ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ?

ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਭਾਰਤੀ ਸਰਹੱਦ 'ਤੇ ਬੀਐਸਐਫ ਵਲੋਂ ਬਣਾਏ ਗਏ ਦਰਸ਼ਨ ਅਸਥਾਨ 'ਤੇ ਵੱਡੀ ਗਿਣਤੀ 'ਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।

ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।

ਇਹ ਵੀ ਪੜ੍ਹੋ:

ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।

ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਬੇਦੀ ਜੋ ਕਿ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਵਜੋਂ ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸੇਵਾ ਨਿਭਾ ਰਹੇ ਹਨ।

ਉਨ੍ਹਾਂ ਨੇ ਦੱਸਿਆ, "ਕਰਤਾਰਪੁਰ ਸਾਹਿਬ ਇੱਕ ਅਜਿਸਾ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਸੀ।"

ਭਾਰਤ ਤੋਂ ਕਰਤਾਰਪੁਰ ਸਾਹਿਬ ਦੀ ਦੂਰੀ

ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।

ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।

ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।

ਸਿੱਖਾਂ ਅਤੇ ਮੁਸਲਮਾਨਾਂ ਦੋਨਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।

ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ।

ਹਾਲਾਂਕਿ ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਦਾ ਖਰਚਾ ਆਇਆ ਸੀ।

1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸ ਦੀ ਉਸਾਰੀ ਦਾ ਕੰਮ ਕਰਵਾਇਆ ਸੀ।

ਭਾਰਤ ਦੀ ਵੰਡ ਸਮੇਂ ਇਹ ਇਮਾਰਤ ਪਾਕਿਸਤਾਨ ਵਿੱਚ ਚਲੀ ਗਈ। ਦੋਵਾਂ ਦੇਸਾਂ ਵਿਚਾਲੇ ਦਹਾਕਿਆਂ ਤੋਂ ਇਸ ਤਣਾਅ ਨੇ ਸ਼ਰਧਾਲੂਆਂ ਨੂੰ ਇੱਥੋਂ ਦੇ ਦਰਸ਼ਨਾਂ ਲਈ ਵਾਂਝਾ ਰੱਖਿਆ।

ਇਹ ਵੀ ਪੜ੍ਹੋ:

ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈ ਕੇ ਭਾਰਤ ਵਿੱਚ ਹੋਏ ਨੀਂਹ ਪੱਥਰ ਸਮਾਗਮ ਦੇ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)