿਹਾ ਹੈ ਦੂਜੇ ਪਾਸੇ ਦੂਜੇ ਪਾਸੇ ਉਨ੍ਹਾਂ ਦੇ ਮੰਤਰੀ ਅਜਿਹੇ ਲੋਕਾਂ ਨਾਲ ਫੋਟੋਆਂ ਖਿਚਵਾ ਰਹੇ ਹਨ, ਜੋ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਨੂੰ ਵੀਡੀਓ ਪਾਕੇ ਧਮਕੀਆਂ ਦੇ ਰਹੇ ਹਨ।'

'ਸਿੱਧੂ ਦਾ ਆਪਣਾ ਸੋਚਣ ਦਾ ਤਰੀਕਾ ਹੈ'

ਕੈਪਟਨ ਨੇ ਹਰ ਮੌਕੇ ਪਾਕਿਸਤਾਨ ਜਾਣ ਦੇ ਸਿੱਧੂ ਦੇ ਫੈਸਲੇ ਨੂੰ ਉਨ੍ਹਾਂ ਦਾ ਨਿੱਜੀ ਫੈਸਲਾ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਕਿਸੇ ਨੂੰ ਨਿੱਜੀ ਦੌਰਿਆਂ ਤੋਂ ਨਹੀਂ ਰੋਕ ਸਕਦੇ। ਇੱਕ ਮੌਕੇ ਉਨ੍ਹਾਂ ਇਹ ਵੀ ਕਿਹਾ ਸੀ ਕਿ 'ਸਿੱਧੂ ਦਾ ਆਪਣਾ ਸੋਚਣ ਦਾ ਤਰੀਕਾ ਹੈ।'

ਸਿੱਧੂ, ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਅਤੇ ਆਪਣੇ ਦੋਸਤ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਜਿਸ ਦੌਰਾਨ ਉਨ੍ਹਾਂ ਦੀ ਪਾਕਿਸਤਾਨ ਫੌਜ ਦੇ ਮੁਖੀ ਕਮਰ ਬਾਜਵਾ ਨਾਲ ਜੱਫ਼ੀ ਦੀ ਤਸਵੀਰ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਣ ਮਗਰੋਂ ਹੀ ਵਿਵਾਦਾਂ ਵਿੱਚ ਘਿਰੇ ਹੋਏ ਹਨ।

ਆਪਣੇ ਜਵਾਬ ਵਿੱਚ ਸਿੱਧੂ ਨੇ ਕਿਹਾ ਸੀ ਕਿ ਬਜਵਾ ਨੇ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਖੁਸ਼ਖ਼ਬਰੀ ਦਿੱਤੀ ਸੀ ਜਿਸ ਕਾਰਨ ਉਹ ਭਾਵੁਕ ਹੋ ਗਏ ਸਨ।

ਕਰਤਾਰਪੁਰ ਲਾਂਘੇ ਨਾਲ ਜੁੜੀਆਂ ਇਹ ਵੀ ਖ਼ਬਰਾਂ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)