ਕਰਤਾਰਪੁਰ ਲਾਂਘਾ 'ਤੇ ਭਾਰਤ-ਪਾਕਿਸਤਾਨ 'ਚ ਕਿਹੋ ਜਿਹੀ ਸਿਆਸਤ ਹੋ ਰਹੀ

ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀ ਚਰਚਾ ਇਸ ਸਮੇਂ ਹਰ ਪਾਸੇ ਹੋ ਰਹੀ ਹੈ।

ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਲਾਂਘੇ ਦੇ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ ਪਰ ਇਸ ਦੇ ਨਾਲ ਹੀ ਇਸ ਮੁੱਦੇ 'ਤੇ ਸਿਆਸਤ ਦਾ ਦੌਰ ਵੀ ਜਾਰੀ ਹੈ। ਖ਼ਾਸ ਤੌਰ 'ਤੇ ਲਾਂਘੇ ਦੇ ਕਰੈਡਿਟ ਨੂੰ ਲੈ ਕੇ।

ਇਸੇ ਮੁੱਦੇ ਉੱਤੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ ਨਾਲ ਗੱਲਬਾਤ ਕੀਤੀ।

ਚੰਡੀਗੜ੍ਹ ਦੇ ਇੰਸਟੀਚਿਊਟ ਆਫ਼ ਡਿਵੈਲਪਮੈਂਟ ਅਤੇ ਕਮਿਊਨੀਕੇਸ਼ਨ ਦੇ ਡਾਇਰੈਕਟਰ ਡਾਕਟਰ ਪ੍ਰਮੋਦ ਕੁਮਾਰ ਨੇ ਕਰਤਾਰਪੁਰ ਲਾਂਘੇ ਨੂੰ ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ ਬਹਾਲੀ ਦਾ ਇੱਕ ਨਵਾਂ ਕਦਮ ਦੱਸਿਆ।

ਡਾ. ਪ੍ਰਮੋਦ ਅਨੁਸਾਰ, "ਭਾਰਤ -ਪਾਕਿਸਤਾਨ ਵਿਚਾਲੇ ਧਰਮ ਦੇ ਨਾਲ-ਨਾਲ ਸੱਭਿਆਚਾਰ, ਬੋਲੀ ਅਤੇ ਖਾਣ-ਪੀਣ ਦੀ ਸਾਂਝ ਹੈ। ਵੰਡ ਤੋਂ ਬਾਅਦ ਇਹ ਸਾਂਝ ਕਿਤੇ ਗੁਆਚ ਗਈ ਸੀ।''

"ਜੇ ਧਾਰਮਿਕ ਸਥਾਨਾਂ ਦੀ ਵੀ ਗੱਲ ਕਰੀਏ ਤਾਂ ਸਾਡੇ ਗੁਰੂਧਾਮ ਪਾਕਿਸਤਾਨ ਵੱਲ ਰਹਿ ਗਏ ਤਾਂ ਉਨ੍ਹਾਂ ਦਾ ਅਜਮੇਰ ਸ਼ਰੀਫ ਸਾਡੇ ਪਾਸੇ ਰਹਿ ਗਿਆ।''

"ਇਸ ਲਈ ਕਰਤਾਪੁਰ ਲਾਂਘਾ ਦੋਹਾਂ ਦੇਸਾਂ ਵਿਚਾਲੇ ਜੋ ਸਾਂਝ ਦੇ ਮੁੱਦੇ ਹਨ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵੱਡਾ ਕਦਮ ਸਾਬਿਤ ਹੋਵੇਗਾ।''

ਇਹ ਵੀ ਪੜ੍ਹੋ:

ਡਾ. ਪ੍ਰਮੋਦ ਕੁਮਾਰ ਮੁਤਾਬਕ ਇਸ ਧਾਰਮਿਕ ਮਾਮਲੇ 'ਤੇ ਦੋ ਪੱਧਰ 'ਤੇ ਸਿਆਸਤ ਹੋ ਰਹੀ ਹੈ।

ਪਹਿਲੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਹਾਲਾਤ ਦੇ ਮੱਦੇਨਜ਼ਰ ਪਾਕਿਸਤਾਨ ਕਰ ਰਿਹਾ ਹੈ ਅਤੇ ਦੂਜੀ ਭਾਰਤ ਵਿੱਚ ਸਿਆਸੀ ਪਾਰਟੀਆਂ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦਾ ਸਿਆਸੀ ਲਾਹਾ ਲੈਣ ਲਈ ਕਰ ਰਹੀਆਂ ਹਨ। ਇਸ ਵਿੱਚ ਕਾਂਗਰਸ ਵੀ ਸ਼ਾਮਿਲ ਹੈ ਅਤੇ ਅਕਾਲੀ ਦਲ ਵੀ।

ਤਿੰਨ ਤਰ੍ਹਾਂ ਦੀਆਂ ਜੱਫ਼ੀਆਂ

ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਬੜੇ ਗੁੰਝਲਦਾਰ ਹਨ। ਇਨ੍ਹਾਂ ਨੂੰ ਇੱਕ ਨੁਕਤੇ ਨੂੰ ਆਧਾਰ ਬਣਾ ਕੇ ਨਹੀਂ ਸਮਝਿਆ ਜਾ ਸਕਦਾ ਹੈ।

ਆਪਣੇ ਨਿੱਜੀ ਦੌਰੇ ਦਾ ਹਵਾਲਾ ਦਿੰਦਿਆਂ ਡਾ. ਪ੍ਰਮੋਦ ਨੇ ਕਿਹਾ, "ਜਦੋਂ ਮੈਂ ਉੱਥੇ ਗਿਆ ਤਾਂ ਮੇਰਾ ਬੜਾ ਹੀ ਗਰਮਜੋਸ਼ੀ ਨਾਲ ਜੱਫ਼ੀਆਂ ਪਾ ਕੇ ਸਵਾਗਤ ਕੀਤਾ ਗਿਆ। ਪਰ ਦੁਪਹਿਰ ਵੇਲੇ ਜਦੋਂ ਖ਼ਬਰ ਆਈ ਕਿ ਕ੍ਰਿਕਟ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਦਿੱਤਾ ਹੈ ਉਦੋਂ ਪਾਕਿਸਤਾਨੀ ਸ਼੍ਰੀਲੰਕਾ ਵਾਲੇ ਪ੍ਰੋਫੈਸਰਾਂ ਨੂੰ ਜੱਫ਼ੀਆਂ ਪਾਉਣ ਲੱਗ ਪਏ।''

"ਪਰ ਜਦੋਂ ਅਮਰੀਕਾ ਨਾਲ ਸਬੰਧਤ ਵਿਚਾਰ ਚਰਚਾ ਵਿੱਚ ਮਿਲੇ ਤਾਂ ਫਿਰ ਮੈਨੂੰ ਜੱਫ਼ੀਆਂ ਪਾਉਣ ਲੱਗੇ।''

ਡਾ. ਪ੍ਰਮੋਦ ਕੁਮਾਰ ਨੇ ਅੱਗੇ ਕਿਹਾ, "ਮੈਂ ਜਦੋਂ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦੁਪਹਿਰ ਵਾਲੀਆਂ ਜੱਫੀਆਂ ਹਿੰਦੁਸਤਾਨ ਦੀ ਸਿਆਸਤ ਦੇ ਪਾਕਿਸਤਾਨੀ ਵੱਖਰੇਵਿਆਂ ਦਾ ਨਤੀਜਾ ਹਨ ਜਿਸ ਵਿੱਚ ਉਹ ਖੁਦ ਨੂੰ ਸ਼੍ਰੀਲੰਕਾ ਦੇ ਨੇੜੇ ਵੱਧ ਮਹਿਸੂਸ ਕਰਦੇ ਹਨ।''

"ਸ਼ਾਮ ਵਾਲੀ ਜੱਫ਼ੀ ਜੋ ਅਮਰੀਕਾ ਬਾਰੇ ਵਿਚਾਰ-ਚਰਚਾ ਮੌਕੇ ਸੀ ਉਹ ਮੈਂ ਸਮਝਦਾ ਹਾਂ ਕਿ ਆਪਣੀ ਹੋਂਦ ਬਚਾਉਣ ਵਾਲੀ ਜੱਫ਼ੀ ਸੀ।''

ਇਹ ਘਟਨਾਕ੍ਰਮ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਗੁੰਝਲਤਾ ਨੂੰ ਦਰਸ਼ਾਉਂਦਾ ਹੈ।

ਸਵਾਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਿਆਸੀ ਐਕਟਰ ਕਿਵੇਂ ਭੂਮਿਕਾ ਨਿਭਾਉਂਦੇ ਹਨ। ਵੱਡੇ ਅਤੇ ਰਵਾਇਤੀ ਮੁੱਦਿਆਂ ਨੂੰ ਸੁਲਝਾਉਣ ਲਈ ਸਮਾਂ ਲਗਦਾ ਹੈ ਇਸ ਲਈ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਸਾਰੇ ਮਸਲੇ ਰਾਤੋ-ਰਾਤ ਹੱਲ ਹੋ ਜਾਣਗੇ।

ਪਾਕਿਸਤਾਨ ਦਾ ਲੁਕਵਾਂ ਏਜੰਡਾ

ਡਾ. ਪ੍ਰਮੋਦ ਕੁਮਾਰ ਨੇ ਕਿਹਾ ਆਖਿਆ ਕਿ ਪਾਕਿਸਤਾਨ ਇਸ ਕਦਮ ਰਾਹੀਂ ਸਿੱਖਾਂ ਵਿਚਾਲੇ ਆਪਣੀ ਹੋਂਦ ਬਣਾਉਣਾ ਚਾਹੁੰਦਾ ਹੈ ਤਾਂ ਜੋ ਖ਼ਾਲਿਸਤਾਨ ਵਰਗੀ ਮੁਹਿੰਮ ਨੂੰ ਅੱਗੇ ਵਧਾ ਸਕੇ।

ਡਾ. ਪ੍ਰਮੋਦ ਕੁਮਾਰ ਮੁਤਾਬਕ, "ਇਸ ਕਦਮ ਰਾਹੀਂ ਪਾਕਿਸਤਾਨ ਸਿੱਖ ਭਾਈਚਾਰੇ ਵਿੱਚ ਆਪਣੇ ਆਪ ਨੂੰ ਚੰਗਾ ਸਾਬਤ ਕਰਨਾ ਚਾਹੁੰਦਾ ਹੈ ਅਤੇ ਇਸ ਪਿੱਛੇ ਉਸ ਦੀ ਆਪਣੀ ਸਿਆਸਤ ਹੈ।''

"ਪਾਕਿਸਤਾਨ ਦੀ ਇਸ ਸੋਚ ਵਿੱਚ ਉਸ ਨੂੰ ਆਖ਼ਰ 'ਚ ਨਿਰਾਸ਼ਾ ਹੀ ਮਿਲੇਗੀ ਕਿਉਂਕਿ ਪਾਕਿਸਤਾਨ ਦੇ ਖ਼ਿਲਾਫ਼ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਭਾਰਤੀ ਸਿੱਖ ਹਿੰਦੁਸਤਾਨ ਦੇ ਨਾਲ ਖੜ੍ਹਾ ਹੁੰਦਾ ਹੈ।''

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਸਿਆਸੀ ਆਗੂਆਂ ਵਿਚਾਲੇ ਛਿੜੀ 'ਕਰੈਡਿਟ ਵਾਰ' ਉੱਤੇ ਟਿੱਪਣੀ ਕਰਦਿਆਂ ਡਾ. ਪ੍ਰਮੋਦ ਨੇ ਆਖਿਆ ਕਿ ਇਸ ਮੁੱਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ।

ਕਰਤਾਰਪੁਰ ਲਾਂਘੇ ਨੂੰ ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ ਦੀ ਬਹਾਲੀ ਦੀ ਕੋਸ਼ਿਸ਼ ਨਾਲ ਜੋੜਨ ਦੇ ਭਾਰਤ ਸਰਕਾਰ ਦੇ ਬਿਆਨ ਉੱਤੇ ਵੀ ਪ੍ਰਮੋਦ ਕੁਮਾਰ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੁਤਾਬਕ ਇਹ ਸਮਝਦਾਰ ਰਾਜਨੀਤੀ ਦੀ ਨਿਸ਼ਾਨੀ ਨਹੀਂ ਹੈ।

ਇਹ ਵੀ ਪੜ੍ਹੋ:

ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ ਚਾਰ ਕਿੱਲੋਮੀਟਰ ਦੀ ਦੂਰੀ ਉੱਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਥਿਤ ਹੈ ।

ਇਸ ਬਾਰੇ ਮੰਨਿਆਂ ਜਾਂਦਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 17-18 ਸਾਲ ਇੱਥੇ ਹੀ ਬਤੀਤ ਕੀਤੇ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)