ਬਲਬੀਰ ਸਿੰਘ ਸੀਚੇਵਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੜ ਬਣੇ ਮੈਂਬਰ

ਪੰਜਾਬ ਸਰਕਾਰ ਨੇ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵਜੋਂ ਮੁੜ ਨਿਯੁਕਤ ਕਰ ਦਿੱਤਾ ਹੈ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਮੁਤਾਬਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਦੋ ਵਾਤਾਵਰਨ ਮਾਹਿਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਵੱਲ ਕੀਤੇ ਜਾ ਰਹੇ ਕੰਮ ਦਾ ਦਾਇਰਾ ਵਧਾਇਆ ਜਾ ਸਕੇ।

ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਬੋਰਡ ਵਿੱਚ ਨਿਸ਼ਾਨ-ਏ-ਸਿੱਖੀ ਚੈਰੀਬਲ ਟਰਸਟ ਦੇ ਚੇਅਰਮੈਨ ਬਾਬਾ ਸੇਵਾ ਸਿੰਘ ਵੀ ਵਾਤਾਵਰਨ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦੇਣਗੇ।

ਪਹਿਲਾਂ ਹਟਾਇਆ ਸੀ ਅਹੁਦੇ ਤੋਂ...

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਅਸਲ ਵਿੱਚ ਬਲਬੀਰ ਸਿੰਘ ਐਨਜੀਟੀ ਵੱਲੋਂ ਬਣਾਈ ਗਈ ਉਸ ਕਮੇਟੀ ਦੇ ਮੈਂਬਰ ਸਨ ਜਿਸ ਦੀ ਰਿਪੋਰਟ ਦੇ ਆਧਾਰ 'ਤੇ ਐਨਜੀਟੀ ਨੇ ਪੰਜਾਬ ਸਰਕਾਰ 'ਤੇ 50 ਕਰੋੜ ਦਾ ਜੁਰਮਾਨਾ ਲਗਾਇਆ ਸੀ।

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਇਹ ਜੁਰਮਾਨਾ ਸਤਲੁਜ ਤੇ ਬਿਆਸ ਦਰਿਆ ਵਿੱਚ ਹੁੰਦੇ ਪ੍ਰਦੂਸ਼ਣ ਕਾਰਨ ਲਗਾਇਆ ਸੀ।

ਇਸ ਕਮੇਟੀ ਵਿੱਚ ਬਲਬੀਰ ਸਿੰਘ ਸੀਚੇਵਾਲ ਸਣੇ ਰਾਜਸਥਾਨ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵੀ ਸ਼ਾਮਿਲ ਸਨ।

ਸੀਚੇਵਾਲ ਨੂੰ ਹਟਾਏ ਜਾਣ ਮਗਰੋਂ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆਉਣ ਲੱਗੇ ਸਨ। ਉਨ੍ਹਾਂ ਨੂੰ ਹਟਾਏ ਜਾਣ ਦੇ ਫ਼ੈਸਲੇ ਨੂੰ ਅਕਾਲੀ ਦਲ ਨੇ ਮਾੜਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਫ਼ੈਸਲੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ।

ਇਹ ਵੀ ਪੜ੍ਹੋ:

ਦਲਜੀਤ ਸਿੰਘ ਚੀਮਾ ਨੇ ਕਿਹਾ ਸੀ, "ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਅਜਿਹੇ ਵਿੱਚ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਅੱਗੇ ਵਧਾਉਣ ਵਾਲੀਆਂ ਸਖ਼ਸ਼ੀਅਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਦੇ ਅਹੁਦੇ ਤੋਂ ਹਟਾਉਣਾ ਸਰਕਾਰ ਦੀ ਨਾਸਮਝੀ ਦੀ ਸਬੂਤ ਹੈ।''

ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਸੁਖਪਾਲ ਖਹਿਰਾ ਨੇ ਵੀ ਬਲਬੀਰ ਸਿੰਘ ਸੀਚੇਵਾਲ ਨੂੰ ਹਟਾਏ ਜਾਣ ਦੀ ਨਿਖੇਧੀ ਕੀਤੀ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)