ਘਰੇਲੂ ਹਿੰਸਾ ਰੋਕਣੀ ਹੈ ਤਾਂ ਇਹ ਤਰੀਕਾ ਅਪਣਾਓ

ਅਫਰੀਕਾ ਦੇ ਰਵਾਂਡਾ ਵਿੱਚ ਇੱਕ ਮੁਹਿੰਮ ਤਹਿਤ ਮਰਦਾਂ ਨੂੰ ਘਰ ਦਾ ਕੰਮ ਸਿਖਾਇਆ ਜਾ ਰਿਹਾ ਹੈ ਤਾਂ ਜੋ ਘਰੇਲੂ ਹਿੰਸਾ ਨੂੰ ਘੱਟ ਕੀਤਾ ਜਾ ਸਕੇ।

ਹਾਲ ਵਿੱਚ ਆਈ ਇੱਕ ਖੋਜ ਅਨੁਸਾਰ ਇਸ ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਮੁਹੋਜ਼ਾ ਜੀਨ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਉਹ ਸਮਝਦਾ ਸੀ ਕਿ ਜਿਸ ਨਾਲ ਉਸ ਨੇ ਵਿਆਹ ਕੀਤਾ ਹੈ ਉਹ ਸਿਰਫ ਬੱਚੇ ਪੈਦਾ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਹੀ ਹੈ।

ਮੁਹੋਜ਼ਾ ਨੇ ਕਿਹਾ, "ਮੈਂ ਆਪਣੇ ਪਿਤਾ ਦੇ ਕਦਮਾਂ 'ਤੇ ਚੱਲ ਰਿਹਾ ਸੀ। ਮੇਰੇ ਪਿਤਾ ਘਰ ਦਾ ਕੋਈ ਕੰਮ ਨਹੀਂ ਕਰਦੇ ਸੀ। ਜਦੋਂ ਮੈਂ ਘਰ ਪਰਤਦਾ ਤੇ ਮੈਨੂੰ ਕੋਈ ਕੰਮ ਪੂਰਾ ਨਹੀਂ ਮਿਲਦਾ ਸੀ ਤਾਂ ਮੈਂ ਆਪਣੀ ਪਤਨੀ ਨੂੰ ਕੁੱਟਦਾ ਸੀ।''

BBC 100 Women ਅੰਕੜਿਆਂ ਦੇ ਪਿੱਛੇ ਦੀ ਕਹਾਣੀ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਅਸੀਂ ਅਕਤੂਬਰ ਮਹੀਨਾ ਲਿੰਗ ਆਧਾਰ ਹੱਤਿਆਵਾਂ ਬਾਰੇ ਪਤਾ ਲਗਾਉਣ ਵਿੱਚ ਬਤੀਤ ਕੀਤਾ। ਇਨ੍ਹਾਂ ਵਿੱਚੋਂ ਅਸੀਂ ਕੁਝ ਕਹਾਣੀਆਂ ਤੁਹਾਡੇ ਨਾਲ ਸਾਂਝਾੀਆਂ ਕਰਾਂਗੇ

"ਮੈਂ ਉਸ ਨੂੰ ਆਲਸੀ ਅਤੇ ਨਲਾਇਕ ਕਹਿੰਦਾ ਸੀ ਅਤੇ ਕਹਿੰਦਾ ਸੀ ਕਿ ਉਸ ਨੂੰ ਆਪਣੇ ਮਾਪਿਆਂ ਦੇ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ।''

ਪਰ ਫਿਰ ਕੁਝ ਬਦਲਿਆ, ਮੁਹੋਜ਼ਾ ਨੇ ਖਾਣਾ ਬਣਾਉਣਾ ਅਤੇ ਸਫ਼ਾਈ ਕਰਨਾ ਸਿੱਖਿਆ।

ਰਵਾਂਡਾ ਦੇ ਪੂਰਬੀ ਸੂਬੇ ਦੇ ਇੱਕ ਪਿੰਡ ਵਿੱਚ ਇੱਕ ਮੁਹਿੰਮ ਤਹਿਤ ਮਰਦਾਂ ਨੂੰ ਘਰੇਲੂ ਕੰਮਕਾਜ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਸਿਖਾਇਆ ਜਾ ਰਿਹਾ ਹੈ।

ਮੁਹੋਜ਼ਾ ਦੱਸਦੇ ਹਨ ਕਿ ਇਸ ਪ੍ਰੋਜੈਕਟ ਦਾ ਨੂੰ 'ਬੰਦੇਬੇਰੇਹੋ' ਜਾਂ 'ਰੋਲ ਮਾਡਲ' ਕਿਹਾ ਜਾਂਦਾ ਹੈ। ਉਸ ਦੇ ਅਨੁਸਾਰ ਇਸ ਪ੍ਰੋਜੈਕਟ ਨਾਲ ਉਸ ਦਾ ਵਤੀਰਾ ਬਦਲਿਆ ਹੈ।

ਇਹ ਵੀ ਪੜ੍ਹੋ:

ਉਸ ਨੇ ਕਲਾਸਾਂ ਵਿੱਚ ਹਿੱਸਾ ਲਿਆ। ਕਲਾਸਾਂ ਵਿੱਚ ਖਾਣਾ ਬਣਾਉਣ ਤੋਂ ਲੈ ਕੇ ਸਾਫ-ਸਫਾਈ ਤੱਕ ਦਾ ਹਰ ਕੰਮ ਸਿਖਾਇਆ ਗਿਆ। ਇਸ ਦੇ ਨਾਲ ਹੀ ਕਲਾਸ ਵਿੱਚ ਇਸ ਬਾਰੇ ਵੀ ਚਰਚਾ ਹੋਈ ਕਿ ਕਿਵੇਂ ਔਰਤਾਂ ਦੇ ਮਰਦਾਂ ਦੇ ਕੰਮ ਨੂੰ ਲੈ ਕੇ ਰੂੜੀਵਾਦੀ ਸੋਚ ਨੂੰ ਬਦਲਿਆ ਜਾਵੇ।

ਮੁਹੋਜ਼ਾ ਨੇ ਦੱਸਿਆ, "ਉਹ ਸਾਡੇ ਤੋਂ ਪੁੱਛਦੇ ਹਨ ਕਿ ਤੁਹਾਡੇ ਵਿੱਚੋਂ ਕੌਣ ਘਰ ਸਾਫ ਕਰਦਾ ਹੈ ਤਾਂ ਕੋਈ ਵੀ ਜਵਾਬ ਨਹੀਂ ਆਉਂਦਾ।''

'ਅਸੀਂ ਘਰ ਜਾ ਕੇ ਕੰਮ ਦਾ ਅਭਿਆਸ ਕਰਦੇ ਸੀ'

ਇਸ ਪ੍ਰੋਜੈਕਟ ਜ਼ਰੀਏ ਮੁਹੋਜ਼ਾ ਨੂੰ ਉਹ ਕੰਮ ਕਰਨਾ ਸਿਖਾਇਆ ਜਾਂਦਾ ਹੈ ਜੋ ਕਦੇ ਉਸ ਨੂੰ ਲਗਦਾ ਸੀ ਕਿ ਉਹ ਉਸ ਦੀ ਪਤਨੀ ਦੇ ਕਰਨ ਲਈ ਹੈ।

ਮੁਹੋਜ਼ਾ ਨੇ ਕਿਹਾ, "ਅਸੀਂ ਘਰ ਜਾ ਕੇ ਕੰਮ ਦਾ ਅਭਿਆਸ ਕਰਦੇ ਸੀ।''

"ਫਿਰ ਅਸੀਂ ਟਰੇਨਿੰਗ ਲਈ ਵਾਪਸ ਜਾਂਦੇ ਸੀ ਅਤੇ ਗਵਾਹ ਵੀ ਲੈ ਕੇ ਜਾਂਦੇ ਸੀ ਜੋ ਸਾਡੇ ਵਿੱਚ ਹੋਏ ਬਦਲਾਅ ਦੀ ਗਵਾਹੀ ਭਰ ਸਕਣ।''

"ਮੈਂ ਜਾਣਦਾ ਹਾਂ ਕਿਵੇਂ ਖਾਣਾ ਬਣਾਇਆ ਜਾਂਦਾ ਹੈ, ਕਿਵੇਂ ਬੱਚਿਆਂ ਦੇ ਕੱਪੜੇ ਧੋਤੇ ਜਾਂਦੇ ਹਨ, ਕਿਵੇਂ ਸਫ਼ਾਈ ਕੀਤੀ ਜਾਂਦੀ ਹੈ।''

ਮੁਹੋਜ਼ਾ ਲਈ ਇਹ ਕੰਮ ਆਸਾਨ ਨਹੀਂ ਸੀ। ਉਸ ਦੇ ਦੋਸਤ ਉਸ ਨੂੰ ਰੋਕਦੇ ਸਨ ਅਤੇ ਕਹਿੰਦੇ ਸਨ, "ਅਸਲੀ ਮਰਦ ਖਾਣਾ ਨਹੀਂ ਬਣਾਉਂਦੇ ਹਨ।''

ਉਸ ਨੇ ਦੱਸਿਆ, "ਮੇਰਾ ਪਰਿਵਾਰ ਤੇ ਮੇਰੇ ਦੋਸਤ ਕਹਿਣ ਲੱਗੇ ਸੀ ਕਿ ਮੇਰੀ ਪਤਨੀ ਨੇ ਸ਼ਾਇਦ ਮੈਨੂੰ ਕੁਝ ਖਿਲਾ ਦਿੱਤਾ ਹੈ।''

ਪਰ ਮੁਹੋਜ਼ਾ ਨੇ ਆਪਣਾ ਕੰਮ ਜਾਰੀ ਰੱਖਿਆ ਕਿਉਂਕਿ ਉਸ ਨੂੰ ਆਪਣੇ ਪਰਿਵਾਰ ਨੂੰ ਹੁੰਦਾ ਫਾਇਦਾ ਨਜ਼ਰ ਆ ਰਿਹਾ ਸੀ।

ਹੁਣ ਉਹ ਖੁਦ ਨੂੰ ਬੱਚਿਆਂ ਦੇ ਹੋਰ ਕਰੀਬ ਮਹਿਸੂਸ ਕਰ ਰਿਹਾ ਸੀ। ਉਸ ਦੀ ਪਤਨੀ ਹੁਣ ਕੇਲਿਆਂ ਦਾ ਵਪਾਰ ਕਰਦੀ ਹੈ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ।

ਮੁਹੋਜ਼ਾ ਨੇ ਕਿਹਾ, "ਮੇਰੀ ਪਤਨੀ ਹੁਣ ਜਿਸ ਤਰੀਕੇ ਨਾਲ ਮੇਰੇ ਨਾਲ ਪੇਸ਼ ਆਉਂਦੀ ਹੈ ਉਹ ਪਹਿਲੇ ਤੋਂ ਵੱਖਰਾ ਹੈ।''

"ਉਹ ਮੇਰੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦੀ ਸੀ ਕਿਉਂਕਿ ਮੇਰਾ ਵੀ ਉਸ ਨਾਲ ਬੁਰਾ ਵਤੀਰਾ ਸੀ ਪਰ ਹੁਣ ਅਸੀਂ ਇੱਕ-ਦੂਜੇ ਦੀ ਗੱਲ ਨੂੰ ਸੁਣਦੇ ਹਾਂ।''

"ਮੈਂ ਉਸ ਨੂੰ ਕਿਸੇ ਕੰਮ ਲਈ ਨਹੀਂ ਰੋਕਦਾ ਹਾਂ। ਅਸੀਂ ਦੋਵੇਂ ਕੰਮ ਕਰ ਰਹੇ ਹਾਂ। ਪਹਿਲਾਂ ਮੈਨੂੰ ਲਗਦਾ ਸੀ ਕਿ ਉਸ ਨੂੰ ਘਰ ਬੈਠਣਾ ਚਾਹੀਦਾ ਹੈ ਅਤੇ ਮੇਰੀ ਹਰ ਲੋੜ ਲਈ ਮੌਜੂਦ ਰਹਿਣਾ ਚਾਹੀਦਾ ਹੈ।''

ਡਰ ਅਤੇ ਆਜ਼ਾਦੀ

ਮੁਹੋਜ਼ਾ ਦੀ ਪਤਨੀ ਮੂਸਾਬਈਮਾਨਾ ਡੈਲਫਿਨ ਅਨੁਸਾਰ ਪਹਿਲਾਂ ਉਸ ਕੋਲ ਬੇਹੱਦ ਘੱਟ ਆਜ਼ਾਦੀ ਸੀ ਅਤੇ ਡਰ ਵੱਧ ਸੀ।

ਉਸ ਨੇ ਦੱਸਿਆ, "ਪਹਿਲਾਂ ਮੈਂ ਖੁਦ ਨੂੰ ਇੱਕ ਮਜਦੂਰ ਸਮਝਦੀ ਸੀ ਪਰ ਫਿਰ ਮੈਨੂੰ ਲਗਦਾ ਸੀ ਕਿ ਮਜਦੂਰ ਨੂੰ ਵੀ ਤਨਖ਼ਾਹ ਮਿਲਦੀ ਹੈ।''

"ਮੈਂ ਕਦੇ ਨਹੀਂ ਸੋਚਿਆ ਸੀ ਕਿ ਔਰਤ ਕੋਲ ਆਪਣਾ ਖੁਦ ਦਾ ਪੈਸਾ ਵੀ ਹੋ ਸਕਦਾ ਹੈ ਕਿਉਂਕਿ ਮੈਂ ਕਦੇ ਵੀ ਪੈਸਾ ਕਮਾਉਣ ਬਾਰੇ ਸੋਚਿਆ ਨਹੀਂ ਸੀ।''

"ਮੈਨੂੰ ਪੂਰੀ ਆਜ਼ਾਦੀ ਹੈ। ਮੈਂ ਹੁਣ ਬਾਹਰ ਜਾ ਕੇ ਆਮ ਬੰਦਿਆਂ ਵਾਂਗ ਕੰਮ ਕਰਦੀ ਹਾਂ।''

ਇਹ ਵੀ ਪੜ੍ਹੋ:

ਡੈਲਫਿਨਸ ਸਵੇਰੇ ਪੰਜ ਵਜੇ ਕੰਮ ਲਈ ਨਿਕਲਦੀ ਹੈ ਤੇ ਮੁਹੋਜ਼ਾ ਘਰ ਵਿੱਚ ਬੱਚਿਆਂ ਦਾ ਧਿਆਨ ਰੱਖਦਾ ਹੈ।

ਉਸ ਨੇ ਦੱਸਿਆ, "ਮੈਂ ਘਰ ਆਉਂਦੀ ਹਾਂ ਤਾਂ ਖਾਣਾ ਤਿਆਰ ਹੁੰਦਾ ਹੈ।''

ਇਸ ਪ੍ਰੋਜੈਕਟ ਨੂੰ ਦੱਖਣੀ ਅਮਰੀਕਾ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਨਾਂ ਮੈਨਕੇਅਰ ਰੱਖਿਆ ਗਿਆ ਸੀ। ਇਹ ਮੁਹਿੰਮ ਦਾ ਮੰਨਣਾ ਸੀ ਕਿ ਬਰਾਬਰਤਾ ਅਸਲ ਵਿੱਚ ਉਦੋਂ ਹੀ ਹਾਸਿਲ ਕੀਤੀ ਜਾ ਸਕਦੀ ਹੈ ਜਦੋਂ ਮਰਦ ਘਰ ਦਾ ਅੱਧਾ ਕੰਮ ਕਰਨਗੇ।

ਲਿੰਗ ਬਰਾਬਰਤਾ ਬਾਰੇ ਸਮਝ ਵਧੀ

ਇਸ ਪ੍ਰੋਜੈਕਟ ਵਿੱਚ ਹਿੱਸਾ ਲੈਣ ਵਾਲੇ ਜੋੜਿਆਂ ਬਾਰੇ ਕੀਤੀ ਇੱਕ ਸਟੱਡੀ ਵਿੱਚ ਪਤਾ ਲਗਿਆ ਕਿ ਰਵਾਂਡਾ ਵਿੱਚ ਦੋ ਸਾਲ ਤੱਕ ਕਲਾਸਾਂ ਲੈਣ ਤੋਂ ਬਾਅਦ ਮਰਦਾਂ ਦਾ ਔਰਤਾਂ ਪ੍ਰਤੀ ਹਿੰਸਕ ਰਵੱਈਆ ਘੱਟ ਹੋਇਆ ਸੀ।

ਪਰ ਸਟੱਡੀ ਮੁਤਾਬਿਕ ਹਰ ਤਿੰਨ ਵਿੱਚੋਂ ਇੱਕ ਔਰਤ ਜਿਸ ਦਾ ਪਤੀ ਇਸ ਪ੍ਰੋਜੈਕਟ ਵਿੱਚ ਹਿੱਸਾ ਲੈ ਰਿਹਾ ਸੀ ਉਹ ਅਜੇ ਵੀ ਘਰੇਲੂ ਹਿੰਸਾ ਨਾਲ ਪੀੜਤ ਹੈ।

ਨੈਸ਼ਨਲ ਇੰਸਟੀਟਿਊਟ ਆਫ ਸਟੈਟਿਕਸ ਰਵਾਂਡਾ ਅਨੁਸਾਰ 2015 ਵਿੱਚ 52 ਫੀਸਦ ਮਰਦ ਆਪਣੀਆਂ ਪਤਨੀਆਂ ਨਾਲ ਹਿੰਸਕ ਵਤੀਰਾ ਅਪਣਾਉਂਦੇ ਸਨ।

ਰਵਾਂਡਾ ਮੈਨਜ਼ ਰਿਸੋਰਸ ਸੈਂਟਰ ਦੇਸ ਵਿੱਚ ਇਹ ਸੈਂਟਰ ਚਲਾਉਂਦੀ ਹੈ ਅਤੇ ਹੁਣ ਉਹ ਇਸ ਪ੍ਰੋਜੈਕਟ ਦਾ ਵਿਸਥਾਰ ਕਰਨਾ ਚਾਹੁੰਦੀ ਹੈ।

ਸੈਂਟਰ ਦੇ ਚੈਅਰਮੈਨ ਫੀਡਲ ਰੁਤਾਈਸਿਰੀ ਨੇ ਦੱਸਿਆ, "ਸਾਡੇ ਸਮਾਜ ਵਿੱਚ ਅਜੇ ਵੀ ਗਲਤ ਰਵਾਇਤਾਂ ਹਨ, ਸੱਭਿਆਚਾਰਕ ਰੁਕਾਵਟਾਂ ਹਨ, ਜਿਸ ਕਰਕੇ ਰਵਾਂਡਾ ਵਿੱਚ ਔਰਤਾਂ ਪ੍ਰਤੀ ਘਰੇਲੂ ਹਿੰਸਾ ਵੱਡੇ ਪੱਧਰ 'ਤੇ ਹੁੰਦੀ ਹੈ।''

"ਇੱਥੇ ਮਰਦ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਹਨ। ਅਜੇ ਵੀ ਮਰਦਾਂ ਕੋਲ ਸੈਕਸ ਤੇ ਪੈਸਾ ਦੇ ਇਸਤੇਮਾਲ ਬਾਰੇ ਅਤੇ ਫੈਸਲਾ ਲੈਣ ਬਾਰੇ ਹੱਕ ਹੁੰਦਾ ਹੈ ਪਰ ਜਦੋਂ ਮਰਦ ਬੱਚਿਆਂ ਦਾ ਧਿਆਨ ਰੱਖਦੇ ਹਨ ਤਾਂ ਉਨ੍ਹਾਂ ਦੀ ਸੋਚ ਵਿੱਚ ਸਕਾਰਾਤਮਕ ਬਦਲਾਅ ਹੁੰਦਾ ਹੈ।''

ਉਹ ਲਿੰਗ ਬਰਾਬਰਤਾ ਦੀ ਅਹਿਮੀਅਤ ਨੂੰ ਸਮਝਦੇ ਹਨ।

ਇਹ ਪ੍ਰੋਗਰਾਮ ਕੇਵਲ ਮੁਹੋਜ਼ਾ ਤੇ ਡੈਲਫਿਨ ਲਈ ਫਾਇਦੇਮੰਦ ਨਹੀਂ ਸਗੋਂ ਪੂਰੇ ਸਮਾਜ ਨੂੰ ਇਸ ਨਾਲ ਲਾਭ ਪਹੁੰਚ ਰਿਹਾ ਹੈ।

ਮੁਹੋਜ਼ਾ ਨੇ ਦੱਸਿਆ, "ਅਸੀਂ ਵਿਆਹ ਦੇ ਦਸ ਸਾਲ ਬਾਅਦ ਹਨੀਮੂਨ ਮਨਾ ਰਹੇ ਹਾਂ।''

"ਜਦੋਂ ਵੀ ਗੁਆਂਢ ਵਿੱਚ ਕੋਈ ਕਲੇਸ਼ ਹੁੰਦਾ ਹੈ ਤਾਂ ਸਾਡੇ ਕੋਲ ਸਲਾਹ ਲਈ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਸਾਡੇ ਪਰਿਵਾਰ ਵਿੱਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ।''

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)